ਪਬਜੀ ਲਈ ‘ਪੁੱਤ ਵੱਲੋਂ ਮਾਂ ਦੇ ਕਤਲ’ ਦਾ ਮਾਮਲਾ: ਮੋਬਾਇਲ ਦਾ ਇਸਤੇਮਾਲ ਕਰਦੇ ਬੱਚਿਆਂ ਬਾਰੇ ਇਹ ਗੱਲਾਂ ਜ਼ਰੂਰੀ ਹਨ - ਗਰਾਊਂਡ ਰਿਪੋਰਟ

ਤਸਵੀਰ ਸਰੋਤ, PUBG CORP.
- ਲੇਖਕ, ਨੀਤੂ ਸਿੰਘ
- ਰੋਲ, ਬੀਬੀਸੀ ਲਈ ਲਖਨਊ ਤੋਂ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 11 ਮਿੰਟ

- ਲਖਨਊ 'ਚ 17 ਸਾਲ ਦੇ ਮੁੰਡੇ ਨੇ 4 ਜੂਨ ਦੀ ਰਾਤ ਮਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ
- ਤਿੰਨ ਦਿਨ ਤੱਕ ਛੋਟੀ ਭੈਣ ਦੇ ਨਾਲ ਘਰ ਵਿੱਚ ਲਾਸ਼ ਦੇ ਨਾਲ ਰਿਹਾ
- 7 ਜੂਨ ਨੂੰ ਖ਼ੁਦ ਬੇਟੇ ਨੇ ਫੌਜ 'ਚ ਤਾਇਨਾਤ ਪਿਤਾ ਨੂੰ ਫ਼ੋਨ ਕਰਕੇ ਦੱਸਿਆ
- ਮੁੰਡੇ ਨੂੰ ਮੋਬਾਈਲ ਫ਼ੋਨ 'ਤੇ ਗੇਮ ਖੇਡਣ ਤੇ ਚੈਟਿੰਗ ਦੀ ਸੀ ਆਦਤ

ਪੱਛਮ ਬੰਗਾਲ ਦੇ ਆਸਨਸੋਲ ਵਿੱਚ ਫੌਜ 'ਚ ਜੂਨੀਅਰ ਕਮੀਸ਼ਨਡ ਅਫ਼ਸਰ ਦੇ ਅਹੁਦੇ ਉੱਤੇ ਤਾਇਨਾਤ ਨਵੀਨ ਕੁਮਾਰ ਸਿੰਘ ਅਜੇ ਇੱਕ ਮਹੀਨਾ ਪਹਿਲਾਂ ਹੀ ਦੋ ਮਈ ਨੂੰ ਛੁੱਟੀ ਤੋਂ ਵਾਪਸ ਡਿਊਟੀ 'ਤੇ ਪਹੁੰਚੇ ਸਨ। ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੰਨੀ ਛੇਤੀ ਘਰ ਵਾਪਸੀ ਪਤਨੀ ਦੀ ਮੌਤ ਦੀ ਖ਼ਬਰ ਨਾਲ ਕਰਨੀ ਹੋਵੇਗੀ।
ਲਖਨਊ ਦੇ ਪੀਜੀਆਈ ਖ਼ੇਤਰ ਦੇ ਪੰਚਮਖੇੜਾ ਸਥਿਤ ਯਮੁਨਾਪੁਰਮ ਕਲੌਨੀ 'ਚ ਇਨ੍ਹਾਂ ਦੀ ਪਤਨੀ ਆਪਣੇ ਬੇਟੇ ਅਤੇ ਬੇਟੀ ਨਾਲ ਰਹਿੰਦੀ ਸੀ। ਇਨ੍ਹਾਂ ਦੇ 17 ਸਾਲ ਦੇ ਬੇਟੇ ਨੇ ਚਾਰ ਜੂਨ ਦੀ ਰਾਤ ਨੂੰ ਕਰੀਬ ਦੋ-ਤਿੰਨ ਵਜੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਆਪਣੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਇਸ ਘਟਨਾ ਬਾਰੇ ਖ਼ੁਦ ਬੇਟੇ ਨੇ 7 ਜੂਨ ਨੂੰ ਪਿਤਾ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ। ਘਟਨਾ ਦੇ ਤਿੰਨ ਦਿਨਾਂ ਤੱਕ ਮੁਲਜ਼ਮ ਆਪਣੀ 10 ਸਾਲ ਦੀ ਭੈਣ ਦੇ ਨਾਲ ਉਸੇ ਘਰ ਵਿੱਚ ਰਿਹਾ। ਜਦੋਂ ਲਾਸ਼ ਦੀ ਬਦਬੋ ਬਰਦਾਸ਼ਤ ਤੋਂ ਬਾਹਰ ਹੋਈ ਤਾਂ ਉਸ ਨੇ ਆਪਣੇ ਪਿਤਾ ਨੂੰ ਜਾਣਕਾਰੀ ਦਿੱਤੀ।
ਏਡੀਸੀਪੀ ਪੂਰਬ ਕਾਸਿਮ ਆਬਦੀ ਬੀਬੀਸੀ ਨੂੰ ਫ਼ੋਨ ਉੱਤੇ ਦੱਸਦੇ ਹਨ, ''ਬੱਚੇ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ। ਅਜੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ।''
ਪੁਲਿਸ ਮੁਤਾਬਕ ਬੱਚੇ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਨੂੰ ਗੇਮ ਖੇਡਣਾ ਅਤੇ ਕੁੜੀਆਂ ਨਾਲ ਚੈਟ ਕਰਨ ਦੀ ਬਹੁਤ ਆਦਤ ਸੀ। ਮੰਮੀ ਉਸ ਨੂੰ ਇਹ ਸਭ ਕਰਨ ਤੋਂ ਮਨ੍ਹਾ ਕਰਦੀ ਸੀ। ਮੋਬਾਈਲ ਦੇ ਇਸਤੇਮਾਲ ਉੱਤੇ ਪਾਬੰਦੀ ਉਸ ਨੂੰ ਪਸੰਦ ਨਹੀਂ ਸੀ।
ਉਧਰ ਬੱਚੇ ਨੇ ਪੁਲਿਸ ਨੂੰ ਦੱਸਿਆ ਕਿ ''ਮੈਨੂੰ ਹਰ ਗੱਲ ਲਈ ਕਸੂਰਵਾਰ ਕਿਹਾ ਜਾਂਦਾ ਸੀ, ਮੇਰੀ ਗ਼ਲਤੀ ਹੋਵੇ ਜਾਂ ਨਾ। ਮੈਂ ਖੇਡਣ ਵੀ ਜਾਂਦਾ ਸੀ ਤਾਂ ਵੀ ਮਾਂ ਸ਼ੱਕ ਕਰਦੀ ਸੀ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, EUROPEAN PHOTOPRESS AGENCY
ਕਾਸਿਮ ਆਬਦੀ ਕਹਿੰਦੇ ਹਨ, ''ਬੱਚਾ ਪਹਿਲਾਂ ਵੀ ਘਰ ਤੋਂ ਕਈ ਵਾਰ ਭੱਜ ਚੁੱਕਿਆ ਸੀ। ਉਸ ਦਾ ਸੁਭਾਅ ਬਾਕੀ ਬੱਚਿਆਂ ਤੋਂ ਥੋੜ੍ਹਾ ਅਲੱਗ ਹੈ। ਘਟਨਾ ਦੇ ਬਾਅਦ ਤੋਂ ਅਜੇ ਬੱਚੇ ਦਾ ਵਿਵਹਾਰ ਇੱਕ ਦਮ ਸਾਧਾਰਣ ਹੈ ਅਤੇ ਉਸ ਨੂੰ ਲਗਦਾ ਹੈ ਕਿ ਜੋ ਉਸ ਨੂੰ ਕੀਤਾ ਉਹ ਬਿਲਕੁਲ ਸਹੀ ਕੀਤਾ ਹੈ।”
“ਮੇਰੇ ਸਾਹਮਣੇ ਦਾ ਇਹ ਹੁਣ ਤੱਕ ਦਾ ਪਹਿਲਾ ਅਜਿਹਾ ਕੇਸ ਹੈ ਪਰ ਕੋਵਿਡ ਸਮੇਂ ਮੋਬਾਈਲ ਦੀ ਆਦਤ ਦੇ ਮਾਮਲੇ ਸਾਡੇ ਸਾਹਮਣੇ ਬਹੁਤ ਆਏ ਹਨ।''
ਇਸ ਕੇਸ ਵਿੱਚ ਕਿੰਗ ਜੌਰਡ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਦੇ ਸਾਬਕਾ ਮਨੋਰੋਗ ਮਾਹਰ ਡਾਕਟਰ ਕ੍ਰਿਸ਼ਣ ਦੱਤ ਬੀਬੀਸੀ ਨੂੰ ਦੱਸਦੇ ਹਨ, ''ਕੁਝ ਬੱਚਿਆਂ ਦਾ ਸੁਭਾਅ ਅਜਿਹਾ ਹੁੰਦਾ ਹੈ, ਜਿਨ੍ਹਾਂ ਦਾ ਆਪਣੀ ਭਾਵਨਾਵਾਂ ਉੱਤੇ ਕੰਟਰੋਲ ਨਹੀਂ ਹੁੰਦਾ, ਇਸ ਨੂੰ ਪੁਅਰ ਇੰਪਲਸ ਕੰਟਰੋਲ ਕਹਿੰਦੇ ਹਨ।”
“ਅਜਿਹੇ ਬੱਚੇ ਬਹੁਤ ਕੁਝ ਸਾਜ਼ਿਸ਼ ਬਣਾ ਕੇ ਕੋਈ ਕਦਮ ਨਹੀਂ ਚੁੱਕਦੇ ਸਗੋਂ ਜੋਸ਼ ਵਿੱਚ ਆ ਕੇ ਅਜਿਹਾ ਕਰਦੇ ਹਨ। ਕਈ ਵਾਰ ਇਹ ਛੋਟੇ ਭਰਾ-ਭੈਣਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।''
ਉਹ ਕਹਿੰਦੇ ਹਨ, ''ਅੱਜ ਕੱਲ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਮੁੱਖ ਵਜ੍ਹਾ ਇਕੱਲੇ ਪਰਿਵਾਰ ਹੋ ਗਏ ਹਨ। ਪਹਿਲਾਂ ਸਾਂਝੇ ਪਰਿਵਾਰ ਵਿੱਚ ਬੱਚੇ ਸਭ ਨਾਲ ਗੱਲ ਕਰਦੇ ਸਨ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੀ ਵੱਖ-ਵੱਖ ਗਤੀਵਿਧੀਆਂ ਵਿੱਚ ਮਸਰੂਫ਼ ਰਹਿੰਦੇ ਸਨ ਪਰ ਹੁਣ ਇਨ੍ਹਾਂ ਦੀ ਦੁਨੀਆਂ ਮੋਬਾਈਲ ਅਤੇ ਟੀਵੀ ਹੋ ਗਈ ਹੈ।''
''ਇਕੱਲੇ ਪਰਿਵਾਰ ਵਿੱਚ ਜੇ ਮਾਂ-ਪਿਓ ਦੇਵੇਂ ਨੌਕਰੀ ਕਰਦੇ ਹਨ ਤਾਂ ਬੱਚੇ ਬਹੁਤ ਇਕੱਲੇ ਰਹਿ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਆਪਣੀ ਗੱਲ ਜ਼ਾਹਿਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਇਸ ਸਥਿਤੀ ਵਿੱਚ ਬੱਚੇ ਨੂੰ ਮੋਬਾਈਲ ਦੀ ਲੱਤ ਹੋ ਜਾਂਦੀ ਹੈ। ਅਜਿਹੇ ਬੱਚਿਆਂ ਦਾ ਨਤੀਜਾ ਤੁਹਾਡੇ ਸਾਹਮਣੇ ਹੈ।''
ਮੋਬਾਈਲ ਅਡਿਕਸ਼ਨ (ਆਦਤ) ਦਾ ਅਸਰ
ਆਸ਼ਾ ਜਯੋਤੀ ਕੇਂਦਰ 181 ਦੀ ਪ੍ਰਸ਼ਾਸਕ ਅਰਚਨਾ ਸਿੰਘ ਦੱਸਦੇ ਹਨ, ''ਸਾਡੇ ਇੱਥੇ ਜਿੰਨੇ ਵੀ ਮਾਮਲੇ ਆਉਂਦੇ ਹਨ ਉਨ੍ਹਾਂ ਵਿੱਚੋਂ 40 ਫੀਸਦੀ ਮੋਬਾਈਲ ਦੀ ਆਦਤ ਨਾਲ ਹੀ ਜੁੜੇ ਹੁੰਦੇ ਹਨ। ਕੋਵਿਡ ਦੌਰਾਨ ਗੇਮ ਜ਼ਰੀਏ ਬਹੁਤ ਕ੍ਰਾਈਮ ਹੋਏ ਹਨ।”
“ਸੰਯੁਕਤ ਪਰਿਵਾਰਾਂ ਦਾ ਖ਼ਤਮ ਹੋਣਾ ਮੋਬਾਈਲ ਦੇ ਜ਼ਿਆਦਾ ਇਸਤੇਮਾਲ ਦਾ ਵੱਡਾ ਕਾਰਨ ਹੈ। ਆਨਲਾਈਨ ਗੇਮ ਜ਼ਰੀਏ ਕੋਵਿਡ ਦੌਰਾਨ ਬਹੁਤ ਸਾਰੀਆਂ ਕੁੜੀਆਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਈਆਂ ਹਨ।''

ਤਸਵੀਰ ਸਰੋਤ, Getty Images
ਏਡੀਸੀਪੀ ਪੂਰਬ ਕਾਸਿਮ ਆਬਦੀ ਦਾ ਕਹਿਣਾ ਹੈ, ''ਇਸ ਕੋਵਿਡ 'ਚ ਲੋਕਾਂ ਦੀ ਸੋਸ਼ਲ ਲਾਈਫ਼ ਕਾਫ਼ੀ ਹੱਦ ਤੱਕ ਖ਼ਤਮ ਹੋ ਗਈ। ਲੋਕ ਘਰਾਂ ਅੰਦਰ ਜ਼ਿਆਦਾ ਕੈਦ ਰਹੇ। ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਵੀ ਆਉਣ-ਜਾਣਾ ਕਾਫ਼ੀ ਘੱਟ ਹੋਇਆ। ਜਿਸ ਕਾਰਨ ਬੱਚੇ ਮੋਬਾਈਲ ਦੀ ਵਰਤੋਂ ਪਹਿਲਾਂ ਨਾਲੋਂ ਜ਼ਿਆਦਾ ਕਰਨ ਲੱਗੇ।''
''ਇਸ ਕੇਸ 'ਚ ਬੱਚੇ ਦੇ ਫ਼ੋਨ ਦਾ ਡਾਟਾ ਅਤੇ ਟਾਕ ਵੈਲਿਊ ਮਾਂ ਨੇ ਰਿਚਾਰਜ ਨਹੀਂ ਕਰਵਾਇਆ ਸੀ। ਅਜੇ ਇਹ ਮਾਂ ਦੇ ਹੀ ਫ਼ੋਨ ਦੀ ਵਰਤੋਂ ਜ਼ਿਆਦਾ ਕਰਦਾ ਸੀ। ਘਟਨਾ ਤੋਂ ਬਾਅਦ ਇਹ ਮਾਂ ਦੇ ਮੋਬਾਈਲ ਤੋਂ ਗੇਮ ਖੇਡਦਾ ਰਿਹਾ। ਬੱਚੇ ਦੀ ਦਾਦੀ ਦੀ ਸ਼ਿਕਾਇਤ 'ਤੇ ਜੁਵੇਨਾਈਲ ਜਸਟਿਸ ਤਹਿਤ 302 ਦੀ ਧਾਰਾ ਲਗਾਈ ਗਈ।''
ਪਬਜੀ ਦੀ ਆਦਤ ਨੂੰ ਕਿਵੇਂ ਛੱਡੀਏ
ਕਦੀ ਦਿਨ ਦੇ 8 ਤੋਂ 10 ਘੰਟੇ ਰੋਜ਼ਾਨਾ ਮੋਬਾਈਲ ਉੱਤੇ ਪਬਜੀ ਖੇਡਣ ਵਾਲੇ 20 ਸਾਲ ਦੇ ਕਰਨ ਬੀਬੀਸੀ ਨੂੰ ਦੱਸਦੇ ਹਨ, ''ਜੇ ਇਸ ਗੇਮ ਦੀ ਲਤ ਇੱਕ ਵਾਰ ਲੱਗ ਗਈ ਤਾਂ ਛੁਡਾਉਣਾ ਬਹੁਤ ਔਖਾ ਹੁੰਦਾ ਹੈ। ਮੈਂ ਦੋ ਸਾਲ ਪਹਿਲਾਂ ਤੱਕ 8 ਤੋਂ 10 ਘੰਟੇ ਰੋਜ਼ ਪਬਜੀ ਖੇਡਦਾ ਸੀ।''
''ਖੇਡ ਦੌਰਾਨ ਜੇ ਘਰ ਵਿੱਚ ਕੋਈ ਖਾਣਾ ਖਾਣ ਨੂੰ ਕਹੇ ਜਾਂ ਕਿਸੇ ਕੰਮ ਨੂੰ ਕਰਨ ਲਈ ਬੋਲਿਆ ਜਾਂਦਾ ਸੀ ਤਾਂ ਬਹੁਤ ਗੁੱਸਾ ਹੋ ਜਾਂਦਾ ਸੀ। ਅਜਿਹਾ ਲੱਗਦਾ ਸੀ ਕਿ ਕੁਝ ਕਰ ਨਾ ਦੇਵਾਂ ਕਿਉਂਕਿ ਖੇਡਦੇ ਸਮੇਂ ਇਸ ਗੇਮ ਨੂੰ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ।''
ਉਹ ਕਹਿੰਦੇ ਹਨ, ''ਹੁਣ ਮੈਂ ਦਿਨ 'ਚ ਡੇਢ ਦੋ ਘੰਟੇ ਹੀ ਪਬਜੀ ਖੇਡਦਾ ਹਾਂ। ਆਨਲਾਈਨ ਗੇਮ ਦੇ ਘੰਟੇ ਘੱਟ ਕਰਨ 'ਚ ਮੈਨੂੰ ਲਗਭਗ ਦੋ ਸਾਲ ਦਾ ਸਮਾਂ ਲੱਗਿਆ। ਹੁਣ ਮੈਂ ਪਹਿਲਾਂ ਨਾਲੋਂ ਗੁੱਸਾ ਵੀ ਬਹੁਤ ਘੱਟ ਹੁੰਦਾ ਹਾਂ। ਮੇਰੇ ਦਰਜਨਾਂ ਦੋਸਤ ਅਜਿਹੇ ਹਨ ਜੋ ਅਜੇ ਵੀ ਦਿਨ ਵਿੱਚ 8 ਤੋਂ 10 ਘੰਟੇ ਫ਼ੋਨ ਉੱਤੇ ਗੇਮ ਖੇਡਦੇ ਹਨ। ਅਜਿਹੇ ਬੱਚੇ ਬਹੁਤ ਚਿੜਚਿੜੇ, ਜ਼ਿੱਦੀ ਅਤੇ ਗੁੱਸੇ ਨਾਲ ਭਰੇ ਹੁੰਦੇ ਹਨ।''

ਤਸਵੀਰ ਸਰੋਤ, Getty Images
ਬੁੱਧਵਾਰ ਦੀ ਸ਼ਾਮ ਕਰੀਬ ਛੇ ਵਜੇ ਪੋਸਟ ਮਾਰਟਮ ਹਾਊਸ ਦੇ ਬਾਹਰ 40 ਸਾਲ ਦੀ ਮ੍ਰਿਤਕ ਸਾਧਨਾ ਸਿੰਘ ਦੀ ਲਾਸ਼ ਕੋਲ ਉਨ੍ਹਾਂ ਦੀ 10 ਸਾਲ ਦੀ ਬੇਟੀ ਆਪਣੇ ਦੀ ਗੋਦ ਵਿੱਚ ਲਿਪਟੀ ਹੋਈ ਹੌਂਕੇ ਲੈ ਰਹੀ ਸੀ।
ਇਹ ਬੱਚੀ ਆਪਣੀ ਮਾਂ ਦੀ ਲਾਸ਼ ਦੇ ਨਾਲ ਤਿੰਨ ਦਿਨ ਤੱਕ ਆਪਣੇ ਘਰ ਯਮੁਨਾਪੁਰਮ ਕਲੌਨੀ ਵਿੱਚ ਸੀ। ਜਦੋਂ ਲਾਸ਼ ਤੋਂ ਬਦਬੋ ਆਉਣ ਲੱਗੀ ਤਾਂ ਮੰਗਲਵਾਰ ਰਾਤ 17 ਸਾਲ ਦੇ ਮੁਲਜ਼ਮ ਬੇਟੇ ਨੇ ਪਿਤਾ ਨੂੰ ਮਾਂ ਦੇ ਮਰਨ ਦੀ ਖ਼ਬਰ ਦਿੱਤੀ।
ਲਾਲ ਰੰਗ ਦੀ ਟੀ-ਸ਼ਰਟ ਅਤੇ ਚਿੱਟੇ ਰੰਗ ਦੀ ਹਾਫ਼ ਪੈਂਟ ਪਹਿਨੀ ਪੋਸਟ ਮਾਰਟਮ ਹਾਊਸ ਦੇ ਬਾਹਰ ਨਵੀਨ ਕੁਮਾਰ ਸਿੰਘ ਦੀਆਂ ਅੱਖਾਂ ਵਿੱਚ ਪਤਨੀ ਦੀ ਲਾਸ਼ ਦੇਖ ਕੇ ਰਹਿ-ਰਹਿ ਕੇ ਅੱਥਰੂ ਆ ਰਹੇ ਸਨ। ਉਹ ਆਪਣੀ ਬੱਚੀ ਦੇ ਸਿਰ ਨੂੰ ਹੱਥ ਨਾਲ ਪੁਚਕਾਰਕੇ ਉਸ ਨੂੰ ਦਿਲਾਸਾ ਦੇ ਰਹੇ ਸਨ।
ਇੱਥੇ ਮੁਲਜ਼ਮ ਦੇ ਚਾਚਾ-ਚਾਚੀ, ਦਾਦਾ-ਦਾਦੀ ਅਤੇ ਚੰਦੌਲੀ ਤੋਂ ਆਏ ਨਾਨਕੇ ਪਰਿਵਾਰ ਦੇ ਕੁਝ ਲੋਕ ਮੌਜੂਦ ਸਨ। ਦੇਰ ਸ਼ਾਮ ਲਾਸ਼ ਦਾ ਅੰਤਿਮ ਸੰਸਕਾਰ ਬੈਕੁੰਠ ਧਾਮ ਵਿੱਚ ਕਰ ਦਿੱਤਾ ਗਿਆ।
ਹਾਈ ਸਕੂਲ ਵਿੱਚ ਫੇਲ੍ਹ ਹੋ ਗਿਆ ਸੀ ਬੱਚਾ
ਪੋਸਟ ਮਾਰਟਮ ਹਾਊਸ ਬਾਹਰ ਖੜ੍ਹੇ ਮੁਲਜ਼ਮ ਦੇ ਮਾਮਾ ਸੰਤ ਸਿੰਘ ਨੇ ਦੱਸਿਆ, ''ਹਾਲੇ ਪਿਛਲੇ ਮਹੀਨੇ ਹੀ ਜੀਜਾ (ਨਵੀਨ ਸਿੰਘ) ਦੋ ਮਈ ਨੂੰ ਛੁੱਟੀ ਤੋਂ ਵਾਪਸ ਗਏ ਸਨ। ਇਹ ਬੱਚਾ (ਮੁਲਜ਼ਮ) ਛੁੱਟੀਆਂ ਵਿੱਚ ਅਕਸਰ ਨਾਨਕੇ ਆਉਂਦਾ ਸੀ। ਕ੍ਰਿਕਟ ਖੇਡਣ ਦਾ ਬਹੁਤ ਸ਼ੌਕੀਨ ਹੈ ਪਰ ਕਦੇ-ਕਦੇ ਜ਼ਿਆਦਾ ਪੈਨਿਕ ਹੋ ਜਾਂਦਾ ਹੈ।''
''ਜੋ ਕੰਮ ਕਰ ਰਿਹਾ ਹੋਵੇ ਜੇ ਉਸ ਨੂੰ ਕਰਨ ਤੋਂ ਮਨ੍ਹਾ ਕਰੋ ਤਾਂ ਗੁੱਸਾ ਜ਼ਿਆਦਾ ਕਰਦਾ ਹੈ। ਪਰ ਹੁਣ ਇਹ ਲੱਛਣ ਤਾਂ ਜ਼ਿਆਦਾਤਰ ਬੱਚਿਆਂ ਵਿੱਚ ਹੁੰਦੇ ਹਨ ਇਸ ਲਈ ਕਦੇ ਅਜਿਹਾ ਲੱਗਿਆ ਨਹੀਂ ਕਿ ਉਸ ਨੂੰ ਡਾਕਟਰ ਕੋਲ ਦਿਖਾਇਆ ਜਾਵੇ। ਹੁਣ ਪਤਾ ਨਹੀਂ ਕਿਵੇਂ ਉਸ ਨੇ ਇੰਨਾ ਵੱਡਾ ਕਦਮ ਚੁੱਕ ਲਿਆ?''
ਸੰਤ ਸਿੰਘ ਅੱਗੇ ਦੱਸਦੇ ਹਨ, ''ਫ਼ੋਨ ਉੱਤੇ ਗੇਮ ਖੇਡਣ ਦੀ ਲਤ ਸੀ। ਪਿਛਲੀ ਵਾਰ ਹਾਈ ਸਕੂਲ ਵਿੱਚ ਫੇਲ੍ਹ ਹੋ ਗਿਆ ਸੀ, ਇਸ ਗੱਲ ਨੂੰ ਲੈ ਕੇ ਵੀ ਉਹ ਥੋੜ੍ਹਾ ਪਰੇਸ਼ਾਨ ਸੀ। ਜਦੋਂ ਤੋਂ ਉਸ ਦੇ ਨੰਬਰ ਘੱਟ ਆਏ ਸਨ ਦੀਦੀ (ਮ੍ਰਿਤਕ) ਥੋੜ੍ਹਾ ਪੜ੍ਹਨ ਨੂੰ ਬੋਲਦਾ ਸੀ ਅਤੇ ਫ਼ੋਨ ਚਲਾਉਣ ਤੋਂ ਮਨ੍ਹਾਂ ਕਰਦੀ ਸੀ। ਕਈ ਵਾਰ ਉਸ ਤੋਂ ਫ਼ੋਨ ਵੀ ਖੋਹਿਆ ਗਿਆ। ਇਸੇ ਲਈ ਸ਼ਾਇਦ ਗੁੱਸੇ ਵਿੱਚ ਆਕੇ ਉਸ ਨੇ ਇਹ ਕਦਮ ਚੁੱਕਿਆ।''
ਮੁਲਜ਼ਮ ਦੀ ਦਾਦੀ ਮਿਰਜਾ ਦੇਵੀ ਨੇ ਪੋਤੇ ਖ਼ਿਲਾਫ਼ ਪੀਜੀਆਈ ਥਾਣੇ ਵਿੱਚ ਆਪਣੀ ਨੂੰਹ ਦੇ ਕਤਲ ਦਾ ਕੇਸ ਦਰਜ ਕਰਵਾਇਆ ਹੈ। ਪੁਲਿਸ ਨੇ ਦਾਦੀ ਦੀ ਤਹਰੀਰ ਉੱਤੇ ਨਾਬਾਲਗ ਉੱਤੇ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਬਾਲ ਸੁਧਾਰ ਗ੍ਰਹਿ ਮੋਹਾਨ ਰੋਡ ਭਿਜਵਾ ਦਿੱਤਾ ਹੈ।

ਤਸਵੀਰ ਸਰੋਤ, Getty Images
ਮਿਰਜਾ ਦੇਵੀ ਆਪਣੇ ਛੋਟੇ ਬੇਟੇ ਨਾਲ ਇੰਦਰਾਪੁਰਮ ਚਰਣਭੱਠਾ ਵਿੱਚ ਰਹਿੰਦੇ ਹਨ। ਉਹ ਪੋਸਟ ਮਾਰਟਮ ਹਾਊਸ ਦੇ ਬਾਹਰ ਰੋਂਦੇ ਹੋਏ ਕਹਿ ਰਹੇ ਸਨ, ''ਸਾਡਾ ਤਾਂ ਸਭ ਕੁਝ ਬਰਬਾਦ ਹੋ ਗਿਆ। ਹੁਣ ਜੋ ਕਰੇਗੀ ਉਹ ਪੁਲਿਸ ਹੀ ਕਰੇਗੀ।''
ਘਟਨਾ ਤੋਂ ਬਾਅਦ ਪਰਿਵਾਰ ਵਾਲੇ ਬਹੁਤ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸਨ।
ਡਾ. ਕ੍ਰਿਸ਼ਣ ਦੱਤ ਦਾ ਕਹਿਣਾ ਹੈ, ''ਮੋਬਾਈਲ ਵਿੱਤ ਇੱਕ ਕਲਿੱਕ ਉੱਤੇ ਬਹੁਤ ਕੁਝ ਖੁੱਲ੍ਹ ਜਾਂਦਾ ਹੈ। ਬੱਚੇ ਗੇਮ ਤੋਂ ਇਲਾਵਾ ਵੱਖ-ਵੱਖ ਸਾਈਟਾਂ ਉੱਤੇ ਜਾਂਦੇ ਹਨ ਜਿੱਥੇ ਉਹ ਇੱਕ ਸਮੇਂ ਬਾਅਦ ਕਾਲਪਨਿਕ ਦੁਨੀਆਂ ਵਿੱਚ ਜਿਉਣ ਲਗਦੇ ਹਨ। ਪੰਜ ਸਾਲ ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਦੀ ਦੇਖ-ਰੇਖ ਲਈ ਬਹੁਤ ਅਹਿਮ ਹਨ। ਇਸ ਉਮਰ ਵਿੱਚ ਉਨ੍ਹਾਂ ਨੂੰ ਸੁਣਨ ਅਤੇ ਸਮਝਣ ਦੀ ਬਹੁਤ ਲੋੜ ਹੈ।''
ਚੰਦੌਲੀ ਜ਼ਿਲ੍ਹੇ ਦੀ ਰਿਹਣ ਵਾਲੀ ਮ੍ਰਿਤਕ ਸਾਧਨਾ ਸਿੰਘ ਆਪਣੇ ਦੋ ਭਰਾਵਾਂ ਦੀ ਇਕਲੌਤੀ ਭੈਣ ਸਨ। ਉਨ੍ਹਾਂ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਸੀ। ਹੁਣ ਉਹ ਇੱਕ ਹਾਊਸਵਾਈਫ਼ ਸਨ। ਪਿਛਲੇ ਪੰਜ ਛੇ ਸਾਲਾਂ ਤੋਂ ਬੱਚਿਆਂ ਦੇ ਨਾਲ ਯਮੁਨਾਪੁਰਮ ਕਲੌਨੀ ਵਿੱਚ ਰਹਿ ਰਹੇ ਸਨ। ਇਨ੍ਹਾਂ ਦਾ ਵਿਆਹ 2002 ਵਿੱਚ ਹੋਇਆ ਸੀ। ਬੇਟੇ ਦਾ ਜਨਮ ਅਕਤੂਬਰ 2005 ਵਿੱਚ ਹੋਇਆ ਸੀ।
ਬੁੱਧਵਾਰ ਨੂੰ ਦੁਪਹਿਰ ਕਰੀਬ ਢਾਈ ਵਜੇ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਅਸੀਂ ਯਮੁਨਾਪੁਰਮ ਕਲੌਨੀ 'ਚ ਮੁਲਜ਼ਮ ਦੇ ਘਰ ਦੇ ਆਲੇ-ਦੁਆਲੇ ਕਈ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾਤਰ ਲੋਕਾਂ ਨੇ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਨਵੀਨ ਸਿੰਘ ਦਾ ਤਿੰਨ ਮੰਜ਼ਿਲਾ ਘਰ ਮੁਹੱਲੇ ਵਿੱਚ ਕਾਰਨਰ ਉੱਤੇ ਹੈ। ਮੀਡੀਆ ਦੀਆਂ ਕੁਝ ਗੱਡੀਆਂ ਤੋਂ ਇਲਾਵਾ ਪੂਰੀ ਗਲੀ ਵਿੱਚ ਚੁੱਪ ਪਸਰੀ ਸੀ। ਨਵੀਨ ਸਿੰਘ ਦੇ ਘਰ ਦੇ ਆਲੇ-ਦੁਆਲੇ ਕੁਝ ਛੋਟੇ-ਛੋਟੇ ਬੱਚੇ ਘੁੰਮ ਰਹੇ ਸਨ।
ਘਰ ਦਾ ਮਾਮਲਾ ਹੋਣ ਕਾਰਨ ਘਰਵਾਲੇ, ਰਿਸ਼ਤੇਦਾਰ ਅਤੇ ਗੁਆਂਢੀ, ਸਾਰੇ ਹੀ ਇਸ ਮਾਮਲੇ ਵਿੱਚ ਗੱਲ ਕਰਨ ਤੋਂ ਕਤਰਾਉਂਦੇ ਨਜ਼ਰ ਆਏ। ਸਭ ਨੇ ਚੁੱਪ ਧਾਰੀ ਹੋਈ ਸੀ।
ਗੁਆਂਢੀ ਨੇ ਗੋਲੀ ਦੀ ਆਵਾਜ਼ ਨਹੀਂ ਸੁਣੀ
ਨਵੀਨ ਸਿੰਘ ਦੇ ਘਰ ਦੇ ਠੀਕ ਸਾਹਮਣੇ ਇੱਕ 70 ਸਾਲ ਦੀ ਬਜ਼ੁਰਗ ਔਰਤ ਨੇ ਦੱਸਿਆ, ''ਗੋਲੀ ਦੀਆਂ ਆਵਾਜ਼ ਸਾਨੂੰ ਨਹੀਂ ਸੁਣਾਈ ਦਿੱਤੀ। ਸ਼ਾਇਦ ਅਸੀਂ ਸੌਂ ਗਏ ਹੋਵਾਂਗੇ।''
ਉਨ੍ਹਾਂ ਨੇ ਦੱਸਿਆ, ''ਦੋ ਤਿੰਨ ਦਿਨ ਇੱਥੇ ਮਿੱਟੀ (ਲਾਸ਼) ਪਈ ਰਹੀ, ਉਦੋਂ ਹੀ ਪੱਖਾ ਚਲਾ ਕੇ ਛੱਡ ਦਿੱਤਾ ਤਾਂ ਜੋ ਬਦਬੋ ਖ਼ਤਮ ਹੋ ਦਾਵੇ ਅਸੀਂ ਤਾਂ ਘਰ ਦੇ ਸਾਹਮਣੇ ਰਹਿੰਦੇ ਹਾਂ। ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਇੱਥੇ ਭੀੜ ਦੇਖੀ। ਹੁਣ ਅੱਜ ਕੱਲ ਦੇ ਬੱਚੇ ਮੋਬਾਈਲ ਦੇ ਅੱਗੇ ਕਿਸੇ ਦੀ ਸੁਣਦੇ ਕਿੱਥੇ ਹਨ?''

ਇਨ੍ਹਾਂ ਦੇ ਹੀ ਕੋਲ ਬੈਠੀ ਇੱਕ ਹੋਰ ਔਰਤ ਨੇ ਕਿਹਾ, ''ਮਾਂ-ਪਿਓ ਨੌਕਰੀ ਉੱਤੇ ਚਲੇ ਜਾਂਦੇ ਹਨ, ਬੱਚਿਆਂ ਉੱਤੇ ਕੋਈ ਧਿਆਨ ਕਿੱਥੇ ਦਿੰਦਾ ਹੈ। ਬੱਚੇ ਇੰਨੇ ਜ਼ਿੱਦੀ ਹੋ ਗਏ ਹਨ ਕਿ ਉਹ ਬਿਨਾਂ ਮੋਬਾਈਲ ਦੇਖੇ ਖਾਣਾ ਹੀ ਨਹੀਂ ਖਾਂਦੇ।”
“ਸ਼ੁਰੂਆਤ ਵਿੱਚ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਮਾਂ-ਪਿਓ ਉਨ੍ਹਾਂ ਦੇ ਹੱਥ ਵਿੱਚ ਫ਼ੋਨ ਫੜਾ ਦਿੰਦੇ ਹਨ ਅਤੇ ਬਾਅਦ ਵਿੱਚ ਉਸ ਨੂੰ ਮਨ੍ਹਾਂ ਕਰਦੇ ਹਨ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।''
''ਹੁਣ ਇਸ ਕੇਸ ਵਿੱਚ ਹੀ ਦੇਖ ਲਓ, ਮਾਂ ਨੇ ਤਾਂ ਭਲਾਈ ਲਈ ਕਿਹਾ ਸੀ ਕਿ ਉਹ ਫ਼ੋਨ ਨਾ ਚਲਾਵੇ ਪਰ ਕਿਸ ਨੂੰ ਪਤਾ ਸੀ ਕਿ ਇੰਨਾ ਮਨ੍ਹਾ ਕਰਨ 'ਤੇ ਉਹ ਉਸ ਨੂੰ ਗੋਲੀ ਨਾਲ ਮਾਰ ਦੇਵੇਗਾ।''
ਬੱਚਿਆਂ ਦੇ ਇਕੱਲੇਪਨ ਦਾ ਰੱਖੋ ਧਿਆਨ
ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਬਣੇ ਸੂਬਾਈ ਕਮਿਸ਼ਨ ਦੀ ਮੈਂਬਰ ਡਾਕਟਰ ਸੁਚਿਤਾ ਚਤੁਰਵੇਦੀ ਮੁਤਾਬਕ ਇਸ ਤਰ੍ਹਾਂ ਦੀ ਘਟਨਾ ਦੋ ਢਾਈ ਸਾਲ ਬਾਅਦ ਹੋਈ ਹੈ, ਇਸ ਤੋਂ ਪਹਿਲਾਂ ਠੀਕ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ ਜਿਸ 'ਚ ਸੱਤ-ਅੱਠ ਸਾਲ ਦੀ ਬੱਚੀ ਨੇ ਮਿਲਦਾ-ਜੁਲਦਾ ਕਦਮ ਚੁੱਕਿਆ ਸੀ।
ਡਾ. ਸੁਚਿਤਾ ਚਤੁਰਵੇਦੀ ਬੀਬੀਸੀ ਨੂੰ ਦੱਸਦੇ ਹਨ, ''ਬੱਚਿਆਂ ਦੇ ਮਨੋਵਿਗਿਆਨ ਨੂੰ ਪੜ੍ਹਨ ਦੀ ਜ਼ਰੂਰਤ ਹੈ। ਜਦੋਂ ਬੱਚਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ ਉਦੋਂ ਹੀ ਉਹ ਇਨ੍ਹਾਂ ਆਰਟੀਫ਼ੀਸ਼ੀਅਲ (ਜਾਅਲੀ) ਚੀਜ਼ਾਂ ਪਿਛੇ ਭੱਜਦਾ ਹੈ।”
“ਬੱਚਾ ਇਕੱਲਾ ਕਿਉਂ ਰਹਿਣਾ ਚਾਹੁੰਦਾ ਹੈ ਇਸ ਉੱਤੇ ਮਾਪਿਆਂ ਨੂੰ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਹੁਣ ਇਕੱਲੇ ਪਰਿਵਾਰਾਂ ਦੀ ਰਵਾਇਤ ਜਿਹੀ ਬਣ ਗਈ ਹੈ। ਲੋਕ ਪੈਸਾ ਕਮਾਉਣ ਦੇ ਚੱਕਰ ਵਿੱਚ ਬੱਚਿਆਂ ਉੱਤੇ ਬਹੁਤ ਧਿਆਨ ਨਹੀਂ ਦੇ ਪਾ ਰਹੇ ਹਨ।''

ਤਸਵੀਰ ਸਰੋਤ, NATASHA BADHWAR
ਕਮਿਸ਼ਨ ਵੱਲੋਂ ਕੋਵਿਡ 'ਚ ਇੱਕ ਚਿੱਠੀ ਜਾਰੀ ਕੀਤੀ ਗਈ ਸੀ ਕਿ ਬੱਚਿਆਂ ਦੇ ਮੋਬਾਈਲ ਵਰਤੋਂ ਉੱਤੇ ਨਿਗਰਾਨੀ ਰੱਖੀ ਜਾਵੇ।
ਡਾ. ਸੁਚਿਤਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕਮਿਸ਼ਨ ਜਲਦੀ ਹੀ ਇੱਕ ਪੱਤਰ ਜਾਰੀ ਕਰੇਗਾ ਜਿਸ ਵਿੱਚ ਇਹ ਕਿਹਾ ਜਾਵੇਗਾ ਕਿ ਬੱਚਿਆਂ ਦੀ ਵਰਤੋਂ ਦਾ ਫ਼ੋਨ ਹੀ ਵੱਖਰਾ ਹੋਣਾ ਚਾਹੀਦਾ ਹੈ। ਉਸ ਵਿੱਚ ਸਿਰਫ਼ ਬੱਚਿਆਂ ਦੀ ਲੋੜ ਮੁਤਾਬਕ ਹੀ ਐਪਸ ਹੋਣ। ਬੱਚਿਆਂ ਦੇ ਪੜ੍ਹਨ ਲਈ ਚੰਗਾ ਸਾਹਿਤ ਅਪਲੋਡ ਹੋਵੇ।
ਹੁਣ ਇੱਕ ਮਸ਼ੀਨੀ ਯੁੱਗ ਆ ਗਿਆ ਹੈ ਤਾਂ ਜੇ ਇਸ ਉੱਤੇ ਧਿਆਨ ਨਹੀਂ ਦਿੱਤਾ ਤਾਂ ਅਜਿਹੀਆਂ ਕਈ ਘਟਨਾਵਾਂ ਹੁੰਦੀਆਂ ਰਹਿਣਗੀਆਂ। ਹੁਣ ਸੰਯੁਕਤ ਪਰਿਵਾਰ ਖ਼ਤਮ ਹੋ ਗਏ ਹਨ, ਕਹਾਣੀਆਂ ਕਹਿਣ ਵਾਲੇ ਲੋਕ ਹੀ ਨਹੀਂ ਬਚੇ ਹਨ।
ਰੋਕ ਟੋਕ ਉੱਤੇ ਨਰਾਜ਼ਗੀ ਜਤਾਉਂਦੇ ਹਨ ਬੱਚੇ
ਗ਼ਾਜ਼ੀਆਬਾਦ ਵਿੱਚ ਰਹਿਣ ਵਾਲੇ 19 ਸਾਲਾ ਆਕਾਸ਼ ਦਾ ਕਹਿਣਾ ਹੈ, ''ਪਬਜੀ ਗੇਮ 10-12 ਸਾਲ ਦੀ ਉਮਰ ਦੇ ਬੱਚਿਆਂ ਦੇ ਮੁਕਾਬਲੇ 17-18 ਸਾਲ ਦੇ ਬੱਚੇ ਜ਼ਿਆਦਾ ਖੇਡਦੇ ਹਨ। ਮੈਂ ਵੀ ਇਹ ਗੇਮ ਖੇਡਦਾ ਹਾਂ, ਇਸ ਗੇਮ ਦੀ ਖ਼ਾਮੀ ਇਹੀ ਹੈ ਕਿ ਜੇ ਗੇਮ ਖੇਡਦੇ ਸਮੇਂ ਕੋਈ ਰੋਕਦਾ ਹੈ ਤਾਂ ਮੈਨੂੰ ਗੁੱਸਾ ਆਉਂਦਾ ਹੈ।''

ਤਸਵੀਰ ਸਰੋਤ, Getty Images
ਯੂਪੀ ਜੁਵੇਨਾਇਲ ਜਸਟਿਸ ਦੇ ਅਸੇਸਮੈਂਟ ਪੈਨਲ ਦੀ ਮੈਂਬਰ ਅਤੇ ਮਨੋਵਿਗਿਆਨਕ ਡਾਕਟਰ ਨੇਹਾ ਆਨੰਦ ਕਹਿੰਦੇ ਹਨ, ''ਪਿਛਲੇ ਦੋ ਹਫ਼ਤਿਆਂ ਵਿੱਚ ਮੈਂ 20-25 ਬੱਚਿਆਂ ਦੀ ਕਾਊਂਸਲਿੰਗ ਕੀਤੀ, ਜਿਨ੍ਹਾਂ ਦੀ ਉਮਰ 11 ਤੋਂ 17 ਵਿਚਾਲੇ ਸੀ। ਇਨ੍ਹਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਲਤ ਸੀ ਭਾਵੇਂ ਉਹ ਮੋਬਾਈਲ ਦਾ ਹੋਵੇ ਜਾਂ ਕੈਫ਼ੇ ਜਾਣ ਦਾ ਜਾਂ ਫ਼ਿਰ ਗੱਡੀ ਚਲਾਉਣ ਦਾ। ਜੇ ਕੋਈ ਬੱਚਾ ਕਿਸੇ ਬੱਚੇ ਨੂੰ ਕੋਈ ਚੀਜ਼ ਲਏ ਹੋਏ ਦੇਖਦਾ ਹੈ ਤਾਂ ਉਹ ਉਸ ਨੂੰ ਲੈਣ ਦੀ ਇੱਛਾ ਰੱਖਦਾ ਹੈ ਅਤੇ ਜ਼ਿਦ ਕਰਦਾ ਹੈ ਕਿ ਸਾਨੂੰ ਵੀ ਚਾਹੀਦੀ ਹੈ।''
ਡਾ. ਨੇਹਾ ਕਹਿੰਦੇ ਹਨ, ''ਪਹਿਲਾਂ ਬੱਚਿਆਂ ਵਿੱਚ ਹਲੀਮੀ ਹੁੰਦੀ ਸੀ ਹੁੰਦੇ ਸਨ ਪਰ ਹੁਣ ਕਾਫ਼ੀ ਕੁਝ ਬਦਲ ਗਿਆ ਹੈ। ਬੱਚੇ ਬਹੁਤ ਹਿੰਸਕ ਸੁਭਾਅ ਦੇ ਹੋ ਗਏ ਹਨ। ਕੁੱਟ-ਮਾਰ, ਗੰਨ ਦੀ ਵਰਤੋਂ ਕਰਨਾ ਇਹ ਸਭ ਉਨ੍ਹਾਂ ਦੀ ਆਦਤ ਵਿੱਚ ਸ਼ਾਮਲ ਹੋ ਰਿਹਾ ਹੈ।''
ਉਨ੍ਹਾਂ ਮੁਤਾਬਕ ''ਇਸ ਏਜ ਗਰੁੱਪ ਵਿੱਚ ਜਦੋਂ ਕੋਈ ਰੋਕ ਟੋਕ ਨਹੀਂ ਆਉਂਦੀ ਤਾਂ ਬੱਚੇ ਉਸ ਨੂੰ ਮੈਨੇਜ ਨਹੀਂ ਕਰ ਪਾਉਂਦੇ। ਤਿੰਨ ਮੁੱਖ ਡਾਇਮੇਂਸ਼ਨ ਹਨ - ਬਾਓ, ਸਾਇਕੋ ਅਤੇ ਸੋਸ਼ਲ। ਪਹਿਲਾ ਜੇ ਅਸੀਂ ਬਾਇਓਲੌਜਿਕਲੀ ਸਮਝੀਏ ਤਾਂ ਜੇ ਕਿਸੇ ਬੱਚੇ ਦੀ ਕੋਈ ਇੱਛਾ ਪੂਰੀ ਨਹੀਂ ਹੁੰਦਾ ਤਾਂ ਪਲੇਜ਼ਰ ਰਿਲੀਫ਼ ਹੁੰਦਾ ਹੈ। ਜੋ ਮਾਪੇ ਆਪਣੇ ਬੱਚਿਆਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰ ਪਾਉਂਦੇ ਤਾਂ ਉਨ੍ਹਾਂ ਦਾ ਇਮੋਸ਼ਨ ਰਿਲੀਫ਼ ਨਹੀਂ ਹੁੰਦਾ।''
ਮੁੰਡਿਆਂ ਵਿੱਚ ਇੱਕ ਅਪੋਜ਼ਿਸ਼ਨਲ ਡਿਫ਼ਾਇਨ ਡਿਸਆਰਡਰ (ਓਡੀਡੀ) ਦੇ ਲੱਛਣ ਅੱਠ ਸਾਲ ਦੀ ਉਮਰ ਵਿੱਚ ਦਿਖਣੇ ਸ਼ੁਰੂ ਹੋ ਜਾਂਦੇ ਹਨ। ਉਦਾਹਰਣ ਦੇ ਤੌਰ 'ਤੇ ਜਿਵੇਂ ਤੁਸੀਂ ਕੁਝ ਬੋਲ ਰਹੇ ਹੋ ਤਾਂ ਬੱਚਾ ਉਸ ਦਾ ਵਿਰੋਧ ਕਰ ਰਿਹਾ ਹੈ, ਬੱਚਾ ਕਿਸੇ ਗੱਲ ਉੱਤੇ ਬਹੁਤ ਬਹਿਸ ਕਰਦਾ ਹੈ। ਇਸ ਤਰ੍ਹਾਂ ਦੇ ਬੱਚੇ ਬਹੁਤ ਗੁੱਸੇ ਵਾਲੇ ਹੁੰਦੇ ਹਨ। ਇਹ ਕਿਸੇ ਸੋਸ਼ਲ ਨਾਰਮ ਨੂੰ ਨਹੀਂ ਮੰਨਦੇ।
ਤੁਸੀਂ ਜੋ ਕਹੋਂਗੇ ਇਹ ਠੀਕ ਉਸਦਾ ਉਲਟਾ ਹੀ ਕਰਦੇ ਹਨ। ਇਹ ਤਾਂ ਕਾਮਨ ਡਿਸਆਰਡਰ ਹੈ। ਪਰ ਸ਼ੁਰੂਆਤੀ ਸਮੇਂ ਵਿੱਚ ਹੀ ਇਨ੍ਹਾਂ ਬੱਚਿਆਂ ਨੂੰ ਮਨੋਵਿਗਿਆਨੀ ਕੋਲ ਲਿਜਾਇਆ ਜਾ ਸਕਦਾ ਹੈ ਤਾਂ ਇਨ੍ਹਾਂ ਦੇ ਲੱਛਣਾਂ ਵਿੱਚ ਸੁਧਾਰ ਹੋ ਜਾਂਦਾ ਹੈ।
ਬੱਚਿਆਂ ਦੇ ਮਨ ਨੂੰ ਸਮਝਣ ਲਈ ਕੀ ਕਰੀਏ?
ਡਾਕਟਰ ਨੇਹਾ ਆਨੰਦ ਮੁਤਾਬਕ ਜਦੋਂ ਬੱਚੇ 8 ਸਾਲ ਦੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਸੁਪਰਵਿਜ਼ਨ ਦੀ ਲੋੜ ਹੁੰਦੀ ਹੈ। ਇਸ ਉਮਰ ਵਿੱਚ ਹਾਰਮੋਨਲ ਚੇਂਜ ਹੁੰਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਉਥਲ-ਪੁਥਲ ਚੱਲ ਰਹੀ ਹੁੰਦੀ ਹੈ।
ਇਸ ਉਮਰ ਵਿੱਚ ਬੱਚਿਆਂ ਲਈ ਐਡਜਸਟਮੈਂਟ ਦਾ ਮਾਮਲਾ ਹੁੰਦਾ ਹੈ। ਉਹ ਇਸ ਉਮਰ ਵਿੱਚ ਆਜ਼ਾਦੀ ਚਾਹੁੰਦੇ ਹਨ। ਜੇ ਸਮਾਂ ਰਹਿੰਦਿਆਂ ਬੱਚਿਆਂ ਦੀ ਕਾਊਂਸਲਿੰਗ ਨਹੀਂ ਕੀਤੀ ਗਈ ਤਾਂ ਮੁਸ਼ਕਲਾਂ ਹੋ ਸਕਦੀਆਂ ਹਨ।
ਬੱਚਿਆਂ ਨਾਲ ਹਰ ਰੋਜ਼ ਅੱਧਾ ਘੰਟਾ ਗੱਲ ਕਰਨਾ ਬਹੁਤ ਜ਼ਰੂਰੀ ਹੈ। ਕਿਹੜੀਆਂ ਚੀਜ਼ਾਂ ਉੱਤੇ ਬੱਚਾ ਕਿਸ ਤਰ੍ਹਾਂ ਪ੍ਰਤੀਕਿਰਿਆ ਦੇ ਰਿਹਾ ਹੈ ਇਸ ਉੱਤੇ ਨਜ਼ਰ ਰੱਖੋ। ਡੇਢ-ਦੋ ਘੰਟੇ ਤੋਂ ਜ਼ਿਆਦਾ ਦਿਨ ਵਿੱਚ ਫ਼ੋਨ ਦਾ ਇਸਤੇਮਾਲ ਨਾ ਕਰਨ ਦਿਓ।

ਤਸਵੀਰ ਸਰੋਤ, SPL
ਡਾ. ਨੇਹਾ ਦੱਸਦੇ ਹਨ ਕਿ ਇੱਕ ਰਿਸਰਚ ਮੁਤਾਬਕ ਬੱਚੇ 24 ਘੰਟੇ ਵਿੱਚ ਅੱਠ ਘੰਟੇ ਔਸਤਨ ਬੱਚੇ ਮੋਬਾਈਲ ਦਾ ਇਸਤੇਮਾਲ ਕਰਦੇ ਹਨ ਜੋ ਕਿ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਹੈ। ਬੱਚੇ ਇਸ ਉਮਰ 'ਚ ਸਭ ਕੁਝ ਟ੍ਰਾਈ ਕਰਨਾ ਚਾਹੁੰਦੇ ਹਨ।
ਡਾ. ਨੇਹਾ ਆਨੰਦ ਅੱਗੇ ਕਹਿੰਦੇ ਹਨ, ''ਇਸ ਕੇਸ ਨੂੰ ਜਿੰਨਾ ਮੈਂ ਸਮਝੀ ਹਾਂ ਉਸ ਹਿਸਾਬ ਨਾਲ ਬੱਚੇ ਨੂੰ ਆਪਣੀ ਮਾਂ ਨੂੰ ਮਾਰਨਾ ਨਹੀਂ ਸੀ, ਗੁੱਸਾ ਕੱਢਣਾ ਸੀ ਤਾਂ ਉਸ ਨੇ ਇੱਕੋ ਵੇਲੇ ਛੇ ਗੋਲੀਆਂ ਚਲਾਈਆਂ। ਮੈਨੂੰ ਅਜਿਹਾ ਵੀ ਲਗਦਾ ਹੈ ਕਿ ਇਹ ਬੱਚਾ ਲੰਬੇ ਸਮੇਂ ਤੋਂ ਨਿਰਾਸ਼ ਅਤੇ ਪਰੇਸ਼ਾਨ ਰਿਹਾ ਹੈ। ਪਛਾਣ ਦਾ ਵੀ ਸੰਕਟ ਸੀ, ਬੱਚੇ ਦੇ ਵਿਵਹਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇ ਜ਼ਿਦ ਕਰ ਰਿਹਾ ਹੈ ਤਾਂ ਕਿਸ ਹੱਦ ਤੱਕ ਕਰ ਰਿਹਾ ਹੈ, ਇਸ ਵਿੱਚ ਕੁਝ ਨਾ ਕੁਝ ਮਨੋਵਿਗਿਆਨਕ ਵਜ੍ਹਾ ਸੀ।''
ਆਪਣਾ ਤਜਰਬਾ ਸਾਂਝਾ ਕਰਦਿਆਂ ਡਾ. ਨੇਹਾ ਨੇ ਕਿਹਾ, ''ਹਾਲੇ ਤੱਕ ਅਸੀਂ ਜਿੰਨੀਆਂ ਵੀ ਕਾਊਂਸਲਿੰਗ ਕੀਤੀਆਂ ਹਨ ਉਸ ਵਿੱਚ ਇਹੀ ਸਾਹਮਣੇ ਆਇਆ ਕਿ 95 ਫੀਸਦੀ ਮਾਪੇ ਬੱਚਿਆਂ ਨੂੰ ਸੁਣਦੇ ਹੀ ਨਹੀਂ ਹਨ ਜਿਸ ਕਾਰਨ ਬੱਚਿਆਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਦਾ, ਜੋ ਬੱਚਿਆ ਲਈ ਬੇਹੱਦ ਘਾਤਕ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












