You’re viewing a text-only version of this website that uses less data. View the main version of the website including all images and videos.
ਟੋਕੀਓ 2020 ਓਲੰਪਿਕ: ਹਾਕੀ ਖਿਡਾਰਨ ਗੁਰਜੀਤ ਕੌਰ ਦੇ ਨਾਂਅ 'ਤੇ ਸਟੇਡੀਅਮ, ਪਰਿਵਾਰ ਦੀ ਮੰਗ ਕੁਝ ਹੋਰ - ਪ੍ਰੈੱਸ ਰਿਵੀਊ
ਸ਼ੁੱਕਰਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿੱਲੋਮੀਟਰ ਦੂਰ ਵਸਦੇ ਗੁਰਜੀਤ ਦੇ ਪਿੰਡ ਮੈਦੀ ਕਲਾਂ ਵਿੱਚ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੌਕੇ ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਦਿਲਰਾਜ ਸਿੰਘ ਸਰਕਾਰੀਆ, ਸਰਪੰਚ ਦਿਲਬਾਗ ਸਿੰਘ ਅਤੇ ਓਲੰਪਿਕ ਵਿੱਚ ਚੌਥੇ ਨੰਬਰ 'ਤੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਦੇ ਪਿਤਾ ਮੌਜੂਦ ਸਨ।
ਗੁਰਜੀਤ ਕੌਰ ਦੇ ਪਿਤਾ ਸਤਨਾਮ ਨੇ ਕਿਹਾ ਕਿ ਇੱਸ ਸਰਹੱਦੀ ਖੇਤਰ ਵਿੱਚ ਕੋਈ ਸਟੇਡੀਅਮ ਜਾਂ ਖੇਡਾਂ ਦੀ ਕੋਈ ਹੋਰ ਸਹੂਲਤ ਉਪਲਭਦ ਨਹੀਂ ਹੈ। ਇੱਥੇ ਇੱਕ ਸਟੇਡੀਅਮ ਦਾ ਬਣਨਾ ਇੱਕ ਵਰਦਾਨ ਸਾਬਤ ਹੋਵੇਗਾ।
ਖ਼ਬਰ ਵੈਬਸਾਈਟ ਦਿ ਬਿਜ਼ਨੈਸ ਸਟੈਂਡਰਡ ਦੀ ਖ਼ਬਰ ਮੁਤਾਬਕ ਗੁਰਜੀਤ ਦੇ ਪਿਤਾ ਨੇ ਕਿਹਾ ਕਿ ਗੁਰਜੀਤ ਨੂੰ ਪੰਜਾਬ ਵਿੱਚ ਨੌਕਰੀ ਦੇਣ ਦੀ ਮੰਗ ਵੀ ਸਰਕਾਰ ਤੋਂ ਕੀਤੀ ਜਾਵੇਗੀ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਪੰਜਾਬ ਸਰਕਾਰ ਦੀ ਤਰਫ਼ੋਂ ਵੀ ਪੰਜਾਬ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਨੇ ਸੜਕਾਂ ਅਤੇ ਸਕੂਲਾਂ ਦੇ ਨਾਂਅ ਓਲੰਪਿਕ ਤਮਗਾ ਜੇਤੂ ਖਿਡਾਰੀਆਂ ਦੇ ਨਾਵਾਂ ਉੱਪਰ ਰੱਖਣ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਕਾਂਸੇ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਟੀਮ ਨੇ ਦੇਸ਼ ਨੂੰ ਮਾਣ ਦਵਾਇਆ ਹੈ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਸਕੂਲਾਂ ਦੇ ਨਾਂਅ ਰੱਖਣਾ ਉਨ੍ਹਾਂ ਦਾ ਇੱਕ ਧੰਨਵਾਦ ਹੈ।
ਸਿੱਧੂ ਵੱਲੋਂ ਜਲੰਧਰ ਵਿੱਚ ਡੇਰਿਆਂ ਦਾ ਦੌਰਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕੀਤਾ ਅਤੇ ਡੇਰਾ ਮੁਖੀ ਨਿਰੰਜਣ ਦਾਸ ਬੱਲਾਂ ਤੋਂ ਅਸ਼ੀਰਵਾਦ ਹਾਸਲ ਕੀਤਾ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਉਹ ਜ਼ਿਲ੍ਹੇ ਦੇ ਪਿੰਡ ਰਾਇਪੁਰ ਵਿੱਚ ਇੱਕ ਹੋਰ ਡੇਰੇ ਜੌੜਾ ਸੰਤ ਨਿਰਮਲ ਦਾਸ ਵਿਖੇ ਵੀ ਗਏ।
ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰੁਣਾ ਚੌਧਰੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਸੁਖਵੰਤ ਸਿੰਘ ਡੈਣੀ ਅਤੇ ਸੰਗਤ ਸਿੰਘ ਗਿਲਜੀਆਂ, ਸਾਬਕਾ ਐੱਮਪੀ ਮਹਿੰਦਰ ਸਿੰਘ ਕੇਪੀ ਅਤੇ ਦਰਜਣ ਤੋਂ ਵਧੇਰੇ ਵਿਧਾਇਕ ਵੀ ਸਨ।
ਇਸ ਮੌਕੇ ਸਿੱਧੂ ਨੇ ਕਿਹਾ ਕਿ ਉਹ ਸਮਾਜ ਦੇ ਕਮਜ਼ੋਰ ਵਰਗਾਂ ਦੇ ਉਥਾਨ ਦੇ ਆਪਣੇ ਮੁਹਾਜ ਵਿੱਚ ਇਨ੍ਹਾਂ ਸੰਤਾਂ ਦਾ ਅਸ਼ੀਰਵਾਦ ਲੈਣ ਪਹੁੰਚੇ ਹਨ। ਉਨ੍ਹਾਂ ਨੇ ਕਿਹਾ, "ਮੈਂ ਇੱਥੇ ਕੋਈ ਸਿਆਸਤ ਕਰਨ ਨਹੀਂ ਆਇਆ, ਧਰਮ ਸਿਆਸਤ ਤੋਂ ਬਹੁਤ ਉੱਚਾ ਹੈ। ਸਾਨੂੰ ਧਰਮ ਤੋਂ ਅਗਵਾਈ ਲੈਣੀ ਚਾਹੀਦੀ ਹੈ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਏਜੰਸੀਆਂ ਨਿਆਂਪਾਲਿਕਾ ਲਈ ਮਦਦਗਾਰ ਨਹੀਂ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੀਬੀਆਈ ਅਤੇ ਆਬੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਜੱਜਾਂ ਨੂੰ ਮਿਲਦੀਆਂ ਧਮਕੀਆਂ ਅਤੇ ਸ਼ੋਸ਼ਣ ਦੀਆਂ ਸ਼ਿਕਾਇਤਾਂ ਬਾਰੇ ਢੁਕਵੀਂ ਪ੍ਰਤੀਕਿਰਿਆ ਨਹੀਂ ਦਿੰਦੇ। ਅਦਾਲਤ ਦਾ ਕਹਿਣਾ ਸੀ ਕਿ ਏਜੰਸੀਆਂ ਨਿਆਂਪਾਲਿਕਾ ਲਈ ਮਦਦਗਾਰ ਨਹੀਂ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਚੀਫ਼ ਜਸਟਿਸ ਐੱਨਵੀ ਰਮੰਨਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ, "ਦੇਸ਼ ਵਿੱਚ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਵੱਡੇ ਲੋਕ ਸ਼ਾਮਲ ਹੁੰਦੇ ਹਨ। ਇਸ ਲਈ ਜੱਜਾਂ ਨੂੰ ਵਟਸਐਪ, ਐੱਸਐੱਮਐੱਸ ਸੁਨੇਹੇ ਭੇਜ ਕੇ ਮਾਨਸਿਕ ਤੌਰ 'ਤੇ ਪ੍ਰਰੇਸ਼ਾਨ ਕੀਤਾ ਜਾਂਦਾ ਹੈ। ਸ਼ਿਕਾਇਤਾਂ ਕੀਤੀਆਂ ਗਈਆਂ ਪਰ ਸੀਬੀਆਈ ਨੇ ਕੁਝ ਨਹੀਂ ਕੀਤਾ...ਸੀਬੀਆਈ ਦੇ ਰਵਈਏ ਵਿੱਚ ਕੋਈ ਬਦਲਾਅ ਨਹੀਂ ਆਇਆ... ਇਹ ਲਿਖਦੇ ਹੋਏ ਦੁੱਖ ਹੋ ਰਿਹਾ ਹੈ।"
"ਹੁਣ ਦੇਸ਼ ਵਿੱਚ ਇਹ ਰੁਝਾਨ ਚੱਲ ਪਿਆ ਹੈ ਕਿ ਜੇ ਉਲਟ ਫੈਸਲਾ ਦਿੱਤਾ ਜਾਂਦਾ ਹੈ ਤਾਂ ਨਿਆਂਪਾਲਿਕਾ ਨੂੰ ਬਦਨਾਮ ਕੀਤਾ ਜਾਂਦਾ ਹੈ। ਬਦਕਿਸਤਮੀ ਨਾਲ ਜੱਜਾਂ ਕੋਲ ਸ਼ਿਕਾਇਤ ਕਰਨ ਲਈ ਕੋਈ ਅਜ਼ਾਦੀ ਹੀ ਨਹੀਂ ਹੈ।"
"ਜੇ ਜੱਜ ਸੀਬੀਆਈ ਜਾਂ ਪੁਲਿਸ ਕੋਲ ਸ਼ਿਕਾਇਤ ਕਰਦੇ ਵੀ ਹਨ ਤਾਂ ਉਹ ਜਵਾਬ ਨਹੀਂ ਦਿੰਦੇ। ਆਈਬੀ ਅਤੇ ਸੀਬੀਆਈ ਨਿਆਂਪਾਲਿਕਾ ਦੀ ਬਿਲਕੁਲ ਵੀ ਮਦਦ ਨਹੀਂ ਕਰਦੇ ਹਨ। ਮੈਂ ਇਹ ਜ਼ਿੰਮੇਵਾਰੀ ਨਾਲ ਇਹ ਟਿੱਪਣੀ ਕਰ ਰਿਹਾ ਹਾਂ।"
ਅਦਾਲਤ ਨੇ ਇਹ ਟਿੱਪਣੀਆਂ ਚੀਫ਼ ਜਸਟਿਸ ਵੱਲੋਂ ਝਾਰਖੰਡ ਦੇ ਧਨਬਾਦ ਵਿੱਚ ਇੱਕ ਜੱਜ ਦੇ ਕਤਲ ਮਗਰੋਂ ਜੱਜਾਂ ਦੀ ਸੁਰੱਖਿਆ ਬਾਰੇ ਕੀਤੀ ਜਾ ਰਹੀ ਸੂਮੋਟੋ ਸੁਣਵਾਈ ਦੌਰਾਨ ਕੀਤੀਆਂ।
ਇਹ ਵੀ ਪੜ੍ਹੋ: