ਹਿਜਾਬ ਵਿਵਾਦ: ਮਲਾਲਾ ਯੂਸਫਜ਼ਈ ਨੇ ਕਿਹਾ, 'ਕੁੜੀਆਂ ਨੂੰ ਆਪਣੇ ਹਿਜਾਬ 'ਚ ਸਕੂਲ ਨਾ ਜਾਣ ਦੇਣਾ ਭਿਆਨਕ' - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤ ਦੇ ਕਰਨਾਟਕ 'ਚ ਚੱਲ ਰਹੇ ਹਿਜਾਬ ਵਿਵਾਦ 'ਤੇ ਨੋਬੇਲ ਪੁਰਸਕਾਰ ਜੇਤੂ ਅਤੇ ਕੁੜੀਆਂ ਦੀ ਸਿੱਖਿਆ ਕਾਰਕੁਨ ਮਲਾਲਾ ਯੂਸਫਜ਼ਈ ਨੇ ਟਵੀਟ ਕਰਕੇ ਲਿਖਿਆ ਹੈ ਕਿ "ਲੜਕੀਆਂ ਨੂੰ ਉਨ੍ਹਾਂ ਦੇ ਹਿਜਾਬ ਵਿੱਚ ਸਕੂਲ ਜਾਣ ਦੇਣ ਤੋਂ ਇਨਕਾਰ ਕਰਨਾ ਭਿਆਨਕ ਹੈ।"

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਇਸ ਸਬੰਧੀ ਆਪਣੇ ਟਵੀਟ 'ਚ ਯੂਸਫਜ਼ਈ ਨੇ ਲਿਖਿਆ, "ਕੁੜੀਆਂ ਨੂੰ ਹਿਜਾਬ 'ਚ ਸਕੂਲ ਨਾ ਜਾਣ ਦੇਣਾ ਭਿਆਨਕ। ਘੱਟ ਜਾਂ ਵੱਧ ਪਹਿਨਣ ਲਈ ਔਰਤਾਂ ਦਾ ਇਤਰਾਜ਼ ਜਾਰੀ ਹੈ। ਭਾਰਤੀ ਆਗੂਆਂ ਨੂੰ ਮੁਸਲਿਮ ਔਰਤਾਂ ਨੂੰ ਹਾਸ਼ੀਏ 'ਤੇ ਰੱਖਣਾ ਬੰਦ ਕਰਨਾ ਚਾਹੀਦਾ ਹੈ।"

ਵਿਵਾਦ ਦੇ ਵਧਣ ਕਾਰਨ, ਕਰਨਾਟਕ ਦੇ ਸਾਰੇ ਸਕੂਲ ਅਤੇ ਕਾਲਜ ਅਗਲੇ ਤਿੰਨ ਦਿਨਾਂ ਲਈ ਬੰਦ ਰਹਿਣਗੇ। ਮੁੱਖ ਮੰਤਰੀ ਬਸਵਰਾਜ ਐੱਸ ਬੋਮਈ ਨੇ "ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ" ਦੀ ਅਪੀਲ ਕੀਤੀ ਹੈ।

ਕਰਨਾਟਕ ਹਾਈ ਕੋਰਟ ਉਡੁਪੀ ਦੇ ਇੱਕ ਸਰਕਾਰੀ ਕਾਲਜ ਦੀਆਂ ਪੰਜ ਕੁੜੀਆਂ ਦੁਆਰਾ ਹਿਜਾਬ ਪਾਬੰਦੀਆਂ 'ਤੇ ਸਵਾਲ ਉਠਾਉਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਕਰ ਰਹੀ ਹੈ ਅਤੇ ਸੁਣਵਾਈ ਅੱਜ ਵੀ ਜਾਰੀ ਰਹੇਗੀ।

ਹਿਜਾਬ ਦਾ ਵਿਰੋਧ ਕਰਨਾਟਕ ਦੇ ਉਡੁਪੀ ਦੇ ਸਰਕਾਰੀ ਗਰਲਜ਼ ਪੀਯੂ ਕਾਲਜ ਵਿੱਚ ਪਿਛਲੇ ਮਹੀਨੇ ਉਦੋਂ ਸ਼ੁਰੂ ਹੋਇਆ ਸੀ ਜਦੋਂ ਛੇ ਵਿਦਿਆਰਥਣਾਂ ਨੇ ਆਰੋਪ ਲਗਾਇਆ ਸੀ ਕਿ ਉਨ੍ਹਾਂ ਨੂੰ (ਸਿਰ ਦਾ) ਸਕਾਰਫ਼ ਪਹਿਨਣ ਲਈ ਜ਼ੋਰ ਪਾਉਣ ਲਈ ਕਲਾਸਾਂ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਸੀ। ਛੇਤੀ ਹੀ, ਅਜਿਹਾ ਵਿਵਾਦ ਕਰਨਾਟਕ ਤੋਂ ਬਾਹਰ ਮੱਧ ਪ੍ਰਦੇਸ਼ ਅਤੇ ਪੁਡੂਚੇਰੀ ਵਿੱਚ ਵੀ ਸਾਹਮਣੇ ਆਇਆ।

ਉਡੁਪੀ ਅਤੇ ਚਿੱਕਮਗਲੁਰੂ ਵਿੱਚ ਸੱਜੇ-ਪੱਖੀ ਸਮੂਹਾਂ ਨੇ ਮੁਸਲਿਮ ਕੁੜੀਆਂ ਦੇ ਜਮਾਤ ਵਿੱਚ ਹਿਜਾਬ ਪਹਿਨਣ 'ਤੇ ਇਤਰਾਜ਼ ਕੀਤਾ ਹੈ।

ਇਹ ਵੀ ਪੜ੍ਹੋ:-

ਡੋਮਿਨੋਜ਼, ਮਾਰੂਤੀ ਸੁਜ਼ੂਕੀ ਅਤੇ ਹੋਰ ਬ੍ਰਾਂਡਾਂ ਨੇ ਕਸ਼ਮੀਰ ਸਬੰਧੀ ਪੋਸਟਾਂ ਬਾਰੇ ਦਿੱਤੇ ਇਹ ਜਵਾਬ

ਕੇਐੱਫਸੀ ਇੰਡੀਆ ਦੁਆਰਾ ਕੰਪਨੀ ਦੇ ਅਧਿਕਾਰਤ ਪਾਕਿਸਤਾਨ ਟਵਿੱਟਰ ਹੈਂਡਲ ਤੋਂ ਕਸ਼ਮੀਰ ਸਬੰਧੀ ਇੱਕ ਪੋਸਟ ਦੇ ਮਾਮਲੇ ਵਿੱਚ ਮੁਆਫੀ ਮੰਗਣ ਤੋਂ ਇੱਕ ਦਿਨ ਬਾਅਦ, ਡੋਮਿਨੋਜ਼ ਇੰਡੀਆ ਨੇ ਵੀ ਇਸਦੇ ਲਈ ਟਵੀਟ ਕੀਤਾ ਹੈ।

ਦਰਅਸਲ, ਕੰਪਨੀ ਦੇ ਪਾਕਿਸਤਾਨ ਟਵਿੱਟਰ ਹੈਂਡਲ ਦੀ ਇੱਕ ਪੋਸਟ (ਹੁਣ ਹਟਾਈ ਜਾ ਚੁੱਕੀ ਹੈ) ਵਾਇਰਲ ਹੋਣ ਤੋਂ ਬਾਅਦ ਇਹ ਬ੍ਰਾਂਡ ਵਿਵਾਦਾਂ ਵਿੱਚ ਘਿਰ ਗਿਆ। ਇਹ ਪੋਸਟ 5 ਫਰਵਰੀ, 2020 ਨੂੰ ਸਾਂਝੀ ਕੀਤੀ ਗਈ ਸੀ ਅਤੇ ਇਹ ਕਸ਼ਮੀਰ ਨਾਲ "ਇੱਕਜੁੱਟਤਾ" ਦਰਸਾਉਣ ਬਾਰੇ ਸੀ। 5 ਫਰਵਰੀ ਨੂੰ ਪਾਕਿਸਤਾਨ ਵਿੱਚ ਕਸ਼ਮੀਰ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਇਸ ਪੋਸਟ ਨੂੰ ਫੇਸਬੁੱਕ 'ਤੇ ਸ਼ੇਅਰ ਕੀਤਾ ਗਿਆ ਸੀ ਅਤੇ ਇਸ ਦਾ ਸਕਰੀਨ ਸ਼ਾਟ ਆਨਲਾਈਨ ਵੱਡੇ ਪੱਧਰ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਟਵਿੱਟਰ 'ਤੇ #BoycottDominos ਟ੍ਰੈਂਡ ਕਰਨ ਲੱਗਾ।

ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਰਾਸ਼ਟਰ ਸਾਡੇ ਪਿਆਰੇ ਕਸ਼ਮੀਰੀਆਂ ਦੇ ਸਮਰਥਨ ਵਿੱਚ ਇੱਕ ਹੈ, ਉਹ ਜਲਦੀ ਹੀ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਦੇ ਰੂਪ ਵਿੱਚ ਰਹਿਣ।"

ਤਸਵੀਰ ਵਿੱਚ ਲਿਖਿਆ ਹੈ, "ਆਓ ਅਸੀਂ ਇਕੱਠੇ ਹੋ ਕੇ ਕਸ਼ਮੀਰ ਲਈ ਖੜ੍ਹੇ ਹੋਈਏ।"

ਇਸ ਪੋਸਟ 'ਤੇ ਭਾਰੀ ਰੋਸ ਤੋਂ ਬਾਅਦ ਡੋਮਿਨੋਜ਼ ਇੰਡੀਆ ਨੇ ਮੁਆਫੀ ਮੰਗੀ ਅਤੇ ਕਿਹਾ, "ਇਹ ਉਹ ਦੇਸ਼ ਹੈ ਜਿਸ ਨੂੰ ਅਸੀਂ ਪਿਛਲੇ 25 ਸਾਲਾਂ ਤੋਂ ਆਪਣਾ ਘਰ ਕਹਿੰਦੇ ਹਾਂ, ਅਤੇ ਅਸੀਂ ਇਸ ਦੀ ਵਿਰਾਸਤ ਨੂੰ ਹਮੇਸ਼ਾ ਸੁਰੱਖਿਅਤ ਕਰਨ ਲਈ ਇੱਥੇ ਖੜ੍ਹੇ ਹਾਂ। ਅਸੀਂ ਦੇਸ਼ ਦੁਆਰਾ ਪੇਸ਼ ਕੀਤੀ ਗਈ ਹਰ ਚੀਜ਼ ਦਾ ਸਨਮਾਨ ਅਤੇ ਸਤਿਕਾਰ ਕਰਦੇ ਹਾਂ।''

ਕਈ ਹੋਰ ਬ੍ਰਾਂਡਾਂ ਜਿਵੇਂ ਮਾਰੂਤੀ ਸੁਜ਼ੂਕੀ, ਹੁੰਡਈ ਮੋਟਰ ਇੰਡੀਆ, ਕਿਆ ਮੋਟਰਜ਼ ਅਤੇ ਪੀਜ਼ਾ ਹੱਟ ਵਰਗੀਆਂ ਕੰਪਨੀਆਂ ਨੇ ਵੀ ਇਸ ਮੁੱਦੇ 'ਤੇ ਬਿਆਨ ਜਾਰੀ ਕੀਤੇ ਹਨ।

ਗੌਤਮ ਅਡਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ, ਭਾਰਤੀ ਉਦਯੋਗਪਤੀ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹਰੀ ਊਰਜਾ (ਗ੍ਰੀਨ ਐਨਰਜੀ) ਦੇ ਖੇਤਰ ਵਿੱਚ ਅੱਗੇ ਵਧਣ ਨਾਲ ਉਨ੍ਹਾਂ ਦੀ ਜਾਇਦਾਦ 88.5 ਬਿਲੀਅਨ ਡਾਲਰ ਹੋ ਗਈ ਹੈ।

ਫੋਰਬਸ ਅਤੇ ਬਲੂਮਬਰਗ ਦੇ ਅੰਕੜਿਆਂ ਦੇ ਅਨੁਸਾਰ, ਪਿਛਲੇ ਸਾਲ ਅਡਾਨੀ ਦੀ ਨਿੱਜੀ ਜਾਇਦਾਦ ਵਿੱਚ 12 ਬਿਲੀਅਨ ਡਾਲਰ ਦਾ ਵਾਧਾ ਹੋਇਆ, ਜਿਸ ਨਾਲ ਅਡਾਨੀ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ 10 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ।

ਜਿਨ੍ਹਾਂ ਮੈਗਾ-ਅਮੀਰ ਲੋਕਾਂ ਨੂੰ ਅਡਾਨੀ ਨੇ ਪਿੱਛੇ ਛੱਡਿਆ ਹੈ ਉਨ੍ਹਾਂ ਵਿੱਚ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਵੀ ਸ਼ਾਮਲ ਹਨ, ਜੋ ਪਿਛਲੇ ਹਫ਼ਤੇ ਇਸ ਸੂਚੀ ਵਿੱਚ ਹੇਠਾਂ ਖਿਸਕ ਗਏ ਸਨ।

ਇਹ ਵੀ ਪੜ੍ਹੋ:-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)