ਝੀਲ 'ਚ ਡੁੱਬਣ ਨਾਲ ਪੰਜਾਬ ਦੇ 7 ਨੌਜਵਾਨਾਂ ਦੀ ਮੌਤ, 'ਜ਼ਿੱਦ ਕਰਦਾ ਸੀ ਮੋਟਰਸਾਈਕਲ 'ਤੇ ਮਾਤਾ ਦੇ ਦਰਸ਼ਨ ਕਰਨ ਜਾਵਾਂਗਾ'

ਬਨੂੰੜ ਤੋਂ ਨੌਜਵਾਨਾਂ ਦਾ ਗਰੁੱਪ ਨੈਣਾ ਦੇਵੀ ਗਿਆ ਹੋਇਆ ਸੀ

ਤਸਵੀਰ ਸਰੋਤ, family handout

ਤਸਵੀਰ ਕੈਪਸ਼ਨ, ਬਨੂੰੜ ਤੋਂ ਨੌਜਵਾਨਾਂ ਦਾ ਗਰੁੱਪ ਨੈਣਾ ਦੇਵੀ ਗਿਆ ਹੋਇਆ ਸੀ, ਜਿਨ੍ਹਾਂ ਦੇ ਚਿਹਰੇ ਨਹੀਂ ਦਿਖ ਰਹੇ ਉਹ ਬਚ ਗਏ ਹਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਹਿਮਾਚਲ ਦੇ ਊਨਾਂ ਵਿੱਚ ਗੋਬਿੰਦ ਸਾਗਰ ਝੀਲ ਵਿੱਚ ਸੋਮਵਾਰ ਨੂੰ 7 ਨੌਜਵਾਨ ਡੁੱਬ ਗਏ। ਉਨ੍ਹਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ।

ਇਹਨਾਂ ਦੀ ਉਮਰ 14 ਤੋਂ 18 ਸਾਲ ਦੱਸ ਜਾ ਰਹੀ ਹੈ।

ਹਿਮਾਚਲ ਪ੍ਰਦੇਸ਼ ਦੇ ਉਨਾ ਜ਼ਿਲ੍ਹੇ ਦੇ ਐੱਸਪੀ ਅਰਜੀਤ ਸਿੰਘ ਨੇ ਦੱਸਿਆ, ''ਗੋਬਿੰਦ ਸਾਗਰ ਝੀਲ ਤੋਂ ਬਾਬਾ ਗਰੀਬਨਾਥ ਮੰਦਿਰ ਤੋਂ 7 ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਖ਼ਬਰ ਦੇ ਦਿੱਤੀ ਗਈ ਹੈ।''

ਜਾਣਕਾਰੀ ਮੁਤਾਬਕ ਕੁੱਲ 11 ਨੌਜਵਾਨ ਮੱਥਾ ਟੇਕਣ ਗਏ ਸਨ, ਝੀਲ ਵਿੱਚ ਨਹਾਉਣ ਉਤਰੇ ਤਾਂ ਇਹ ਹਾਦਸਾ ਵਾਪਰ ਗਿਆ।

ਇਹ ਨੌਜਵਾਨ ਪਟਿਆਲਾ ਜ਼ਿਲ੍ਹੇ ਦੇ ਬਨੂੰੜ ਇਲਾਕੇ ਨਾਲ ਸਬੰਧਤ ਸਨ।

ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਮ੍ਰਿਤਕ ਮੁਹਾਲੀ ਤੋਂ ਕਰੀਬ 20 ਕਿਲੋਮੀਟਰ ਦੂਰ ਬਨੂੰੜ ਦੀ ਮੀਰਾ ਸ਼ਾਹ ਕਲੋਨੀ ਦੇ ਇਹ ਸੱਤੇ ਨੌਜਵਾਨ ਰਹਿਣ ਵਾਲੇ ਸਨ।

ਗੋਬਿੰਦ ਸਾਗਰ ਝੀਲ

ਵਾਰਡ ਨੰਬਰ-11 ਜਿਸ ਅਧੀਨ ਅਹ ਕਲੋਨੀ ਆਉਂਦੀ ਹੈ ਉਸਦੇ ਕੌਂਸਲਰ ਭਜਨਲਾਲ ਨੰਦਾ ਨੇ ਦੱਸਿਆ, ''ਸੋਮਵਾਰ ਸਵੇਰੇ ਹੀ ਬਾਬਾ ਬਾਲਕ ਨਾਥ ਟੇਕਣ ਲਈ ਨੌਜਵਾਨ ਗਏ ਸਨ। ਗੋਬਿੰਦ ਸਾਗਰ ਝੀਲ ਵਿੱਚ ਇਹ 7 ਲੋਕ ਨਹਾਉਣ ਲਈ ਉਤਰੇ ਸਨ, ਬਾਕੀ ਚਾਰ ਬਾਹਰ ਖੜ੍ਹੇ ਸਨ। ਪਾਣੀ ਦੇ ਤੇਜ਼ ਬਹਾਅ ਕਾਰਨ ਸਾਰੇ ਰੁੜ ਗਏ।''

ਮਰਨ ਵਾਲਿਆਂ ਵੱਲੋਂ ਚਾਰ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ। ਇਹਨਾਂ ਵਿੱਚ ਇੱਕ 35 ਸਾਲਾਂ ਵਿਅਕਤੀ ਅਤੇ ਉਸ ਦੇ ਤਿੰਨ ਭਤੀਜੇ ਸਨ। ਇਹਨਾਂ ਮੁੰਡਿਆਂ ਦੀ ਉਮਰ 16 ਤੋਂ 18 ਸਾਲ ਦੇ ਵਿਚਕਾਰ ਸੀ।

ਕੌਂਸਲਰ ਭਜਨਲਾਲ ਨੰਦਾ ਨੇ ਦੱਸਿਆ ਕਿ ਮਰਨ ਵਾਲੇ ਮੁੰਡਿਆਂ ਦਾ ਪਿਤਾ ਮਜ਼ਦੂਰੀ ਕਰਦਾ ਹੈ ਪਰ ਕਰੀਬ ਇੱਕ ਸਾਲ ਪਹਿਲਾਂ ਉਸ ਦਾ ਐਕਸੀਡੈਂਟ ਹੋ ਗਿਆ ਸੀ। ਉਸ ਤੋਂ ਬਾਅਦ ਉਹ ਹਾਲੇ ਤੱਕ ਮੰਜੇ ਉਪਰ ਹੀ ਹੈ।

ਵੀਡੀਓ ਕੈਪਸ਼ਨ, ਗੋਬਿੰਦ ਸਾਗਰ ਝੀਲ 'ਚ ਪੰਜਾਬ ਦੇ 7 ਨੌਜਵਾਨ ਡੁੱਬੇ, ਇੱਕੋ ਪਰਿਵਾਰ ਦੇ ਚਾਰ ਜੀਅ

ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੇਹਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ । ਉਹਨਾਂ ਦਾ ਸੰਸਕਾਰ ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਊਨਾ ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ।

'ਜ਼ਿੱਦ ਕਰਦਾ ਸੀ, ਨਵੇਂ ਮੋਟਰਸਾਈਕਲ 'ਤੇ ਜਾਵਾਂਗਾ'

ਇੱਕ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ,'' ਸਾਰੇ ਮੁੰਡੇ ਇਕੱਠੇ ਹੋ ਕੇ ਸਵੇਰੇ 5 ਵਜੇ ਨਿਕਲੇ ਸਨ, ਮੇਰੇ ਪੁੱਤਰ ਦੇ ਨਾਲ ਮੇਰਾ ਭਜੀਤਾ ਵੀ ਸੀ। ਘਰੋਂ ਕਹਿ ਕੇ ਗਏ ਸੀ ਕਿ ਨੈਣਾ ਦੇਵੀ ਜਾ ਰਹੇ ਹਾਂ ਤੇ ਉੱਤੋਂ ਹੀ ਮੱਥਾ ਟੇਕ ਕੇ ਵਾਪਿਸ ਆ ਜਾਵਾਂਗੇ। ਪਰ ਫਿਰ ਹੋਰਾਂ ਸਾਥੀਆਂ ਦੇ ਕਹਿਣ ਉੱਤੇ ਉਹ ਬਾਬਾ ਬਾਲਕ ਲਈ ਵੀ ਨਿਕਲ ਗਏ।''

''ਉਸਦੀ ਉਮਰ 18 ਸਾਲ ਦੀ ਸੀ, 7ਵੀਂ ਤੋਂ ਬਾਅਦ ਹੀ ਉਸ ਨੇ ਪੜ੍ਹਾਈ ਵੀ ਛੱਡ ਦਿੱਤੀ ਸੀ ਤੇ ਵੇਟਰ ਦਾ ਕੰਮ ਕਰਦਾ ਸੀ।''

ਰਾਜਕੁਮਾਰ

''ਹਰ ਸਾਲ ਨੈਣਾ ਦੇਵੀ ਦੇ ਦਰਸ਼ਨ ਕਰ ਜਾਂਦਾ ਸੀ ਪਰ ਗੱਡੀ ਜਾਂ ਟ੍ਰੇਨ ਵਿੱਚ, ਪਰ ਹੁਣ ਜਦੋਂ ਦਾ ਨਵਾਂ ਮੋਟਰਸਾਈਕਲ ਲਿਆ ਹੈ ਉਦੋਂ ਦਾ ਜਿੱਦ ਕਰ ਰਿਹਾ ਸੀ, ਨਵੇਂ ਮੋਟਰਸਾਈਕਲ 'ਤੇ ਹੀ ਮਾਤਾ ਦੇ ਦਰਸ਼ਨ ਕਰਨ ਜਾਵਾਂਗਾ।

ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 4 ਬੱਚਿਆਂ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਫਿਰ ਮੇਰੇ ਤਿੰਨ ਪੁੱਤਰ ਹੋਏ ਤੇ ਹੁਣ ਉਨ੍ਹਾਂ ਵਿੱਚੋਂ ਵੀ ਇੱਕ ਚਲਾ ਗਿਆ।

ਪੰਜਾਬ ਅਤੇ ਹਿਮਾਚਲ ਦੇ ਮੁੱਖ ਮੰਤਰੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ

ਗੋਬਿੰਦ ਸਾਗਰ ਝੀਲ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੋਬਿੰਦ ਸਾਗਰ ਝੀਲ ਕੋਲ ਲੋਕਾਂ ਦਾ ਇਕੱਠ ਹੈ ਜਿੱਥੇ ਇਹ ਘਟਨਾ ਵਾਪਰੀ ਹੈ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਘਟਨਾ ਤੇ ਦੁਖ ਪ੍ਰਗਟਾਇਆ ਹੈ।

ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ''ਬਾਬਾ ਬਾਲਕ ਨਾਥ ਜਾਂਦੇ ਸਮੇਂ ਗੋਬਿੰਦ ਸਾਗਰ ਝੀਲ 'ਚ ਨਹਾਉਣ ਲਈ ਰੁਕੇ ਪੰਜਾਬ 'ਚੋਂ ਬਨੂੰੜ ਦੇ 7 ਨੌਜਵਾਨਾਂ ਦੇ ਡੁੱਬਣ ਦੀ ਦੁਖਦਾਈ ਖ਼ਬਰ ਮਿਲੀ। ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਪਰਮਾਤਮਾ ਅੱਗੇ ਅਰਦਾਸ, ਵਿੱਛੜੀਆਂ ਰੂਹਾਂ ਨੂੰ ਆਤਮਿਕ ਸ਼ਾਂਤੀ ਬਖ਼ਸ਼ਣ, ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।''

ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਘਟਨਾ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜੈ ਰਾਮ ਠਾਕੁਰ ਨੇ ਕਿਹਾ, "ਸੱਤ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਹ ਬਹੁਤ ਦੁੱਖ ਦੇਣ ਵਾਲੀ ਘਟਨਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਰੱਬ ਪਰਿਵਾਰ ਦੇ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਦੇਵੇ। ਅਸੀਂ ਸਰਕਾਰ ਵੱਲੋਂ ਜੋ ਵੀ ਹੋ ਸਕਦਾ ਹੈ ਉਹ ਸਹਾਇਤਾ ਦੇਵਾਂਗੇ।"

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)