ਲੁਧਿਆਣਾ ਬਲਾਸਟ: ਖਾਲਿਸਤਾਨ ਪੱਖੀ ਗਰੁੱਪ ਜਾਂ ਕਿਸੇ ਵਿਦੇਸ਼ੀ ਏਜੰਸੀ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਨਹੀਂ - ਸੀਐੱਮ ਚੰਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਲੁਧਿਆਣਾ ਬਲਾਸਟ ਪਿੱਛੇ ਕਿਸੇ ਖਾਲਿਸਤਾਨੀ ਅਤੇ ਬਾਹਰੀ ਏਜੰਸੀ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀ ਹੈ।
ਉਨ੍ਹਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਉਨ੍ਹਾਂ ਦੀ ਗੱਲ ਹੋਈ ਸੀ, ਇਸ ਮਸਲੇ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਵੀ ਮਦਦ ਲਈ ਜਾ ਰਹੀ ਹੈ।
ਲੁਧਿਆਣਾ ਵਿਚ ਵੀਰਵਾਰ ਨੂੰ ਦੁਪਹਿਰੇ ਕਰੀਬ 12.30 ਵਜੇ ਜ਼ਿਲ੍ਹਾ ਅਦਾਲਤ ਦੀ ਦੂਜੀ ਮੰਜਿਲ 'ਤੇ ਜੁਡੀਸ਼ੀਅਲ ਮੈਜਿਸਟਰੇਟ ਸ਼ਵੇਤਾ ਦਾਸ ਦੀ ਅਦਾਲਤ ਦੇ ਨੇੜੇ ਰਿਕਾਰਡ ਰੂਮ ਨਾਲ ਲੱਗਦੇ ਬਾਥਰੂਮ ਵਿਚ ਧਮਾਕਾ ਹੋਇਆ ਸੀ।
ਇਸ ਧਮਾਕੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨੂੰ ਸ਼ੱਕੀ ਮੁਲਜ਼ਮ ਸਮਝਿਆ ਜਾ ਰਿਹਾ ਹੈ ਅਤੇ 5 ਹੋਰ ਜ਼ਖਮੀ ਹੋਏ ਸਨ। ਚਸ਼ਮਦੀਦ ਵਕੀਲਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੱਤਵੀਂ ਮੰਜਿਲ ਤੱਕ ਦੇ ਸ਼ੀਸੇ ਟੁੱਟ ਗਏ।

ਪੁਲਿਸ ਕਮਿਸ਼ਨਰ ਲੁਧਿਆਣਾ ਦੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਣ ਮੁਤਾਬਕ ਮੁਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹੈਂਡਲਰ ਦੀ ਹੀ ਉੱਥੇ ਮੌਤ ਹੋਈ ਹੈ।
ਉਨ੍ਹਾਂ ਨੇ ਕਿਹਾ ਕਿਹਾ, "ਜਾਂਚ ਦੌਰਾਨ ਅਹਿਮ ਸੁਰਾਗ ਮਿਲੇ ਹਨ, ਜਾਂਚ ਲਈ ਫੌਰੈਂਸਿਕ ਅਤੇ ਬੰਬ ਸਕੁਐਡ ਵੀ ਆਏ ਹੋਏ ਹਨ। ਅਸੀਂ ਉੱਥੋਂ ਸਬੂਤ ਇਕੱਠੇ ਕਰ ਰਹੇ ਹਾਂ ਅਤੇ ਜਦੋਂ ਤੱਕ ਪੁਖ਼ਤਾ ਗੱਲ ਨਾ ਹੋਵੇ ਤਾਂ ਕੁਝ ਕਹਿਣਾ ਜਾਂ ਦੱਸਣਾ ਮੁਸ਼ਕਲ ਹੋ ਜਾਂਦਾ ਹੈ।"
ਲੁਧਿਆਣਾ ਪਹੁੰਚੇ ਕਿਰਨ ਰਿਜੀਜੂ - ਤਾਲਮੇਲ ਨਾਲ ਕੀਤੀ ਜਾਵੇਗੀ ਜਾਂਚ

ਤਸਵੀਰ ਸਰੋਤ, ANI
ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜੀਜੂ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਵਕੀਲਾਂ ਅਤੇ ਜੱਜਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੂਬੇ ਅਤੇ ਕੇਂਦਰੀ ਜਾਂਚ ਏਜੰਸੀਆਂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲਬਾਤ ਹੋਈ ਹੈ ਅਤੈ ਤੈਅ ਹੋਇਆ ਕਿ ਮਾਮਲੇ ਦੀ ਜਾਂਚ ਤਾਲਮੇਲ ਨਾਲ ਨਤੀਜੇ ਤੱਕ ਪਹੁੰਚਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਭਾਰਤ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੀ ਘਟਨਾ ਦੀ ਪੇਸ਼ੇਵਰਾਨਾ ਜਾਂਚ ਹੋਣੀ ਚਾਹੀਦੀ ਹੈ।
ਅਤੇ ਦੇਸ਼ ਦਾ ਕਾਨੂੰਨ ਮੰਤਰੀ ਹੋਣ ਦੇ ਨਾਤੇ ਜੱਜਾਂ ਤੇ ਵਕੀਲਾਂ ਨਾਲ ਮਿਲਣ ਵੀ ਜ਼ਰੂਰੀ ਸੀ।
ਉਨ੍ਹਾਂ ਨੇ ਲੁਧਿਆਣਾ ਜ਼ਿਲ੍ਹਾ ਅਦਾਲਤ ਦੇ ਸੀਨੀਅਰ ਜੱਜ ਮਨੀਸ਼ ਸਿੰਘਲ ਦੀ ਧਮਾਕੇ ਤੋਂ ਬਾਅਦ ਅਦਾਲਤ ਦਾ ਕੰਮ ਨਿਰਵਘਨ ਚਲਦਾ ਰੱਖਣ ਵਿੱਚ ਰੱਖਣ ਲਈ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਅਤੇ ਬਾਹਰੋਂ ਦੇਸ਼ ਦਾ ਮਾਹੋਲ ਖ਼ਰਾਬ ਕਰਨ ਵਿੱਚ ਲੱਗੇ ਤੱਤਾਂ ਖ਼ਿਲਾਫ਼ ਪੇਸ਼ੇਵਰਾਨਾ ਤਰੀਕੇ ਨਾਲ ਨਜਿੱਠਿਆ ਜਾਵੇਗਾ ਅਤੇ ਇਸ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਖੋ-ਵੱਖ ਨਹੀਂ ਸਗੋਂ ਤਾਲਮੇਲ ਨਾਲ ਕੰਮ ਕੀਤਾ ਜਾਵੇਗਾ।
ਮੁੱਖ ਮੰਤਰੀ ਚੰਨੀ ਨੇ ਕੀ ਕਿਹਾ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ, “ਆਰਡੀਐਕਸ ਅਤੇ ਕੁਝ ਹੋਰ ਅਜਿਹੇ ਮੁੱਦੇ ਹਨ, ਜਿਨ੍ਹਾਂ ਬਾਰੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਜਾਂਚ ਕਰਦੀਆਂ ਹਨ ਕਿ ਉਹ ਕਿਸਮ ਦਾ ਆਰਡੀਐਕਸ ਸੀ ਤੇ ਕਿੱਥੋਂ ਆਇਆ ਹੋ ਸਕਦਾ।”
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਜਿਵੇਂ ਹੀ ਉਨ੍ਹਾਂ ਦੀ ਸਰਕਾਰ ਵੱਲੋਂ ਡਰੱਗਸ ਖਿਲਾਫ਼ ਕਾਰਵਾਈ ਸ਼ੁਰੂ ਹੋਈ ਹੈ ਤਾਂ ਉਸੇ ਵੇਲੇ ਇਹ ਧਮਾਕਾ ਹੋਇਆ ਹੈ, ਹੋ ਸਕਦਾ ਹੈ ਇਹ ਦੋਵੇਂ ਲਿੰਕ ਹੋਣ, ਜਾਂਚ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਕੇਂਦਰ ਦੀਆਂ ਟੀਮਾਂ ਤੇ ਮੰਤਰੀ ਵੀ ਇੱਥੇ ਪਹੁੰਚੇ ਹੋਏ ਹਨ।
ਮ੍ਰਿਤਕ (ਸ਼ੱਕੀ) ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ, "ਸੀਸੀਟੀਵੀ ਫੁਟੇਜ ਅਤੇ ਹੋਰ ਜਿੰਨੇ ਵੀ ਹੁਣ ਤੱਕ ਸਬੂਤ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹੀ ਪਤਾ ਲੱਗ ਰਿਹਾ ਹੈ ਕਿ ਉਹੀ ਬੰਦਾ ਆਪਰੇਟ ਕਰਨ ਵਾਲਾ ਸੀ ਤੇ ਉਸੇ 'ਤੇ ਹੀ ਉਹ ਚੱਲ ਗਿਆ।"
ਇਹ ਵੀ ਪੜ੍ਹੋ-
ਲੁਧਿਆਣਾ ਧਮਾਕਾ, ਦੁੱਖ ਦਾ ਵਿਸ਼ਾ- ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੁਧਿਆਣਾ ਧਮਾਕਾ ਦੁੱਖ ਦਾ ਵਿਸ਼ਾ ਹੈ।

ਤਸਵੀਰ ਸਰੋਤ, Ravinder Robin/bbc
ਕੇਜਰੀਵਾਲ ਨੇ ਕਿਹਾ, "ਕੁਝ ਦਿਨ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਉਣਾ ਅਤੇ ਫਿਰ ਇਹ ਧਮਾਕਾ ਹੋਣਾ, ਜਨਤਾ ਨੂੰ ਲਗਦਾ ਹੈ ਕਿ ਇਹ ਸਾਰਾ ਕੁਝ ਸਾਜਿਸ਼ ਤਹਿਤ ਹੋ ਰਿਹਾ ਹੈ ਅਤੇ ਇਹ ਸਭ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕੀਤੇ ਜਾ ਰਹੇ ਹਨ।"
"ਅਜਿਹੇ ਲੋਕਾਂ ਨੂੰ ਫੜ੍ ਕੇ ਉਨ੍ਹਾਂ ਨੂੰ ਸਖ਼ਤ ਸਜਾ ਦਿੱਤੇ ਜਾਣ ਦੀ ਲੋੜ ਹੈ। ਮੈਨੂੰ ਪੰਜਾਬੀਆਂ 'ਤੇ ਭਰੋਸਾ ਹੈ ਕਿ ਇਹ ਇਨ੍ਹਾਂ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣਗੇ ਅਤੇ ਭਾਈਚਾਰਾ ਬਣਾ ਕੇ ਰੱਖਣਗੇ।"
ਉਨ੍ਹਾਂ ਨੇ ਇਸ ਦੌਰਾਨ ਚੰਨੀ ਸਰਕਾਰ 'ਤੇ ਹਮਲਾ ਸਾਧਦਿਆ ਕਿਹਾ ਕਿ ਅੱਜ ਪੰਜਾਬ ਵਿੱਚ ਇੱਕ ਕਮਜ਼ੋਰ ਸਰਕਾਰ ਹੈ, ਇਹ ਆਪਸ ਵਿੱਚ ਹੀ ਲੜੀ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਜਦੋਂ ਤੱਕ ਮਾਸਟਰਮਾਈਂਡ ਨੂੰ ਫੜ ਕੇ ਸਜਾ ਨਹੀਂ ਦਿੱਤੀ ਜਾਂਦੀ ਅਜਿਹੇ ਹਾਦਸੇ ਵਾਪਰਦੇ ਰਹਿਣਗੇ।
ਪੰਜਾਬ ਦੀ ਸ਼ਾਂਤੀ ਨੂੰ ਗ੍ਰਹਿਣ ਲਗਾਉਣ ਦੀ ਕੋਸ਼ਿਸ਼- ਤਰੁਣ ਚੁਘ
ਭਾਜਪਾ ਆਗੂ ਤਰੁਣ ਚੁਘ ਨੇ ਕਿਹਾ ਕਿ ਬਹੁਤ ਹੀ ਦੁੱਖ ਭਰੀ ਅਤੇ ਚਿੰਤਾ ਵਾਲੀ ਘਟਨਾ ਹੈ ਅਤੇ ਪੰਜਾਬ ਦੀ ਸ਼ਾਂਤੀ ਨੂੰ ਗ੍ਰਹਿਣ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Ani
ਉਨ੍ਹਾਂ ਨੇ ਕਿਹਾ, "ਰੋਜ਼ ਖ਼ਬਰਾਂ ਆ ਰਹੀਆਂ ਹਨ ਕਿ ਸੀਮਾ ਪਾਰੋਂ ਡਰੋਨ ਰਾਹੀਂ ਹਥਿਆਰ ਸੁੱਟੇ ਜਾ ਰਹੇ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਸਰਕਾਰ ਡਰੋਨ ਰਾਹੀਂ ਹਥਿਆਰ ਸੁੱਟੇ ਜਾਣ ਦੀਆਂ ਘਟਨਾਵਾਂ ਨੂੰ ਲੁਕਾਅ ਰਹੀ ਹੈ।"
"ਲੁਕਾਉਣ ਨਾਲ ਮਰਜ਼ ਦਾ ਹੱਲ ਨਹੀਂ ਹੈ ਸਾਨੂੰ ਅੱਤਵਾਦ ਖਿਲਾਫ਼ ਮਿਲ ਕੇ ਲੜਨਾ ਪਵੇਗਾ। ਇਹ ਕੋਈ ਕਾਮੇਡੀ ਸ਼ੋਅ ਨਹੀਂ ਹੈ ਕਿ ਪਾਕਿਸਤਾਨ ਵਿੱਚ ਸਾਡਾ ਕੋਈ ਯਾਰ ਬੈਠਾ ਹੈ, ਪਾਕਿਸਤਾਨ ਵਿੱਚ ਪੰਜਾਬ ਦੀ ਸ਼ਾਂਤੀ ਦਾ ਦੁਸ਼ਮਣ ਬੈਠਾ ਹੈ।"
"ਸਾਨੂੰ ਸਾਵਧਾਨ, ਸੁਚੇਤ ਅਤੇ ਮੁਸਤੈਦ ਰਹਿਣ ਦੀ ਲੋੜ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾਲ ਵਾਪਰਨ।"
ਪੰਜਾਬ ਲਈ ਬਹੁਤ ਖ਼ਤਰਨਾਕ- ਨਵਜੋਤ ਸਿੱਧੂ

ਤਸਵੀਰ ਸਰੋਤ, ANI
ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ, "ਇਹ ਸਾਫ਼ ਦਰਸਾਉਂਦਾ ਹੈ ਕਿ ਇੱਕ ਖਾਸ ਭਾਈਚਾਰੇ ਦੇ ਧਰੁਵੀਕਰਨ ਲਈ, ਉਨ੍ਹਾਂ ਨੂੰ ਅੱਡ ਕਰਨ ਲਈ, ਭੈਅਤੰਤਰ ਨਾਲ ਉਨ੍ਹਾਂ ਨੂੰ ਡਰਾ ਕੇ, ਲੋਕਤੰਤਰ ਨੂੰ ਡੰਡਾਤੰਤਰ ਬਣਾ ਕੇ ਇੱਕ ਅਜਿਹੇ ਪਾਸੇ ਵੱਲ ਮੋੜਿਆ ਜਾ ਰਿਹਾ ਹੈ ਜਿਹੜਾ ਪੰਜਾਬ ਲਈ ਬਹੁਤ ਖ਼ਤਰਨਾਕ ਹੈ।"
"ਪੰਜਾਬ ਦੀ ਪੰਜਾਬੀਅਤ ਉੱਤੇ ਸਮਾਜਿਕ ਆਰਥਿਕ ਤਾਣੇਬਾਣੇ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













