ਮੰਕੀਪੌਕਸ : ਦਿੱਲੀ ਵਿਚ ਬਿਨਾਂ ਕਿਸੇ ਕੌਮਾਂਤਰੀ ਯਾਤਰਾ ਦੀ ਹਿਸਟਰੀ ਵਾਲਾ ਵਿਅਕਤੀ ਹੈ ਪੌਜਿਟਿਵ ਕੇਸ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਮੰਕੀਪੌਕਸ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਗਲੋਬਲ ਹੈਲਥ ਐਮਰਜੈਂਸੀ ਐਲਾਨਿਆ ਗਿਆ ਹੈ।

ਗਲੋਬਲ ਹੈਲਥ ਐਮਰਜੈਂਸੀ ਨੂੰ ਡਬਲਯੂਐੱਚਓ ਦਾ ਸਭ ਤੋਂ ਵੱਡਾ ਅਲਰਟ ਮੰਨਿਆ ਜਾਂਦਾ ਹੈ।

ਡਬਲਯੂਐੱਚਓ ਦੇ ਮੁਖੀ ਡਾਕਟਰ ਟ੍ਰੇਡਰਸ ਐਡਹਨਮ ਗਰੇਬੀਸਿਅਸ ਮੁਤਾਬਕ, ਦੁਨੀਆਂ ਭਰ ਦੇ 75 ਦੇਸ਼ਾਂ ਵਿੱਚ ਮੰਕੀਪੌਕਸ ਦੇ 16 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਇਸ ਨਾਲ 5 ਮੌਤਾਂ ਹੋ ਚੁੱਕੀਆਂ ਹਨ।

1950 ਦੇ ਦਹਾਕੇ ਵਿੱਚ ਮੱਧ ਅਫਰੀਕਾ ਵਿੱਚ ਪਾਇਆ ਗਿਆ ਇਹ ਵਾਇਰਸ ਯੂਰਪ ਲਈ ਖ਼ਤਰਾ ਬਣਿਆ ਹੋਇਆ ਹੈ।

ਹੁਣ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੀ ਮੰਕੀਪੌਕਸ ਦਾ ਪਹਿਲਾ ਮਾਮਲਾ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕੁੱਲ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ।

ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਦਿੱਲੀ ਦੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦੇ ਮੈਡੀਕਲ ਡਾਇਰੈਕਟਰ, ਡਾਕਟਰ ਸੁਰੇਸ਼ ਕੁਮਾਰ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਜਾਕਾਰੀ ਦਿੱਤੀ ਹੈ ਕਿ ਪੀੜਿਤ ਵਿਅਕਤੀ ਦੀ ਉਮਰ 31 ਸਾਲ ਹੈ ਅਤੇ ਉਸ ਨੇ ਹਾਲ ਹੀ ਵਿੱਚ ਕੋਈ ਯਾਤਰਾ ਵੀ ਨਹੀਂ ਕੀਤੀ ਹੈ।

ਭਾਰਤ ਵਿੱਚ ਹੁਣ ਤੱਕ ਕੁੱਲ 4 ਮਾਮਲੇ ਸਾਹਮਣੇ ਆਏ ਹਨ ਅਤੇ ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਮਰੀਜ਼ ਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ।

ਫਿਲਹਾਲ ਮਰੀਜ਼ ਨੂੰ ਦਿੱਲੀ ਦੇ ਹੀ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿਖੇ ਭਰਤੀ ਕੀਤਾ ਗਿਆ ਹੈ।

ਮਰੀਜ਼ ਨੂੰ ਬੁਖਾਰ ਅਤੇ ਚਮੜੀ ਸਬੰਧੀ ਸਮੱਸਿਆ ਹੋ ਰਹੀ ਸੀ ਅਤੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਦੇਸ਼ 'ਚ ਮੰਕੀਪੌਕਸ ਦਾ ਪਹਿਲਾ ਮਾਮਲਾ 14 ਜੁਲਾਈ ਨੂੰ ਦਰਜ ਹੋਇਆ ਸੀ। ਇੱਕ ਭਾਰਤੀ ਨਾਗਰਿਕ ਯੂਏਈ ਤੋਂ ਕੇਰਲ ਪਰਤਿਆ ਸੀ ਅਤੇ ਉਸ ਨੂੰ ਇਸ ਦੀ ਲਾਗ ਲੱਗ ਗਈ ਸੀ।

ਦੂਜਾ ਅਤੇ ਤੀਜਾ ਮਾਮਲਾ ਵੀ ਕੇਰਲ ਦੇ ਹੀ ਕਨੂੰਰ ਅਤੇ ਮੱਲਾਪੁਰਮ ਜ਼ਿਲ੍ਹੇ ਵਿੱਚ ਦਰਜ ਹੋਇਆ।

ਮੰਕੀਪੌਕਸ ਦੇ ਕੀ ਕਾਰਨ ਹਨ?

ਮੰਕੀਪੌਕਸ ਦਾ ਕਾਰਨ ਇਸੇ ਨਾਮ ਦਾ ਇੱਕ ਵਾਇਰਸ ਹੈ। ਇਹ ਸਮਾਲਪੌਕਸ ਵਰਗਾ ਹੀ ਹੈ ਪਰ ਉਸ ਤੋਂ ਇਸ ਦੀ ਲਾਗ ਘੱਟ ਹੈ ਅਤੇ ਉਸ ਤੋਂ ਘੱਟ ਖ਼ਤਰਨਾਕ ਹੁੰਦਾ ਹੈ।

ਇਹ ਜ਼ਿਆਦਾਤਰ ਅਫ਼ਰੀਕਾ ਦੇ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ। ਮੱਧ ਅਤੇ ਦੱਖਣੀ ਅਫ਼ਰੀਕਾ ਦੇ ਦੂਰ-ਦੁਰਾਡੇ ਇਲਾਕੇ ਇਸ ਨਾਲ ਜ਼ਿਆਦਾ ਪ੍ਰਭਾਵਿਤ ਹਨ। ਇਹ ਦੋ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਇੱਕ ਦੱਖਣੀ ਅਫ਼ਰੀਕਾ ਅਤੇ ਦੂਜਾ ਮੱਧ ਅਫ਼ਰੀਕਾ ਵਿੱਚ ਪਾਇਆ ਜਾਂਦਾ ਹੈ।

ਯੂਕੇ ਵਿੱਚ ਜੋ ਮਰੀਜ਼ ਮਿਲੇ ਹਨ ਉਹ ਨਾਈਜੀਰੀਆ ਤੋਂ ਆਏ ਹਨ ਅਤੇ ਇਸ ਕਰਕੇ ਹੋ ਸਕਦਾ ਹੈ ਕਿ ਇਹ ਦੱਖਣੀ ਅਫ਼ਰੀਕਾ ਵਾਲਾ ਸਟ੍ਰੇਨ ਹੋਵੇ। ਇੱਕ ਸਿਹਤ ਕਰਮਚਾਰੀ ਨੂੰ ਮਰੀਜ਼ ਤੋਂ ਇਹ ਬਿਮਾਰੀ ਹੋਈ ਹੈ।

ਫਿਲਹਾਲ ਯੂਕੇ ਵਿੱਚ ਇਸ ਦੇ 4 ਨਵੇਂ ਕੇਸ ਆਏ ਹਨ। ਯੂਕੇ ਦੀ ਹੈਲਥ ਸਿਕਿਓਰਿਟੀ ਏਜੰਸੀ ਮੁਤਾਬਕ ਜੇਕਰ ਕਿਸੇ ਨੂੰ ਇਹ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਮੰਕੀਪੌਕਸ : ਸ਼ੁਰੂ ਵਿੱਚ ਦੁਖ ਸਕਦਾ ਹੈ ਸਿਰ

ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਸੋਜ, ਪਿੱਠ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਥਕਾਵਟ ਸ਼ਾਮਿਲ ਹਨ।

ਇੱਕ ਵਾਰ ਬੁਖਾਰ ਹੋ ਜਾਵੇ ਤਾਂ ਚਮੜੀ ਉੱਪਰ ਦਾਣੇ ਹੋ ਸਕਦੇ ਹਨ ਜੋ ਹੌਲੀ-ਹੌਲੀ ਚਿਹਰੇ ਤੱਕ ਅਤੇ ਉਸ ਤੋਂ ਬਾਅਦ ਸ਼ਹਿਰ ਦੇ ਦੂਜੇ ਹਿੱਸਿਆਂ ਤੱਕ ਵੀ ਪਹੁੰਚ ਸਕਦੇ ਹਨ। ਇਹ ਜ਼ਿਆਦਾਤਰ ਹੱਥਾਂ, ਪੈਰਾਂ ਉੱਪਰ ਦੇਖਣ ਨੂੰ ਮਿਲਦੇ ਹਨ।

ਇਸ ਵਿੱਚ ਚੇਚਕ ਦੇ ਦਾਣਿਆਂ ਵਰਗੇ ਦਾਣੇ ਨਿਕਲ ਆਉਂਦੇ ਹਨ ਜਿਨ੍ਹਾਂ ਵਿੱਚ ਪੀਕ ਭਰ ਜਾਂਦੀ ਹੈ ਤੇ ਖੁਰਕ ਹੁੰਦੀ ਹੈ। ਠੀਕ ਹੋਣ 'ਤੇ ਇਹ ਛਾਲੇ ਸੁੱਕ ਜਾਂਦੇ ਹਨ। ਠੀਕ ਹੋਣ ਤੋਂ ਬਾਅਦ ਇਸ ਦੇ ਨਿਸ਼ਾਨ ਵੀ ਰਹਿ ਜਾਂਦੇ ਹਨ।

ਮੰਕੀਪੌਕਸ ਤੋਂ ਹੋਣ ਵਾਲੀ ਲਾਗ ਜ਼ਿਆਦਾਤਰ ਦੋ ਤੋਂ ਤਿੰਨ ਹਫ਼ਤੇ ਰਹਿੰਦੀ ਹੈ।

ਮੰਕੀਪੌਕਸ: ਇਹ ਤਿੰਨ ਹਨ ਲਾਗ ਦੇ ਰਾਹ

ਕਿਸੇ ਮਰੀਜ਼ ਦੇ ਨਾਲ ਸੰਪਰਕ ਵਿਚ ਆਉਣ ਤੇ ਇਹ ਬਿਮਾਰੀ ਹੋ ਸਕਦੀ ਹੈ। ਇਸ ਦੇ ਵਾਇਰਸ ਚਮੜੀ ਉੱਪਰ ਸੱਟ ਰਾਹੀਂ ਸਰੀਰ ਅੰਦਰ ਜਾ ਸਕਦੇ ਹਨ।

ਕਈ ਵਾਰ ਇਹ ਮੂੰਹ ਅੱਖਾਂ ਤੇ ਨੱਕ ਰਾਹੀਂ ਫਿਰ ਵੀ ਸਰੀਰ ਦੇ ਅੰਦਰ ਜਾਂਦੇ ਹਨ।

ਇਹ ਸੈਕਸ ਦੌਰਾਨ ਹੋਣ ਵਾਲੀ ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ ਪਰ ਸੈਕਸ ਦੌਰਾਨ ਵੀ ਇਸ ਦੇ ਵਾਇਰਸ ਸਰੀਰ ਵਿੱਚ ਜਾ ਵਿੱਚ ਜਾ ਸਕਦੇ ਹਨ।

ਇਹ ਪ੍ਰਭਾਵਿਤ ਜਾਨਵਰ ਜਿਵੇਂ ਬਾਂਦਰ, ਚੂਹੇ ਅਤੇ ਕਾਟੋਆਂ ਤੋਂ ਹੋ ਸਕਦੀ ਹੈ। ਜੇਕਰ ਤੁਹਾਡੇ ਬਿਸਤਰੇ ਜਾਂ ਕੱਪੜਿਆਂ ਵਿੱਚ ਵਾਇਰਸ ਦੇ ਕਣ ਹਨ ਤਾਂ ਵੀ ਤੁਸੀਂ ਪ੍ਰਭਾਵਿਤ ਹੋ ਸਕਦੇ ਹੋ।

ਮੰਕੀਪੌਕਸ ਕਿੰਨਾ ਖ਼ਤਰਨਾਕ?

ਵਾਇਰਸ ਦੇ ਜ਼ਿਆਦਾਤਰ ਮਾਮਲੇ ਹਲਕੇ ਹੀ ਹੁੰਦੇ ਹਨ, ਕਈ ਵਾਰ ਤਾਂ ਚਿਕਨਪੌਕਸ ਵਰਗੇ ਹੀ ਲਗਦੇ ਹਨ ਅਤੇ ਆਪਣੇ ਆਪ ਹੀ ਕੁਝ ਦਿਨਾਂ ਵਿੱਚ ਗਾਇਬ ਹੋ ਜਾਂਦੇ ਹਨ।

ਹਾਲਾਂਕਿ ਕਈ ਵਾਰ ਮੰਕੀਪੌਕਸ ਗੰਭੀਰ ਵੀ ਹੋ ਸਕਦਾ ਹੈ। ਪੱਛਮੀ ਅਫ਼ਰੀਕਾ ਵਿੱਚ ਇਸ ਕਾਰ ਕੁਝ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)