ਪੰਜਾਬ: "ਮੇਰਾ ਤੀਹ ਵਰ੍ਹਿਆਂ ਦਾ ਸੰਘਰਸ਼ ਤੇ ਸਿਰਫ਼ ਤਿੰਨ ਸਾਲ ਦੀ ਸਜ਼ਾ, ਇਹ ਨਿਆਂ ਨਹੀਂ ਹੈ"

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਮੋਹਾਲੀ ਦੀ ਸੀਬੀਆਈ ਅਦਾਲਤ ਨੇ 30 ਸਾਲ ਪੁਰਾਣੇ ਇੱਕ ਅਗਵਾ ਕਾਂਡ ਮਾਮਲੇ ਵਿੱਚ ਸਾਬਕਾ ਆਈਜੀਪੀ ਸਣੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਮਾਮਲਾ ਸਾਲ 1992 ਦਾ ਹੈ ਜਦੋਂ ਪੁਲਿਸ ਪੀੜਤ ਸੁਰਜੀਤ ਸਿੰਘ ਸਣੇ ਦੋ ਹੋਰ ਵਿਕਤੀਆਂ ਨੂੰ ਆਪਣੇ ਨਾਲ ਲੈ ਗਈ ਸੀ।

ਇਸ ਤੋਂ ਬਾਅਦ ਸੁਰਜੀਤ ਸਿੰਘ ਲਾਪਤਾ ਹੋ ਗਿਆ। ਪੁਲਿਸ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਕੋਲੋਂ ਫ਼ਰਾਰ ਹੋ ਗਿਆ ਸੀ।

ਕੀ ਸੀ ਮਾਮਲਾ

7 ਮਈ 1992 ਨੂੰ ਪੰਜਾਬ ਪੁਲਿਸ ਨੇ ਸੁਰਜੀਤ ਸਿੰਘ ਦੇ ਪਿੰਡ ਜੱਸੋ ਨੰਗਲ ਨੂੰ ਘੇਰਾ ਪਾ ਰੱਖਿਆ ਸੀ ਅਤੇ ਇਸੇ ਸਿਲਸਿਲੇ 'ਚ ਪੁਲਿਸ ਸੁਰਜੀਤ ਸਿੰਘ ਸਣੇ ਦੋ ਹੋਰ ਵਿਅਕਤੀਆਂ ਨੂੰ ਆਪਣੇ ਨਾਲ ਲੈ ਗਈ ਸੀ।

ਪੁਲਿਸ ਦੁਆਰਾ ਲਿਜਾਏ ਗਏ ਦੋ ਹੋਰ ਵਿਅਕਤੀਆਂ ਵਿੱਚੋਂ ਇੱਕ 15 ਦਿਨਾਂ ਬਾਅਦ ਘਰ ਵਾਪਸ ਪਰਤ ਆਇਆ ਸੀ ਅਤੇ ਦੂਜੇ ਨੂੰ ਕੁਝ ਮਹੀਨਿਆਂ ਬਾਅਦ ਜ਼ਮਾਨਤ ਮਿਲ ਗਈ ਸੀ।

ਪਰ ਸੁਰਜੀਤ ਸਿੰਘ ਦਾ ਕੁੱਝ ਪਤਾ ਨਹੀਂ ਸੀ।

ਪੁਲਿਸ ਨੇ ਸੁਰਜੀਤ ਸਿੰਘ ਦੀ ਗ੍ਰਿਫ਼ਤਾਰੀ 8 ਮਈ 1992 ਦੀ ਤਰੀਖ਼ 'ਚ ਦਰਜ ਕੀਤੀ ਸੀ। ਪੁਲਿਸ ਮੁਤਾਬਕ, ਸੁਰਜੀਤ ਕੋਲ ਪੁਲਿਸ ਨਾਕੇ 'ਤੇ ਇੱਕ ਪਿਸਟਲ ਅਤੇ ਕਾਰਤੂਸ ਮਿਲੇ ਸਨ।

ਪੁਲਿਸ ਦਾ ਕਹਿਣਾ ਸੀ ਕਿ ਸੁਰਜੀਤ ਉਨ੍ਹਾਂ ਦੀ ਹਿਰਾਸਤ 'ਚੋਂ ਫਰਾਰ ਹੋ ਗਿਆ ਸੀ। ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਉਸ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰਵਾਈ ਗਈ ਸੀ।

ਸੁਰਜੀਤ ਦੇ ਪਤਨੀ ਪਰਮਜੀਤ ਕੌਰ ਪੁਲਿਸ ਦੇ ਇਨ੍ਹਾਂ ਦਾਅਵਿਆਂ ਤੋਂ ਸੰਤੁਸ਼ਟ ਨਹੀਂ ਸਨ ਅਤੇ ਇਸ ਲਈ ਉਨ੍ਹਾਂ ਨੇ ਅਦਾਲਤ ਅੱਗੇ ਗੁਹਾਰ ਲਗਾਈ।

ਉਹ ਆਪਣੇ ਪਤੀ ਨੂੰ ਆਖ਼ਰੀ ਵਾਰ ਉਦੋਂ ਉਦੋਂ ਮਿਲੇ ਸਨ ਜਦੋਂ ਪੁਲਿਸ ਉਨ੍ਹਾਂ ਦੇ ਪਤੀ ਨੂੰ ਘਰੋਂ ਚੁੱਕ ਕੇ ਲੈ ਗਈ ਸੀ।

ਉਸ ਸਮੇਂ ਨੂੰ ਯਾਦ ਕਰ ਪਰਮਜੀਤ ਕੌਰ ਦੀਆਂ ਅੱਖਾਂ ਭਰ ਆਉਂਦੀਆਂ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਪਰਮਜੀਤ ਕੌਰ ਨੇ ਕਿਹਾ 7 ਮਈ 1992 ਵਾਲੇ ਦਿਨ ਦੀ ਘਟਨਾ ਦਾ ਹਰ ਇੱਕ ਪਲ਼ ਮੈਨੂੰ ਯਾਦ ਹੈ, ਜਦੋਂ ਸੁਰਜੀਤ ਸਿੰਘ ਝੋਨਾ ਬੀਜ ਕੇ ਵਾਪਸ ਘਰ ਪਰਤਿਆ ਸੀ, ਉਦੋਂ ਤੱਕ ਪੁਲਿਸ ਨੇ ਸਾਰੇ ਪਿੰਡ ਨੂੰ ਘੇਰਾ ਪਾ ਰੱਖਿਆ ਸੀ।

ਉਨ੍ਹਾਂ ਦੱਸਿਆ, ''ਪੁਲਿਸ ਨੇ ਸਾਰੇ ਪਿੰਡ ਵਾਲਿਆਂ ਨੂੰ ਇੱਕ ਜਗ੍ਹਾ 'ਤੇ ਬੁਲਾ ਲਿਆ। ਔਰਤਾਂ ਨੂੰ ਘਰ ਵਾਪਸ ਭੇਜ ਦਿੱਤਾ ਤੇ ਮਰਦਾਂ ਨੂੰ ਉੱਥੇ ਰੋਕ ਲਿਆ।''

ਇਹ ਵੀ ਪੜ੍ਹੋ:

''ਮੈਨੂੰ ਘਰ ਸੁਨੇਹਾ ਮਿਲਿਆ ਕਿ ਸੁਰਜੀਤ ਸਿੰਘ ਨੂੰ ਪੁਲਿਸ ਫੜ੍ਹ ਕੇ ਲੈ ਜਾ ਰਹੀ ਹੈ। ਸੁਨੇਹਾ ਮਿਲਦੇ ਹੀ ਮੈਂ ਪੁਲਿਸ ਦੀਆਂ ਗੱਡੀਆਂ ਵੱਲ ਭੱਜੀ ਤੇ ਸੁਰਜੀਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਕੱਲ੍ਹ ਸਵੇਰੇ ਤੁਸੀਂ ਥਾਣੇ ਆ ਜਾਣਾ।''

"ਬੱਸ ਉਹ ਅਖੀਰਲਾ ਪਲ ਸੀ ਜਦੋਂ ਮੈਂ ਸੁਰਜੀਤ ਸਿੰਘ ਨੂੰ ਮਿਲ ਸਕੀ", ਦੱਸਦੇ ਹੋਏ ਪਰਮਜੀਤ ਕੌਰ ਨੇ ਮਨ ਭਰ ਲਿਆ।

ਪੁਲਿਸ ਦੁਆਰਾ ਚੁੱਕੇ ਗਏ ਦੋ ਹੋਰ ਵਿਅਕਤੀ ਪਰਮਜੀਤ ਸਿੰਘ ਅਤੇ ਜਿਤੇਂਦਰ ਸਿੰਘ ਤਾਂ ਘਰ ਵਾਪਸ ਪਰਤ ਆਏ ਪਰ ਸੁਰਜੀਤ ਸਿੰਘ ਕਦੇ ਵੀ ਵਾਪਸ ਨਹੀਂ ਆਏ।

ਪਰਮਜੀਤ ਕੌਰ ਨੇ ਇਲਜ਼ਾਮ ਲਗਾਇਆ ਕਿ ਉਸ ਵੇਲੇ ਦੇ ਪੁਲਿਸ ਅਧਿਕਾਰੀਆਂ ਨੇ ਆਪਣੀਆਂ ਪ੍ਰਮੋਸ਼ਨਾਂ ਲੈਣ ਦੀ ਖ਼ਾਤਰ ਸੁਰਜੀਤ ਸਿੰਘ 'ਤੇ ਝੂਠੇ ਇਲਜ਼ਾਮ ਲਗਾਏ, ਜਦਕਿ ਸਾਡੇ ਘਰ ਦੀ ਤਲਾਸ਼ੀ ਵਿੱਚ ਉਨ੍ਹਾਂ ਨੂੰ ਇੱਕ ਚਾਕੂ ਤੱਕ ਨਹੀਂ ਮਿਲਿਆ।

ਸੁਰਜੀਤ ਦੇ ਨਾ ਮੁੜਨ 'ਤੇ ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਦੇ ਕਹਿਣ 'ਤੇ ਪਰਮਜੀਤ ਕੌਰ ਨੇ ਆਪਣੇ ਪਤੀ ਲਈ ਅੰਤਿਮ ਅਰਦਾਸ ਤਾਂ ਜ਼ਰੂਰ ਕਰ ਦਿੱਤੀ ਪਰ ਉਨ੍ਹਾਂ ਨੇ ਅਦਾਲਤ ਦਾ ਦਰਵਾਜ਼ਾ ਵੀ ਖਟਖਟਾਉਣਾ ਸ਼ੁਰੂ ਕਰ ਦਿੱਤਾ।

ਸੀਬੀਆਈ ਜਾਂਚ ਵਿੱਚ ਪੁਲਿਸ ਦੇ ਦਾਅਵੇ ਝੂਠ

ਸੁਰਜੀਤ ਦੇ ਘਰ ਵਾਪਸ ਨਾ ਮੁੜਨ 'ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਪੁਲਿਸ ਅਧਿਕਾਰੀਆਂ ਖਿਲਾਫ਼ ਐੱਫ਼ਆਈਆਰ ਦਰਜ ਕਰਵਾਈ।

ਪਰਮਜੀਤ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਿਆਂ ਨਾ ਮਿਲਣ ਦਾ ਇਲਜ਼ਾਮ ਲਗਾਉਣ 'ਤੇ, ਇਸ ਮਾਮਲੇ ਦੀ ਜਾਂਚ 2003 ਵਿੱਚ ਸੀਬੀਆਈ ਨੂੰ ਸੌਂਪ ਦਿੱਤੀ ਗਈ।

ਸੀਬੀਆਈ ਦੀ ਜਾਂਚ ਵਿੱਚ ਪਾਇਆ ਗਿਆ ਕਿ ਪੁਲਿਸ ਦੇ ਦਾਅਵੇ ਝੂਠ ਸਨ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੁਰਜੀਤ ਨੂੰ ਕਥਿਤ ਤੌਰ 'ਤੇ ਤਸ਼ੱਦਦ ਦਿੱਤੇ ਗਏ ਸਨ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ ਸੀ ਅਤੇ ਉਸ ਤੋਂ ਬਾਅਦ ਉਸ ਦੀ ਕੋਈ ਜਾਣਕਾਰੀ ਨਹੀਂ ਮਿਲੀ।

'ਉਹ ਇੱਕ ਦਿਨ ਮਰ ਗਿਆ ਪਰ ਮੈਂ ਹਰ ਰੋਜ਼ ਮਰਦੀ ਰਹੀ'

ਪਰਮਜੀਤ ਕੌਰ ਦੇ ਵਕੀਲ ਜਗਜੀਤ ਸਿੰਘ ਬਾਜਵਾ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ, ਸੀਬੀਆਈ, ਅਮਨਦੀਪ ਕੰਬੋਜ ਨੇ 1992 ਵਿੱਚ ਸੁਰਜੀਤ ਸਿੰਘ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਇੱਕ ਸੇਵਾਮੁਕਤ ਆਈਜੀ ਬਲਕਾਰ ਸਿੰਘ, ਸੇਵਾਮੁਕਤ ਡਿਪਟੀ ਸੁਪਰੀਟੈਂਡੈਂਟ ਪੁਲਿਸ ਊਧਮ ਸਿੰਘ ਅਤੇ ਸਬ-ਇੰਸਪੈਕਟਰ ਸਾਹਿਬ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ।

ਸੀਬੀਆਈ ਵੱਲੋਂ ਆਏ ਫ਼ੈਸਲੇ 'ਤੇ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਘੱਟੋ-ਘੱਟ ਉਨ੍ਹਾਂ ਦੇ ਪਤੀ ਉੱਤੇ ਲੱਗੇ ਇਲਜ਼ਾਮ ਤਾਂ ਦੂਰ ਹੋ ਗਏ ਪਰ ਅਦਾਲਤ ਵੱਲੋਂ ਦੋਸ਼ੀਆਂ ਨੂੰ ਦਿੱਤੀ ਗਈ ਤਿੰਨ ਸਾਲ ਦੀ ਸਜ਼ਾ ਤੋਂ ਉਹ ਸੰਤੁਸ਼ਟ ਨਹੀਂ ਹਨ।

ਆਪਣੇ ਤੀਹ ਵਰ੍ਹਿਆਂ ਦੇ ਸੰਘਰਸ਼ ਨੂੰ ਯਾਦ ਕਰਦੇ ਹੋਏ ਪਰਮਜੀਤ ਕੌਰ ਕਹਿੰਦੇ ਹਨ, "ਸੁਰਜੀਤ ਸਿੰਘ ਨੂੰ ਤਾਂ ਇਨ੍ਹਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਹ ਇੱਕ ਦਿਨ ਮਰ ਗਿਆ ਪਰ ਮੈਂ ਹਰ ਰੋਜ਼ ਮਰਦੀ ਰਹੀ।''

''ਸੱਤ ਵਰ੍ਹਿਆਂ ਦੀ ਵੱਡੀ ਧੀ ਅਤੇ ਪੰਜ ਤੇ ਢਾਈ ਵਰ੍ਹਿਆਂ ਦੇ ਦੋਵੇਂ ਛੋਟੇ ਪੁੱਤਰਾਂ ਨੂੰ ਨਾਲ ਲੈ ਕੇ ਮੈਂ ਪਿਛਲੇ ਤੀਹ ਵਰ੍ਹਿਆਂ ਤੋਂ ਸੰਘਰਸ਼ ਕਰ ਰਹੀ ਹਾਂ।"

ਮਨੁੱਖੀ ਅਧਿਕਾਰ ਕਾਰਕੁਨ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਮਾਣਯੋਗ ਜੱਜ ਸਾਹਿਬਾਨ ਨੇ 61 ਪੰਨਿਆਂ ਦੀ ਜੱਜਮੈਂਟ ਦਿੱਤੀ ਹੈ ਸੁਰਜੀਤ ਸਿੰਘ ਦੇ ਮਾਮਲੇ ਵਿੱਚ ਪੁਲਿਸ ਦੀ ਕਾਰਜਸ਼ੈਲੀ 'ਤੇ ਸਖ਼ਤ ਸ਼ਬਦਾਵਲੀ ਵੀ ਵਰਤੀ ਹੈ।

ਸੀਬੀਆਈ ਦੀ ਸਪੈਸ਼ਲ ਅਦਾਲਤ ਵੱਲੋਂ ਦੋਸ਼ੀਆਂ ਨੂੰ ਤਿੰਨ ਸਾਲ ਦੀ ਸਜ਼ਾ ਮਿਲਣ 'ਤੇ ਪਰਮਜੀਤ ਕੌਰ ਨਾਖੁਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, "ਸਾਡੇ ਮੁਲਕ ਵਿੱਚ ਨਿਆਂ ਨਹੀਂ ਮਿਲਦਾ, ਜੇ ਮਿਲਦਾ ਹੁੰਦਾ ਤੇ ਲੋਕੀਂ ਦੂਸਰੇ ਮੁਲਕਾਂ ਨੂੰ ਕਿਉਂ ਭੱਜਦੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)