ਰੱਬੀ ਸ਼ੇਰਗਿੱਲ: 'ਮੈਂ ਉਸ ਹਿੰਦੁਸਤਾਨ ‘ਚ ਪੈਦਾ ਹੋਇਆ ਹਾਂ ਜਿੱਥੇ ਦੰਗੇ ਆਮ ਗੱਲ ਸੀ ਅਤੇ ਹੈ ਵੀ'

ਤਸਵੀਰ ਸਰੋਤ, RABBI SHERGILL/fb
'ਜੇ ਅਸੀਂ ਹੱਕ ਮੰਗਣੇ ਛੱਡ ਦਿੱਤੇ ਤਾਂ ਸਮਾਜ ਨੂੰ ਸਿਉਂਕ ਲੱਗ ਜਾਵੇਗੀ'
'ਮੈਂ ਉਸ ਹਿੰਦੁਸਤਾਨ 'ਚ ਪੈਦਾ ਹੋਇਆ ਹਾਂ ਜਿੱਥੇ ਦੰਗੇ ਆਮ ਗੱਲ ਸੀ ਅਤੇ ਹੈ ਵੀ'
''ਮੈਂ ਸਿੱਧੂ ਮੂਸੇਵਾਲਾ ਬਾਰੇ ਲੇਖ ਲਿਖਿਆ ਤੇ ਉਸ ਤੋਂ ਬਾਅਦ ਜਾਨੋਂ ਮਾਰਨ ਦੀਆਂ ਧਮਕੀਆਂ ਸ਼ੁਰੂ ਹੋ ਗਈਆਂ।''
ਇਹ ਸ਼ਬਦ ਹਨ ਮਸ਼ਹੂਰ ਗਾਇਕ ਅਤੇ ਸੰਗੀਤਕਾਰ ਰੱਬੀ ਸ਼ੇਰਗਿੱਲ ਦੇ। ਉਨ੍ਹਾਂ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਦਲੀਪ ਸਿੰਘ ਨਾਲ ਬਿਲਕਿਸ ਬਾਨੋ, ਘੱਟਗਿਣਤੀਆਂ ਦੇ ਮੁੱਦਿਆਂ, ਪੰਜਾਬੀ ਸੰਗੀਤ ਜਗਤ ਵਿੱਚ ਆਏ ਬਦਲਾਅ ਸਣੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ।
ਸਵਾਲ: ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ, ਇਸ 'ਤੇ ਤੁਹਾਡੀ ਪਹਿਲੀ ਪ੍ਰਤੀਕਿਰਿਆ ਕੀ ਰਹੀ?
ਜਵਾਬ: ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ ਕਿਉਂਕਿ ਜਿਸ ਤਰ੍ਹਾਂ ਨਾਲ ਹਾਈਪਰ ਮੀਡੀਆ ਦਾ ਦੌਰ ਹੈ ਤਾਂ ਇਸ ਤਰ੍ਹਾਂ ਦੀ ਖ਼ਬਰ ਗਲਤ ਹੋ ਸਕਦੀ ਹੈ। ਇਸ ਨਾਲ ਮੇਰਾ ਇੱਕ ਨਿੱਜੀ ਪੱਖ ਵੀ ਹੈ।''
ਮੈਂ ਦਿੱਲੀ ਦਾ ਜੰਮਪਲ ਹਾਂ ਅਤੇ ਮੈਂ ਉਸ ਹਿੰਦੁਸਤਾਨ 'ਚ ਪੈਦਾ ਹੋਇਆ ਹਾਂ ਜਿੱਥੇ ਦੰਗੇ ਆਮ ਗੱਲ ਸੀ ਅਤੇ ਹੈ ਵੀ। ਅਸੀਂ ਲੋਕਾਂ ਨੇ ਨਿਆਂ ਜਾਂ ਹੱਕ ਦੀ ਮੰਗ ਹੀ ਜਿਵੇਂ ਛੱਡ ਦਿੱਤੀ ਹੈ।
2020 ਵਿੱਚ ਦਿੱਲੀ 'ਚ ਦੰਗੇ ਹੋਇਆਂ ਅਜੇ ਦੋ ਕੁ ਸਾਲ ਹੀ ਹੋਏ ਹਨ ਪਰ ਅਸੀਂ ਸਭ ਕੁਝ ਭੁੱਲੀ ਬੈਠੇ ਹਾਂ। ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਆਪਣੇ ਹੱਕ ਅਤੇ ਨਿਆਂ ਦੀ ਗੱਲ ਕਰਨਾ ਛੱਡ ਦਿੰਦੇ ਹਾਂ ਉਸ ਸਮੇਂ ਸਮਾਜ ਨੂੰ ਅੰਦਰੋਂ ਸਿਉਂਕ ਲੱਗ ਜਾਂਦੀ ਹੈ ਅਤੇ ਉਹ ਖੁਰਦ-ਬੁਰਦ ਹੋਣ ਲੱਗ ਪੈਂਦਾ ਹੈ।
ਸਵਾਲ:ਬਿਲਕਿਸ ਬਾਨੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਫਿਰ ਕਿਹਾ ਹੈ ਕਿ ਉਹ ਡਰ ਦੇ ਮਾਹੌਲ ਜੀਅ ਰਹੇ ਹਨ ਅਤੇ ਉਹ ਸੁਰੱਖਿਅਤ ਨਹੀਂ ਹਨ। ਤੁਸੀਂ ਕਿਹਾ ਕਿ ਪੰਜਾਬ ਆ ਜਾਓ ਸਿੱਖ ਹਰ ਕੀਮਤ 'ਤੇ ਤੁਹਾਡੀ ਰੱਖਿਆ ਕਰਨਗੇ।
ਜਵਾਬ: ਮੈਨੂੰ ਲੱਗਦਾ ਹੈ ਕਿ ਬਤੌਰ ਕਲਾਕਾਰ ਮੇਰਾ ਨਿੱਜੀ ਫਰਜ਼ ਹੈ ਕਿ ਮੈਂ ਹਾਅ ਦਾ ਨਾਅਰਾ ਮਾਰਾਂ। ਵੈਸੇ ਵੀ ਪੰਜਾਬੀ ਹਾ ਦਾ ਨਾਅਰਾ ਮਾਰਨ ਲਈ ਮਸ਼ਹੂਰ ਹਨ।
ਮੈਨੂੰ ਪੰਜਾਬ, ਸਿੱਖ ਧਰਮ , ਪੰਜਾਬੀਅਤ ਦੀਆਂ ਰਿਵਾਇਤਾਂ ਅਤੇ ਪੰਜਾਬੀਅਤ ਉੱਤੇ ਪੂਰਾ ਯਕੀਨ ਹੈ। ਅਸੀਂ ਉਸ ਪੰਜਾਬ ਦੇ ਵਾਰਿਸ ਹਾਂ ਜਿੱਥੇ ਫਕੀਰ ਅਜ਼ੀਜੁਦੀਨ ਵਜ਼ੀਰ ਹੁੰਦੇ ਸਨ, ਦੀਵਾਨ ਮੋਹਕਮ ਚੰਦ ਸਭ ਤੋਂ ਵੱਡੇ ਜਰਨੈਲ ਹੁੰਦੇ ਸਨ।
ਅਸੀਂ ਪੰਜਾਬ ਦੇ ਵਾਰਿਸ ਉੱਤਮਤਾ ਨੂੰ ਪਛਾਣਦੇ ਹਾਂ । ਸਾਡੀ ਆਪਣੀ ਸੋਚ ਸੀ, ਆਪਣਾ ਰਾਜ ਸੀ। ਅਸੀਂ ਕਈ ਜੰਗਾਂ ਤੋਂ ਬਾਅਦ ਇਸ ਉੱਤਮਤਾ ਦੇ ਮੁਕਾਮ 'ਤੇ ਪਹੁੰਚੇ ਹਾਂ। ਇਸ ਲਈ ਸਾਡੇ ਮਨਾਂ ਅੰਦਰ ਦੀਨ ਦੁੱਖੀ ਦੀ ਰੱਖਿਆ ਕਰਨਾ ਇੱਕ ਮੁੱਢ ਕਦੀਮੀ ਸੰਸਕਾਰ ਹੈ।
ਸਵਾਲ: ਤੁਹਾਡਾ ਇੱਕ ਗੀਤ ਆਇਆ ਸੀ 'ਬੁੱਲ੍ਹਾ ਕੀ ਜਾਣਾ ਮੈਂ ਕੌਣ…'। ਤੁਸੀਂ ਵੇਖਿਆ ਹੋਵੇਗਾ ਕਿ ਪਛਾਣ ਨੂੰ ਲੈ ਕੇ ਲੋਕਾਂ 'ਚ ਬਹੁਤ ਮਸਲੇ ਰਹਿੰਦੇ ਹਨ। ਤੁਸੀਂ ਇਸ ਮਸਲੇ ਨੂੰ ਕਿਵੇਂ ਵੇਖਦੇ ਹੋ?
ਜਵਾਬ: ਪਛਾਣ ਦਾ ਸੰਕਟ ਉਸ ਸਮੇਂ ਹੀ ਪੈਦਾ ਹੋ ਗਿਆ ਸੀ ਜਦੋਂ ਅਸੀਂ ਸੰਘੀ ਢਾਂਚੇ ਨੂੰ ਦਰਕਿਨਾਰ ਕਰ ਦਿੱਤਾ ਸੀ।
ਜਦੋਂ ਤੁਸੀਂ ਸਿਆਸੀ ਹੱਦਾਂ ਅੰਦਰ ਇੱਕ ਸਭਿਆਚਾਰ ਅਤੇ ਬੋਲੀ ਨੂੰ ਹਿਲਾਉਣ ਦੀ ਕੋਸ਼ਿਸ਼ ਕਰਦੇ ਹੋ, ਉਸ ਸਮੇਂ ਪਛਾਣ ਦੇ ਸੰਕਟ ਦੀ ਸਥਿਤੀ ਬਣ ਜਾਂਦੀ ਹੈ।
ਹਿੰਦੁਸਤਾਨ ਇੱਕ ਮੁਲਕ ਹੀ ਨਹੀ ਬਲਕਿ ਇੱਕ ਉਪ ਮਹਾਂਦੀਪ ਹੈ, ਇੱਕ ਤਹਿਜ਼ੀਬ ਹੈ, ਇੱਕ ਸਭਿਅਤਾ ਹੈ ਅਤੇ ਇਸ 'ਚ ਕੋਈ ਦੋ ਰਾਏ ਨਹੀਂ ਹੈ ਇਸ 'ਚ ਇੱਕ ਮੁਲਕ ਨਹੀਂ ਬਲਕਿ ਅਨੇਕਾਂ ਮੁਲਕ ਵਸਦੇ ਹਨ।
ਜਦੋਂ ਤੁਸੀਂ ਇੱਕ ਜ਼ੁਬਾਨ ਨੂੰ ਸਾਰਿਆਂ ਉੱਤੇ ਥੋਪਣ ਦਾ ਯਤਨ ਕਰੋਗੇ ਤਾਂ ਇਸ ਦੇ ਨਤੀਜੇ ਤੁਸੀਂ 1950 'ਚ ਵੇਖ ਚੁੱਕੇ ਹੋ, ਜਦੋਂ ਹਿੰਦੀ ਨੂੰ ਦੱਖਣੀ ਭਾਰਤ 'ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਹ ਯਤਨ ਅੱਜ ਵੀ ਜਾਰੀ ਹੈ।
ਪਰ ਦੱਖਣੀ ਭਾਰਤ ਦੇ ਲੋਕ ਆਪਣੀ ਭਾਸ਼ਾ, ਜ਼ੁਬਾਨ ਨੂੰ ਸੰਭਾਲਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ।
ਸਵਾਲ: ਕਈ ਮੁੱਦੇ ਸੋਸ਼ਲ ਮੀਡੀਆ ਤੋਂ ਲੈ ਕੇ ਸਮਾਜ 'ਚ ਬਹੁਤ ਚਰਚਾ ਦਾ ਵਿਸ਼ਾ ਰਹਿੰਦੇ ਹਨ ਪਰ ਬਾਲੀਵੁੱਡ ਉਸ 'ਤੇ ਬਹੁਤ ਘੱਟ ਪ੍ਰਤੀਕਿਰਿਆ ਦਿੰਦਾ ਹੈ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਜਵਾਬ: ਬਾਲੀਵੁੱਡ 'ਤੇ ਵਧੇਰੇ ਦਾਅ ਲੱਗਾ ਹੈ, ਪਰ ਸਾਡੇ ਵਰਗਿਆਂ 'ਤੇ ਘੱਟ ਹੈ। ਜਿਨ੍ਹਾਂ ਦੇ ਸਿਰ 'ਤੇ ਪੂਰੀ ਇੰਡਸਟਰੀ ਚੱਲ ਰਹੀ ਹੈ, ਉਹ ਬਹੁਤੀਆਂ ਗੱਲਾਂ ਕਰਨ ਤੋਂ ਝੱਕਦੇ ਹਨ।
ਗੱਲ ਭਾਵੇਂ ਅਮੀਰ ਖਾਨ ਦੀ ਹੋਵੇ ਜਾਂ ਫਿਰ ਸ਼ਾਹਰੁਖ ਖਾਨ ਦੀ, ਉਨ੍ਹਾਂ ਨੇ ਕਿਹਾ ਜਾਂ ਕੀਤਾ ਕੁਝ ਹੋਰ ਸੀ ਪਰ ਅਸੀਂ ਜਾਂ ਮੀਡੀਆ ਨੇ ਗੱਲ ਦਾ ਗਲੋਟ ਹੀ ਬਣਾ ਦਿੱਤਾ।
ਇੰਟਰਵਿਊ ਦਾ ਪਹਿਲਾ ਹਿੱਸਾ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪੰਜਾਬ, ਪੰਜਾਬੀ ਸੰਗੀਤ ਜਗਤ ਅਤੇ ਸਿੱਧੂ ਮੂਸੇਵਾਲਾ ਬਾਰੇ ਗੱਲਬਾਤ

ਤਸਵੀਰ ਸਰੋਤ, SIDHU MOOSE WALA/FB
ਸਵਾਲ: ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਤੁਸੀਂ ਕੀ ਕਹੋਗੇ, ਉਨ੍ਹਾਂ ਗਾਇਕੀ ਬਾਰੇ ਹੱਕ ਅਤੇ ਖਿਲਾਫ਼ ਵਿੱਚ ਵੀ ਲੋਕਾਂ ਦੀ ਰਾਇ ਆਉਂਦੀ ਰਹਿੰਦੀ ਸੀ
ਜਵਾਬ: ਸਿੱਧੂ ਮੂਸੇਵਾਲੇ ਨੂੰ ਅਸੀਂ ਅਜੇ ਉਸ ਦੇ ਮੁਕਾਮ ਉੱਤੇ ਨਹੀਂ ਸੀ ਦੇਖਿਆ, ਅਜੇ ਉਸ ਦੇ ਸਿਰੇ 'ਤੇ ਨਹੀਂ ਸੀ ਦੇਖਿਆ।
ਉਹ ਅਜੇ ਵਿਕਾਸ ਕਰ ਰਿਹਾ ਸੀ। ਉਸ ਦੇ ਵਿੱਚ ਨਵੇਂ ਵਲਵਲੇ ਆ ਰਹੇ ਸਨ।
ਕਲਾਕਾਰ ਸੀਮਿੰਟ ਵਿੱਚ ਕੈਦ ਕੋਈ ਵਸਤੂ ਨਹੀਂ ਹੁੰਦੀ। ਉਸ ਨੇ ਬਦਲਣਾ ਹੀ ਹੁੰਦਾ ਹੈ।
ਸਿੱਧੂ ਮੂਸੇਵਾਲੇ ਬਾਰੇ ਜਿਹੜੀ ਮੇਰੀ ਸੋਚ ਹੈ, ਉਹ ਇਹ ਹੈ ਕਿ ਅਜੇ ਉਸ ਦਾ ਬੈਸਟ ਆਉਣਾ ਸੀ। ਨਵੀਂਆਂ ਗੱਲਾਂ ਇਸ ਨੇ ਕਹਿਣੀਆਂ ਸਨ।
ਸਵਾਲ:ਗਾਣਿਆਂ ਦੇ ਵਿੱਚ ਗਨ ਕਲਚਰ ਅਤੇ ਮਾਰ-ਧਾੜ ਨੂੰ ਤੁਸੀਂ ਕਿਵੋਂ ਦੇਖਦੇ ਹੋ?
ਜਵਾਬ: ਪੰਜਾਬੀ ਇੰਡਸਟਰੀ ਵਿੱਚ ਕਿਸੇ ਮਾਰਗਦਰਸ਼ਕ ਦੀ ਕਮੀ ਹੋਣਾ ਵੀ ਨਿਘਾਰ ਦੀ ਇੱਕ ਵਜ੍ਹਾ ਹੈ।
ਅਜੋਕੀ ਪੰਜਾਬੀ ਇੰਡਸਟਰੀ ਵਿੱਚ ਕੋਈ ਅਜਿਹਾ ਨਹੀਂ ਹੈ ਜਿਸ ਨਾਲ ਤੁਸੀਂ ਆਪਣੇ ਕਲਾਤਮਿਕ ਵਲਵਲੇ ਸਾਂਝੇ ਕਰ ਸਕੋ।
ਮੈਨੂੰ ਨਹੀਂ ਲਗਦਾ ਕਿ ਚਰਨਜੀਤ ਅਹੂਜਾ ਵਰਗੇ ਸੰਗੀਤਕਾਰ ਕੋਲ ਤੁਸੀਂ ਕੋਈ ਚਾਲੂ ਕਵਿਤਾ ਲਿਜਾ ਸਕਦੇ ਹੋ ਜਾਂ ਉਹ ਬਣ ਜਾਵੇਗੀ।
ਤੁਹਾਨੂੰ ਕੋਈ ਮਿਆਰ ਰੱਖਣਾ ਹੀ ਪਵੇਗਾ। ਸੈਲਫ਼ ਪਬਲੀਸ਼ਿੰਗ ਦੇ ਦੌਰ ਵਿੱਚ ਤੁਸੀਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ।
ਮੈਂ ਨਹੀਂ ਕਹਿੰਦਾ ਕਿ ਰੁਮਾਨੀ ਗਾਣੇ ਨਾ ਗਾਓ, ਸੈਕਸ ਬਾਰੇ ਗਾਣੇ ਨਾ ਗਾਓ, ਸੈਕਸ ਦੀ ਵੀ ਆਪਣੀ ਥਾਂ ਹੈ, ਫਾਹਸ਼ਪੁਣੇ ਦੀ ਥਾਂ ਨਹੀਂ ਹੈ।
ਸਵਾਲ: ਤੁਹਾਨੂੰ ਭਗਵੰਤ ਮਾਨ ਤੋਂ ਨਵੇਂ ਪੰਜਾਬ ਦੀ ਆਸ ਹੈ?
ਜਵਾਬ: ਬਹੁਤ ਔਖਾ ਹੈ। ਸਾਡੀ ਜਮਹੂਰੀਅਤ ਦੀ ਤਾਕੀ ਪੰਜ ਸਾਲ ਦੀ ਹੈ। ਅਸੀਂ ਪੰਜ ਸਾਲ ਤੋਂ ਅੱਗੇ ਨਹੀਂ ਦੇਖ ਸਕਦੇ।
ਇਨ੍ਹਾਂ ਪੰਜ ਸਾਲਾਂ ਦੌਰਾਨ ਸਾਡਾ ਸਾਰਾ ਜ਼ੋਰ ਲੱਗਿਆ ਹੁੰਦਾ ਹੈ ਕਿ ਮੁੜ ਕਿਵੇਂ ਚੁਣਿਆ ਜਾਣਾ ਹੈ।

ਤਸਵੀਰ ਸਰੋਤ, BHAGWANT MANN/BBC
ਇਸ ਵਿੱਚ ਤੁਸੀਂ ਅਗਲੀ ਪੀੜ੍ਹੀ, ਆਪਣੀ ਸਪੀਸ਼ੀ, ਆਪਣੀ ਜਿਣਸ, ਆਪਣੇ ਸੱਭਿਆਚਾਰ ਦੀ ਨਿਰੰਤਰਤਾ ਦੀ ਕੋਈ ਸੋਚ ਹੋਵੇ, ਇਹੋ ਜਿਹੀ ਗੱਲ ਹੋ ਹੀ ਨਹੀਂ ਸਕਦੀ।
ਸਵਾਲ: ਮੂਸੇਵਾਲਾ ਦਾ ਐੱਸਵਾਈਐੱਲ ਗਾਣਾ ਯੂਟਿਊਬ ਤੋਂ ਹਟਾ ਦਿੱਤਾ ਗਿਆ, ਕੀ ਰਾਇ ਹੈ
ਜਵਾਬ: ਰੱਬੀ ਨੇ ਐੱਸਵਾਈਐੱਲ ਦੇ ਮੁੱਦੇ ਬਾਰੇ ਕਿਹਾ ਕਿ ਐਸਵਾਈਐਲ ਦੀ ਮੰਗ ਜਾਇਜ਼ ਹੈ।

ਤਸਵੀਰ ਸਰੋਤ, SIDHU MOOSEWALA/TWITTER
ਅਤੀਤ ਵਿੱਚ ਪਹਿਲਾਂ ਹਰਿਆਣਾ ਵੀ ਕਦੇ ਪੰਜਾਬ ਦਾ ਹਿੱਸਾ ਹੁੰਦਾ ਸੀ। ਜੇ ਕਦੇ ਉਸ ਦਾ ਮੁੜ ਪੰਜਾਬ ਵਿੱਚ ਰਲੇਵਾਂ ਹੋ ਗਿਆ ਤਾਂ ਕੀ ਅਸੀਂ ਉਸ ਨੂੰ ਪਾਣੀ ਦੇਣਾ ਹੈ, ਇਸ ਬਾਰੇ ਵੀ ਸਾਡੀ ਸੋਚ ਹੋਣੀ ਚਾਹੀਦੀ ਹੈ।
ਹਾਲਾਂਕਿ ਜੋ ਪੰਜਾਬ ਦੇ ਸੋਮੇ ਹਨ ਉਹ ਅਸੀਂ ਦੇ ਰਹੇ ਹਾਂ ਤੇ ਜੋ ਸਾਨੂੰ ਦੂਜੇ ਸੂਬਿਆਂ ਤੋਂ ਚਾਹੀਦਾ ਹੈ ਉਹ ਅਸੀਂ ਮੁੱਲ ਲੈਂਦੇ ਹਾਂ ਅਤੇ ਆਪਣੇ ਸਰੋਤਾਂ ਦੀ ਸਾਨੂੰ ਦੁਆਨੀ ਵੀ ਨਹੀਂ ਮਿਲਦੀ।
ਪੂਰੀ ਗੱਲਬਾਤ ਨੂੰ ਤੁਸੀਂ ਇਸ ਯੂਟਿਊਬ ਲਿੰਕ ਉੱਪਰ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਸਵਾਲ: ਗੁਰਪ੍ਰੀਤ ਸਿੰਘ ਸ਼ੇਰਗਿੱਲ ਤੋਂ ਰੱਬੀ ਸ਼ੇਰਗਿੱਲ ਬਣਨ ਦਾ ਸਫ਼ਰ ਕਿਸ ਤਰ੍ਹਾਂ ਦਾ ਸੀ ?
ਜਵਾਬ: ਜਿਵੇਂ ਨਾਮ ਰੱਖਣ ਪਿੱਛੇ ਸਾਰੇ ਪੰਜਾਬੀਆਂ ਨੂੰ ਇੱਕ ਸਫ਼ਰ ਤੈਅ ਕਰਨਾ ਪੈਂਦਾ ਹੈ, ਮੇਰਾ ਵੀ ਉਸੇ ਤਰ੍ਹਾਂ ਹੀ ਸੀ।
ਜਨਮ ਤੋਂ ਬਾਅਦ ਜਦੋਂ ਤੱਕ ਗੁਰਦੁਆਰਾ ਸਾਹਿਬ ਤੋਂ ਨਾਮ ਨਹੀਂ ਕੱਢਵਾ ਲਿਆ ਜਾਂਦਾ ਉਦੋਂ ਤੱਕ ਕੋਈ ਕੱਚਾ ਜਾਂ ਆਰਜ਼ੀ ਨਾਮ ਰੱਖ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Rabbi Shergill/FB
ਇਸ ਲਈ ਹਰ ਪੰਜਾਬੀ ਦੇ ਦੋ ਨਾਮ ਤਾਂ ਹੁੰਦੇ ਹੀ ਹਨ। ਬਚਪਨ ਤੋਂ ਹੀ ਮੇਰੇ ਵੀ ਬਹੁਤ ਸਾਰੇ ਨਾਮ ਸਨ। ਮੇਰੀ ਦਾਦੀ ਮੈਨੂੰ ਬੋਹੜ ਕਹਿੰਦੀ ਸੀ ਅਤੇ ਮੇਰੀ ਮਾਤਾ ਜੀ ਮੈਨੂੰ ਕਈ ਨਾਵਾਂ ਨਾਲ ਬੁਲਾਉਂਦੇ ਸਨ, ਪਰ ਉਨ੍ਹਾਂ ਸਾਰਿਆਂ 'ਚੋਂ ਰੱਬੀ ਨਾਮ ਹੁਣ ਤੱਕ ਮੇਰੇ ਨਾਲ ਚੱਲ ਰਿਹਾ ਹੈ।''
ਜਦੋਂ ਮੈਂ ਆਪਣਾ ਸਟੇਜ ਨਾਮ ਰੱਖਣਾ ਸੀ ਤਾਂ ਪਹਿਲਾਂ ਮੈਂ ਗੁਰਪ੍ਰੀਤ ਬਾਰੇ ਸੋਚਿਆ ਪਰ ਇਸ ਨਾਮ ਦੇ ਮੁਕਾਬਲੇ ਰੱਬੀ ਵਧੇਰੇ ਢੁਕਵਾਂ ਲੱਗਿਆ।

ਇਹ ਵੀ ਪੜ੍ਹੋ-

ਸਵਾਲ: ਤੁਸੀਂ ਸੰਗੀਤ ਵੱਲ ਨੂੰ ਕਿਵੇਂ ਤੁਰੇ?
ਜਵਾਬ: ਮੇਰਾ ਪਰਿਵਾਰ ਜਿੱਥੇ ਅਕਾਦਮਿਕ ਪਰਿਵਾਰ ਹੈ ਉੱਥੇ ਹੀ ਕਾਵਮਈ ਵੀ ਹੈ। ਮੇਰੇ ਮਾਤਾ ਜੀ ਦਿੱਲੀ 'ਚ ਮਾਤਾ ਸੁੰਦਰੀ ਕਾਲਜ ਦੇ ਪ੍ਰਿੰਸੀਪਲ ਰਹੇ ਹਨ ਅਤੇ ਉਨਾਂ ਨੇ ਵੱਖ-ਵੱਖ ਵੰਨਗੀਆਂ 'ਤੇ 125 ਕਿਤਾਬਾਂ ਵੀ ਲਿਖੀਆਂ ਹਨ। ਮੇਰੀ ਵੱਡੀ ਭੈਣ ਗਗਨ ਗਿੱਲ ਹਿੰਦੀ ਦੀ ਲੇਖਿਕਾ ਹੈ।
ਸਾਡੇ ਘਰ 'ਚ ਕਾਵਮਾਈ ਮਾਹੌਲ ਰਹਿੰਦਾ ਸੀ ਅਤੇ ਮੈਨੂੰ ਲੱਗਦਾ ਹੈ ਕਿ ਕਵਿਤਾ ਹੀ ਕਲਾ ਦਾ ਨੀਂਹ ਪੱਥਰ ਹੈ। ਇਸ 'ਚੋਂ ਹੀ ਸੰਗੀਤ ਸਮੇਤ ਹੋਰ ਦੂਜੀਆਂ ਕਲਾਵਾਂ ਜਨਮ ਲੈਂਦੀਆਂ ਹਨ। ਇਸ ਲਈ ਮੇਰੇ ਸੰਗੀਤ ਪ੍ਰਤੀ ਪ੍ਰੇਮ ਦੀ ਸ਼ੁਰੂਆਤ ਘਰ 'ਚੋਂ ਹੀ ਹੋਈ।

ਇਹ ਵੀ ਪੜ੍ਹੋ:













