ਉਹ ਭਾਰਤੀ ਔਰਤ, ਜਿਸ ਨੂੰ ਆਪਣੀਆਂ ਮੁੱਛਾਂ ਹੋਣ 'ਤੇ ਮਾਣ ਹੈ

ਤਸਵੀਰ ਸਰੋਤ, SHYJA
- ਲੇਖਕ, ਮੈਰਿਲ ਸੇਬਸਟੀਅਨ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਮੁੱਛਾਂ ਰੱਖਣ ਵਾਲੀ ਇੱਕ ਭਾਰਤੀ ਮਹਿਲਾ ਦੀ ਸੋਸ਼ਲ ਮੀਡੀਆ 'ਤੇ ਲੋਕ ਸ਼ਲਾਘਾ ਵੀ ਕਰ ਰਹੇ ਹਨ ਅਤੇ ਕੁਝ ਉਨ੍ਹਾਂ ਦਾ ਮਜ਼ਾਕ ਵੀ ਉਡਾ ਰਹੇ ਹਨ।
ਪਰ ਉਸ ਮਹਿਲਾ ਦਾ ਕਹਿਣਾ ਹੈ ਕਿ ਉਹ ਆਪਣੇ ਚਿਹਰੇ ਦੇ ਵਾਲਾਂ ਦੇ ਆਲੇ ਦੁਆਲੇ ਘੁੰਮਦੀਆਂ ਸਾਰੀ ਚਰਚਾਵਾਂ ਤੋਂ ਬੇਪਰਵਾਹ ਹੈ।
35 ਸਾਲਾ ਸ਼ਿਆਜਾ ਨੇ ਵੱਟਸਐਪ ਸਟੇਟਸ 'ਤੇ ਆਪਣੀ ਇੱਕ ਤਸਵੀਰ ਪਾ ਕੇ ਉਸ ਦੇ ਹੇਠਾਂ 'ਆਈ ਲਵ ਮਾਈ ਮੁਸਟੈਕ' ਲਿਖ ਕੇ ਇਸ ਬਾਰੇ ਦੱਸਿਆ ਹੈ।
ਫੇਸਬੁੱਕ 'ਤੇ ਉਨ੍ਹਾਂ ਦੀ ਤਸਵੀਰ ਵੇਖਣ ਵਾਲੇ ਜਾਂ ਫਿਰ ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਮਿਲਣ ਵਾਲੇ ਲੋਕ ਅਕਸਰ ਹੀ ਸ਼ਿਆਜਾ ਤੋਂ ਪੁੱਛਦੇ ਹਨ ਕਿ 'ਉਨ੍ਹਾਂ ਨੇ ਮੁੱਛਾਂ ਕਿਉਂ ਰੱਖੀਆਂ ਹਨ'।
ਅੱਗੋਂ ਸ਼ਿਆਜਾ ਜਵਾਬ ਦਿੰਦੇ ਹਨ ਕਿ 'ਮੈਂ ਸਿਰਫ ਇਹ ਕਹਿ ਸਕਦੀ ਹਾਂ ਕਿ ਮੈਨੂੰ ਇਹ ਬਹੁਤ ਪਸੰਦ ਹਨ'।
ਆਪਣੇ ਨਾਮ ਨਾਲ ਆਪਣੀ ਜਾਤ ਜਾਂ ਧਰਮ ਨਾ ਲਗਾਉਣ ਵਾਲੀ ਸ਼ਿਆਜਾ, ਭਾਰਤ ਦੇ ਦੱਖਣੀ ਸੂਬੇ ਕੇਰਲ ਦੇ ਕੰਨੂਰ ਜ਼ਿਲ੍ਹੇ ਦੀ ਵਸਨੀਕ ਹੈ।
ਹੋਰਨਾਂ ਔਰਤਾਂ ਦੀ ਤਰ੍ਹਾਂ, ਉਨ੍ਹਾਂ ਨੇ ਕਈ ਸਾਲਾਂ ਤੋਂ ਆਪਣੇ ਚਿਹਰੇ 'ਤੇ ਬੁੱਲਾਂ ਦੇ ਉੱਪਰ ਆਉਂਦੇ ਵਾਲਾਂ ਨੂੰ ਵੇਖਿਆ ਸੀ।
ਉਹ ਨਿਯਮਿਤ ਤੌਰ 'ਤੇ ਆਪਣੇ ਭਰਵੱਟੇ (ਆਈਬ੍ਰੋ) ਜ਼ਰੂਰ ਬਣਵਾਉਂਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਇਸ ਗੱਲ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਕਿ ਉਹ ਆਪਣੇ ਬੁੱਲਾਂ ਦੇ ਉੱਪਰਲੇ ਵਾਲਾਂ ਨੂੰ ਹਟਾਉਣ।
ਬਦਲ ਰਿਹਾ ਹੈ ਚਿਹਰੇ ਦੇ ਵਾਲਾਂ ਪ੍ਰਤੀ ਰੁਝਾਨ
ਤਕਰੀਬਨ ਪੰਜ ਸਾਲ ਪਹਿਲਾਂ, ਇਹ ਵਾਲ ਮੁੱਛਾਂ ਵਾਂਗ ਦਿਖਣ ਲੱਗ ਪਏ ਅਤੇ ਸ਼ਿਆਜਾ ਨੇ ਇਨ੍ਹਾਂ ਨੂੰ ਜਿਉਂ ਤਾ ਤਿਉਂ ਰੱਖਣ ਦਾ ਫੈਸਲਾ ਕੀਤਾ। ਉਹ ਆਪਣੀਆਂ ਮੁੱਛਾਂ ਤੋਂ ਖੁਸ਼ ਸੀ।
ਸ਼ਿਆਜਾ ਦਾ ਕਹਿਣਾ ਹੈ, "ਹੁਣ ਮੈਂ ਇਨ੍ਹਾਂ ਤੋਂ ਬਿਨ੍ਹਾਂ ਜਿਉਣ ਬਾਰੇ ਸੋਚ ਵੀ ਨਹੀਂ ਸਕਦੀ। ਜਦੋਂ ਕੋਵਿਡ ਮਹਾਮਾਰੀ ਸ਼ੁਰੂ ਹੋਈ ਸੀ ਤਾਂ ਉਦੋਂ ਮੈਂ ਹਰ ਸਮੇਂ ਮਾਸਕ ਪਹਿਣਨਾ ਪਸੰਦ ਨਹੀਂ ਕਰਦੀ ਸੀ ਕਿਉਂਕਿ ਇਸ ਨਾਲ ਮੇਰਾ ਚਿਹਰਾ ਢੱਕਿਆ ਜਾਂਦਾ ਸੀ।"
ਕਈ ਲੋਕਾਂ ਨੇ ਸ਼ਿਆਜਾ ਨੂੰ ਸਲਾਹ ਦਿੱਤੀ ਕਿ ਉਹ ਮੁੱਛਾਂ ਤੋਂ ਛੁਟਕਾਰਾ ਪਾ ਲੈਣ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਸ਼ਿਆਜਾ ਕਹਿੰਦੇ ਹਨ ਕਿ ''ਮੈਂ ਕਦੇ ਮਹਿਸੂਸ ਨਹੀਂ ਕੀਤਾ ਕਿ ਇਨ੍ਹਾਂ ਕਰਕੇ ਮੈਂ ਸੋਹਣੀ ਨਹੀਂ ਹਾਂ ਜਾਂ ਫਿਰ ਇਹ ਉਹ ਚੀਜ਼ ਹੈ, ਜੋ ਕਿ ਮੇਰੇ ਚਿਹਰੇ 'ਤੇ ਨਹੀਂ ਹੋਣੀ ਚਾਹੀਦੀ ਸੀ।''

ਤਸਵੀਰ ਸਰੋਤ, Getty Images
ਅਕਸਰ ਹੀ ਔਰਤਾਂ ਨੂੰ ਕਿਹਾ ਜਾਂਦਾ ਹੈ ਕਿ ਚਿਹਰੇ ਦੇ ਵਾਲ ਅਣਚਾਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਿਯਮਿਤ ਤੌਰ 'ਤੇ ਇੰਨ੍ਹਾਂ ਨੂੰ ਹਟਾਉਣਾ ਜਾਂ ਫਿਰ ਇੰਨ੍ਹਾਂ ਦਾ ਆਕਾਰ ਜਾਂ ਲੰਬਾਈ ਘੱਟ ਕਰਾਉਣੀ ਚਾਹੀਦੀ ਹੈ।
ਵਾਲ ਹਟਾਉਣ ਵਾਲੇ ਉਤਪਾਦਾਂ ਦਾ ਉਦਯੋਗ ਬਹੁ-ਅਰਬ ਡਾਲਰ ਵਾਲਾ ਹੈ, ਜਿਸ ਉਨ੍ਹਾਂ ਔਰਤਾਂ ਲਈ 'ਚ ਕਰੀਮਾਂ, ਵੈਕਸ ਸਟ੍ਰਿਪ, ਰੇਜ਼ਰ ਆਦਿ ਹਨ, ਜੋ ਕਿ ਇੰਨ੍ਹਾਂ ਨੂੰ ਖਰੀਦਣ ਦੀ ਸਮਰੱਥਾ ਰੱਖਦੀਆਂ ਹਨ।
ਪਰ ਹਾਲ ਹੀ ਦੇ ਕੁਝ ਸਾਲਾਂ 'ਚ ਬਹੁਤ ਸਾਰੀਆਂ ਔਰਤਾਂ ਆਪਣੇ ਚਿਹਰੇ ਦੇ ਵਾਲਾਂ ਨੂੰ ਸਵੀਕਾਰ ਕਰਕੇ ਅਤੇ ਇੱਥੋਂ ਤੱਕ ਕਿ ਇਨ੍ਹਾਂ 'ਤੇ ਮਾਣ ਕਰਕੇ ਪਹਿਲਾਂ ਤੋਂ ਚੱਲੀ ਆ ਰਹੀ ਰੂੜ੍ਹੀਵਾਦੀ ਸੋਚ ਜਾਂ ਆਦਰਸ਼ਾਂ ਦੇ ਵਿਰੁੱਧ ਜਾ ਰਹੀਆਂ ਹਨ।
ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਸਾਲ 2016 'ਚ ਬਾਡੀ ਪਾਜ਼ਿਟੀਵਿਟੀ ਦੀ ਪ੍ਰਚਾਰਕ ਹਰਨਾਮ ਕੌਰ ਪੂਰੀ ਦਾੜ੍ਹੀ ਰੱਖਣ ਵਾਲੀ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਔਰਤ ਬਣੀ ਹੈ।

ਤਸਵੀਰ ਸਰੋਤ, Getty Images
ਆਪਣੇ ਕਈ ਇੰਟਰਵਿਊਆਂ 'ਚ ਹਰਨਾਮ ਕੌਰ ਨੇ ਅਕਸਰ ਹੀ ਇਸ ਬਾਰੇ ਗੱਲ ਕੀਤੀ ਹੈ ਕਿ ਕਿਵੇਂ ਉਨ੍ਹਾਂ ਦੁਆਰਾ ਆਪਣੇ ਚਿਹਰੇ ਦੇ ਵਾਲਾਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਨਾ, ਆਪਣੇ ਆਪ ਨੂੰ ਪਿਆਰ ਕਰਨਾ ਸਿੱਖਣ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਉਹ ਵੀ ਅਜਿਹੇ ਲੋਕਾਂ ਵਿਚਕਾਰ ਜੋ ਤੁਹਾਨੂੰ ਇਸ ਦੇ ਲਈ ਤੰਗ ਕਰਦੇ ਹਨ।
ਸ਼ਿਆਜਾ ਲਈ, ਮੁੱਛਾਂ ਰੱਖਣ ਦਾ ਮਤਲਬ ਕੋਈ ਅਲੱਗ ਦਿੱਸਣਾ ਨਹੀਂ ਹੈ ਬਲਕਿ ਇਹ ਸਿਰਫ ਇਸ ਗੱਲ ਦਾ ਹਿੱਸਾ ਹੈ ਕਿ ਉਹ ਕੌਣ ਹਨ।
ਉਹ ਕਹਿੰਦੇ ਹਨ, "ਮੈਂ ਉਹੀ ਕਰਦੀ ਹਾਂ ਜੋ ਮੈਨੂੰ ਪਸੰਦ ਹੈ। ਜੇਕਰ ਮੇਰੇ ਕੋਲ ਦੋ ਜ਼ਿੰਦਗੀਆਂ ਹੁੰਦੀਆਂ ਤਾਂ ਸ਼ਾਇਦ ਮੈਂ ਇੱਕ ਜ਼ਿੰਦਗੀ ਦੂਜਿਆਂ ਲਈ ਜਿਉਂਦੀ।"
ਇਹ ਵੀ ਪੜ੍ਹੋ:
ਅਜਿਹਾ ਰਵੱਈਆ ਕੁਝ ਹੱਦ ਤੱਕ ਸਾਲਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝਦਿਆਂ, ਉਸ ਤੋਂ ਹਾਸਲ ਹੋਏ ਤਜ਼ਰਬਿਆਂ ਤੋਂ ਆਉਂਦਾ ਹੈ।
ਸ਼ਿਆਜਾ ਦੀਆਂ ਇੱਕ ਦਹਾਕੇ 'ਚ ਛੇ ਸਰਜਰੀਆਂ ਹੋਈਆਂ ਹਨ, ਜਿਸ 'ਚ ਉਸ ਦੀ ਛਾਤੀ 'ਚੋਂ ਗੰਢ ਨੂੰ ਹਟਾਉਣਾ ਅਤੇ ਇੱਕ ਹੋਰ ਸਰਜਰੀ ਜਿਸ 'ਚ ਉਸ ਦੇ ਅੰਡਕੋਸ਼ (ਓਵਰੀ) 'ਚੋਂ ਸਿਸਟ ਨੂੰ ਹਟਾਉਣਾ ਸ਼ਾਮਲ ਸੀ।
ਉਨ੍ਹਾਂ ਦੀ ਆਖਰੀ ਸਰਜਰੀ ਪੰਜ ਸਾਲ ਪਹਿਲਾਂ ਸੀ।
ਪਰਿਵਾਰ ਨੇ ਦਿੱਤਾ ਸਾਥ
ਸ਼ਿਆਜਾ ਕਹਿੰਦੇ ਹਨ, ''ਹਰ ਵਾਰ ਜਦੋਂ ਮੈਂ ਸਰਜਰੀ ਕਰਵਾ ਕੇ ਬਾਹਰ ਆਈ ਤਾਂ ਮੈਂ ਉਮੀਦ ਕੀਤੀ ਕਿ ਹੁਣ ਮੈਂ ਮੁੜ ਅਪਰੇਸ਼ਨ ਥੀਏਟਰ 'ਚ ਨਹੀਂ ਜਾਵਾਂਗੀ।"
ਇਸ ਤਰ੍ਹਾਂ ਦੇ ਕਈ ਸਿਹਤ ਸੰਕਟਾਂ 'ਤੇ ਕਾਬੂ ਪਾਉਣ ਦੀ ਤਾਕਤ ਨੇ ਸ਼ਿਆਜਾ ਦੇ ਵਿਸ਼ਵਾਸ ਨੂੰ ਵਧੇਰੇ ਮਜ਼ਬੂਤ ਕੀਤਾ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਅਜਿਹੇ ਤੌਰ ਤਰੀਕਿਆਂ ਨਾਲ ਜਿਉਣੀ ਚਾਹੀਦੀ ਹੈ, ਜਿਸ ਨਾਲ ਕਿ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ।
ਸ਼ਿਆਜਾ ਦੱਸਦੇ ਹਨ ਕਿ ਜਿਸ ਵੇਲੇ ਉਹ ਵੱਡੇ ਹੋ ਰਹੇ ਸਨ, ਉਹ ਕਾਫ਼ੀ ਸ਼ਰਮੀਲੇ ਸਨ। ਉਨ੍ਹਾਂ ਦੇ ਪਿੰਡ ਦੀਆਂ ਔਰਤਾਂ ਸ਼ਾਮ ਦੇ 6 ਵਜੇ ਤੋਂ ਬਾਅਦ ਮੁਸ਼ਕਿਲ ਨਾਲ ਹੀ ਘਰੋਂ ਬਾਹਰ ਨਿਕਲਦੀਆਂ ਸਨ।
ਹਾਲਾਂਕਿ ਕੇਰਲ ਭਾਰਤ ਦੇ ਸਭ ਤੋਂ ਪ੍ਰਗਤੀਸ਼ੀਲ ਸੂਬਿਆਂ 'ਚੋਂ ਇੱਕ ਹੈ ਪਰ ਵਧੇਰੇਤਰ ਖੇਤਰਾਂ 'ਚ ਪਿਤਾ-ਪੁਰਖੀ ਸਮਾਜ ਹੈ।
ਇੱਥੋਂ ਤੱਕ ਕਿ ਔਰਤਾਂ ਨੂੰ ਇੱਕਲਿਆਂ ਰਹਿਣ ਅਤੇ ਯਾਤਰਾ ਕਰਨ ਤੋਂ ਵੀ ਰੋਕਿਆ ਜਾਂਦਾ ਹੈ।
ਸ਼ਿਆਜਾ ਦਾ ਕਹਿਣਾ ਹੈ ਕਿ ਜਦੋਂ ਉਹ ਵਿਆਹ ਕਰਵਾ ਕੇ ਗੁਆਂਢੀ ਸੂਬੇ ਤਾਮਿਲਨਾਡੂ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਨਵੀ ਕਿਸਮ ਦੀ ਆਜ਼ਾਦੀ ਦਾ ਆਨੰਦ ਮਾਣਿਆ।
ਉਹ ਦੱਸਦੇ ਹਨ, "ਮੇਰੇ ਪਤੀ ਕੰਮ 'ਤੇ ਜਾਂਦੇ ਅਤੇ ਸ਼ਾਮ ਨੂੰ ਦੇਰ ਨਾਲ ਘਰ ਵਾਪਸ ਆਉਂਦੇ ਸਨ। ਇਸ ਲਈ ਮੈਂ ਸ਼ਾਮ ਨੂੰ ਘਰ ਦੇ ਬਾਹਰ ਬੈਠ ਜਾਂਦੀ ਸੀ ਅਤੇ ਕਈ ਵਾਰ ਜੇਕਰ ਮੈਨੂੰ ਜ਼ਰੂਰਤ ਹੁੰਦੀ ਤਾਂ ਮੈਂ ਰਾਤ ਨੂੰ ਵੀ ਇੱਕਲੀ ਦੁਕਾਨ 'ਤੇ ਚਲੀ ਜਾਂਦੀ ਸੀ। ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ।''

ਤਸਵੀਰ ਸਰੋਤ, SHYJA
''ਜਿਵੇਂ ਹੀ ਮੈਂ ਆਪਣਾ ਕੰਮ ਆਪ ਕਰਨਾ ਸਿੱਖਿਆ, ਇਸ ਨੇ ਮੇਰੇ ਅੰਦਰ ਆਤਮਵਿਸ਼ਵਾਸ ਅਤੇ ਭਰੋਸੇ ਨੂੰ ਹੋਰ ਵਧਾਇਆ।"
ਉਹ ਅੱਗੇ ਕਹਿੰਦੇ ਹਨ ਕਿ ਮੈਂ ਇਸ ਰਵੱਈਏ ਨੂੰ ਆਪਣੀ ਧੀ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ।
ਸ਼ਿਆਜਾ ਦੇ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਦੇ ਮੂੱਛਾਂ ਰੱਖਣ ਦੇ ਫੈਸਲੇ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਦੀ ਧੀ ਅਕਸਰ ਹੀ ਉਨ੍ਹਾਂ ਨੂੰ ਕਹਿੰਦੀ ਹੈ ਕਿ ਇਹ (ਮੁੱਛਾਂ) ਉਸ 'ਤੇ ਜੱਚ ਰਹੀਆਂ ਹਨ।
ਪਰ ਸ਼ਿਆਜਾ ਦਾ ਕਹਿਣਾ ਹੈ ਕਿ ਸੜਕਾਂ 'ਤੇ ਉਸ ਨੂੰ ਵੇਖਣ ਵਾਲਿਆਂ ਤੋਂ ਉਸ ਨੂੰ ਹਰ ਤਰ੍ਹਾਂ ਦੀਆਂ ਟਿੱਪਣੀਆਂ ਸੁਣਨ ਨੂੰ ਮਿਲੀਆਂ ਹਨ।
ਲੋਕ ਮੇਰਾ ਇਹ ਕਹਿ ਕੇ ਮਜ਼ਾਕ ਉਡਾਉਂਦੇ ਹਨ ਕਿ ਮਰਦਾਂ ਦੀਆਂ ਮੁੱਛਾਂ ਹੁੰਦੀਆਂ ਹਨ, ਪਰ ਇੱਕ ਔਰਤ ਦੀਆਂ ਮੁੱਛਾਂ ਕਿਉਂ ਹਨ?
ਕਈ ਵਾਰ ਹੋਈ ਹੈ ਆਨਲਾਇਨ ਟ੍ਰੋਲਿੰਗ
ਇੰਨ੍ਹਾਂ ਸਾਲਾਂ ਦੌਰਾਨ, ਸਥਾਨਕ ਮੀਡੀਆ ਰਿਪੋਰਟਾਂ 'ਚ ਕਈ ਵਾਰ ਉਨ੍ਹਾਂ ਦਾ ਜ਼ਿਕਰ ਹੋਇਆ।
ਉਹ ਕਹਿੰਦੇ ਹਨ ਕਿ ਹਾਲ 'ਚ ਹੀ, ਉਨ੍ਹਾਂ ਨੇ ਫੇਸਬੁੱਕ 'ਤੇ ਇੱਕ ਸਥਾਨਕ ਨਿਊਜ਼ ਆਊਟਲੈੱਟ ਵੱਲੋਂ ਸਾਂਝੇ ਕੀਤੇ ਗਏ ਇੱਕ ਲੇਖ 'ਤੇ ਕਈ ਮਜ਼ਾਕ ਉਡਾਉਣ ਵਾਲੀਆਂ ਟਿੱਪਣੀਆਂ ਵੇਖੀਆਂ।
ਇੱਕ ਵਿਅਕਤੀ ਨੇ ਸਵਾਲ ਕੀਤਾ ਕਿ ਉਹ ਆਪਣੀਆਂ ਮੁੱਛਾਂ ਨੂੰ ਬਲੇਡ ਨਾਲ ਸਾਫ਼ ਕਿਉਂ ਨਹੀਂ ਕਰ ਸਕਦੀ ਹੈ ਜਦਕਿ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਉਸ ਨੇ ਆਪਣੇ ਭਰਵੱਟੇ ਧਾਗੇ ਨਾਲ ਸੈੱਟ ਕਰਵਾਏ ਹਨ।

ਤਸਵੀਰ ਸਰੋਤ, Getty Images
ਸ਼ਿਆਜਾ ਅਜਿਹੇ ਲੋਕਾਂ ਨੂੰ ਸਵਾਲ ਕਰਦੇ ਹਨ, '' ਕੀ ਇਹ ਇਸ ਬਾਰੇ 'ਚ ਨਹੀਂ ਹੈ ਕਿ ਮੈਨੂੰ ਕੀ ਪਸੰਦ ਹੈ- ਕੀ ਰੱਖਣਾ ਹੈ ਅਤੇ ਕੀ ਨਹੀਂ?"
ਸ਼ਿਆਜਾ ਦੇ ਦੋਸਤ-ਮਿੱਤਰ ਅਕਸਰ ਹੀ ਫੇਸਬੁੱਕ 'ਤੇ ਅਜਿਹੀਆਂ ਟਿੱਪਣੀਆਂ ਦਾ ਗੁੱਸੇ ਨਾਲ ਜਵਾਬ ਦਿੰਦੇ ਹਨ।
ਪਰ ਸ਼ਿਆਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਟਿੱਪਣੀਆਂ ਨਾਲ ਬਿਲਕੁਲ ਵੀ ਫਰਕ ਨਹੀਂ ਪੈਂਦਾ ਹੈ।
"ਬਲਕਿ ਕਈ ਵਾਰ ਤਾਂ ਮੈਂ ਸਿਰਫ਼ ਹੱਸਣ ਲਈ ਉਨ੍ਹਾਂ (ਟਿੱਪਣੀਆਂ) ਨੂੰ ਪੜ੍ਹਦੀ ਹਾਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












