ਕੋਵਿਡ ਕੇਅਰ ਸੈਂਟਰ ਬਣਾਏ ਹੋਟਲ ਨੂੰ ਲੱਗੀ ਅੱਗ, ਮਰੀਜ਼ਾਂ ਨੇ ਮਾਰੀਆਂ ਛਾਲ੍ਹਾਂ, 11 ਮੌਤਾਂ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਆਂਧਰ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਸਵਰਨਾ ਪੈਲੇਸ ਨਾਮੀ ਹੋਟਲ ਵਿੱਚ ਅੱਗ ਲੱਗਣ ਨਾਲ 11 ਜਣਿਆਂ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।

ਕੋਰੋਨਾ ਮਰੀਜ਼ਾਂ ਨੂੰ ਰੱਖਣ ਲਈ ਇਸ ਹੋਟਲ ਦੀ ਵਰਤੋਂ ਕੇਅਰ ਸੈਂਟਰ ਦੇ ਰੂਪ ਵਿੱਚ ਇੱਕ ਹਸਪਤਾਲ ਵੱਲੋਂ ਕੀਤੀ ਜਾ ਰਹੀ ਸੀ।

ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸ਼ੰਕਰ ਮੁਤਾਬਕ ਜਦੋਂ ਅੱਗ ਲੱਗੀ ਤਾਂ ਉਸ ਵੇਲੇ ਹੋਟਲ ਵਿੱਚ ਕਰੀਬ 50 ਲੋਕ ਸਨ।

ਆਂਧਰਾ ਪ੍ਰਦੇਸ ਦੀ ਗ੍ਰਹਿ ਰਾਜ ਮੰਤਰੀ ਮੇਕਾਥੋਟੀ ਸਿਚਰਿਤਾ ਨੇ ਦੱਸਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਣ ਲੱਗੀ ਹੋ ਸਕਦੀ ਹੈ।

ਵਿਜੇਵਾੜਾ ਦੇ ਪੁਲਿਸ ਕਮਿਸ਼ਨਰ ਬੀ ਸ੍ਰੀਨਿਵਾਸਉਲੂ ਨੇ ਬੀਬੀਸੀ ਤਾਮਿਲ ਸੇਵਾ ਨੂੰ ਦੱਸਿਆ," ਅਸੀਂ ਹਾਲੇ ਪਤਾ ਕਰ ਰਹੇ ਹਾਂ ਕਿ ਮਰੀਜ਼ ਕਿੱਥੇ ਸਨ। ਤੀਹ ਤੋਂ ਵਧੇਰੇ ਹੋਟਲ ਵਿੱਚ ਸਨ। ਅਸੀਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਬਚਾ ਲਿਆ ਹੈ। ਮਰਨ ਵਾਲਿਆਂ ਦੀ ਗਿਣਤੀ ਹੁਣ ਸੱਤ ਹੈ ਜੋ ਵਧ ਸਕਦੀ ਹੈ।"

ਸਵੇਰੇ ਪੰਜ ਵੱਜ ਕੇ ਨੌਂ ਮਿੰਟ ’ਤੇ ਪੁਲਿਸ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਪੰਜ ਮਿੰਟ ਵਿੱਚ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਨਾਲ ਹੀ ਬਚਾਅ ਕਾਰਜਾਂ ਲਈ ਵੀ ਟੀਮਾਂ ਉੱਥੇ ਪਹੁੰਚੀਆਂ। ਪੰਜ ਵੱਜ ਕੇ 45 ਮਿੰਟ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ।

ਅੱਗ ਤੋਂ ਬਚਣ ਲਈ ਕਈ ਜਣਿਆਂ ਨੇ ਹਸਪਤਾਲ ਦੀ ਇਮਾਰਤ ਤੋਂ ਥੱਲੇ ਛਾਲਾਂ ਮਾਰ ਦਿੱਤੀਆਂ। ਜਿਨ੍ਹਾਂ ਵਿੱਚੋ ਚਾਰ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ।

ਬੀਬੀਸੀ ਸਹਿਯੋਗੀ ਪੱਤਰਕਾਰ ਸ਼ੰਕਰ ਮੁਤਾਬਕ ਫਟੱੜਾਂ ਨੂੰ ਨਜ਼ਦੀਕੀ ਰਮੇਸ਼ ਹਸਪਤਾਲ ਲਿਜਾਇਆ ਗਿਆ ਹੈ।

ਕੁਝ ਦਿਨ ਪਹਿਲਾਂ ਹੀ ਰਮੇਸ਼ ਹਸਪਤਾਲ ਨੇ ਹੀ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਇਸ ਹੋਟਲ ਨੂੰ ਕਿਰਾਏ 'ਤੇ ਲਿਆ ਸੀ।

ਆਂਧਰਾ ਪ੍ਰਦੇਸ਼ ਦੇ ਗ੍ਰਹਿ ਮੰਤਰੀ ਮੇਕਾਟੋਟੀ ਸੁਚਰਿਤਾ ਮੁਤਾਬਕ, ''ਹਾਦਸਾ ਸ਼ੌਰਟ ਸਰਕਿਟ ਦੀ ਵਜ੍ਹਾ ਨਾਲ ਹੋਇਆ। ਧੂੰਆਂ ਜ਼ਿਆਦਾ ਹੋਣ ਕਾਰਨ ਕੁਝ ਮਰੀਜ਼ ਸਾਹ ਨਹੀਂ ਲੈ ਸਕੇ।''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਉੱਪਰ ਟਵੀਟ ਰਾਹੀਂ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਲਿਖਿਆ,"ਵਿਜੇਵਾੜਾ ਦੇ ਕੋਵਿਡ ਕੇਅਰ ਸੈਂਟਰ ਵਿੱਚ ਅੱਗ ਤੋਂ ਦੁਖੀ ਹਾਂ। ਆਪਣੇ ਚਹੇਤਿਆਂ ਨੂੰ ਗੁਆਉਣ ਵਾਲਿਆਂ ਨਾਲ ਮੇਰੀ ਹਮਦਰਦੀ ਹੈ। ਮੈਂ ਦੁਆ ਕਰਦਾ ਹਾਂ ਕਿ ਜ਼ਖਮੀ ਜਿੰਨਾ ਜਲਦੀ ਹੋ ਸਕੇ ਸਿਹਤਯਾਬ ਹੋਣ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਨਾਲ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਹੈ।"

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਰਾਜ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਵਾਇਆ ਹੈ।

ਆਂਧਰਾ ਪ੍ਰਦੇਸ਼ ਸਰਕਾਰ ਨੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ।

ਬੀਬੀਸੀ ਤੇਲੁਗੂ ਸੇਵਾ ਨੇ ਜ਼ਿਲ੍ਹੇ ਦੇ ਫਾਇਰ ਅਫ਼ਸਰ ਐੱਮ ਸ੍ਰੀਨਿਵਾਸ ਰੈਡੀ ਨਾਲ ਸ਼ਨਿੱਚਰਵਾਰ ਸਵੇਰੇ ਲਗਭਗ ਸਾਢੇ ਗਿਆਰਾ ਵਜੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹੋਟਲ ਦੀ ਅਗਨੀ ਸੁਰੱਖਿਆ ਪ੍ਰਣਾਲੀ ਕੰਨ ਨਹੀਂ ਕਰ ਰਹੀ ਸੀ। "ਅੱਗ ਰਿਸੇਪਸ਼ਨ ਤੋਂ ਸ਼ੁਰੂ ਹੋਈ। ਬਿਜਲੀ ਦੀ ਗੜਬੜੀ ਕਾਰਨ ਅੱਗ ਲੱਗੀ। ਰਿਸੈਪਸ਼ਨ ਪੌੜ੍ਹੀਆਂ ਦੇ ਕੋਲ ਹੀ ਸੀ। ਜਿਸ ਕਾਰਨ ਧੂੰਆਂ ਉੱਪਰਲੀਆਂ ਮੰਜ਼ਿਲਾਂ ਵੱਲ ਚੜ੍ਹ ਗਿਆ।"

ਪਹਿਲਾਂ 10 ਮੌਤਾਂ ਹੋਈਆਂ ਜੋ ਕਿ ਬਾਅਦ ਵਿੱਚ 11 ਹੋ ਗਈਆਂ, 18 ਜਣਿਆਂ ਨੂੰ ਹਸਤਾਲ ਤੋਂ ਸ਼ਿਫਟ ਕਰ ਲਿਆ ਗਿਆ ਹੈ।

ਜ਼ਿਆਦਾਤਰ ਮੌਤਾਂ ਧੂੰਆਂ ਅੰਦਰ ਜਾਣ ਕਾਰਨ ਹੋਈਆਂ ਹਨ। ਅੱਗ ਬੁਝਾਊ ਪ੍ਰਣਾਲੀ ਲੱਗੀ ਹੋਈ ਸੀ ਪਰ ਕੰਮ ਨਹੀਂ ਕਰ ਰਹੀ। ਛਿੜਕਾਅ ਵਾਲੇ ਫੁਹਾਰੇ ਆਟੋ ਮੋਡ ਉੱਪਰ ਰਹਿਣੇ ਚਾਹੀਦੇ ਹਨ। ਜੋ ਕਿ ਸਾਈਲੈਂਟ ਮੋਡ ਤੇ ਸਨ। ਜਿਸ ਕਾਰਨ ਫੁਹਾਰਿਆਂ ਨੇ ਤੁਰੰਤ ਕੰਮ ਸ਼ੁਰੂ ਨਹੀਂ ਕੀਤਾ। ਜੇ ਇਹ ਆਟੋ ਮੋਡ ਤੇ ਹੁੰਦੇ ਤਾਂ ਇਨ੍ਹਾਂ ਨੇ ਜ਼ਰਾ ਜਿੰਨਾ ਵੀ ਤਾਪਮਾਨ ਵਧਦਿਆਂ ਹੀ ਕੰਮ ਸ਼ੁਰੂ ਕਰ ਦੇਣਾ ਸੀ। ਇਹ ਵੀ ਲਗਦਾ ਹੈ ਕਿ ਕਿਸੇ ਨੂੰ ਉਹ ਚਲਾਉਣੇ ਵੀ ਨਹੀਂ ਸਨ ਆਉਂਦੇ। ਸੈਨੇਟਾਈਜ਼ਰਾਂ ਅਤੇ ਲੱਕੜ ਦੇ ਫਰਸ਼ ਨੇ ਅੱਗ ਭੜਕਾਅ ਦਿੱਤੀ।"

ਦੁਪਹਿਰੇ ਲਗਭਗ ਇੱਕ ਵਜੇ ਬੀਬੀਸੀ ਤੇਲੁਗੂ ਸੇਵਾ ਨੇ ਫਾਇਰ ਸੇਫ਼ਟੀ ਦੇ ਡਾਇਰੈਕਟਰ ਜਨਰਲ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਨੇ ਹੋਟਲ ਵਿੱਚ ਹਸਪਤਾਲ ਸ਼ੁਰੂ ਕਰਨ ਤੋਂ ਪਹਿਲਾਂ ਵਿਭਾਗ ਦੀ ਮਨਜ਼ੂਰੀ ਨਹੀਂ ਲਈ ਸੀ। "ਹੋਟਲ ਕੋਲ ਫਾਇਰ ਡਿਪਾਰਟਮੈਂਟ ਦਾ ਐੱਨਓਸੀ ਨਹੀਂ ਸੀ। ਹੋਟਲ ਹਸਪਤਾਲ ਨੂੰ ਕਿਰਾਏ 'ਤੇ ਦਿੱਤਾ ਗਿਆ ਸੀ। ਬਾਹਰ ਨਿਕਲਣ ਦਾ ਇੱਕੋ ਰਾਹ ਦਿਸ ਰਿਹਾ ਸੀ ਉੱਥੇ ਹੀ ਅੱਗ ਲੱਗੀ ਹੋਈ ਸੀ। ਜਦ ਕਿ ਦੂਜਾ ਰਸਤਾ ਲੋਕਾਂ ਨੂੰ ਦਿਖਾਈ ਹੀ ਨਹੀਂ ਸੀ ਦੇ ਰਿਹਾ।"

ਰਮੇਸ਼ ਹਸਪਤਾਲ ਅਤੇ ਸਵਰਨਾ ਪੈਲਸ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਐੱਫ਼ਆਈਆਰ ਦਰਜ ਕਰ ਲਈ ਗਈ ਹੈ। ਵਿਜੇਵਾੜਾ ਦੇ ਤਹਿਸੀਲਦਾਰ ਦੀ ਤਰਫ਼ੋਂ ਵੀ ਇੱਕ ਸ਼ਿਕਾਇਤ ਕੀਤੀ ਗਈ ਹੈ।

ਤਹਿਸੀਲਦਾਰ ਨੇ ਸ਼ਿਕਾਇਤ ਵਿੱਚ ਲਿਖਿਆ ਹੈ," ਜਾਪਦਾ ਹੈ ਕਿ ਹਸਪਤਾਲ ਅਤੇ ਹੋਟਲ ਦੇ ਪ੍ਰਬੰਧਕਾਂ ਨੂੰ ਬਿਜਲੀ ਦੀ ਖ਼ਰਾਬੀ ਦਾ ਪਤਾ ਸੀ। ਮੁਰੰਮਤ ਵਿੱਚ ਬਹੁਤ ਜ਼ਿਆਦਾ ਪੈਸਾ ਲਗਦਾ ਹੋਣ ਕਰ ਕੇ ਮੁਰੰਮਤ ਤੋਂ ਗੁਰੇਜ਼ ਕੀਤਾ ਗਿਆ।"

ਪ੍ਰਬੰਧਕਾਂ ਖ਼ਿਲਾਫ਼ ਅਪਰਾਧਪੂਰਣ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ।

ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 50 ਲੱਖ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੰਤਰੀ ਅਤੇ ਸੀਨੀਅਰ ਅਫ਼ਸਰ ਮੌਕੇ ਤੇ ਮੌਜੂਦ ਰਹਿ ਕੇ ਰਾਹਤ ਕਾਰਜਾਂ ਅਤੇ ਜਾਂਚ ਦੀ ਨਿਗਰਾਮੀ ਰੱਖ ਰਹੇ ਹਨ।

ਬੀਬੀਸੀ ਤੇਲੁਗੂ ਸੇਵਾ ਨੇ ਹਸਪਤਾਲ ਅਤੇ ਹੋਟਲ ਪ੍ਰਬੰਧਨ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਆਂਧਰਾ ਪ੍ਰਦੇਸ਼ ਵਿੱਚ ਕੋਰੋਨਾਵਾਇਰਸ ਦੇ ਦੋ ਲੱਖ ਤੋਂ ਵਧੇਰੇ ਪੋਜ਼ਿਟੀਵ ਕੇਸ ਹਨ। ਜਦਕਿ ਪਿਛਲੇ 24 ਘੰਟਿਆਂ ਦੌਰਾਨ 10008 ਨਵੇਂ ਕੇਸ ਰਿਪੋਰਟ ਹੋਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)