ਏਅਰ ਐਂਬੁਲੈਂਸ ਰਾਹੀਂ ਮਰੀਜ਼ ਨੂੰ ਅਮਰੀਕਾ ਤੋਂ ਭਾਰਤ 26 ਘੰਟਿਆਂ ’ਚ ਇੰਝ ਪਹੁੰਚਾਇਆ ਗਿਆ

ਤਸਵੀਰ ਸਰੋਤ, ICATT
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਇੱਕ ਭਾਰਤੀ ਮਹਿਲਾ ਨੂੰ ਐਮਰਜੈਂਸੀ ਸਰਜਰੀ ਦੀ ਲੋੜ ਦੇ ਕਾਰਨ ਅਮਰੀਕਾ ਤੋਂ ਭਾਰਤ ਏਅਰਲਿਫ਼ਟ ਕਰਕੇ ਲਿਆਂਦਾ ਗਿਆ ਹੈ।
ਇਹ ਏਅਰੋਮੈਡੀਕਲ ਉਡਾਣ, ਹਾਲ ਹੀ ਦੇ ਸਾਲਾਂ ਵਿੱਚ ਹੋਈਆਂ ਅਜਿਹੀਆਂ ਸਭ ਤੋਂ ਲੰਬੀਆਂ ਉਡਾਣਾਂ ਵਿੱਚੋਂ ਇੱਕ ਸੀ।
ਇਹ ਉਡਾਣ 26 ਘੰਟੇ ਲੰਮੀ ਸੀ। ਰਸਤੇ ਵਿੱਚ ਤਿੰਨ ਵਾਰ- ਇੱਕ ਵਾਰ ਆਈਸਲੈਂਡ ਵਿੱਚ ਅਤੇ ਦੋ ਵਾਰ ਤੁਰਕੀ ਵਿੱਚ ਰੁਕਣ ਤੋਂ ਬਾਅਦ, ਮੰਗਲਵਾਰ ਸਵੇਰੇ ਇਹ ਫਲਾਈਟ ਦੱਖਣੀ ਭਾਰਤੀ ਸ਼ਹਿਰ ਚੇੱਨਈ ਪਹੁੰਚੀ।
ਹੁਣ ਉਹ ਮਹਿਲਾ ਚੇੱਨਈ ਦੇ ਅਪੋਲੋ ਹਸਪਤਾਲ ਵਿੱਚ ਆਪਣੀ ਸਰਜਰੀ ਹੋਣ ਦੀ ਉਡੀਕ ਕਰ ਰਹੀ ਹੈ। ਹਸਪਤਾਲ ਦੇ ਬੁਲਾਰੇ ਨੇ ਬੀਬੀਸੀ ਹਿੰਦੀ ਨੂੰ ਦੱਸਿਆ ਕਿ ਉਸ ਦੀ ਹਾਲਤ ਸਥਿਰ ਹੈ।
ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ, "ਉਨ੍ਹਾਂ ਦੇ ਦਿਲ ਦੇ ਵਾਲਵ ਵਿੱਚ ਸਮੱਸਿਆ ਹੈ ਅਤੇ ਉਹ ਅਮਰੀਕਾ ਵਿੱਚ ਆਈਸੀਯੂ ਵਿੱਚ ਭਰਤੀ ਸਨ।''
''ਪਰਿਵਾਰ 5 ਜੁਲਾਈ ਤੋਂ ਸਾਡੇ ਕਾਰਡੀਓਲੋਜਿਸਟ ਡਾਕਟਰ (ਦਿਲ ਦੇ ਡਾਕਟਰ) ਸਾਈ ਸਤੀਸ਼ ਦੇ ਸੰਪਰਕ ਵਿੱਚ ਸੀ। ਉਹ ਦਿਲ ਦੇ ਵਾਲਵ ਦੀ ਸਮੱਸਿਆ ਦਾ ਇਲਾਜ ਕਰਵਾਉਣ ਲਈ ਇੱਥੇ ਆਏ ਹਨ।"
ਦੋ ਜਹਾਜਾਂ ਦਾ ਹੋਇਆ ਇਸਤੇਮਾਲ
67 ਸਾਲਾ ਮਹਿਲਾ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਉਹ ਪੋਰਟਲੈਂਡ, ਓਰੇਗਨ (ਅਮਰੀਕਾ) ਵਿੱਚ ਆਪਣੇ ਬੱਚਿਆਂ ਨਾਲ ਰਹਿ ਰਹੀ ਸੀ, ਉਸੇ ਦੌਰਾਨ ਉਨ੍ਹਾਂ ਨੂੰ ਇਹ ਸਮੱਸਿਆ ਆਉਣੀ ਸ਼ੁਰੂ ਹੋਈ।
ਉਨ੍ਹਾਂ ਦੇ ਪਰਿਵਾਰ ਨੂੰ ਲੱਗਿਆ ਕਿ ਬਿਹਤਰ ਰਹੇਗਾ ਜੇ ਉਹ ਆਪਣਾ ਇਲਾਜ ਆਪਣੇ ਅਸਲੀ ਘਰ ਬੈਂਗਲੁਰੂ 'ਚ ਹੀ ਕਰਵਾਉਣ ਇਸ ਲਈ ਉਨ੍ਹਾਂ ਨੇ ਇੰਟਰਨੈਸ਼ਨਲ ਕ੍ਰਿਟੀਕਲ-ਕੇਅਰ ਏਅਰ ਟ੍ਰਾਂਸਫਰ ਟੀਮ (ਆਈਸੀਏਟੀਟੀ) ਨਾਲ ਸੰਪਰਕ ਕੀਤਾ।

ਤਸਵੀਰ ਸਰੋਤ, SPL
ਆਈਸੀਏਟੀਟੀ, ਦੱਖਣੀ ਭਾਰਤ ਦੇ ਸ਼ਹਿਰ ਬੈਂਗਲੁਰੂ ਵਿੱਚ ਸਥਿਤ ਇੱਕ ਏਅਰ ਐਂਬੂਲੈਂਸ ਸੇਵਾ ਹੈ।
ਆਈਸੀਏਟੀਟੀ ਦੀ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਡਾਕਟਰ ਸ਼ਾਲਿਨੀ ਨਲਵਾੜ ਕਹਿੰਦੇ ਹਨ, "ਅਸੀਂ ਉਨ੍ਹਾਂ ਨੂੰ ਚੇੱਨਈ ਲਿਆਉਣ ਲਈ ਦੋ ਜਹਾਜ਼ਾਂ ਦਾ ਇਸਤੇਮਾਲ ਕੀਤਾ ਤਾਂ ਜੋ ਇੰਧਨ ਭਰਨ ਅਤੇ ਰੱਖ-ਰਖਾਅ 'ਚ ਲੱਗਣ ਵਾਲੇ ਲਾਜ਼ਮੀ ਸਮੇਂ ਨੂੰ ਘੱਟ ਕੀਤਾ ਜਾ ਸਕੇ।"
ਡਾਕਟਰ ਨਲਵਾੜ ਦਾ ਕਹਿਣਾ ਹੈ ਕਿ 2020 'ਚ ਲੱਗੀ ਤਾਲਾਬੰਦੀ ਦੌਰਾਨ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਤੋਂ ਕੈਂਸਰ ਦੇ ਇੱਕ ਮਰੀਜ਼ ਨੂੰ 18 ਘੰਟੇ ਲੰਮੀ ਯਾਤਰਾ ਰਾਹੀਂ ਚੇੱਨਈ ਤੱਕ ਲੈ ਕੇ ਆਇਆ ਗਿਆ ਸੀ। ਜੋ ਕਿ ਰਿਕਾਰਡ ਸਮੇਂ ਵਿੱਚ ਹੋਇਆ ਸੀ।
ਉਨ੍ਹਾਂ ਮੁਤਾਬਕ, ਹੁਣ ਇਸ ਯਾਤਰਾ ਨੇ ਕੰਪਨੀ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ।
ਰੇਕੇਵਿਕ ਤੋਂ ਇਸਤਾਂਬੁਲ
ਹਾਲ ਹੀ ਦੇ ਮਾਮਲੇ ਵਿੱਚ, ਆਈਸੀਏਟੀਟੀ ਦੀ ਇੱਕ ਮੈਡੀਕਲ ਟੀਮ ਨਿਰਧਾਰਤ ਉਡਾਣ ਤੋਂ ਦੋ ਦਿਨ ਪਹਿਲਾਂ ਪੋਰਟਲੈਂਡ ਪਹੁੰਚੀ ਤਾਂ ਜੋ ਸਾਰੀ ਤਿਆਰੀ ਕੀਤੀ ਜਾ ਸਕੇ ਅਤੇ ਮਰੀਜ਼ ਨੂੰ ਵੀ ਇਸ ਦੇ ਲਈ ਤਿਆਰ ਕੀਤਾ ਜਾ ਸਕੇ।
ਇਸ ਟੀਮ ਵਿੱਚ ਗੰਭੀਰ ਦੇਖਭਾਲ ਵਾਲੇ ਡਾਕਟਰ ਅਤੇ ਦੋ ਪਰਫਿਊਜ਼ਨਿਸਟ (ਜੋ ਦਿਲ ਅਤੇ ਫੇਫੜਿਆਂ ਦੀਆਂ ਮਸ਼ੀਨਾਂ ਨੂੰ ਆਪਰੇਟ ਕਰਦੇ ਹਨ) ਸ਼ਾਮਲ ਸਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ਚੈਲੇਂਜਰ 605 ਜਹਾਜ਼ ਵਿੱਚ ਉਡਾਣ ਭਰੀ। ਇਸ ਜਹਾਜ਼ ਨੂੰ "ਉੱਡਣ ਵਾਲੇ ਆਈਸੀਯੂ" ਵਿੱਚ ਤਬਦੀਲ ਕੀਤਾ ਗਿਆ ਹੈ। ਫਿਰ ਆਈਸਲੈਂਡ ਵਿੱਚ ਰੇਕੇਵਿਕ ਪਹੁੰਚਣ 'ਤੇ ਜਹਾਜ਼ ਵਿੱਚ ਇੰਧਨ ਭਰਿਆ ਗਿਆ।
ਇਸ ਤੋਂ ਬਾਅਦ ਉਹ ਤੁਰਕੀ ਵਿੱਚ ਇਸਤਾਂਬੁਲ ਪਹੁੰਚੇ, ਜਿੱਥੇ ਮਰੀਜ਼ ਨੂੰ ਇੱਕ ਹੋਰ ਜਹਾਜ਼ ਵਿੱਚ ਭੇਜ ਦਿੱਤਾ ਗਿਆ, ਜਿਸ ਵਿੱਚ ਇੱਕ ਨਵਾਂ ਚਾਲਕ ਦਲ ਸੀ।
ਚੇੱਨਈ ਲਈ ਉਡਾਣ ਭਰਨ ਤੋਂ ਪਹਿਲਾਂ, ਉਨ੍ਹਾਂ ਨੇ ਇੱਕ ਵਾਰ ਹੋਰ ਤੁਰਕੀ ਦੇ ਦਿਯਾਰਬਕਿਰ ਵਿੱਚ ਜਹਾਜ਼ ਵਿੱਚ ਇੰਧਨ ਭਰਿਆ।
ਡਾਕਟਰ ਨਲਵਾੜ ਨੇ ਦੱਸਿਆ ਕਿ ਹਰ ਵਾਰ ਜਦੋਂ ਕੋਈ ਜਹਾਜ਼ ਇੰਧਨ ਭਰਨ ਲਈ ਰੁਕਦਾ ਹੈ ਤਾਂ ਉਸ ਦੀ ਇੱਕ ਲਾਜ਼ਮੀ ਜਾਂਚ ਹੁੰਦੀ ਹੈ ਜਿਸ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ। ਉਸੇ ਸਮੇਂ ਨੂੰ ਬਚਾਉਣ ਲਈ ਮਰੀਜ਼ ਨੂੰ ਦੂਜੇ ਜਹਾਜ਼ ਵਿੱਚ ਭੇਜ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ, "ਅੱਠ ਘੰਟੇ ਦੀ ਉਡਾਣ ਤੋਂ ਬਾਅਦ ਪਾਇਲਟਾਂ ਲਈ ਆਰਾਮ ਕਰਨਾ ਵੀ ਲਾਜ਼ਮੀ ਹੁੰਦਾ ਹੈ, ਇਸ ਲਈ ਚਾਲਕ ਦਲ ਵੀ ਬਦਲਿਆ ਗਿਆ ਸੀ।''
ਭਾਰਤ ਵਿੱਚ ਏਅਰ ਐਂਬੂਲੈਂਸ ਸ਼ੁਰੂਆਤੀ ਪੜਾਅ 'ਚ
ਏਅਰ ਐਂਬੂਲੈਂਸ ਮਾਰਕੀਟ ਅਜੇ ਵੀ ਭਾਰਤ ਵਿੱਚ ਇੱਕ ਸ਼ੁਰੂਆਤੀ ਪੜਾਅ 'ਚ ਹੈ।
ਇਸ ਉਦਯੋਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਵਰਤਮਾਨ ਵਿੱਚ ਇਹ ਹਰ ਸਾਲ ਲਗਭਗ 6 ਫ਼ੀਸਦ ਦੀ ਦਰ ਨਾਲ ਵਧ ਰਹੀ ਹੈ ਅਤੇ ਇਸ ਦੇ ਵਿਸਥਾਰ ਦੀ ਬਹੁਤ ਸੰਭਾਵਨਾ ਹੈ।

ਤਸਵੀਰ ਸਰੋਤ, Getty Images
ਜ਼ਿਆਦਾਤਰ ਭਾਰਤੀ, ਪ੍ਰਾਈਵੇਟ ਏਅਰ ਐਂਬੂਲੈਂਸਾਂ ਦੀ ਉੱਚ ਕੀਮਤ ਦਾ ਖ਼ਰਚ ਚੁੱਕਣ 'ਚ ਅਸਮਰੱਥ ਹਨ, ਪਰ ਆਪਰੇਟਰਾਂ ਦਾ ਕਹਿਣਾ ਹੈ ਕਿ ਇਸ ਦੀ ਮੰਗ ਵਧ ਰਹੀ ਹੈ।
ਮਈ ਵਿੱਚ, ਇੱਕ ਕੇਂਦਰੀ ਮੰਤਰੀ ਨੇ ਭਾਰਤ ਦੀ ਸੰਸਦ ਨੂੰ ਦੱਸਿਆ ਕਿ ਦੇਸ਼ ਵਿੱਚ 49 ਏਅਰ ਐਂਬੂਲੈਂਸ ਹਨ, ਜੋ 19 ਆਪਰੇਟਰਾਂ ਦੁਆਰਾ ਚਲਾਈਆਂ ਜਾਂਦੀਆਂ ਹਨ।
ਪਿਛਲੇ ਤਿੰਨ ਸਾਲਾਂ ਵਿੱਚ, ਭਾਰਤ ਵਿੱਚ ਲਗਭਗ 4,100 ਮਰੀਜ਼ਾਂ ਨੂੰ ਏਅਰ ਐਂਬੂਲੈਂਸਾਂ ਵਿੱਚ ਲਿਜਾਇਆ ਗਿਆ ਹੈ।
ਆਈਸੀਏਟੀਟੀ ਕਦੋਂ ਬਣੀ
ਆਈਸੀਏਟੀਟੀ ਦੀ ਸਥਾਪਨਾ 2017 ਵਿੱਚ ਕੀਤੀ ਗਈ ਸੀ। ਇਸ ਵਿੱਚ 25 ਡਾਕਟਰ ਅਤੇ 25 ਪਰਫਿਊਜ਼ਨਿਸਟ ਹਨ।
ਭਾਰਤ ਵਿੱਚ ਇਸ ਦੇ ਦੋ ਜਹਾਜ਼ ਹਨ, ਜਿਨ੍ਹਾਂ ਵਿੱਚੋਂ ਇੱਕ ਆਮ ਤੌਰ 'ਤੇ ਇੱਕ ਦੱਖਣੀ ਸ਼ਹਿਰ ਵਿੱਚ ਹੁੰਦਾ ਹੈ ਜਦਕਿ ਦੂਜਾ ਪੱਛਮੀ ਬੰਗਾਲ ਦੇ ਪੂਰਬੀ ਸ਼ਹਿਰ ਕੋਲਕਾਤਾ ਵਿੱਚ ਹੁੰਦਾ ਹੈ।
ਡਾਕਟਰ ਨਲਵਾੜ ਨੇ ਦੱਸਿਆ ਕਿ ਉੱਤਰ-ਪੂਰਬੀ ਸੂਬਿਆਂ ਵਿੱਚ ਮਰੀਜ਼ਾਂ ਵੱਲੋਂ ਵਧੇਰੇ ਮੰਗ ਹੋਣ ਕਾਰਨ, ਦੂਜੇ ਜਹਾਜ਼ ਨੂੰ ਰਾਜਧਾਨੀ ਦਿੱਲੀ ਤੋਂ ਕੋਲਕਾਤਾ ਭੇਜਿਆ ਗਿਆ ਸੀ।
ਉੱਤਰ-ਪੂਰਬੀ ਅਤੇ ਉੱਤਰੀ ਸੂਬਿਆਂ ਦੇ ਬਹੁਤ ਸਾਰੇ ਮਰੀਜ਼ ਦੱਖਣ ਦੇ ਹਸਪਤਾਲਾਂ ਤੱਕ ਪਹੁੰਚਣ ਲਈ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਦੇ ਹਨ ਕਿਉਂਕਿ ਦੱਖਣੀ ਭਾਰਤ ਦੇ ਹਸਪਤਾਲਾਂ ਵਿੱਚ ਬੁਨਿਆਦੀ ਮੈਡੀਕਲ ਢਾਂਚਾ ਅਤੇ ਸਹੂਲਤਾਂ ਬਿਹਤਰ ਹਨ।
ਡਾਕਟਰ ਨਲਵਾੜ ਮੁਤਾਬਕ, ਜਹਾਜ਼ ਨੂੰ ਕੋਲਕਾਤਾ ਸ਼ਿਫਟ ਕਰਨ ਨਾਲ ਲਾਗਤਾਂ ਵਿੱਚ ਵੀ ਕਟੌਤੀ ਹੋਈ ਹੈ।
ਪਹਿਲਾਂ ਕੋਲਕਾਤਾ ਤੋਂ ਇੱਕ ਵੱਡੇ ਦੱਖਣੀ ਸ਼ਹਿਰ ਲਈ ਉਡਾਣ ਭਰਨ ਲਈ ਇੱਕ ਮਰੀਜ਼ ਨੂੰ 1.4 ਮਿਲੀਅਨ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ, ਜਦਕਿ ਹੁਣ ਉਨ੍ਹਾਂ ਨੂੰ ਲਗਭਗ ਅੱਧੀ ਰਕਮ ਦੇਣੀ ਪੈਂਦੀ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਹਾਲ ਹੀ ਵਿੱਚ ਪੋਰਟਲੈਂਡ ਤੋਂ ਚੇਨਈ ਦੀ ਉਡਾਣ "ਮਹਿੰਗੀ" ਸੀ, ਹਾਲਾਂਕਿ ਉਨ੍ਹਾਂ ਨੇ ਲਾਗਤ ਬਾਰੇ ਜਾਣਕਾਰੀ ਨਹੀਂ ਦਿੱਤੀ।
ਨਿਊਜ਼ ਰਿਪੋਰਟਾਂ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਯਾਤਰਾ 'ਤੇ ਲਗਭਗ ਇੱਕ ਕਰੋੜ ਰੁਪਏ ਦਾ ਖਰਚਾ ਆਇਆ ਹੈ।
ਡਾਕਟਰ ਨਲਵਾੜ ਕਹਿੰਦੇ ਹਨ ਕਿ ਆਈਸੀਏਟੀਟੀ ਹਰ ਰੋਜ਼ ਦੋ-ਤਿੰਨ ਮਰੀਜ਼ਾਂ ਨੂੰ ਏਅਰਲਿਫਟ ਕਰਦਾ ਹੈ। ਉਹ ਟ੍ਰਾਂਸਪਲਾਂਟ ਅੰਗ ਅਤੇ ਸਰਜੀਕਲ ਟੀਮਾਂ ਲਈ ਵੀ ਏਅਰਲਿਫਟ ਕਰਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













