ਟੀ-20 ਵਿਸ਼ਵ ਕੱਪ: ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾਇਆ ਪਰ ਸੈਮੀਫਾਇਨਲ ਵਿੱਚ ਪਹੁੰਚਣਾ ਅਜੇ ਵੀ ਕਿਉਂ ਮੁਸ਼ਕਿਲ ਹੈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤ ਨੇ ਅਫ਼ਗਾਨਿਸਤਾਨ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਹੀਰੋ ਰਹੇ ਰੋਹਿਤ ਸ਼ਰਮਾ ਤੇ ਕੇ ਐੱਲ ਰਾਹੁਲ ਜਿਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।

ਭਾਰਤ ਨੇ ਅਫ਼ਗਾਨਿਸਤਾਨ ਦੇ ਸਾਹਮਣੇ 211 ਦੌੜਾਂ ਦਾ ਟੀਚਾ ਰੱਖਿਆ ਸੀ। ਅਫ਼ਗਾਨਿਸਤਾਨ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ।

ਭਾਰਤ ਵੱਲੋਂ ਸ਼ਮੀ ਨੇ 3 ਵਿਕਟਾਂ ਲਈਆਂ। ਅਫਗਾਨਿਸਤਾਨ ਵੱਲੋਂ ਕਰੀਮ ਜੰਨਤ ਨੇ 22 ਗੇਂਦਾਂ ਉੱਤੇ 42 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਰਹਿਮੁਨੁਲਾਹ ਤੇ ਗੁਲਬਦੀਨ ਵੱਲੋਂ ਕੁਝ ਸ਼ਾਟਸ ਖੇਡੇ ਗਏ ਪਰ ਭਾਰਤੀ ਗੇਂਦਬਾਜ਼ੀ ਕਾਫੀ ਸਟੀਕ ਰਹੀ।

ਬੀਤੇ ਦੋ ਮੈਚਾਂ ਵਿੱਚ ਬਾਹਰ ਬੈਠੇ ਆਰ ਅਸ਼ਵਿਨ ਜੋ ਚਾਰ ਸਾਲ ਬਾਅਦ ਭਾਰਤ ਲਈ ਟੀ-20 ਮੈਚ ਖੇਡ ਰਹੇ ਸਨ, ਉਨ੍ਹਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 2 ਵਿਕਟ ਲਏ। ਆਰ ਅਸ਼ਵਿਨ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਹਨ।

ਜਡੇਜਾ ਨੇ ਵੀ ਅਫਗਾਨਿਸਤਾਨ ਦੇ ਖਿਲਾਫ਼ ਸਟੀਕ ਗੇਂਦਬਾਜ਼ੀ ਕੀਤੀ। ਮੁਹੰਮਦ ਸ਼ਮੀ ਕੁਝ ਮਹਿੰਗੇ ਸਾਬਿਤ ਹੋਏ ਪਰ ਆਖਿਰ ਵਿੱਚ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ। ਜਸਪ੍ਰੀਤ ਬੁਮਰਾਹ ਨੇ ਬਿਲਕੁਲ ਕਸੀ ਹੋਈ ਗੇਂਦਬਾਜ਼ੀ ਕੀਤੀ ਤੇ ਵਿਕਟ ਵੀ ਲਈ।

ਰੋਹਿਤ-ਰਾਹੁਲ ਦੀ ਸਾਝੇਦਾਰੀ

ਰੋਹਿਤ ਤੇ ਰਾਹੁਲ ਨੇ ਇਸ ਤੋਂ ਪਹਿਲਾਂ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸਟੇਡੀਅਮ ਦੇ ਹਰ ਪਾਸੇ ਸ਼ਾਟਸ ਲਗਾਏ।

ਰੋਹਿਤ ਸ਼ਰਮਾ ਕਰੀਮ ਜੰਨਤ ਦੀ ਗੇਂਦ ’ਤੇ 74 ਦੌੜਾਂ ਬਣਾ ਕੇ ਆਊਟ ਹੋਏ। ਰਾਹੁਲ ਵੀ 69 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋਏ।

ਰੋਹਿਤ ਸ਼ਰਮਾ ਤੇ ਕੇ ਐੱਲ ਰਾਹੁਲ ਨੇ ਭਾਰਤ ਲਈ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਡੀ ਸਾਲਾਮੀ ਸਾਂਝੇਦਾਰੀ ਬਣਾਉਣ ਦਾ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਪਹਿਲੇ ਵਿਕਟ ਲਈ 140 ਦੌੜਾਂ ਜੋੜੀਆਂ ਸਨ।

ਪਿਛਲੇ ਦੋ ਮੈਚਾਂ ਦੀ ਮਾਯੂਸੀ ਨੂੰ ਰੋਹਿਤ-ਰਾਹੁਲ ਨੇ ਪਿੱਛੇ ਛੱਡਦੇ ਹੋਏ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਅਫ਼ਗਾਨਿਸਤਾਨ ਨੂੰ ਸਖ਼ਤ ਮੁਕਾਬਲਾ ਦਿੱਤਾ ਹੈ।

ਰੋਹਿਤ ਸ਼ਰਮਾ ਲੈਗ ਸਾਈਡ ਉੱਤੇ ਸ਼ਾਨਦਾਰ ਸ਼ਾਟਸ ਲਗਾਉਣ ਲਈ ਜਾਣੇ ਜਾਂਦੇ ਹਨ। ਇਸ ਮੈਚ ਵਿੱਚ ਰੋਹਿਤ ਸ਼ਰਮਾ ਨੇ ਆਫ ਸਾਈਡ ’ਤੇ ਸ਼ਾਨਦਾਰ ਸ਼ਾਟਸ ਲਗਾਏ।

ਇਹ ਵੀ ਪੜ੍ਹੋ:

ਪੰਤ-ਪਾਂਡਿਆ ਦੀ ਆਤਿਸ਼ਬਾਜ਼ੀ

ਕੇ ਐਲ ਰਾਹੁਲ ਦੀ ਵਿਕਟ ਤੋਂ ਬਾਅਦ ਰਿਸ਼ਬ ਪੰਤ ਤੇ ਹਾਰਦਿਕ ਪਾਂਡਿਆ ਨੇ ਤੇਜ਼ੀ ਨਾਲ ਸਕੋਰ ਵਧਾਇਆ ਤੇ ਸ਼ਾਨਦਾਰ ਸ਼ੌਟਸ ਖੇਡੇ। ਪੰਤ ਤੇ ਪਾਂਡਿਆ ਦੋਵਾਂ 13-13 ਗੇਂਦਾਂ ਖੇਡੀਆਂ। ਰਿਸ਼ਬ ਪੰਤ ਨੇ 27 ਤੇ ਪਾਂਡਿਆ ਨੇ 35 ਦੌੜਾਂ ਬਣਾਈਆਂ।

ਰਿਸ਼ਬ ਪੰਤ ਨੇ ਤਿੰਨ ਛੱਕੇ ਲਗਾਏ ਤੇ ਪਾਂਡਿਆ ਨੇ 2 ਛੱਕੇ ਲਗਾਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕੋਹਲੀ ਫਿਰ ਟਾਸ ਹਾਰੇ

ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਲਗਾਤਾਰ ਤੀਜਾ ਟੌਸ ਹਾਰਿਆ ਸੀ। ਅਫ਼ਗਾਨਿਸਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਭਾਰਤ ਨੇ ਆਪਣੀ ਟੀਮ ਵਿੱਚ ਦੋ ਬਦਲਾਅ ਕੀਤੇ ਸਨ। ਸੁਰਿਆਕੁਮਾਰ ਨੂੰ ਇਸ਼ਾਨ ਕਿਸ਼ਨ ਦੀ ਥਾਂ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਵਰੁਣ ਚਕਰਵਰਤੀ ਦੀ ਥਾਂ ਆਰ ਅਸ਼ਵਿਨ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਕਿਹੜੇ ਹਾਲਾਤ ਵਿੱਚ ਭਾਰਤ ਸੈਮੀਫਾਇਨਲ ਤੱਕ ਪਹੁੰਚ ਸਕਦਾ ਹੈ?

ਭਾਰਤ ਨੂੰ ਸੈਮੀਫਾਇਨਲ ਵਿੱਚ ਪਹੁੰਚਣ ਦੇ ਲਈ ਆਪਣੇ ਪ੍ਰਦਰਸ਼ਨ ਦੇ ਨਾਲ-ਨਾਲ ਦੂਜੀਆਂ ਟੀਮਾਂ ਦੇ ਪ੍ਰਦਰਸ਼ਨ 'ਤੇ ਵੀ ਨਿਰਭਰ ਰਹਿਣਾ ਪਵੇਗਾ।

ਭਾਰਤ ਗਰੁੱਪ 2 ਵਿੱਚ ਹੈ ਜਿੱਥੇ ਪਾਕਿਸਤਾਨ ਪਹਿਲਾਂ ਹੀ ਸੈਮੀਫਾਇਨਲ ਵਿੱਚ ਪਹੁੰਚ ਚੁੱਕੀ ਹੈ। ਹੁਣ ਭਾਰਤ ਦੀਆਂ ਨਜ਼ਰ ਅਫ਼ਗਾਨਿਸਤਾਨ-ਨਿਊਜ਼ੀਲੈਂਡ ਦੇ ਮੈਚ ਉੱਤੇ ਹਨ। ਜੇ ਅਫਗਾਨਿਸਤਾਨ ਨਿਊਜ਼ੀਲੈਂਡ ਨੂੰ ਹਰਾ ਦਿੰਦਾ ਹੈ ਤਾਂ ਭਾਰਤ ਦੀ ਉਮੀਦ ਸੈਮੀਫਾਈਨਲ ਵਿੱਚ ਆਉਣ ਦੀ ਕਾਫੀ ਵਧ ਜਾਵੇਗੀ।

ਇਸ ਤੋਂ ਇਲਾਵਾ ਭਾਰਤ ਨੂੰ ਨਾਮੀਬੀਆ ਤੇ ਸਕਾਟਲੈਂਡ ਖਿਲਾਫ਼ ਆਪਣੇ ਮੈਚ ਵੱਡੇ ਅੰਤਰ ਨਾਲ ਜਿੱਤਣੇ ਹੋਣਗੇ।

ਭਾਰਤ ਨੂੰ ਸਕਾਟਲੈਂਡ ਵੀ ਕਰੜੀ ਟੱਕਰ ਦੇ ਸਕਦਾ ਹੈ। ਨਿਊਜ਼ੀਲੈਂਡ ਖਿਲਾਫ਼ ਉਨ੍ਹਾਂ ਨੇ ਕਾਫੀ ਚੰਗਾ ਖੇਡ ਦਿਖਾਇਆ ਹੈ। ਨਾਮੀਬੀਆ ਨੇ ਪ੍ਰਦਰਸ਼ਨ ਵੀ ਅਜਿਹਾ ਰਿਹਾ ਹੈ ਕਿ ਉਹ ਭਾਰਤ ਵਰਗੀ ਟੀਮ ਨੂੰ ਹੈਰਾਨ ਕਰ ਸਕਦੀ ਹੈ।

ਅਫਗਾਨਿਸਤਾਨ ਖਿਲਾਫ ਮੈਚ ਨਾਲ ਭਾਰਤ ਦਾ ਰਨ ਰੇਟ ਹੋਰ ਵੀ ਚੰਗਾ ਹੋ ਸਕਦਾ ਸੀ ਪਰ ਅਫ਼ਗਾਨਿਸਤਾਨ ਨੇ ਆਖਿਰ ਵਿੱਚ ਕਾਫੀ ਤੇਜ਼ ਬੱਲੇਬਾਜ਼ੀ ਕੀਤੀ ਜਿਸ ਨਾਲ ਉਹ ਭਾਰਤ ਤੋਂ 66 ਦੌੜਾਂ ਹੀ ਪਿੱਛੇ ਰਹਿ ਗਏ ਸਨ।

ਹੁਣ ਭਾਰਤ ਦਾ ਨੈਟ ਰਨ ਰੇਟ ਪੌਜ਼ਿਟਿਵ ਵਿੱਚ ਤਾਂ ਆ ਗਿਆ ਹੈ ਪਰ ਅਜੇ ਵੀ ਅਫ਼ਗਾਨਿਸਤਾਨ ਤੋਂ ਘੱਟ ਹੈ। ਭਾਰਤ ਦਾ ਸੈਮੀਫਾਨਇਨਲ ਵਿੱਚ ਪਹੁੰਚਣ ਦਾ ਰਾਹ ਚੁਣੌਤੀਆਂ ਨਾਲ ਭਰਪੂਰ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)