ਏਅਰ ਇੰਡੀਆ ਦੇ ਸਟਾਫ਼ ਨੇ ਫਲਾਈਟ 'ਤੇ ਨਹੀਂ ਚੜ੍ਹਨ ਦਿੱਤਾ ਤਾਂ ਮਹਿਲਾ ਨੂੰ ਆਇਆ ਪੈਨਿਕ ਅਟੈਕ- ਪ੍ਰੈੱਸ ਰਿਵੀਊ

ਏਅਰ ਇੰਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਤਿੰਨੇ ਯਾਤਰੀ ਗੇਟ ਬੰਦ ਹੋਣ ਤੋਂ ਬਾਅਦ ਪਹੁੰਚੇ ਸਨ ਅਤੇ ਦੇਰੀ ਨਾਲ ਪਹੁੰਚੇ ਇਨ੍ਹਾਂ ਤਿੰਨ ਯਾਤਰੀਆਂ ਲਈ ਉਹ ਫਲਾਈਟ ਨੂੰ ਦੇਰੀ ਨਾਲ ਨਹੀਂ ਉਡਾ ਸਕਦੇ ਸਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਏਅਰ ਇੰਡੀਆ ਦੁਆਰਾ ਇੱਕ ਮਹਿਲਾ ਯਾਤਰੀ ਨੂੰ ਕਥਿਤ ਤੌਰ 'ਤੇ ਫਲਾਈਟ 'ਤੇ ਨਾ ਚੜ੍ਹਨ ਦੇਣ ਤੋਂ ਬਾਅਦ ਮਹਿਲਾ ਦੀ ਸਿਹਤ ਵਿਗੜਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਮਾਮਲਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ਵਿੱਚ ਮਹਿਲਾ ਪੈਨਿਕ ਅਟੈਕ (ਸਦਮੇ ਕਾਰਨ ਅਟੈਕ ਆਉਣਾ) ਆਉਣ ਕਾਰਨ ਬੋਰਡਿੰਗ ਗੇਟ ਕੋਲ ਹੀ ਜ਼ਮੀਨ 'ਤੇ ਬੈਠੀ ਦਿਖਾਈ ਦੇ ਰਹੀ ਹੈ।

ਦਿ ਇਕਨਾਮਿਕਸ ਟਾਈਮਜ਼ ਦੀ ਖ਼ਬਰ ਮੁਤਾਬਕ, ਮਹਿਲਾ ਦੇ ਭਤੀਜੇ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸਦੇ ਨਾਲ ਹੀ ਪੋਸਟ ਵਿੱਚ ਲਿਖਿਆ ਹੈ ਉਨ੍ਹਾਂ ਨੂੰ ਸਿਕਿਓਰਿਟੀ ਚੈੱਕ-ਇਨ ਵਿੱਚ ਕੁਝ ਤਕਨੀਕੀ ਪਰੇਸ਼ਾਨੀ ਆ ਰਹੀ ਸੀ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਇੱਕ ਸ਼ੂਗਰ ਅਤੇ ਦਿਲ ਦਾ ਮਰੀਜ਼ (ਮਹਿਲਾ) ਵੀ ਸੀ।

ਮੁੰਡੇ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਏਅਰ ਇੰਡੀਆ ਦੇ ਸਟਾਫ ਤੋਂ ਚੈੱਕ ਇਨ ਵਿੱਚ ਸਹਾਇਤਾ ਮੰਗੀ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ''ਇਹ ਸਾਡਾ ਕੰਮ ਨਹੀਂ ਹੈ''।

ਮੁੰਡੇ ਨੇ ਅੱਗੇ ਦੱਸਿਆ ਕਿ ਚੈੱਕ ਇਨ ਕਰਨ ਤੋਂ ਬਾਅਦ ਉਨ੍ਹਾਂ ਨੇ ਸਟਾਫ ਨੂੰ ਸੂਚਿਤ ਕੀਤਾ ਕਿ ਉਹ ਗੇਟ 'ਤੇ 5 ਕੁ ਮਿੰਟ ਦੀ ਦੇਰੀ ਨਾਲ ਪਹੁੰਚ ਰਹੇ ਹਨ ਕਿਉਂਕਿ ਉਨ੍ਹਾਂ ਦੀ ਆਂਟੀ ਨੂੰ ਦਿਲ ਅਤੇ ਸ਼ੂਗਰ ਦੀ ਬਿਮਾਰੀ ਹੈ ਅਤੇ ਉਹ ਤੇਜ਼ ਨਹੀਂ ਦੌੜ ਸਕਦੇ।

''ਸਾਡੇ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਵੀ ਉਨ੍ਹਾਂ (ਸਟਾਫ) ਨੇ ਗੇਟ ਬੰਦ ਕਰ ਦਿੱਤਾ, ਸਾਡੇ ਨਾਲ ਕੁਝ ਹੋਰ ਯਾਤਰੀ ਵੀ ਮੌਜੂਦ ਸਨ। ਮੇਰੇ ਕਜ਼ਨ ਭਰਾ ਦਾ ਵਾਇਵਾ ਵੀ ਉਸੇ ਦਿਨ ਸੀ ਅਤੇ ਫਲੈਟ ਮਿਸ ਹੋਣ ਕਾਰਨ ਉਹ ਵਾਇਵਾ ਲਈ ਨਹੀਂ ਪਹੁੰਚ ਸਕਿਆ।''

ਉਨ੍ਹਾਂ ਦੱਸਿਆ, ''ਮੇਰੇ ਆਂਟੀ ਘਬਰਾ ਗਏ, ਉਨ੍ਹਾਂ ਨੂੰ ਪੈਨਿਕ ਅਟੈਕ ਆ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਪਏ। ਅਸੀਂ ਮੈਡੀਕਲ ਐਮਰਜੈਂਸੀ ਦੀ ਮੰਗ ਕੀਤੀ ਪਰ ਉਸ ਦੀ ਬਜਾਏ ਸਟਾਫ ਨੇ ਸਿਕਿਓਰਿਟੀ ਨੂੰ ਸੱਦਿਆ ਅਤੇ ਸਾਨੂੰ ਬਾਹਰ ਜਾਣ ਵਾਲੇ ਗੇਟ 'ਤੇ ਛੱਡਣ ਲਈ ਕਿਹਾ।

ਦੂਜੇ ਪਾਸੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਤਿੰਨੇ ਯਾਤਰੀ ਗੇਟ ਬੰਦ ਹੋਣ ਤੋਂ ਬਾਅਦ ਪਹੁੰਚੇ ਸਨ ਜਦਕਿ ਸਟਾਫ ਉਨ੍ਹਾਂ ਨੂੰ ਬੁਲਾਉਣ ਲਈ ਵਾਰ-ਵਾਰ ਕਾਲ ਕਰ ਰਿਹਾ ਸੀ।

ਉਨ੍ਹਾਂ ਕਿਹਾ ਕਿ ਮੈਡੀਕਲ ਸਹਾਇਤਾ ਵੀ ਤੁਰੰਤ ਬੁਲਾਈ ਗਈ ਸੀ ਪਰ ਮਹਿਲਾ ਬਿਹਤਰ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੇ ਵ੍ਹੀਲਚੇਅਰ ਆਦਿ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਦੇਰੀ ਨਾਲ ਪਹੁੰਚੇ ਇਨ੍ਹਾਂ ਤਿੰਨ ਯਾਤਰੀਆਂ ਲਈ ਉਹ ਫਲਾਈਟ ਨੂੰ ਦੇਰੀ ਨਾਲ ਨਹੀਂ ਉਡਾ ਸਕਦੇ ਸਨ।

ਇਹ ਵੀ ਪੜ੍ਹੋ:

ਲੈਂਸੇਟ ਸੱਟਡੀ: ਗੰਭੀਰ ਕੋਵਿਡ ਮਰੀਜ਼ਾਂ ਵਿੱਚ ਕੁਝ ਲੱਛਣ 2 ਸਾਲਾਂ ਤੱਕ ਨਜ਼ਰ ਆ ਸਕਦੇ ਹਨ

ਕੋਵਿਡ -19 ਕਾਰਨ ਹਸਪਤਾਲ 'ਚ ਦਾਖਲ ਹੋਏ ਘੱਟੋ-ਘੱਟ ਅੱਧੇ ਲੋਕਾਂ ਵਿੱਚ 2 ਸਾਲ ਬਾਅਦ ਵੀ ਲਾਗ ਦੇ ਵਧੇਰੇ ਲੱਛਣ ਨਜ਼ਰ ਆ ਰਹੇ ਹਨ।

ਲੈਂਸੇਟ ਰੈਸਪੀਰੇਟਰੀ ਮੈਡੀਸਨ ਵਿੱਚ ਮੰਗਲਵਾਰ ਨੂੰ ਇੱਕ ਸਟਡੀ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਕਿ ਚੀਨ ਦੇ ਮਰੀਜ਼ਾਂ 'ਤੇ ਅਧਾਰਿਤ ਹੈ, ਜਿੱਥੇ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਇਹ ਸਟਡੀ ਕੋਵਿਡ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੰਦੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਸਟਡੀ ਦੇ ਮੁੱਖ ਲੇਖਕ ਅਤੇ ਚੀਨ ਵਿੱਚ ਚਾਈਨਾ-ਜਾਪਾਨ ਫ੍ਰੈਂਡਸ਼ਿਪ ਹਸਪਤਾਲ ਦੇ ਪ੍ਰੋਫੈਸਰ ਬਿਨ ਕਾਓ ਨੇ ਇੱਕ ਬਿਆਨ ਵਿੱਚ ਕਿਹਾ, ''ਸਾਡੀ ਖੋਜ ਵਿੱਚ ਪਾਇਆ ਗਿਆ ਹੈ ਕਿ ਕੋਵਿਡ - 19 ਕਾਰਨ ਹਸਪਤਾਲ 'ਚ ਦਾਖਲ ਹੋਏ ਅਤੇ ਠੀਕ ਹੋਏ ਲੋਕ, ਫਿਰ ਭਾਵੇਂ ਉਹ ਸ਼ੁਰੂਆਤ ਵਿੱਚ ਹੀ ਠੀਕ ਹੋ ਗਏ ਹੋਣ, ਅਜਿਹੇ ਲੋਕਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 2 ਸਾਲ ਦਾ ਸਮਾਂ ਚਾਹੀਦਾ ਹੈ।''

ਕੋਵਿਡ -19

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਭ ਤੋਂ ਪਹਿਲਾਂ ਚੀਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ।

ਉਨ੍ਹਾਂ ਅੱਗੇ ਕਿਹਾ, ''ਕੋਵਿਡ-19 ਤੋਂ ਠੀਕ ਹੋਏ ਲੋਕਾਂ, ਖਾਸ ਤੌਰ 'ਤੇ ਲੰਬੇ ਕੋਵਿਡ ਦੇ ਲੱਛਣਾਂ ਵਾਲੇ ਲੋਕਾਂ ਦੀ ਲਗਾਤਾਰ ਫਾਲੋ-ਅਪ ਅਤੇ ਬਿਮਾਰੀ ਦੇ ਲੰਬੇ ਕੋਰਸ ਨੂੰ ਸਮਝਣਾ ਜ਼ਰੂਰੀ ਹੈ।''

ਖੋਜਕਰਤਾਵਾਂ ਨੇ ਪਾਇਆ ਕਿ ਆਮ ਮਰੀਜ਼ਾਂ ਦੇ ਮੁਕਾਬਲੇ ਕੋਵਿਡ ਤੋਂ ਠੀਕ ਹੋਏ ਮਰੀਜ਼ਾਂ ਵਿੱਚ ਠੀਕ ਹੋਣ ਦੀ ਪ੍ਰਕਿਰਿਆ ਹੌਲੀ ਹੈ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਆਉਂਦੀਆਂ ਹਨ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਥਕਾਵਟ, ਸਾਂਹ ਲੈਣ 'ਚ ਪਰੇਸ਼ਾਨੀ ਅਤੇ ਨੀਂਦ ਸਬੰਧੀ ਸਮੱਸਿਆਵਾਂ ਹਨ।

ਕਣਕ ਦੀ ਉਪਜ ਘਟੀ, ਮਾਹਰਾਂ ਨੇ ਦਿੱਤੀ ਇਹ ਰਾਇ

ਜ਼ਿਆਦਾ ਤਾਪਮਾਨ ਅਤੇ ਸਮੇਂ ਤੋਂ ਪਹਿਲਾਂ ਗਰਮੀ ਪੈਣ ਨਾਲ ਇਸ ਵਾਰ ਕਣਕ ਦੀ ਫਸਲ ਬਹੁਤ ਪ੍ਰਭਾਵਿਤ ਹੋਈ ਹੈ ਅਤੇ ਉਪਜ ਵੀ ਘੱਟ ਹੋਈ ਹੈ। ਜਿਸ ਕਾਰਨ ਕਣਕ ਦੇ ਆਟੇ ਨਾਲ ਬਣਨ ਵਾਲੇ ਸਾਮਾਨ ਜਿਵੇਂ ਕਿ ਬ੍ਰੈੱਡ, ਰਸ, ਬਿਸਕਿਟ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਮਾਹਰਾਂ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਬਰਾਮਦਗੀ ਦੀ ਸੀਮਾ ਨਿਰਧਾਰਿਤ ਕੀਤੀ ਜਾਵੇ।

ਕਣਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚਾਰ ਸਾਲਾਂ 'ਚ ਕਣਕ ਦੀਆਂ ਕੀਮਤਾਂ 'ਚ 9 ਫੀਸਦੀ ਵਾਧਾ ਹੋਇਆ ਹੈ ਜਦਕਿ ਆਟੇ ਦੀਆਂ ਕੀਮਤਾਂ 'ਚ 42 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਖੇਤੀ ਮਾਹਰ ਅਤੇ ਯੂਪੀ ਪਲੈਨਿੰਗ ਕਮਿਸ਼ਨ ਦੇ ਸਾਬਕਾ ਮੈਂਬਰ ਸੁਧੀਰ ਪੰਵਾਰ ਦਾ ਕਹਿਣਾ ਹੈ ਕਿ ''ਵਧ ਰਹੀਆਂ ਕੀਮਤਾਂ ਨੂੰ ਜਾਂਚਣ ਲਈ ਸਰਕਾਰ ਕੋਲ ਕੋਈ ਤਰੀਕਾ ਨਹੀਂ ਹੈ। ਉਪਜ ਘਟੀ ਹੈ ਅਤੇ ਅਗਲੇ ਸੈਸ਼ਨ ਤੱਕ ਕੋਈ ਖਰੀਦ ਨਹੀਂ ਹੋਵੇਗੀ। ਇਹ ਸਭ ਦਰਾਮਦਗੀ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।''

ਦਰਆਮਦਗੀ 'ਤੇ ਕੈਪ (ਇੱਕ ਸੀਮਾ) ਲਗਾਉਣ ਦਾ ਸੁਝਾਅ ਦਿੰਦੇ ਹੋਏ ਖੇਤੀ ਨੀਤੀ ਮਾਹਿਰ ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਚਾਰ ਸਾਲਾਂ 'ਚ ਕਣਕ ਦੀਆਂ ਕੀਮਤਾਂ 'ਚ 9 ਫੀਸਦੀ ਵਾਧਾ ਹੋਇਆ ਹੈ ਜਦਕਿ ਆਟੇ ਦੀਆਂ ਕੀਮਤਾਂ 'ਚ 42 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।

ਉਨ੍ਹਾਂ ਚੇਤਾਵਨੀ ਦਿੱਤੀ ਕਿ ''ਦਰਾਮਦਗੀ 'ਤੇ 12 ਮੀਟਰਕ ਟਨ ਦੀ ਉਪਰਲੀ ਕੈਪ ਹੋਣੀ ਚਾਹੀਦੀ ਹੈ। ਭਾਰਤ ਨੂੰ ਅਜਿਹੀ ਸਥਿਤੀ ਵਿੱਚ ਨਹੀਂ ਪੈਣਾ ਚਾਹੀਦਾ ਜਿੱਥੇ ਇਸਦਾ ਭੰਡਾਰ ਖਤਮ ਹੋ ਗਿਆ ਹੋਵੇ।''

ਯੂਕਰੇਨ ਵਿੱਚ ਜੰਗ ਦੇ ਚੱਲਦਿਆਂ, ਭਾਰਤ ਸਾਲ 2022-23 ਵਿੱਚ ਆਪਣੀ ਦਰਾਮਦਗੀ ਵਧ ਕੇ 21 ਮੀਟਰਕ ਟਨ ਕਰਨ ਦੀ ਸੋਚ ਰਿਹਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)