ਸੁਖਬੀਰ ਬਾਦਲ : ਜਦੋਂ ਵਿਧਾਨ ਸਭਾ ਵਿੱਚ ਅਕਾਲੀ ਪ੍ਰਧਾਨ ਦੇ ਅੰਮ੍ਰਿਤਧਾਰੀ ਹੋਣ ਉੱਤੇ ਸਵਾਲ ਚੁੱਕਿਆ ਗਿਆ ਸੀ

ਸੁਖਬੀਰ ਸਿਂਘ ਬਾਦਲ

ਤਸਵੀਰ ਸਰੋਤ, Sanjeev Sharma/Hindustan Times Via Getty Images

ਤਸਵੀਰ ਕੈਪਸ਼ਨ, ਸੁਖਬੀਰ ਬਾਦਲ ਦਾ ਜਨਮ 9 ਜੁਲਾਈ 1962 ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ।
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਹਨ।

ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸੁਖਬੀਰ ਸਿੰਘ ਬਾਦਲ 2008 ਤੋਂ ਪਾਰਟੀ ਦੇ ਪ੍ਰਧਾਨ ਚੱਲੇ ਆ ਰਹੇ ਹਨ। ਉਹ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨ ਬਣਨ ਵਾਲੇ ਆਗੂ ਹਨ।

ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਉਹ ਪਾਰਟੀ ਦੀ ਅਗਵਾਈ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਸੁਖਬੀਰ ਸਿੰਘ ਬਾਦਲ ਹੀ ਹਨ।

ਸੁਖਬੀਰ ਬਾਦਲ ਦਾ ਜਨਮ 9 ਜੁਲਾਈ 1962 ਨੂੰ ਪ੍ਰਕਾਸ਼ ਸਿੰਘ ਬਾਦਲ ਅਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਲੰਬਾ ਸਮਾਂ ਪ੍ਰਧਾਨ ਰਹੇ ਹਨ ਅਤੇ ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ।

ਇਸ ਵੇਲੇ ਉਨ੍ਹਾਂ ਦੀ ਉਮਰ 94 ਸਾਲ ਹੈ ਅਤੇ ਉਹ ਆਪਣੇ ਜੱਦੀ ਹਲਕੇ ਲੰਬੀ ਤੋਂ ਚੋਣ ਮੈਦਾਨ ਵਿੱਚ ਹਨ। ਉਹ ਪੰਜਾਬ ਵਿੱਚ ਸਭ ਤੋਂ ਬਜ਼ੁਰਗ ਉਮੀਦਵਾਰ ਹਨ।

ਇਹ ਵੀ ਪੜ੍ਹੋ:

ਬਾਦਲ ਪਿੰਡ ਤੋਂ ਲੌਸ ਏਂਜਲਸ

ਸੁਖਬੀਰ ਸਿੰਘ ਬਾਦਲ ਨੇ ਇੱਕ ਟੀਵੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਬਾਦਲ ਦੇ ਸਰਕਾਰੀ ਸਕੂਲ ਤੋਂ ਕੀਤੀ।

ਕਰੀਬ ਡੇਢ ਸਾਲ ਬਾਅਦ ਉਹ ਡੱਬਵਾਲੀ ਦੇ ਰਾਜਾਰਾਮ ਸਕੂਲ ਵਿੱਚ ਜਾਣ ਲੱਗ ਪਏ, ਉੱਥੇ ਵੀ ਇੱਕ ਸਾਲ ਪੜ੍ਹਨ ਤੋਂ ਬਾਅਦ ਉਹ ਬਠਿੰਡਾ ਕੌਨਵੈਂਟ ਬੋਰਡਿੰਗ ਸਕੂਲ ਵਿੱਚ 2 ਸਾਲ ਪੜ੍ਹੇ।

ਸੁਖਬੀਰ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲੀ ਪੜ੍ਹਾਈ ਦੇਹਰਾਦੂਨ ਅਤੇ ਲਾਰੈਂਸ ਸਕੂਲ ਸਨਾਵਰ ਵਿੱਚ ਪੂਰੀ ਕੀਤੀ।

ਆਪਣੀਆਂ ਸਕੂਲੀ ਯਾਦਾਂ ਬਾਰੇ ਗੱਲ ਕਰਦਿਆਂ ਸੁਖਬੀਰ ਕਹਿੰਦੇ ਹਨ, ''ਬੋਰਡਿੰਗ ਸਕੂਲ ਵਿੱਚ ਜਾਣਾ ਉਨ੍ਹਾਂ ਲਈ ਕਾਫ਼ੀ ਔਖਾ ਫ਼ੈਸਲਾ ਸੀ ਪਰ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਬੋਰਡਿੰਗ ਸਕੂਲ ਭੇਜਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਜ਼ਿੰਦਗੀ ਦਾ ਅਨੁਸ਼ਾਸ਼ਨ ਸਿਖਾਉਂਦਾ ਹੈ, ਜੋ ਬੱਚਾ ਘਰ ਮਾਪਿਆਂ ਨਾਲ ਰਹਿ ਕੇ ਨਹੀਂ ਸਿੱਖਦਾ।''

ਸੁਖਬੀਰ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਿਆਦਾ ਸੁਰ ਮਾਤਾ ਨਾਲ ਮਿਲਦੀ ਸੀ, ਕਿਉਂਕਿ ਪਿਤਾ ਤਾਂ ਸਿਆਸੀ ਗਤੀਵਿਧੀਆਂ ਅਤੇ ਜੇਲ੍ਹ ਯਾਤਰਾਵਾਂ ਉੱਤੇ ਰਹਿੰਦੇ ਸਨ। ਇਸ ਲਈ ਦੇਖ-ਭਾਲ ਅਤੇ ਪੜ੍ਹਾਈ ਦਾ ਪੂਰਾ ਖ਼ਿਆਲ ਮਾਤਾ ਹੀ ਰੱਖਦੇ ਸਨ।

ਸੁਖਬੀਰ ਬਾਦਲ ਨੇ ਪੋਸਟ ਗਰੈਜੂਏਟ ਡਿਗਰੀ (1980-1984) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਉਪਰੰਤ ਉਹ ਪੜ੍ਹਨ ਲਈ ਅਮਰੀਕਾ ਚਲੇ ਗਏ।

ਸੁਖਬੀਰ ਦੱਸਦੇ ਹਨ ਕਿ ਉਹ ਬੀਏ ਤੋਂ ਬਾਅਦ ਖੇਤੀ ਕਰਨਾ ਚਾਹੁੰਦੇ ਸਨ, ਪਰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ।

ਪਿਤਾ ਦੇ ਸਮਝਾਉਣ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਐੱਮਏ ਅਰਥ ਸਾਸ਼ਤਰ ਪੂਰੀ ਕੀਤੀ ਸਗੋਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਲੌਸ ਏਂਜਲਸ ਤੋਂ ਐੱਮਬੀਏ ਦੀ ਡਿਗਰੀ ਹਾਸਲ ਕੀਤੀ।

ਵੀਡੀਓ ਕੈਪਸ਼ਨ, ਪੰਜਾਬ ਚੋਣਾਂ: ਮਜੀਠਾ ਹਲਕੇ ਦੀਆਂ ਔਰਤਾਂ ਨੂੰ ਗਨੀਵ ਕੌਰ ਕੋਲੋਂ ਕੀ ਹੈ ਆਸ

ਪਿਤਾ ਨਾਲ ਅੰਗਰੇਜ਼ੀ 'ਚ ਗੱਲ ਕਰਨੀ ਪੈਂਦੀ

ਸੁਖਬੀਰ ਦੱਸਦੇ ਹਨ ਕਿ ਜਦੋਂ ਉਹ ਬੋਰਡਿੰਗ ਸਕੂਲ ਤੋਂ ਘਰ ਆਉਂਦੇ ਸਨ ਤਾਂ ਪਿਤਾ ਪ੍ਰਕਾਸ਼ ਸਿੰਘ ਬਾਦਲ ਕਿਸੇ ਨਾ ਕਿਸੇ ਜੇਲ੍ਹ ਵਿੱਚ ਹੁੰਦੇ ਸਨ। ਸਕੂਲ ਵਿੱਚ ਵੀ ਕਈ ਵਾਰ ਬੱਚੇ ਸਵਾਲ ਕਰਦੇ ਰਹਿੰਦੇ ਸਨ ਕਿ ਤੁਹਾਡੇ ਪਿਤਾ ਜੇਲ੍ਹ ਵਿਚ ਕਿਉਂ ਹਨ, ਉਦੋਂ ਉਨ੍ਹਾਂ ਨੂੰ ਸਿਆਸੀ ਕਾਰਨਾਂ ਕਰਕੇ ਹੁੰਦੀਆਂ ਜੇਲ੍ਹਾਂ ਬਾਰੇ ਪਤਾ ਨਹੀਂ ਹੁੰਦਾ ਸੀ।

ਸੁਖਬੀਰ ਬਾਦਲ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਦੇ ਹਨ ਕਿ ਇੱਕ ਵਾਰ ਉਹ ਘਰ ਆਏ।

ਉਨ੍ਹਾਂ ਦੇ ਪਰਿਵਾਰ ਨੇ ਉਦੋਂ ਦੇ ਸੀਨੀਅਰ ਆਗੂ ਜੌਰਜ ਫਰਨਾਂਡੇਜ਼ ਨੂੰ ਕੋਇੰਬਟੂਰ ਜੇਲ੍ਹ ਵਿੱਚ ਜਾਣ ਸਮੇਂ ਕੋਈ ਸਥਾਨਕ ਪੱਧਰ ਉੱਤੇ ਜਾਣਕਾਰ ਵਿਅਕਤੀ ਦਾ ਪ੍ਰਬੰਧ ਕਰਨ ਲਈ ਕਿਹਾ।

ਸੁਖਬੀਰ ਦੱਸਦੇ ਹਨ, ''ਅਸੀਂ ਏਅਰ ਪੋਰਟ ਤੋਂ ਹੋਟਲ ਪਹੁੰਚੇ ਤਾਂ ਸਾਨੂੰ ਰਿਸੀਵ ਕਰਨ ਵਾਲਾ ਵਿਅਕਤੀ ਰੂਪੋਸ਼ ਹੋ ਗਿਆ, ਅਸੀਂ ਪਤਾ ਕੀਤਾ ਤਾਂ ਦੱਸਿਆ ਗਿਆ ਕਿ ਉਸ ਨੂੰ ਪੁਲਿਸ ਨੇ ਰੋਕ ਦਿੱਤਾ।''

''ਹੋਟਲ ਤੋਂ ਜੇਲ੍ਹ ਜਾਣ ਲਈ ਜੋ ਟੈਕਸੀ ਕੀਤੀ ਉਸ ਦੇ ਡਰਾਇਵਰ ਨੂੰ ਪੁਲਿਸ ਨੇ ਘੇਰ ਲਿਆ।''

ਸੁਖਬੀਰ ਅੱਗੇ ਦੱਸਦੇ ਹਨ, ''ਪੁਲਿਸ ਇੰਝ ਵਿਹਾਰ ਕਰਦੀ ਸੀ ਜਿਵੇਂ ਅੱਤਵਾਦੀਆਂ ਨਾਲ ਕੀਤਾ ਜਾਂਦਾ ਸੀ। ਅਸੀਂ ਤਿੰਨ-ਤਿੰਨ ਘੰਟੇ ਜੇਲ੍ਹ ਦੇ ਬਾਹਰ ਬੈਠੇ ਰਹਿੰਦੇ ਸੀ।''

''ਜਦੋਂ ਅੱਧੇ ਘੰਟੇ ਲਈ ਗੱਲਬਾਤ ਕਰਨ ਦਿੰਦੇ ਤਾਂ ਜੇਲ੍ਹਰ ਆਪ ਕੋਲ ਬੈਠਦਾ ਸੀ ਅਤੇ ਪੰਜਾਬੀ ਵਿੱਚ ਗੱਲ ਕਰਨ ਤੋਂ ਰੋਕ ਦਿੰਦਾ ਸੀ। ਅੰਗਰੇਜ਼ੀ ਜਾਂ ਮਾੜ੍ਹੀ-ਮੋਟੀ ਹਿੰਦੀ ਵਿੱਚ ਹੀ ਗੱਲ ਕਰਨ ਦਿੰਦੇ ਸਨ।''

ਬਿਕਰਮ ਮਜੀਠੀਆ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਕਰਮ ਮਜੀਠੀਆ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ

ਸੁਖਬੀਰ ਮੁਤਾਬਕ ਇਸ ਸਮੇਂ ਦੌਰਾਨ ਭਾਰਤ ਵਿੱਚ ਇੰਦਰਾ ਗਾਂਧੀ ਦੀਆਂ ਸਰਕਾਰਾਂ ਹੁੰਦੀਆਂ ਸਨ, ਉਹ ਕਈ ਤਰ੍ਹਾਂ ਦੇ ਮੁਕੱਦਮਿਆਂ ਰਾਹੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ।

''ਪਿਤਾ ਜੇਲ੍ਹ ਵਿੱਚ ਹੁੰਦੇ ਅਤੇ ਮਾਤਾ ਆਪਣੇ ਘਰ-ਖੇਤੀ ਅਤੇ ਮੁਕੱਦਮਿਆਂ ਵਿੱਚ ਉਲਝੀ ਰਹਿੰਦੀ ਸੀ।''

ਸੁਖਬੀਰ ਬਾਦਲ ਵਿਦੇਸ਼ ਪੜ੍ਹਨ ਗਏ ਤਾਂ ਉਦੋਂ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਤੋਂ ਬਾਹਰ ਸਨ। ਉਹ ਉਨ੍ਹਾਂ ਨੂੰ ਏਅਰਪੋਰਟ ਜਹਾਜ਼ ਚੜ੍ਹਾਉਣ ਗਏ ਸਨ।

ਸੁਖਬੀਰ ਦੱਸਦੇ ਹਨ, ''ਪੂਰੇ ਰਾਹ ਬਾਦਲ ਸਾਹਿਬ ਨੇ ਕੁਝ ਨਹੀਂ ਕਿਹਾ, ਜਦੋਂ ਮੈਂ ਮੱਥਾ ਟੇਕ ਕੇ ਏਅਰਪੋਰਟ ਜਾਣ ਲੱਗਾ ਤਾਂ ਉਨ੍ਹਾਂ ਕਿਹਾ, 'ਕਾਕਾ, ਗੱਲ ਸੁਣੀਂ .. ਬਾਹਰ ਜਾ ਕੇ ਵਾਲ ਨਾ ਕਟਾਈਂ।''

ਉਨ੍ਹਾਂ, ਪਿਤਾ ਦੇ ਇਸ ਸਬਕ ਨੂੰ ਪੂਰੀ ਸਿਦਕ ਨਾਲ ਨਿਭਾਇਆ, ਪੜ੍ਹਾਈ ਦੌਰਾਨ ਉਨ੍ਹਾਂ ਸਿਆਸਤ ਵਿੱਚ ਹਿੱਸਾ ਨਹੀਂ ਲਿਆ ਅਤੇ ਉਹ ਕਾਫ਼ੀ ਸਾਧਾਰਨ ਤਰੀਕੇ ਨਾਲ ਹੀ ਰਹਿੰਦੇ ਸਨ।

ਸੁਖਬੀਰ ਬਾਦਲ ਦੇ ਸ਼ੌਕ

ਸੁਖਬੀਰ ਨੂੰ ਬਚਪਨ ਤੋਂ ਹੀ ਬੁੱਤਸਾਜ਼ੀ ਦਾ ਸ਼ੌਕ ਸੀ, ਉਨ੍ਹਾਂ ਬਾਰਵੀਂ ਵਿੱਚ ਇਸ ਨੂੰ ਵਿਸ਼ੇ ਵਜੋਂ ਪੜ੍ਹਿਆ ਵੀ।

ਆਪਣੇ ਇਸ ਸ਼ੌਕ ਨੂੰ ਹੋਰ ਹੁਲਾਰਾ ਦੇਣ ਲਈ ਉਨ੍ਹਾਂ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਦੇ ਨਾਲ-ਨਾਲ ਚੰਡੀਗੜ੍ਹ ਦੇ ਕਾਲਜ ਆਫ਼ ਆਰਟ ਵਿੱਚ ਦਾਖਲਾ ਲਿਆ ਅਤੇ ਸ਼ਾਮ ਨੂੰ ਉੱਥੇ ਕਲਾਸ ਲਾਉਣ ਜਾਂਦੇ ਸਨ।

ਸੁਖਬੀਰ ਦੱਸਦੇ ਹਨ ਕਿ ਉਨ੍ਹਾਂ ਬੁੱਤਸਾਜ਼ੀ ਵਿੱਚ ਕਈ ਮੁਕਾਬਲੇ ਵੀ ਜਿੱਤੇ ਅਤੇ ਲਾਰੈਂਸ ਸਕੂਲ ਸਨਾਵਰ ਵਿੱਚ ਅਜੇ ਵੀ ਉਨ੍ਹਾਂ ਦੇ ਬਣਾਏ ਕਈ ਬੁੱਤ ਲੱਗੇ ਹੋਏ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਨਿਸ਼ਾਨੇਬਾਜ਼ੀ ਦਾ ਵੀ ਸ਼ੌਕ ਸੀ ਅਤੇ ਉਨ੍ਹਾਂ ਉੱਤਰੀ ਭਾਰਤ ਦੇ ਮੁਕਾਬਲੇ ਵਿੱਚ ਤਮਗਾ ਵੀ ਜਿੱਤਿਆ।

ਸੁਖਬੀਰ ਸਕੂਲ ਦੀ ਟੀਮ ਦੇ ਭੰਗੜੇ ਦੇ ਕੈਪਟਨ ਵੀ ਰਹੇ ਅਤੇ ਉਹ ਭੰਗੜੇ ਦੀ ਟੀਮ ਦੇ ਮੈਂਬਰ ਵਜੋਂ ਭਾਰਤ ਦੀ ਨੁਮਾਇੰਦਗੀ ਇੰਗਲੈਂਡ ਵਿੱਚ ਵੀ ਕਰਕੇ ਆਏ ਸਨ।

ਸੁਖਬੀਰ ਬਾਦਲ ਦੇ ਪਤਨੀ ਹਰਸਿਮਰਤ ਕੌਰ ਬਾਦਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਸੁਖ਼ਬੀਰ ਬਾਦਲ ਖਾਣ-ਪੀਣ ਦੇ ਕਾਫ਼ੀ ਸ਼ੌਕੀਨ ਹਨ।

ਉਹ ਘਰ ਵਿੱਚ ਬਣਾਈ ਮੈਂਗੋ ਆਈਸਕ੍ਰੀਮ ਅਤੇ ਪੀਜ਼ਾ ਕਾਫ਼ੀ ਚਾਅ ਨਾਲ ਖਾਂਦੇ ਹਨ।

ਫਿੱਟ ਰਹਿਣ ਲਈ ਕੋਸ਼ਿਸ਼ ਕਰਨ ਬਾਰੇ ਸੁਖਬੀਰ ਕਹਿੰਦੇ ਹਨ ਕਿ ਸਿਆਸੀ ਰੁਝੇਵਿਆਂ ਵਿੱਚ ਸਮਾਂ ਹੀ ਨਹੀਂ ਮਿਲਦਾ।

ਸੁਖਬੀਰ ਬਾਦਲ ਆਪ ਦੱਸਦੇ ਹਨ ਕਿ ਉਨ੍ਹਾਂ ਦੀ ਰੂਚੀ ਸਿਆਸਤ ਵਿੱਚ ਬਿਲਕੁੱਲ ਨਹੀਂ ਸੀ। ਉਹ ਆਪਣਾ ਭਵਿੱਖ਼ ਖੇਤੀ ਕਰਨ ਜਾਂ ਕਾਰੋਬਾਰੀ ਵਜੋਂ ਦੇਖਦੇ ਸਨ।

ਉਨ੍ਹਾਂ ਅਮਰੀਕਾ ਵਿੱਚ ਨੌਕਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਪਰ 6 ਕੂ ਮਹੀਨੇ ਬਾਅਦ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ।

ਇੱਥੇ ਆ ਕੇ ਵੀ ਉਨ੍ਹਾਂ ਪੰਚਕੂਲਾ ਵਿੱਚ ਆਈਸ਼ਰ ਟਰੈਕਟਰਜ਼ ਲਈ ਪੁਰਜ਼ੇ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਸੀ। ਪਰ ਉਹ ਕੰਪਨੀ ਫੇਲ੍ਹ ਹੋ ਗਈ।

ਇਸ ਤੋਂ ਬਾਅਦ ਉਨ੍ਹਾਂ ਟੂਰਿਜ਼ਮ ਇੰਡਸਟਰੀ ਵਿੱਚ ਕੰਮ ਸ਼ੁਰੂ ਕੀਤਾ ਪਰ ਇਸ ਦੌਰਾਨ ਚੋਣਾਂ ਦੌਰਾਨ ਪਰਿਵਾਰਕ ਮੈਂਬਰਾਂ ਲਈ ਛੋਟੀਆਂ-ਛੋਟੀਆਂ ਬੈਠਕਾਂ ਕਰਦਿਆਂ ਉਹ ਵੀ ਸਿਆਸਤ ਦੀ ਗੇੜ ਵਿੱਚ ਆ ਹੀ ਗਏ।

ਸੁਖਬੀਰ ਬਾਦਲ ਦਾ ਪਰਿਵਾਰ

ਸੁਖਬੀਰ ਬਾਦਲ ਨੇ ਪੰਜਾਬ ਦੇ ਸਿਰਕੱਢ ਤੇ ਰਵਾਇਤੀ ਕਾਂਗਰਸੀ ਮਜੀਠੀਆ ਪਰਿਵਾਰ ਦੀ ਧੀ ਹਰਸਿਮਰਤ ਕੌਰ ਬਾਦਲ ਨਾਲ ਵਿਆਹ ਕਰਵਾਇਆ।

ਸੁਖਬੀਰ ਬਾਦਲ ਮੁਤਾਬਕ ਇਹ ਮਾਪਿਆਂ ਦੀ ਮਰਜ਼ੀ ਨਾਲ ਅਰੇਂਜ਼ ਮੈਰਿਜ ਸੀ।

ਹਰਸਿਮਰਤ ਕੌਰ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਸਿਮਰਤ ਕੌਰ ਬਾਦਲ

ਉਨ੍ਹਾਂ ਮੁਤਾਬਕ ਹਰਸਿਮਰਤ ਕੌਰ ਬਾਦਲ ਬਹੁਤ ਹੀ ਧਾਰਮਿਕ ਮਤ ਅਤੇ ਰੱਬ ਉੱਤੇ ਅਟੁੱਟ ਭਰੋਸਾ ਕਰਨ ਵਾਲੇ ਹਨ।

ਉਨ੍ਹਾਂ ਦੇ ਘਰ ਲਗਾਤਾਰ ਅਖੰਡ ਪਾਠ ਚੱਲਦੇ ਹਨ ਅਤੇ ਹਰ 6 ਦਿਨਾਂ ਵਿੱਚ ਦੋ ਅਖੰਡ ਪਾਠਾਂ ਦੇ ਭੋਗ ਪੈਂਦੇ ਹਨ। ਇਹ ਸਾਰਾ ਮਾਹੌਲ ਹਰਸਿਮਰਤ ਕੌਰ ਨੇ ਸਿਰਜਿਆ ਹੈ।

ਸੁਖਬੀਰ ਦੀਆਂ ਦੋ ਬੇਟੀਆਂ ਹਰਕੀਰਤ ਕੌਰ, ਹਰਲੀਨ ਹਨ ਅਤੇ ਇੱਕ ਬੇਟਾ ਅਨੰਤਬੀਰ ਸਿੰਘ ਹੈ।

ਸੁਖ਼ਬੀਰ ਮੁਤਾਬਕ ਬੱਚਿਆਂ ਦੇ ਸਿਆਸਤ ਵਿੱਚ ਆਉਣ ਦਾ ਅਜੇ ਕੋਈ ਵਿਚਾਰ ਨਹੀਂ ਹੈ। ਪਰ ਇਹ ਫ਼ੈਸਲਾ ਉਨ੍ਹਾਂ ਨੇ ਹੀ ਲੈਣਾ ਹੈ।

ਸੁਖਬੀਰ ਦੇ ਬੱਚੇ ਚੋਣਾਂ ਦੌਰਾਨ ਕਿਤੇ-ਕਿਤੇ ਆਪਣੇ ਮਾਤਾ-ਪਿਤਾ ਲਈ ਚੋਣ ਪ੍ਰਚਾਰ ਕਰਦੇ ਆਮ ਦੇਖੇ ਜਾ ਸਕਦੇ ਹਨ।

ਸੁਖਬੀਰ ਦਾ ਸਿਆਸੀ ਸਫ਼ਰ

ਸੁਖਬੀਰ ਬਾਦਲ ਨੇ ਚੋਣ ਪਿੜ ਵਿੱਚ ਸਿਆਸੀ ਸਫ਼ਰ 1996 ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਸ਼ੁਰੂ ਕੀਤਾ।

ਉਨ੍ਹਾਂ 11ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦੇ ਤੇਜ਼-ਤਰਾਰ ਆਗੂ ਜਗਮੀਤ ਸਿੰਘ ਬਰਾੜ ਨੂੰ ਹਰਾ ਕੇ ਇਹ ਚੋਣ ਜਿੱਤੀ।

ਵੀਡੀਓ ਕੈਪਸ਼ਨ, ਪੰਜਾਬ ਵਿਧਾਨ ਸਭਾ ਚੋਣਾਂ 2022

ਜਗਮੀਤ ਸਿੰਘ ਬਰਾੜ ਕੁਝ ਸਮਾਂ ਪਹਿਲਾਂ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਚੁੱਕੇ ਹਨ।

1996 ਦੌਰਾਨ ਕੇਂਦਰ ਵਿੱਚ ਤੀਜੇ ਮੋਰਚੇ ਦੀ ਸਰਕਾਰ ਬਣੀ ਅਤੇ ਐੱਚਡੀ ਦੇਵਗੌੜਾ ਤੇ ਇੰਦਰ ਕੁਮਾਰ ਗੁਜਰਾਲ ਦੋ ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਵਾਲੀ ਇਹ ਸਰਕਾਰ ਕਾਂਗਰਸ ਵਲੋਂ ਸਮਰਥਨ ਵਾਪਸ ਲੈਣ ਨਾਲ ਡਿੱਗ ਪਈ।

ਜਿਸ ਕਾਰਨ 12ਵੀਂ ਲੋਕ ਸਭਾ ਦੀਆਂ ਚੋਣਾਂ ਮੱਧਕਾਲੀ ਸਨ ਅਤੇ ਇਹ 1998 ਵਿੱਚ ਹੀ ਹੋ ਗਈਆਂ।

ਸੁਖਬੀਰ ਬਾਦਲ ਅਕਾਲੀ ਦਲ ਦੀ ਟਿਕਟ ਉੱਤੇ ਮੁੜ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜੇ ਅਤੇ ਜਿੱਤੇ।

ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਅਤੇ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਨੈਸ਼ਨਲ ਡੈਮੋਕ੍ਰੇਟਿਕ ਅਲਾਂਇਸ (ਐੱਨਡੀਏ) ਦੀ ਸਰਕਾਰ ਬਣੀ।

1998-99 ਦੀ ਇਸ 13 ਮਹੀਨਿਆਂ ਦੀ ਸਰਕਾਰ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਉਦਯੋਗ ਮੰਤਰਾਲੇ ਦਾ ਰਾਜ ਮੰਤਰੀ ਬਣਾਇਆ ਗਿਆ।

ਸੁਖਬੀਰ ਬਾਦਲ 2001 ਤੋਂ 2004 ਤੱਕ ਸੰਸਦ ਦੇ ਉੱਪਰਲੇ ਸਦਨ, ਰਾਜ ਸਭਾ ਦੇ ਮੈਂਬਰ ਰਹੇ।

2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਅਤੇ ਉਹ ਸੰਸਦ ਦੀ ਵਿਗਿਆਨ ਅਤੇ ਵਾਤਾਵਰਨ ਕਮੇਟੀ ਅਤੇ ਟੂਰਿਜ਼ਮ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਰਹੇ।

ਇਸ ਤੋਂ ਬਾਅਦ ਉਹ 2008 ਵਿੱਚ ਪੰਜਾਬ ਦੀ ਸੂਬਾਈ ਸਿਆਸਤ ਵਿੱਚ ਕੁੱਦ ਪਏ।

ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਪਾਰਟੀ ਦੀ ਕਮਾਂਡ ਸੌਂਪੀ ਗਈ ਅਤੇ ਪੰਜਾਬ ਸਰਕਾਰ ਵਿੱਚ ਡਿਪਟੀ ਮੁੱਖ ਮੰਤਰੀ ਬਣਾਇਆ ਗਿਆ।

ਜਿਸ ਕਾਰਨ ਉਨ੍ਹਾਂ ਨੇ 2008 ਤੋਂ ਜਲਾਲਾਬਾਦ ਹਲਕੇ ਤੋਂ ਜ਼ਿਮਨੀ ਚੋਣ ਲੜੀ ਅਤੇ ਵਿਧਾਇਕ ਬਣੇ।

2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਮੁੜ ਜਲਾਲਾਬਾਦ ਤੋਂ ਵਿਧਾਇਕ ਦੀ ਚੋਣ ਜਿੱਤੇ।

ਉਨ੍ਹਾਂ ਇਸ ਮੁਕਾਬਲੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਸੀ।

2012 ਵਿੱਚ ਅਕਾਲੀ ਦਲ ਨੇ ਪੰਜਾਬ ਦੀ ਲਗਾਤਾਰ ਦੂਜੀ ਵਾਰ ਸੱਤਾ ਹਾਸਿਲ ਕਰਕੇ ਨਵਾਂ ਸਿਆਸੀ ਇਤਿਹਾਸ ਸਿਰਜਿਆ।

ਅਕਾਲੀ ਦਲ ਨੇ ਇਸ ਜਿੱਤ ਦਾ ਸਿਹਰਾ ਸੁਖਬੀਰ ਸਿੰਘ ਬਾਦਲ ਦੀ ਚੋਣ ਪ੍ਰਬੰਧਨ ਮੁਹਾਰਤ ਅਤੇ ਸਮਾਜਿਕ ਇੰਜੀਨੀਅਰਿੰਗ ਨੂੰ ਦਿੱਤਾ।

ਸੁਖਬੀਰ ਬਾਦਲ ਇਹ ਚੋਣ ਜਿੱਤ ਕੇ ਮੁੜ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਬਣੇ।

ਸੁਖਬੀਰ ਬਾਦਲ

ਤਸਵੀਰ ਸਰੋਤ, Sukhbir Singh Badal/Facebook

ਤਸਵੀਰ ਕੈਪਸ਼ਨ, ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਹਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਕਰਾਰੀ ਹਾਰ ਦੀ ਜ਼ਿੰਮੇਵਾਰੀ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੱਧ ਸੁਖਬੀਰ ਜ਼ਿੰਮੇਂ ਲੱਗੀ।

ਅਕਾਲੀ ਦਲ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਨਸ਼ੇ ਦੀ ਸਮੱਸਿਆ ਦੇ ਚੋਣ ਮੁੱਦਾ ਬਣਨ ਕਾਰਨ ਪਾਰਟੀ ਤੀਜੇ ਸਥਾਨ ਉੱਤੇ ਚਲੀ ਗਈ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਥੇ ਪੂਰੇ ਮੁਲਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਚੱਲ ਰਹੀ ਸੀ, ਉੱਥੇ ਪੰਜਾਬ ਵਿੱਚ ਅਕਾਲੀ- ਭਾਜਪਾ ਸਿਆਸੀ ਸੰਕਟ ਵਿੱਚੋਂ ਗੁਜ਼ਰ ਰਹੇ ਸਨ।

ਇਸ ਸੰਕਟ ਭਰੇ ਮੌਕੇ ਵਿੱਚ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ।

ਬਠਿੰਡਾ ਤੋਂ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਲੜਾਈ ਅਤੇ ਆਪ ਫਰੀਦਕੋਟ ਤੋਂ ਉਮੀਦਵਾਰ ਬਣ ਗਏ।

ਦੋਵੇਂ ਪਤੀ-ਪਤਨੀ ਚੋਣ ਜਿੱਤੇ ਅਤੇ ਲੋਕ ਸਭਾ ਦੇ ਮੈਂਬਰ ਬਣੇ। ਇਸ ਵੇਲੇ ਵੀ ਸੁਖਬੀਰ ਬਾਦਲ ਲੋਕ ਸਭਾ ਦੇ ਕਈ ਮੰਤਰਾਲਿਆਂ ਦੀਆਂ ਸਟੈਂਡਿੰਗ ਕਮੇਟੀਆਂ ਦੇ ਮੈਂਬਰ ਹਨ।

ਸੁਖਬੀਰ ਬਾਦਲ ਅਤੇ ਵਿਵਾਦ

ਸੁਖਬੀਰ ਬਾਦਲ ਜਦੋਂ 2008 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਉੱਤੇ ਅਕਾਲੀ ਦਲ ਦੇ ਆਗੂ ਅਤੇ ਸ਼੍ਰੋਮਣੀ ਜਨਰਲ ਸਕੱਤਰ ਕਰਨੈਲ ਸਿੰਘ ਪੰਜੌਲੀ ਨੇ ਪਹਿਲਾ ਗੈਰ ਅੰਮ੍ਰਿਤਧਾਰੀ ਪ੍ਰਧਾਨ ਹੋਣ ਦਾ ਇਲਜ਼ਾਮ ਲਾਇਆ ਸੀ।

ਜਦੋਂ ਸੁਖਬੀਰ ਨੂੰ ਪ੍ਰਧਾਨ ਬਣਾਇਆ ਗਿਆ ਸੀ, ਤਾਂ ਉਹ ਗੈਰ ਅੰਮ੍ਰਿਤਧਾਰੀ ਸਨ। ਉਨ੍ਹਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਅੰਮ੍ਰਿਤ ਛਕਿਆ ਸੀ। ਅੰਮ੍ਰਿਤ ਸੰਚਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਹੋਇਆ ਸੀ। ਉਸ ਵੇਲੇ ਉੱਥੇ ਬਾਦਲ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ।

ਸੁਖਬੀਰ ਨੇ ਅੰਮ੍ਰਿਤ ਛਕਿਆ ਹੋਇਆ ਹੈ ਜਾਂ ਨਹੀਂ ਇਹ ਵਿਵਾਦ ਪੰਜਾਬ ਵਿਧਾਨ ਸਭਾ ਵਿੱਚ ਵੀ ਉੱਠਿਆ ਸੀ।

ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਦੋਂ ਉਦੋਂ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਹੁੰਦੇ ਸਨ, ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਸੀ।

ਚੰਨੀ ਨੇ ਕਿਹਾ ਸੀ, ''ਸੁਖਬੀਰ ਜੀ, ਜੇ ਤੁਸੀਂ ਅੰਮ੍ਰਿਤਧਾਰੀ ਹੋ ਤਾਂ ਸਦਨ ਵਿੱਚ ਆਪਣੀ ਸ੍ਰੀ ਸਾਹਿਬ (ਛੋਟੀ ਕ੍ਰਿਪਾਨ) ਦਿਖਾਓ, ਉਸ ਸਦਨ ਵਿੱਚ ਸੁਖਬੀਰ ਹਾਜ਼ਰ ਸਨ ਅਤੇ ਉਹ ਸੀਟ ਤੋਂ ਖੜ੍ਹੇ ਨਹੀਂ ਹੋਏ ਅਤੇ ਉਨ੍ਹਾਂ ਕੋਈ ਦਾਅਵਾ ਨਹੀਂ ਕੀਤਾ ਸੀ।''

2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਉੱਤੇ ਲੜੀਆਂ।

ਸਰਕਾਰ ਬਣਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲਾਏ।

ਸੁਖਬੀਰ ਸਿਂਘ ਬਾਦਲ

ਤਸਵੀਰ ਸਰੋਤ, ECI

ਤਸਵੀਰ ਕੈਪਸ਼ਨ, ਚਰਨਜੀਤ ਸਿੰਘ ਚੰਨੀ ਦੇ 2021 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਬਿਕਰਮ ਮਜੀਠੀਆ ਉੱਤੇ ਨਸ਼ਾ ਤਸਕਰੀ ਕੇਸ ਵਿੱਚ ਮੁਕੱਦਮਾ ਦਰਜ ਕੀਤਾ ਗਿਆ।

ਉਨ੍ਹਾਂ ਉੱਤੇ ਮੁਲਕ ਤੋਂ ਬਾਹਰ ਵੀ ਜਾਇਦਾਦ ਅਤੇ ਹੋਟਲ ਬਣਾਉਣ ਦੇ ਇਲਜ਼ਾਮ ਲਾਏ ਗਏ, 2003 ਵਿੱਚ ਇਨ੍ਹਾਂ ਇਲਜ਼ਾਮਾਂ ਤਹਿਤ ਦੋਵਾਂ ਪਿਓ-ਪੁੱਤਰਾਂ ਨੂੰ ਕੁਝ ਦਿਨ ਜੇਲ੍ਹ ਵੀ ਕੱਟਣੀ ਪਈ।

ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੋਵੇਂ ਇਨ੍ਹਾਂ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਰਹੇ। ਕੈਪਟਨ ਆਪਣੇ ਰਾਜ ਦੌਰਾਨ ਬਾਦਲ ਪਰਿਵਾਰ ਉੱਤੇ ਲਾਏ ਇਲਜ਼ਾਮਾਂ ਨੂੰ ਸਾਬਤ ਨਹੀਂ ਕਰ ਸਕੇ।

2007 ਵਿੱਚ ਜਦੋਂ ਮੁੜ ਅਕਾਲੀ ਦਲ ਦੀ ਸੱਤਾ ਆ ਗਈ ਤਾਂ ਬਾਦਲ ਪਰਿਵਾਰ ਇਨ੍ਹਾਂ ਸਾਰੇ ਕੇਸਾਂ ਵਿੱਚੋਂ ਬਰੀ ਹੋ ਗਿਆ।

ਅਕਾਲੀ ਦਲ ਦੀ 2007 ਤੋਂ 2017 ਤੱਕ ਦੀ ਸੱਤਾ ਦੌਰਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਸਾਲ਼ੇ ਤੇ ਪੰਜਾਬ ਦੇ ਤਤਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੇ ਲੋਕਾਂ ਦੇ ਕਾਰੋਬਾਰਾਂ ਉੱਤੇ ਜ਼ਬਰੀ ਕਬਜ਼ੇ ਕਰਨ ਦੇ ਇਲਜ਼ਾਮ ਲਾਏ।

ਸੁਖਬੀਰ ਦੀ ਅਗਵਾਈ ਵਿੱਚ ਅਕਾਲੀ ਦਲ ਉੱਤੇ ਪੰਜਾਬ ਵਿੱਚ ਰੇਤ-ਬਜਰੀ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਅਤੇ ਕੇਬਲ ਮਾਫ਼ੀਆ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮ ਲੱਗੇ।

ਭਾਵੇਂ ਕਿ ਸੁਖਬੀਰ ਬਾਦਲ ਤੇ ਬਿਕਰਮ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਆਏ ਹਨ, ਪਰ ਚਰਨਜੀਤ ਸਿੰਘ ਚੰਨੀ ਦੇ 2021 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਬਿਕਰਮ ਮਜੀਠੀਆ ਉੱਤੇ ਨਸ਼ਾ ਤਸਕਰੀ ਕੇਸ ਵਿੱਚ ਮੁਕੱਦਮਾ ਦਰਜ ਕੀਤਾ ਗਿਆ।

ਚੋਣਾਂ ਕਾਰਨ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਈ ਹੋਈ ਹੈ, ਪਰ ਉਨ੍ਹਾਂ ਨੂੰ ਚੋਣਾਂ ਤੋਂ ਬਾਅਦ ਨਿਚਲੀ ਅਦਾਲਤ ਵਿੱਚ ਆਤਮ ਸਮਰਪਣ ਕਰਨਾ ਪੈਣਾ ਹੈ।

ਸੁਖਬੀਰ ਬਾਦਲ ਉੱਤੇ ਸੁਖਦੇਵ ਸਿੰਘ ਢੀਂਡਸਾ ਵਰਗੇ ਕਈ ਟਕਸਾਲੀ ਤੇ ਬਾਗੀ ਆਗੂ, ਪਾਰਟੀ ਨੂੰ ਨਿੱਜੀ ਕੰਪਨੀ ਵਾਂਗ ਚਲਾਉਣ ਦੇ ਇਲਜ਼ਾਮ ਲਾਉਂਦੇ ਰਹੇ ਹਨ।

ਸੁਖਬੀਰ ਬਾਦਲ ਉੱਤੇ ਆਪਣੇ ਚਾਚੇ ਦੇ ਪੁੱਤਰ ਅਤੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸ਼ਰੀਕੇਬਾਜੀ ਕਾਰਨ ਅਕਾਲੀ ਦਲ ਵਿੱਚੋਂ ਕਢਵਾਉਣ ਦੇ ਇਲਜਾਮ ਲੱਗਦੇ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)