ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੀ SIT ਰਿਪੋਰਟ ਨੇ ਪਾਏ ਕਾਂਗਰਸ 'ਚ ਪੇਚੇ - ਪ੍ਰੈੱਸ ਰਿਵੀਊ

ਤਸਵੀਰ ਸਰੋਤ, FB/Capt Amarinder Singh
ਹਾਈ ਕੋਰਟ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਬਾਰੇ ਸਪੈਸ਼ਲ ਇਨਵੈਸਟੀਗੇਸ਼ਨ ਰਿਪੋਰਟ (SIT) ਰਿਪੋਰਟ ਨੂੰ ਰੱਦ ਕਰਨ ਤੋਂ ਬਾਅਦ SIT ਮੁਖੀ ਤੇ ਪੰਜਾਬ ਪੁਲਿਸ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਬਾਬਤ ਆਪਣਾ ਅਸਤੀਫ਼ਾ ਪੇਸ਼ ਕੀਤਾ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਮੁੱਦੇ ਉੱਤੇ ਕਾਂਗਰਸ ਪਾਰਟੀ ਦੇ ਅੰਦਰ ਹੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਵਿਰੋਧੀ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਹੀ ਲੀਡਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਹ ਵੀ ਪੜ੍ਹੋ:
ਖ਼ਬਰ ਮੁਤਾਬਕ ਕੈਪਟਨ ਨਾ ਸਿਰਫ਼ ਕੁੰਵਰ ਵਿਜੇ ਪ੍ਰਤਾਪ ਦੀ ਪਿੱਠ ਥਾਪੜੀ ਹੈ ਸਗੋਂ ਉਨ੍ਹਾਂ ਦਾ ਅਸਤੀਫ਼ਾ ਵੀ ਨਾਮਨਜ਼ੂਰ ਕੀਤਾ ਹੈ।
ਐੱਸਆਈਟੀ ਮੁਖੀ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫ਼ਾ ਨਾਮਨਜ਼ੂਰ ਹੋਣ ਤੋਂ ਕੁਝ ਸਮੇਂ ਬਾਅਦ ਹੀ ਫੇਸਬੁੱਕ ਉੱਤੇ ਆਪਣੀ ਰਿਪੋਰਟ 'ਤੇ ਅਟਲ ਰਹਿਣ ਦੀ ਗੱਲ ਆਖੀ।
ਬਰਗਾੜੀ ਬੇਅਦਬੀ ਮਾਮਲਾ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਸੂਬੇ ਵਿੱਚ 2015 ਤੋਂ ਭਾਵਨਾਤਮਕ ਮੁੱਦਾ ਰਿਹਾ ਹੈ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ।
'ਕਿਸਾਨਾਂ ਨਾਲ ਗੱਲਬਾਤ ਕਰਨ ਦੇ ਸਰਕਾਰ ਦੇ ਵਾਅਦੇ ਝੂਠੇ'
ਮੁਜ਼ਾਹਰਾ ਕਰ ਰਹੇ ਕਿਸਾਨਾਂ ਮੁਤਾਬਕ ਸਰਕਾਰ ਨੇ ਜਥੇਬੰਦੀਆਂ ਨੂੰ ਗੱਲਬਾਤ ਲਈ ਨਹੀਂ ਸੱਦਿਆ।
ਦਿ ਹਿੰਦੂ ਦੀ ਰਿਪੋਰਟ ਮੁਤਾਬਕ ਸਿੰਘੂ ਬਾਰਡਰ ਉੱਤੇ ਮੌਜੂਦ ਮੁਜ਼ਾਹਰਾਕਾਰੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਬਿਆਨ ਕਿ ਗੱਲਬਾਤ ਮੁੜ ਸ਼ੁਰੂ ਹੋਈ ਹੈ, ਇਹ ''ਝੂਠੇ ਵਾਅਦੇ'' ਹਨ ਅਤੇ ਯਕੀਨ ਦਵਾਉਣ ਦੇ ਬਾਵਜੂਦ ਵੀ ਸਰਕਾਰ ਨੇ ਜਥੇਬੰਦੀਆਂ ਨੂੰ ਗੱਲਬਾਤ ਲਈ ਨਹੀਂ ਸੱਦਿਆ ਹੈ।

ਤਸਵੀਰ ਸਰੋਤ, Getty Images
ਕਈ ਕਿਸਾਨ ਜੋ ਲਗਭਗ ਪੰਜ ਮਹੀਨਿਆਂ ਤੋਂ ਬਾਰਡਰ ਉੱਤੇ ਬੈਠੇ ਹਨ, ਉਹ ਕਹਿੰਦੇ ਹਨ ਕਿ ਕੇਂਦਰੀ ਮੰਤਰੀਆਂ ਦੇ ਨਾਲ 11 ਮੀਟਿੰਗਾਂ ਹੋਈਆਂ ਪਰ ਉਹ ਕਿਸਾਨਾਂ ਨੂੰ ਇਹ ਦੱਸਣ ਵਿੱਚ ਅਸਫ਼ਲ ਰਹੇ ਕਿ ਤਿੰਨ ਕਾਨੂੰਨ ਉਨ੍ਹਾਂ ਲਈ ਲਾਹੇਵੰਦ ਕਿਵੇਂ ਹਨ।
ਦਿ ਹਿੰਦੂ ਨਾਲ ਗੱਲ ਕਰਦਿਆਂ ਮੋਗਾ ਦੇ ਕਿਸਾਨ ਗੁਰਮੀਤ ਸਿੰਘ ਨੇ ਆਖਿਆ, "ਸਾਡੀ ਬੜੀ ਸਾਫ਼ ਮੰਗ ਰਹੀ ਹੈ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ। ਸਰਕਾਰ ਨੇ 11 ਮੀਟਿੰਗਾਂ ਕੀਤੀਆਂ ਤੇ ਫ਼ਿਰ ਵੀ ਉਹ ਸਾਨੂੰ ਇਹ ਦੱਸਣ ਵਿੱਚ ਕਾਮਯਾਬ ਨਹੀਂ ਹੋਏ ਕਿ ਇਹ ਕਾਨੂੰਨ ਸਾਡੇ ਲਈ ਲਾਭਕਾਰੀ ਕਿਵੇਂ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਉਂ ਮੰਨੀਏ। ਇਹ ਬਿਆਨ ਕਿ ਉਹ ਸੰਵਾਦ ਲਈ ਰਾਜ਼ੀ ਹਨ, ਮਹਿਜ਼ ਖ਼ਾਲ੍ਹੀ ਵਾਅਦੇ ਹਨ।"
ਕੋਰੋਨਾ ਦੇ ਟੀਕੇ ਲਗਾਉਣ ਦੇ ਮਾਮਲੇ 'ਚ ਪੰਜਾਬ ਰੋਜ਼ਾਨਾ ਟੀਚਾ ਵੀ ਪੂਰਾ ਨਾ ਕਰ ਸਕਿਆ
ਚਾਰ ਦਿਨਾਂ ਦੇ ਟੀਕਾ ਉਤਸਵ ਵਿੱਚ ਪੰਜਾਬ ਆਪਣਾ ਟੀਚਾ ਕਿਸੇ ਇੱਕ ਦਿਨ ਵੀ ਪੂਰਾ ਨਹੀਂ ਕਰ ਸਕਿਆ।
ਦਿ ਇੰਡਿਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਚਾਰ ਦਿਨਾਂ ਦੇ ਟੀਕਾ ਉਤਸਵ (11 ਤੋਂ 14 ਅਪ੍ਰੈਲ) ਦੀ ਸਮਾਪਤੀ ਬੁੱਧਵਾਰ 14 ਅਪ੍ਰੈਲ ਨੂੰ ਹੋ ਗਈ।
ਅੰਕੜੇ ਦੱਸਦੇ ਹਨ ਕਿ ਪੰਜਾਬ ਆਪਣੇ ਰੋਜ਼ਾਨਾ ਦੇ 2 ਲੱਖ ਟੀਕੇ ਲਗਾਉਣ ਦੇ ਟੀਚੇ ਨੂੰ ਕਿਸੇ ਇੱਕ ਦਿਨ ਵੀ ਮੁਕੰਮਲ ਨਹੀਂ ਕਰ ਸਕਿਆ।

ਤਸਵੀਰ ਸਰੋਤ, Twitter/Capt Amarinder Singh
ਖ਼ਬਰ ਮੁਤਾਬਕ ਚਾਰ ਦਿਨਾਂ ਦੇ ਇਸ ਉਤਸਵ ਦੌਰਾਨ ਰੋਜ਼ਾਨਾ ਦੇ ਅੰਕੜੇ ਇੱਕ ਲੱਖ ਵੈਕਸੀਨੇਸ਼ਨ ਨੂੰ ਵੀ ਪਾਰ ਨਹੀਂ ਕਰ ਸਕੇ।
7 ਅਪ੍ਰੈਲ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਰੋਜ਼ਾਨਾ 2 ਲੱਖ ਵੈਕਸੀਨ ਡੋਜ਼ ਦਾ ਐਲਾਨ ਕੀਤਾ ਸੀ।
ਇਸ ਤੋਂ ਬਾਅਦ 10 ਅਪ੍ਰੈਲ ਨੂੰ ਕੈਪਟਨ ਨੇ ਕੇਂਦਰ ਸਰਕਾਰ ਨੂੰ ਜ਼ਿਆਦਾ ਕੋਰੋਨਾ ਵੈਕਸੀਨ ਦੀ ਸਪਲਾਈ ਕਰਨ ਨੂੰ ਕਿਹਾ ਸੀ। ਇਸ ਪਿੱਛੇ ਦਾਅਵਾ ਇਹ ਸੀ ਕਿ ਸੂਬੇ ਵਿੱਚ ਸਿਰਫ਼ ਪੰਜ ਦਿਨਾਂ ਦੀ ਵੈਕਸੀਨ ਹੀ ਬਚੀ ਹੈ। ਮੁੱਖ ਮੰਤਰੀ ਦੀ ਗੁਜ਼ਾਰਿਸ਼ ਤੋਂ ਬਾਅਦ ਸੂਬੇ ਨੂੰ 4 ਲੱਖ ਵਾਧੂ ਕੋਰੋਨਾ ਵੈਕਸੀਨ ਮਿਲੀ ਸੀ।
11 ਅਪ੍ਰੈਲ ਨੂੰ ਟੀਕਾ ਉਤਸਵ ਦੇ ਪਹਿਲੇ ਦਿਨ ਪੰਜਾਬ ਮਹਿਜ਼ 69,129 ਵੈਕਸੀਨ ਦੀ ਡੋਜ਼ ਲਗਾ ਸਕਿਆ। 12 ਅਪ੍ਰੈਲ ਨੂੰ ਅੰਕੜਾ 94,719 ਅਤੇ 13 ਅਪ੍ਰੈਲ ਨੂੰ 64,961 ਰਿਹਾ। ਇਸੇ ਤਰ੍ਹਾਂ ਟੀਕਾ ਉਤਸਵ ਦੇ ਆਖਰੀ ਦਿਨ ਇਹ ਅੰਕੜਾ 75,137 ਰਿਹਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












