ਭਾਜਪਾ ਨਾਲ ਨਫ਼ਰਤ ਤੇ ਆਰਐੱਸਐੱਸ ਲਈ ਮੁਹੱਬਤ, ਮਮਤਾ ਦੀ ਸਿਆਸਤ ਦੇ ਕੀ ਹਨ ਮਾਅਨੇ

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਮਤਾ ਬੈਨਰਜੀ
    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

"ਆਰਐੱਸਐੱਸ ਪਹਿਲਾਂ ਮਾੜੀ ਨਹੀਂ ਸੀ। ਮੈਨੂੰ ਨਹੀਂ ਲੱਗਦਾ ਕਿ ਆਰਐੱਸਐੱਸ ਐਨੀ ਬੁਰੀ ਹੈ। ਹੁਣ ਵੀ ਆਰਐੱਸਐੱਸ ਵਿੱਚ ਬਹੁਤ ਸਾਰੇ ਚੰਗੇ ਅਤੇ ਸੱਚੇ ਲੋਕ ਹਨ ਅਤੇ ਉਹ ਭਾਜਪਾ ਦਾ ਸਮਰਥਨ ਨਹੀਂ ਕਰਦੇ ਹਨ। ਇੱਕ ਦਿਨ ਉਹ ਵੀ ਆਪਣੀ ਚੁੱਪੀ ਤੋੜਣਗੇ।"

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ ਉਪਰ ਦਿੱਤਾ ਗਿਆ ਇਹ ਤਾਜ਼ਾ ਬਿਆਨ ਅੱਜਕੱਲ੍ਹ ਸੁਰਖੀਆਂ ਵਿੱਚ ਹੈ। ਉਨ੍ਹਾਂ ਦੇ ਬਿਆਨ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਦੇ ਆਗੂ ਵੀ ਇਸ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ।

ਹਾਲਾਂਕਿ ਅਜਿਹਾ ਨਹੀਂ ਹੈ ਕਿ ਮਮਤਾ ਬੈਨਰਜੀ ਨੇ ਪਹਿਲੀ ਵਾਰ ਆਰਐੱਸਐੱਸ ਦੀ ਤਾਰੀਫ਼ ਕੀਤੀ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਏਆਈਐੱਮਆਈਐੱਮ ਦੇ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਆਰਐੱਸਐੱਸ ਦੀ ਸਿਫਤ ਕਰਨ ਵਾਲੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਸਾਲ 2003 ਵਿੱਚ ਵੀ ਮਮਤਾ ਬੈਨਰਜੀ ਨੇ ਆਰਐੱਸਐੱਸ ਨੂੰ ਦੇਸ਼ ਭਗਤ ਕਿਹਾ ਸੀ। ਇਸ ਦੇ ਬਦਲੇ ਆਰਐੱਸਐੱਸ ਨੇ ਉਹਨਾਂ ਨੂੰ ਦੁਰਗਾ ਕਿਹਾ ਸੀ। ਆਰਐੱਸਐੱਸ ਹਿੰਦੂ ਰਾਸ਼ਟਰ ਚਾਹੁੰਦੀ ਹੈ। ਆਰਐੱਸਐੱਸ ਦਾ ਇਤਿਹਾਸ ਮੁਸਲਮਾਨ ਵਿਰੋਧੀ 'ਨਫ਼ਰਤ' ਨਾਲ ਭਰਿਆ ਹੋਇਆ ਹੈ।”

ਓਵੈਸੀ ਨੇ ਇਹ ਵੀ ਕਿਹਾ ਕਿ ਮਮਤਾ ਬੈਨਰਜੀ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਸੰਸਦ ਵਿੱਚ ਭਾਜਪਾ ਸਰਕਾਰ ਦਾ ਬਚਾਅ ਕੀਤਾ ਸੀ।

ਉਹਨਾਂ ਲਿਖਿਆ, "ਉਮੀਦ ਹੈ ਕਿ ਟੀਐੱਮਸੀ ਦੇ ਮੁਸਲਮਾਨ ਨੇਤਾ ਮਮਤਾ ਬੈਨਰਜੀ ਦੀ ਇਮਾਨਦਾਰੀ ਲਈ ਉਹਨਾਂ ਦੀ ਪ੍ਰਸ਼ੰਸਾ ਕਰਨਗੇ।"

ਸਾਲ 2003 ਵਿੱਚ ਮਮਤਾ ਨੇ ਕੀ ਕਿਹਾ ਸੀ ?

ਮਮਤਾ ਬੈਨਰਜੀ ਦੇ 'ਦੇਸ਼ਭਗਤ' ਵਾਲੇ ਜਿਸ ਬਿਆਨ ਦਾ ਓਵੈਸੀ ਜ਼ਿਕਰ ਕਰ ਰਹੇ ਹਨ ਉਹ ਦਿਲਚਸਪ ਹੈ। ਉਸ ਸਮੇਂ ਮਮਤਾ ਬੈਨਰਜੀ ਐਨਡੀਏ ਦਾ ਹਿੱਸਾ ਬਣ ਚੁੱਕੇ ਸਨ। ਪਰ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਕੋਈ ਅਹੁਦਾ ਨਹੀਂ ਮਿਲਿਆ ਸੀ।

ਸਤੰਬਰ 2003 ਦਾ ਮਹੀਨਾ ਸੀ। 'ਕਮਿਊਨਿਸਟ ਦਹਿਸ਼ਤਗਰਦੀ' ਪੁਸਤਕ ਦੇ ਰਿਲੀਜ਼ ਮੌਕੇ ਉਨ੍ਹਾਂ ਨੂੰ 'ਪੰਚਜਨਿਆ' ਦੇ ਸੰਪਾਦਕ ਤਰੁਣ ਵਿਜੇ ਨੇ ਬੁਲਾਇਆ ਸੀ।

ਸਟੇਜ ਉਪਰ ਆਰਐੱਸਐੱਸ ਦੇ ਕਈ ਦਿੱਗਜ ਆਗੂ ਮਦਨ ਦਾਸ ਦੇਵੀ, ਮੋਹਨ ਭਾਗਵਤ ਅਤੇ ਐਚਵੀ ਸ਼ੇਸ਼ਾਦਰੀ ਮੌਜੂਦ ਸਨ। ਇਸ ਮੌਕੇ ਭਾਜਪਾ ਦੇ ਰਾਜ ਸਭਾ ਮੈਂਬਰ ਬਲਬੀਰ ਪੁੰਜ ਵੀ ਮੌਜੂਦ ਸਨ।

'ਦ ਟੈਲੀਗ੍ਰਾਫ' ਦੀ ਰਿਪੋਰਟ ਮੁਤਾਬਕ ਮਮਤਾ ਬੈਨਰਜੀ ਨੇ ਮੰਚ 'ਤੇ ਮੌਜੂਦ ਨੇਤਾਵਾਂ ਦੇ ਸਾਹਮਣੇ ਕਿਹਾ, ''ਜੇਕਰ ਆਰਐੱਸਐੱਸ ਸਾਡਾ ਇੱਕ ਫ਼ੀਸਦੀ ਸਮਰਥਨ ਵੀ ਕਰੇ ਤਾਂ ਅਸੀਂ 'ਲਾਲ' ਦਹਿਸ਼ਤਗਰਦੀ ਨਾਲ ਲੜਨ ਵਿੱਚ ਕਾਮਯਾਬ ਰਹਾਂਗੇ।”

ਮਮਤਾ ਬੈਨਰਜੀ

ਤਸਵੀਰ ਸਰੋਤ, SANJAY DAS

ਜਦੋਂ ਤਰੁਣ ਵਿਜੇ ਨੇ ਮਮਤਾ ਬੈਨਰਜੀ ਨੂੰ ਸਟੇਜ 'ਤੇ ਭਾਸ਼ਣ ਦੇਣ ਲਈ ਬੁਲਾਇਆ ਸੀ ਤਾਂ ਉਨ੍ਹਾਂ ਨੇ ਮਮਤਾ ਨੂੰ 'ਬੰਗਾਲ ਦੀ ਦੁਰਗਾ' ਕਹਿ ਕੇ ਸੰਬੋਧਨ ਕੀਤਾ ਸੀ।

ਬਲਬੀਰ ਪੁੰਜ ਨੇ ਵੀ ਮਮਤਾ ਬੈਨਰਜੀ ਨੂੰ 'ਦੁਰਗਾ' ਕਹਿ ਕੇ ਸੰਬੋਧਨ ਕੀਤਾ ਸੀ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਬਲਬੀਰ ਪੁੰਜ ਨੇ ਕਿਹਾ, "ਉਸ ਸਮੇਂ ਪੱਛਮੀ ਬੰਗਾਲ ਵਿੱਚ ਸੀਪੀਐਮ ਦਾ ਦਬਦਬਾ ਸੀ। ਬੰਗਾਲ ਵਿੱਚ ਕਿਸੇ ਹੋਰ ਵਿੱਚ ਉਨ੍ਹਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਨਹੀਂ ਸੀ। ਮਮਤਾ ਬੈਨਰਜੀ ਨੇ ਇਹ ਹਿੰਮਤ ਦਿਖਾਈ।"

"ਉਹਨਾਂ ਦੀ ਹਿੰਮਤ ਕਾਰਨ ਮੇਰੇ ਵਰਗੇ ਲੋਕ ਮਮਤਾ ਦੇ ਪ੍ਰਸ਼ੰਸਕ ਬਣ ਗਏ। ਉਹਨਾਂ ਦੀ ਜੀਵਨ ਸ਼ੈਲੀ ਬਹੁਤ ਸਾਦੀ ਹੈ।"

"ਇੱਕ ਵਾਰ ਉਹ ਅਟਲ ਬਿਹਾਰੀ ਵਾਜਪਾਈ ਨੂੰ ਮਿਲਣ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਆਏ ਸਨ। ਉਹ ਲੰਗ ਮਾਰ ਕੇ ਚੱਲ ਰਹੇ ਸਨ। ਮੈਂ ਅਤੇ ਅਟਲ ਜੀ ਬੈਠੇ ਸੀ। ਮੈਂ ਪੁੱਛਿਆ ਲੱਤ ਨੂੰ ਕੀ ਹੋਇਆ? ਉਹਨਾਂ ਨੇ ਕਿਹਾ, ਮੈਂ ਕਾਰ ਵਿੱਚ ਬੈਠੀ ਸੀ। ਮੇਰਾ ਸੈਂਡਲ ਟੁੱਟ ਗਿਆ। ਵਾਪਸ ਵੀ ਜਾਣਾ ਪਵੇਗਾ। ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ?"

"ਮੈਂ ਇੱਕ ਬੰਦੇ ਨੂੰ ਬੁਲਾਇਆ ਅਤੇ ਇੱਕ ਹੋਰ ਸੈਂਡਲ ਮੰਗਵਾਇਆ। ਨਵੇਂ ਸੈਂਡਲ ਦੇਖ ਕੇ ਉਹਨਾਂ ਨੇ ਕਿਹਾ, ਇਸ ਦੀ ਕੀ ਲੋੜ ਸੀ, ਪੁਰਾਣੀ ਹੀ ਠੀਕ ਕਰਵਾ ਦਿੰਦੇ।"

"ਮੇਰੇ ਵਰਗੇ ਲੋਕ ਉਹਨਾਂ ਦੀ ਇਸ ਤਰ੍ਹਾਂ ਦੀ ਸਾਦਗੀ ਤੋਂ ਬਹੁਤ ਪ੍ਰਭਾਵਿਤ ਰਹਿੰਦੇ ਹਨ।"

ਸਾਲ 2003 ਦਾ ਜ਼ਿਕਰ 20 ਸਾਲ ਬਾਅਦ ਕਿਉਂ?

ਸਪਸ਼ਟ ਹੈ ਕਿ 2003 ਤੋਂ 2022 ਤੱਕ ਕਰੀਬ 20 ਸਾਲ ਬੀਤ ਚੁੱਕੇ ਹਨ। ਉਸ ਸਮੇਂ ਮਮਤਾ ਬੈਨਰਜੀ ਬੰਗਾਲ ਵਿੱਚ ਖੱਬੇ ਪੱਖੀਆਂ ਨਾਲ ਲੜ ਰਹੇ ਸਨ। ਵੀਹ ਸਾਲਾਂ ਬਾਅਦ ਹੁਣ ਉਹਨਾਂ ਦੀ ਲੜਾਈ ਭਾਜਪਾ ਨਾਲ ਹੈ।

ਪੱਛਮੀ ਬੰਗਾਲ ਵਿੱਚ ਖੱਬੇ ਪੱਖੀ ਅਤੇ ਕਾਂਗਰਸ ਵਿਰੋਧੀ ਧਿਰ ਵਿੱਚ ਕਿਤੇ ਵੀ ਨਹੀਂ ਹਨ। ਨਾ ਵਿਧਾਨ ਸਭਾ ਵਿੱਚ ਅਤੇ ਨਾ ਹੀ ਲੋਕ ਸਭਾ ਚੋਣਾਂ ਵਿੱਚ।

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

ਅਜਿਹੇ 'ਚ ਆਰਐੱਸਐੱਸ 'ਤੇ ਓਵੈਸੀ ਵੱਲੋਂ ਦਿੱਤੇ ਗਏ ਮਮਤਾ ਬੈਨਰਜੀ ਦੇ 20 ਸਾਲ ਪੁਰਾਣੇ ਬਿਆਨ ਦੀ ਕੀ ਅਹਿਮੀਅਤ ਹੈ?

ਸੀਨੀਅਰ ਪੱਤਰਕਾਰ ਮਹੂਆ ਚੈਟਰਜੀ ਦਾ ਕਹਿਣਾ ਹੈ, "ਓਵੈਸੀ ਦੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਉਪਰ ਧਿਆਨ ਦੇਣ ਦੀ ਲੋੜ ਨਹੀਂ ਹੈ। ਉਹ ਸਿਰਫ਼ ਬੰਗਾਲ ਦੇ ਮੁਸਲਮਾਨਾਂ ਨੂੰ ਭੜਕਾਉਣ ਲਈ ਅਜਿਹਾ ਕਹਿ ਰਹੇ ਹਨ। ਮਮਤਾ ਬੈਨਰਜੀ ਉਨ੍ਹਾਂ ਦੀਆਂ ਗੱਲਾਂ ਨਾਲ ਭੜਕਣਗੇ ਨਹੀਂ।"

ਪੱਛਮੀ ਬੰਗਾਲ ਦੀ ਰਾਜਨੀਤੀ ਮੁਸਲਮਾਨ ਵੋਟਰਾਂ ਨੂੰ ਨਾਰਾਜ਼ ਕਰਕੇ ਨਹੀਂ ਕੀਤੀ ਜਾ ਸਕਦੀ। ਬੰਗਾਲ ਦੀ ਕੁੱਲ ਆਬਾਦੀ ਵਿੱਚ ਮੁਸਲਮਾਨਾਂ ਦੀ ਹਿੱਸੇਦਾਰੀ ਲਗਭਗ 30 ਫ਼ੀਸਦੀ ਹੈ। ਇਹ ਬੰਗਾਲ ਦਾ ਹਰ ਸਿਆਸਤਦਾਨ ਅਤੇ ਵੋਟਰ ਜਾਣਦਾ ਹੈ।

ਮਹੂਆ ਪੁੱਛਦੇ ਹਨ, "ਜਦੋਂ ਅਸੀਂ ਅਤੇ ਤੁਸੀਂ ਵੀ ਬੰਗਾਲ 'ਚ ਮੁਸਲਮਾਨ ਵੋਟਰਾਂ ਦੀ ਮਹੱਤਤਾ ਨੂੰ ਜਾਣਦੇ ਹਾਂ ਤਾਂ ਕੀ ਮਮਤਾ ਬੈਨਰਜੀ ਨੂੰ ਨਹੀਂ ਪਤਾ ਹੋਵੇਗਾ? ਮਮਤਾ ਬੈਨਰਜੀ ਨੇ ਜੋ ਕਿਹਾ ਹੈ ਉਸ 'ਚ ਅਜਿਹਾ ਕੁਝ ਨਹੀਂ ਹੈ ਕਿ ਮੁਸਲਮਾਨ ਨਰਾਜ਼ ਹੋ ਜਾਣ। ਉਹਨਾਂ ਨੇ ਸਿਰਫ਼ ਇਹ ਕਿਹਾ ਕਿ ਆਰਐੱਸਐੱਸ ਵਿੱਚ ਵੀ ਕੁਝ ਚੰਗੇ ਲੋਕ ਹਨ।"

"ਮਮਤਾ ਬੈਨਰਜੀ ਦੀ ਰਾਜਨੀਤੀ ਨੂੰ ਨਿਸ਼ਾਨਾ ਬਣਾਉਣ ਵਾਲੇ ਓਵੈਸੀ ਕੌਣ ਹਨ? ਉਹਨਾਂ ਉੱਤੇ ਸਾਲਾਂ ਤੋਂ ਭਾਜਪਾ ਦੀ ਏ, ਬੀ, ਸੀ ਟੀਮ ਦਾ ਲੇਬਲ ਲੱਗਿਆ ਹੋਇਆ ਹੈ। ਇਸ ਕਾਰਨ ਓਵੈਸੀ ਦਾ ਮਮਤਾ ਨੂੰ ਨਿਸ਼ਾਨਾ ਬਣਾਉਣ ਖ਼ਾਸ ਮਾਇਨੇ ਨਹੀਂ ਰੱਖਦਾ।"

ਮਮਤਾ ਬੈਨਰਜੀ

ਤਸਵੀਰ ਸਰੋਤ, Getty Images

ਮਮਤਾ ਨੇ ਆਰਐੱਸਐੱਸ ਦਾ ਜ਼ਿਕਰ ਕਿਉਂ ਕੀਤਾ?

ਹਾਲਾਂਕਿ ਮਹੂਆ ਇਹ ਜ਼ਰੂਰ ਕਹਿੰਦੇ ਹਨ ਕਿ 20 ਸਾਲ ਬਾਅਦ ਮਮਤਾ ਨੂੰ ਆਰਐੱਸਐੱਸ ਦੀ ਯਾਦ ਉਂਝ ਹੀ ਨਹੀਂ ਆਈ ਹੈ। ਮਮਤਾ ਬੈਨਰਜੀ ਵਰਗੇ ਤਜਰਬੇਕਾਰ ਸਿਆਸਤਦਾਨ ਦੇ ਮੂੰਹੋਂ ਕੋਈ ਸ਼ਬਦ ਐਵੇ ਹੀ ਨਹੀਂ ਨਿਕਲਦਾ।

ਆਰਐੱਸਐੱਸ ਨੂੰ ਇਸ ਤਰ੍ਹਾਂ ਯਾਦ ਕਰਨਾ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਹੈ। ਉਹ ਆਪਣੇ ਸੂਬੇ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਕਿ ਵਿਰੋਧੀ ਕੀ ਕਹਿੰਦੇ ਹਨ।

ਮਹੂਆ ਕਹਿੰਦੇ ਹਨ, "ਮਮਤਾ ਆਪਣੇ ਬਿਆਨ ਨਾਲ ਆਰਐੱਸਐੱਸ ਅਤੇ ਬੀਜੇਪੀ ਵਿੱਚ ਤਰੇੜ ਲਿਆਉਣਾ ਚਾਹੁੰਦੇ ਹਨ। ਮਮਤਾ ਨੂੰ ਲੱਗਦਾ ਹੈ ਕਿ ਇਸ ਨਾਲ ਰਾਜ ਵਿੱਚ ਬੀਜੇਪੀ ਥੋੜੀ ਅਸਹਿਜ ਹੋਵੇਗੀ ਕਿਉਂਕਿ ਬੰਗਾਲ ਵਿੱਚ ਬੀਜੇਪੀ ਦੀ ਅਸਲੀ ਤਾਕਤ ਆਰਐੱਸਐੱਸ ਹੀ ਹੈ।"

ਮਮਤਾ ਬੈਨਰਜੀ

ਤਸਵੀਰ ਸਰੋਤ, Reuters

ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨੇ 2017 ਵਿੱਚ ਪੱਛਮੀ ਬੰਗਾਲ ਵਿੱਚ ਆਰਐੱਸਐੱਸ ਦੇ ਵਿਸਥਾਰ ਬਾਰੇ ਇੱਕ ਵੱਡੀ ਰਿਪੋਰਟ ਕੀਤੀ ਸੀ।

ਬੀਬੀਸੀ ਦੀ ਉਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਾਲ 2011 ਵਿੱਚ ਪੱਛਮੀ ਬੰਗਾਲ ਵਿੱਚ ਆਰਐੱਸਐੱਸ ਦੀਆਂ ਸਿਰਫ਼ 530 ਸ਼ਾਖਾਵਾਂ ਲੱਗਦੀਆਂ ਸਨ ਪਰ 2015-16 ਤੋਂ ਇਹ ਅੰਕੜਾ 1500 ਤੋਂ ਵੱਧ ਹੋ ਗਿਆ ਹੈ।

ਮਾਰਚ 2017 ਵਿੱਚ ਕੋਇੰਬਟੂਰ ਵਿੱਚ ਹੋਈ ਸਭਾ ਵਿੱਚ ਸੰਘ ਨੇ "ਪੱਛਮੀ ਬੰਗਾਲ ਵਿੱਚ ਹਿੰਦੂਆਂ ਦੀ ਘਟਦੀ ਗਿਣਤੀ ਅਤੇ ਕੱਟੜਪੰਥੀ ਤੱਤਾਂ ਦੇ ਵਧਣ ਨੂੰ ਇੱਕ ਵੱਡਾ ਖ਼ਤਰਾ" ਕਰਾਰ ਦਿੱਤਾ ਸੀ।

ਬੰਗਾਲ ਸ਼ੁਰੂ ਤੋਂ ਹੀ ਹਿੰਦੂ ਰਾਸ਼ਟਰਵਾਦ ਦਾ ਕੇਂਦਰ ਰਿਹਾ ਹੈ। ਸਵਾਮੀ ਵਿਵੇਕਾਨੰਦ ਤੋਂ ਲੈ ਕੇ ਭਾਰਤੀ ਰਾਸ਼ਟਰਵਾਦ ਦੀ ਲਹਿਰ ਇੱਥੋਂ ਹੀ ਸ਼ੁਰੂ ਹੋਈ।

ਆਜ਼ਾਦੀ ਤੋਂ ਬਾਅਦ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦੇਸ਼ ਬਾਰੇ ਜੋ ਸੋਚਿਆ ਉਸ ਨੂੰ ਬੰਗਾਲ ਤੋਂ ਲੈ ਕੇ ਪੂਰੇ ਦੇਸ਼ ਵਿਚ ਪਹੁੰਚਾਇਆ ਗਿਆ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਦਹਾਕਿਆਂ ਤੱਕ ਸੂਬੇ ਦੀ ਰਾਜਨੀਤੀ ਨੂੰ ਕਵਰ ਕਰਨ ਵਾਲੇ ਪੁਲਕੇਸ਼ ਘੋਸ਼ ਕਹਿੰਦੇ ਹਨ, "ਮਮਤਾ ਨੂੰ 2024 ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਦੇਖਣੀਆਂ ਪੈਣਗੀਆਂ। ਇਹ ਚੋਣਾਂ 2023 'ਚ ਹੋਣੀਆਂ ਹਨ। ਪੰਚਾਇਤੀ ਚੋਣਾਂ ਵਿੱਚ ਵੀ ਉਹਨਾਂ ਦਾ ਮੁਕਾਬਲਾ ਭਾਜਪਾ ਨਾਲ ਹੋਵੇਗਾ।"

"ਇਸ ਲਈ ਮਮਤਾ ਦੀ ਲੋੜ ਹੈ ਕਿ ਬੰਗਾਲ ਵਿੱਚ ਬੀਜੇਪੀ ਥੋੜ੍ਹੀ ਕਮਜ਼ੋਰ ਹੋਵੇ। ਮਮਤਾ ਹੁਣ ਖੱਬੇ ਪੱਖੀਆਂ ਨੂੰ ਉਸ ਥਾਂ ਉੱਤੇ ਵਾਪਸ ਲਿਆਉਣਾ ਚਾਹੁੰਦੀ ਹੈ ਜਿਸ ਨੂੰ ਭਾਜਪਾ ਨੇ ਪੱਛਮੀ ਬੰਗਾਲ ਵਿੱਚ ਲੈ ਲਿਆ ਹੈ। ਉਹਨਾਂ ਨੂੰ ਪਤਾ ਹੈ ਕਿ ਬੰਗਾਲ ਵਿੱਚ ਭਾਜਪਾ ਦੀ ਅਸਲ ਤਾਕਤ ਆਰਐੱਸਐੱਸ ਦਾ ਜ਼ਮੀਨੀ ਕੰਮ ਹੈ।"

ਮਮਤਾ ਬੈਨਰਜੀ

ਤਸਵੀਰ ਸਰੋਤ, Reuters

ਕੌਮੀ ਰਾਜਨੀਤੀ ਵਿੱਚ ਮਮਤਾ ਦੇ ਬਿਆਨ ਦੇ ਮਾਅਨੇ

ਪਰ ਕੀ ਮਮਤਾ ਆਰਐੱਸਐੱਸ ਦੀ ਤਾਰੀਫ਼ ਕਰਕੇ ਮੁਸਲਮਾਨਾਂ ਨੂੰ ਗੁੱਸੇ ਨਹੀਂ ਕਰ ਰਹੇ? ਕੀ ਅਜਿਹਾ ਬਿਆਨ ਉਹਨਾਂ ਦੀ ਕੌਮੀ ਰਾਜਨੀਤੀ ਦੀ ਲਾਲਸਾ ਨੂੰ ਝਟਕਾ ਨਹੀਂ ਦੇਵੇਗਾ?

ਮਹੂਆ ਕਹਿਦੇ ਹਨ ਕਿ ਇਹ ਸੱਚ ਹੈ ਕਿ ਮਮਤਾ ਰਾਸ਼ਟਰੀ ਰਾਜਨੀਤੀ ਵਿੱਚ ਆਪਣਾ ਰੁਤਬਾ ਬਣਾਉਣਾ ਚਾਹੁੰਦੇ ਹਨ ਪਰ ਹਾਲੇ 2022 ਹੈ।

ਬੰਗਾਲ ਵਿੱਚ ਇਸ ਸਮੇਂ ਸੂਬੇ ਦੀ ਰਾਜਨੀਤੀ ਵਿੱਚ ਬਹੁਤ ਕੁਝ ਹੋ ਰਿਹਾ ਹੈ। ਦਿੱਲੀ 'ਚ ਜਿੱਥੇ ਆਮ ਆਦਮੀ ਪਾਰਟੀ ਨੂੰ 70 'ਚੋਂ 62 ਵਿਧਾਇਕਾਂ ਦੀ ਹਮਾਇਤ ਹਾਸਲ ਹੈ ਉੱਥੇ ਭਾਜਪਾ ਉਪਰ ਵਿਧਾਇਕਾਂ ਦੀ ਜੋੜ ਤੋੜ ਦੇ ਇਲਜ਼ਾਮ ਲੱਗ ਰਹੇ ਹਨ।

ਮਮਤਾ ਬੈਨਰਜੀ

ਤਸਵੀਰ ਸਰੋਤ, MAMATAOFFICIAL

ਹਰ ਰੋਜ਼ ਈਡੀ, ਆਈਟੀ ਅਤੇ ਸੀਬੀਆਈ ਵਰਗੀਆਂ ਜਾਂਚ ਏਜੰਸੀਆਂ ਬੰਗਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ।

ਅਜਿਹੇ 'ਚ ਮਮਤਾ ਨੂੰ ਆਪਣੇ ਸੂਬੇ 'ਚ ਪਾਰਟੀ ਅਤੇ ਸਰਕਾਰ ਨੂੰ ਮਜ਼ਬੂਤੀ ਨਾਲ ਇਕਜੁੱਟ ਰੱਖਣ ਦਾ ਜੁਗਾੜ ਪਹਿਲ ਦੇ ਅਧਾਰ 'ਤੇ ਕਰਨਾ ਪੈਣਾ ਹੈ।

ਮਹੂਆ ਮੰਨਦੇ ਹਨ ਕਿ ਅਜਿਹੇ ਬਿਆਨਾਂ ਦੇ ਸਹਾਰੇ ਮਮਤਾ ਭਾਜਪਾ 'ਤੇ 'ਕਾਊਂਟਰ ਅਟੈਕ' ਕਰਕੇ ਭਾਜਪਾ ਨੂੰ ਮੁੜ ਉਭਰਨ ਦਾ ਮੌਕਾ ਨਹੀਂ ਦੇਣਾ ਚਾਹੁੰਦੇ। ਇਸ ਤਰ੍ਹਾਂ ਉਹ ਆਪਣੀ ਹਰ ਮੋਰਚੇ 'ਤੇ ਲੋਹਾ ਲੈਣ ਵਾਲੀ ਸਖਸ਼ੀਅਤ ਨੂੰ ਦਿਖਾਉਣਾ ਚਹੁੰਦੇ ਹਨ।

ਮਹੂਆ ਦਾ ਇਹ ਵੀ ਮੰਨਣਾ ਹੈ ਕਿ ਮਮਤਾ ਬੈਨਰਜੀ ਦੀ ਰਾਜਨੀਤੀ ਨੂੰ ਸਿਰਫ਼ ਪੱਛਮੀ ਬੰਗਾਲ ਦੇ ਸੰਦਰਭ ਵਿੱਚ ਦੇਖਣ ਦੀ ਲੋੜ ਨਹੀਂ ਹੈ।

ਮਮਤਾ ਦੀ ਰਾਜਨੀਤੀ ਨੂੰ ਇਸ ਸੰਦਰਭ ਵਿੱਚ ਦੇਖਣ ਦੀ ਲੋੜ ਹੈ ਕਿ ਭਾਰਤ ਦੇ ਹੋਰ ਰਾਜਾਂ ਵਿੱਚ ਕੀ ਚੱਲ ਰਿਹਾ ਹੈ ਅਤੇ ਬਾਕੀ ਮੁੱਖ ਮੰਤਰੀ ਕੀ ਕਰ ਰਹੇ ਹਨ ਅਤੇ ਮਮਤਾ ਕੀ ਕਰ ਰਹੀ ਹੈ।

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)