ਲਖੀਮਪੁਰ: ਸੁਪਰੀਮ ਕੋਰਟ ਨੇ ਮਾਮਲੇ ਦੀ ਨਿਗਰਾਨੀ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਦੀ ਕੀਤੀ ਨਿਯੁਕਤੀ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਲੰਘੀ 3 ਅਕਤੂਬਰ ਨੂੰ ਹੋਈ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੱਜ ਹੁਕਮ ਦਿੰਦਿਆਂ ਵਿਸ਼ੇਸ਼ ਜਾਂਚ ਟੀਮ (SIT) ਦਾ ਮੁੜ ਗਠਨ ਕੀਤਾ ਹੈ।

ਇਸ ਟੀਮ ਵਿੱਚ 3 ਸੀਨੀਅਰ ਅਫਸਰਾਂ ਦੇ ਨਾਮ ਸ਼ਾਮਲ ਹਨ - ਐਸਬੀ ਸ਼ਿਰੋੜਕਰ, ਦੀਪਇੰਦਰ ਸਿੰਘ ਅਤੇ ਪਦਮਜਾ ਚੌਹਾਨ।

ਚਾਰਜਸ਼ੀਟ ਦਾਇਰ ਹੋਣ ਅਤੇ ਇਸ ਮਾਮਲੇ ਵਿੱਚ ਸੇਵਾਮੁਕਤ ਜੱਜ ਤੋਂ ਰਿਪੋਰਟ ਮਿਲਣ ਤੋਂ ਬਾਅਦ ਸੁਪਰੀਮ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ ਕਰੇਗੀ।

ਇਸ ਜਾਂਚ ਨੂੰ ਮਾਨੀਟਰ ਕਰਨ ਲਈ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਰਾਕੇਸ਼ ਕੁਮਾਰ ਜੈਨ ਨੂੰ ਨਿਯੁਕਤ ਕੀਤਾ ਹੈ, ਤਾਂ ਜੋ ਇਹ ਜਾਂਚ ਪਾਰਦਰਸ਼ਤਾ, ਨਿਰਪੱਖਤਾ ਅਤੇ ਬਿਨਾਂ ਕਿਸੇ ਪੱਖਪਾਤ ਦੇ ਕੀਤੀ ਜਾ ਸਕੇ।

ਚੀਫ਼ ਜਸਟਿਸ ਆਫ਼ ਇੰਡੀਆ (ਸੀਜੇਆਈ) ਨੁਥਾਲਾਪਤੀ ਵੈਂਕਟ ਰਮਨ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਅੱਜ ਇਹ ਹੁਕਮ ਦਿੱਤਾ।

ਇਹ ਵੀ ਪੜ੍ਹੋ:

ਦੋ ਵਕੀਲਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਦਾਖ਼ਲ ਅਰਜ਼ੀ

ਪਿਛਲੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਇਹ ਸੁਝਾਅ ਦਿੱਤਾ ਸੀ ਕਿ ਲਖੀਮਪੁਰ ਖੀਰੀ ਮਾਮਲੇ ਵਿੱਚ ਬਣੀ ਐਸਆਈਟੀ ਦੇ ਸੁਚਾਰੂ ਕਾਰਜ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ (ਜੱਜਾਂ) ਨੂੰ ਨਿਯੁਕਤ ਕੀਤਾ ਜਾ ਸਕਦਾ ਹੈ।

3 ਅਕਤੂਬਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਇਲਾਕੇ ਵਿੱਚ ਹੋਈ ਇਸ ਘਟਨਾ 'ਚ ਕੁੱਲ 8 ਲੋਕਾਂ ਦੀ ਮੌਤ ਹੋਈ ਸੀ ਜਿਸ ਵਿੱਚ 4 ਕਿਸਾਨ ਸਨ।

ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਦੋ ਵਕੀਲਾਂ ਦੀਆਂ ਰਿਪੋਰਟਾਂ ਦੇ ਆਧਾਰ 'ਤੇ ਅਦਾਲਤ ਨੇ ਆਪ ਇਸ ਮਾਮਲੇ ਵਿੱਚ ਅਰਜ਼ੀ ਦਾਇਰ ਕੀਤੀ ਸੀ।

ਇਸ ਹਿੰਸਾ ਦੌਰਾਨ ਕੁੱਲ 8 ਲੋਕਾਂ ਦੀ ਜਾਨ ਚਲੀ ਗਈ ਸੀ। ਮਰਨ ਵਾਲਿਆਂ ਵਿੱਚ ਉਹ ਕਿਸਾਨ ਵੀ ਸ਼ਾਮਲ ਸਨ ਜੋ ਕਿ ਆਸ਼ੀਸ਼ ਮਿਸ਼ਰਾ ਨਾਲ ਸਬੰਧਤ ਕਾਰ ਹੇਠਾਂ ਕੁਚਲੇ ਗਏ ਸਨ।

ਆਸ਼ੀਸ਼ ਮਿਸ਼ਰਾ, ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਹਨ ਅਤੇ ਲਖੀਮਪੁਰ ਖੀਰੀ ਵਿੱਚ ਵਾਪਰੀ ਇਸ ਘਟਨਾ ਵਿੱਚ ਉਨ੍ਹਾਂ ਦਾ ਨਾਮ ਵੀ ਸ਼ਾਮਲ ਹੈ।

ਕੀ ਹੋਇਆ ਸੀ ਉਸ ਦਿਨ

ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ, ਵੱਖ-ਵੱਖ ਸੂਬਿਆਂ ਵਿੱਚ ਭਾਜਪਾ ਸਰਕਾਰਾਂ, ਕੇਂਦਰੀ ਮੰਤਰੀਆਂ ਅਤੇ ਆਗੂਆਂ ਦੇ ਸਮਾਗਮਾਂ ਦਾ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੇ ਹਨ।

ਇਸੇ ਕੜੀ ਤਹਿਤ ਯੂਪੀ ਦੇ ਲਖੀਮਪੁਰ ਖੀਰੀ ਇਲਾਕੇ ਦੇ ਕਿਸਾਨ, ਇਲਾਕੇ ਦੇ ਪਹਿਲਾਂ ਤੋਂ ਤੈਅ ਦੌਰੇ 'ਤੇ ਆ ਰਹੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੀਆਂ ਝੰਡੀਆਂ ਦਿਖਾਉਣ ਆਏ ਸਨ।

ਪਰ ਇਸੇ ਦੌਰਾਨ ਹਿੰਸਾ ਫੈਲ ਗਈ ਅਤੇ 4 ਕਿਸਾਨਾਂ ਦੀ ਇੱਕ ਕਾਰ ਹੇਠਾਂ ਕੁਚਲੇ ਜਾਣ ਨਾਲ ਮੌਤ ਹੋ ਗਈ। ਜਿਸ ਕਾਰ ਨਾਲ ਕਿਸਾਨਾਂ ਦੀ ਮੌਤ ਹੋਈ, ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨਾਲ ਸਬੰਧਤ ਸੀ।

ਇਸ ਘਟਨਾ ਵਿੱਚ 4 ਕਿਸਾਨਾਂ ਅਤੇ ਇੱਕ ਸਥਾਨਕ ਪੱਤਰਕਾਰ ਸਮੇਤ ਕੁੱਲ 8 ਲੋਕ ਮਾਰੇ ਗਏ ਸਨ।

ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੇ ਇਲਜ਼ਾਮ ਲਗਾਇਆ ਸੀ ਕਿ ਗੱਡੀਆਂ ਨੇ ਭੀੜ ਉੱਤੇ ਤੇਜ਼ੀ ਨਾਲ ਚੱਲਦਿਆਂ ਕਿਸਾਨਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਅਤੇ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋ ਗਏ।

ਇਸ ਮਾਮਲੇ ਵਿੱਚ ਪੁੱਛਗਿੱਛ ਤੋਂ ਬਾਅਦ 2 ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਅਤੇ ਬਾਅਦ ਵਿੱਚ ਆਸ਼ੀਸ਼ ਮਿਸ਼ਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

ਫਿਲਹਾਲ ਇਹ ਮਾਮਲਾ ਅਦਾਲਤ ਵਿੱਚ ਹੈ।

ਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)