You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਪਹਿਲਾਂ ਇਨ੍ਹਾਂ ਤੱਥਾਂ ‘ਤੇ ਗ਼ੌਰ ਕਰ ਲਵੋ:
- 29 ਮਈ ਤੱਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁਲ 206 ਐਕਟਿਵ ਮਾਮਲੇ ਹਨ
- 5 ਜ਼ਿਲ੍ਹਿਆਂ - ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮਾਨਸਾ ਤੇ ਕਪੂਰਥਲਾ - ਵਿੱਚ ਇੱਕ ਵੀ ਕੋਰੋਨਾਵਾਇਰਸ ਦਾ ਮਾਮਲਾ ਨਹੀਂ ਹੈ
- ਇਵੇਂ ਹੀ 3 ਹੋਰ ਜ਼ਿਲ੍ਹਿਆਂ ਵਿੱਚ ਬੱਸ ਇੱਕ-ਇੱਕ ਮਾਮਲਾ ਹੈ
- ਹੁਣ ਤੱਕ ਕੋਰੋਨਾਵਾਇਰਸ ਦੇ 2197 ਪੀੜਤ ਮਰੀਜ਼ਾਂ ਵਿੱਚੋਂ 1949 ਠੀਕ ਹੋ ਚੁੱਕੇ ਹਨ
ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਪੰਜਾਬ ਵਿੱਚ ਇਸ ਤਰੀਕੇ ਦੇ ਅੰਕੜੇ ਇੱਕ ਵਾਰੀ ਤਾਂ ਹੈਰਾਨ ਕਰ ਦਿੰਦੇ ਹਨ।
ਪਰ ਕੀ ਇਹ ਮੰਨ ਲਿਆ ਜਾਵੇ ਕਿ ਇਸ ਸੂਬੇ ਨੇ ਕੋਰੋਨਾਵਾਇਰਸ ਉੱਤੇ ਕਾਬੂ ਪਾ ਲਿਆ ਹੈ?
ਇਸ ਸਵਾਲ ‘ਤੇ ਆਉਣ ਤੋਂ ਪਹਿਲਾਂ ਪੰਜਾਬ ਦੇ ਗੁਆਂਢੀ ਸੂਬਿਆਂ ‘ਤੇ ਨਜ਼ਰ ਮਾਰ ਲੈਂਦੇ ਹਾਂ।
ਹਰਿਆਣਾ ਵਿੱਚ ਇਸ ਵੇਲੇ 560 ਐਕਟਿਵ ਮਾਮਲੇ ਹਨ। ਇੱਥੇ 839 ਪੀੜਤ ਹਸਪਤਾਲਾਂ ਵਿੱਚੋਂ ਠੀਕ ਹੋ ਕੇ ਘਰ ਵਾਪਸ ਪਰਤੇ ਹਨ। ਕੁਲ 1418 ਲੋਕ ਕੋਰੋਨਾਵਾਇਰਸ ਦੇ ਪੀੜਤ ਪਾਏ ਗਏ ਸੀ।
ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਇੱਕ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਬਾਵਜੂਦ ਇਸ ਦੇ, ਇੱਥੇ 75 ਐਕਟਿਵ ਮਾਮਲੇ ਹਨ।
ਇੱਕ ਹੋਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ 151 ਐਕਟਿਵ ਮਾਮਲੇ ਹਨ। ਇੱਥੇ ਕੁੱਝ ਦਿਨ ਪਹਿਲਾਂ ਤਕ ਬੱਸ ਇੱਕ ਹੀ ਐਕਟਿਵ ਮਾਮਲਾ ਸੀ।
ਵੱਡੀ ਉਪਲਬਧੀ
ਪੰਜਾਬ ਦੇ ਅਧਿਕਾਰੀ ਇਸ ਨੂੰ ਬੜੀ ਵੱਡੀ ਉਪਲਬਧੀ ਮੰਨਦੇ ਹਨ ਕਿ ਇੱਥੇ 206 ਐਕਟਿਵ ਮਾਮਲੇ ਰਹਿ ਗਏ ਹਨ।
ਕੋਵਿਡ-19 ਲਈ ਪੰਜਾਬ ਦੇ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਸਾਰੇ ਕੰਟੈਕਟ ਨੂੰ ਲੱਭ ਕੇ ਉਨ੍ਹਾਂ ਨੂੰ ਕੁਆਰੰਟੀਨ ਕਰਨ ਵਿੱਚ ਸਫਲ ਰਹੇ ਹਾਂ। ਅਸੀਂ 99 ਫ਼ੀਸਦੀ ਤੋਂ ਵੱਧ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਵਿੱਚ ਕਾਮਯਾਬ ਰਹੇ ਹਾਂ।"
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਾਡੇ ਸੂਬੇ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਦੁੱਗਣੇ ਹੋਣ ਲਈ 102 ਦਿਨ ਲਗਦੇ ਹਨ ਜਦੋਂ ਕਿ ਲਾਗ ਦੇ ਮਾਮਲੇ ਦੁੱਗਣੇ ਹੋਣ ਲਈ ਦੇਸ਼ ਵਿੱਚ ਔਸਤਨ 13 ਦਿਨ ਲਗਦੇ ਹਨ।
ਉਨ੍ਹਾਂ ਦੱਸਿਆ ਕਿ ਮਾਮਲਿਆਂ ਦੇ ਘਟਣ ਦਾ ਇੱਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਕੋਵਿਡ ਨੂੰ ਕਮਿਊਨਿਟੀ ਵਿੱਚ ਪਹੁੰਚਣ ਤੋਂ ਰੋਕ ਸਕੇ ਹਾਂ।
ਚੰਡੀਗੜ੍ਹ ਦੇ ਪੀਜੀਆਈ ਦੇ ਮਹਾਂਮਾਰੀ ਦੇ ਇੱਕ ਜਾਣਕਾਰ ਵੀ ਮੰਨਦੇ ਹਨ ਕਿ ਪੰਜਾਬ ਵਿੱਚ ਹਾਲਾਤ ਅੱਗੇ ਨਾਲੋਂ ਕਾਫ਼ੀ ਬਿਹਤਰ ਹੋਏ ਹਨ।
ਨਾਮ ਨਾ ਦੱਸਣ ਦੀ ਸ਼ਰਤ ਤੇ ਇਸ ਡਾਕਟਰ ਨੇ ਦੱਸਿਆ, "ਇੱਕ ਤਾਂ ਵਧੇਰੇ ਲੋਕਾਂ ਦੇ ਟੇਸਟ ਕੀਤੇ ਜਾ ਰਹੇ ਹਨ ਤੇ ਦੂਜੇ ਕਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਕਮੀ ਵੇਖਣ ਨੂੰ ਮਿਲੀ ਹੈ।"
1 ਮਈ ਨੂੰ ਪੰਜਾਬ ਵਿੱਚ 105 ਨਵੇਂ ਮਾਮਲੇ ਵੇਖਣ ਨੂੰ ਮਿਲੇ ਸੀ, 3 ਮਈ ਨੂੰ 331, 5 ਮਈ ਨੂੰ 219 ਜਦੋਂ ਕਿ 20 ਮਈ ਨੂੰ 3 ਕੇਸ, 23 ਮਈ ਨੂੰ 16 ਤੇ 24 ਮਈ ਨੂੰ 15 ਨਵੇਂ ਮਾਮਲੇ ਸਾਹਮਣੇ ਆਏ।
ਡਾਕਟਰ ਨੇ ਕਿਹਾ ਕਿ ਇਸ ਤੋਂ ਇਹ ਸਾਫ਼ ਹੈ ਕਿ ਪੰਜਾਬ ਨੇ ਕਰੋਨਾਵਾਇਰਸ ਤੇ ਕਾਬੂ ਪਾਉਣ ਵਿਚ ਕਾਫ਼ੀ ਸਫਲਤਾ ਹਾਸਲ ਕੀਤੀ ਹੈ।"
ਇਹ ਕਿਵੇਂ ਸੰਭਵ ਹੋਇਆ?
ਡਾਕਟਰ ਭਾਸਕਰ ਦੱਸਦੇ ਹਨ, "ਇਸ ਦੀ ਵਜ੍ਹਾ ਰਹੀ ਹੈ ਤੁਰੰਤ ਕਾਰਵਾਈ। ਜਿਵੇਂ ਹੀ ਕੋਈ ਪੌਜ਼ਿਟਿਵ ਮਾਮਲਾ ਆਉਂਦਾ ਹੈ, ਅਸੀਂ ਉਸ ਨੂੰ ਆਈਸੋਲੇਟ ਯਾਨੀ ਅਲੱਗ ਕਰ ਦਿੰਦੇ ਹਾਂ ਤੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭ ਕੇ ਵੀ ਇਵੇਂ ਹੀ ਅਲੱਗ ਕਰ ਦਿੰਦੇ ਹਾਂ।"
ਉਹ ਅੱਗੇ ਦੱਸਦੇ ਹਨ ਕਿ ਸੂਬੇ ਵਿੱਚ ਜਿਹੜੇ ਮਾਮਲਿਆਂ ਦੀ ਇੱਕ ਦਮ ਚੜ੍ਹਾਈ ਵੇਖਣ ਨੂੰ ਮਿਲੀ ਸੀ, ਉਹ ਬਾਹਰੋਂ ਆਏ ਲੋਕਾਂ ਕਾਰਨ ਸੀ। ਭਾਵੇਂ ਉਹ ਸ਼ਰਧਾਲੂ ਸੀ ਜਾਂ ਵਿਦਿਆਰਥੀ ਜਾਂ ਹੋਰਨਾਂ ਕਾਰਨਾਂ ਵਾਸਤੇ ਬਾਹਰ ਗਏ ਲੋਕ। ਹੁਣ ਉਨ੍ਹਾਂ ਵਿੱਚੋਂ ਬਹੁਤ ਲੋਕ ਠੀਕ ਹੋ ਚੁੱਕੇ ਹਨ।
ਨਿਯਮਾਂ ਵਿੱਚ ਬਦਲਾਅ
ਜਾਣਕਾਰ ਦੱਸਦੇ ਹਨ ਕਿ ਪੰਜਾਬ ਵਿੱਚ ਮਾਮਲਿਆਂ ਦੇ ਘਟਣ ਦਾ ਇੱਕ ਹੋਰ ਕਾਰਨ ਵੀ ਹੈ। ਉਹ ਇਹ ਹੈ ਕਿ ਸੂਬਾ ਸਰਕਾਰ ਨੇ ਆਪਣੀ ਉਸ ਪੌਲਿਸੀ ਵਿੱਚ ਬਦਲਾਅ ਕੀਤਾ ਹੈ ਜਿਸ ਦੇ ਤਹਿਤ ਕੋਰੋਨਾਵਾਇਰਸ ਦੇ ਪੀੜਤਾਂ ਨੂੰ ਹਸਪਤਾਲਾਂ ਵਿੱਚੋਂ ਛੁੱਟੀ ਦਿੱਤੀ ਜਾਂਦੀ ਹੈ।
ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਭਾਸਕਰ ਨੇ ਵੀ ਇਹ ਗਲ ਮੰਨੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਇਹ ਪਾਲਿਸੀ ਕੇਂਦਰ ਸਰਕਾਰ ਦੇ ਕਹਿਣ ‘ਤੇ ਬਦਲੀ ਹੈ।
“ਅਸੀਂ ਕੇਂਦਰ ਸਰਕਾਰ ਦੀ ਪਾਲਿਸੀ ਨੂੰ ਸੂਬੇ ਵਿੱਚ ਅਮਲ 'ਚ ਲਿਆਏ ਹਾਂ ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਹੁਣ ਕਈ ਲੋਕਾਂ ਨੂੰ ਹਸਪਤਾਲਾਂ ਵਿੱਚੋਂ ਛੁੱਟੀ ਦਿੱਤੀ ਗਈ ਹੈ। ਨਵੀਂ ਪਾਲਿਸੀ ਦੇ ਮੁਤਾਬਿਕ ਪਹਿਲਾਂ 14 ਦਿਨਾਂ ਤੱਕ ਇਸ ਦੇ ਪੀੜਤ ਨੂੰ ਸਰਕਾਰ ਵੱਲੋਂ ਕੁਆਰੰਟੀਨ ਕੀਤਾ ਜਾਂਦਾ ਸੀ ਹੁਣ ਇਸ ਨੂੰ ਘਟਾ ਕੇ ਦਸ ਦਿਨ ਕੀਤਾ ਗਿਆ ਹੈ। ਜੇ ਆਖ਼ਰੀ ਤਿੰਨ ਦਿਨਾਂ ਵਿੱਚ ਕੋਈ ਲੱਛਣ ਨਹੀਂ ਹਨ ਤਾਂ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾਂਦੀ ਹੈ।”
ਕੁੱਝ ਦਿਨ ਪਹਿਲਾਂ ਹੀ ਲਾਗੂ ਕੀਤੀ ਗਈ ਪਾਲਿਸੀ ਦੇ ਤਹਿਤ ਹੁਣ ਪੀੜਤ ਨੂੰ ਹਸਪਤਾਲ ਵਿੱਚੋਂ ਛੁੱਟੀ ਦੇਣ ਤੋਂ ਪਹਿਲਾਂ ਉਸ ਦਾ ਟੈੱਸਟ ਨਹੀਂ ਕੀਤਾ ਜਾਂਦਾ ਜੇ ਉਸ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਹਨ।
ਡਾਕਟਰ ਭਾਸਕਰ ਦੱਸਦੇ ਹਨ ਕਿ ਇਹ ਪਾਲਿਸੀ ਕਈ ਸੂਬਿਆਂ ਨੇ ਲਾਗੂ ਕੀਤੀ ਹੈ ਤੇ ਕਈ ਸੂਬਿਆਂ ਨੇ ਇਸ ਦੇ ਵਿੱਚ ਆਪਣੇ ਹਿਸਾਬ ਨਾਲ ਬਦਲਾਅ ਕੀਤੇ ਹਨ। ਪੰਜਾਬ ਨੇ ਕੇਂਦਰ ਸਰਕਾਰ ਦੀ ਪਾਲਿਸੀ ਹੂਬਹੂ ਲਾਗੂ ਕੀਤੀ ਹੈ।
ਇਸ ਤੋਂ ਪਹਿਲਾਂ ਤੁਸੀਂ ਸੋਚੋ ਕਿ ਪੰਜਾਬ ਨੇ ਕੋਵਿਡ ਤੇ ਪੂਰੇ ਤਰੀਕੇ ਨਾਲ ਕਾਬੂ ਪਾ ਲਿਆ ਹੈ, ਡਾਕਟਰ ਭਾਸਕਰ ਇੱਕ ਸਚੇਤ ਕਰਨ ਵਾਲੀ ਗਲ ਵੀ ਕਰਦੇ ਹਨ।
ਪੰਜਾਬ ਵਿੱਚ ਬਹੁਤ ਸਾਰੇ ਲੋਕ ਬਾਹਰੋਂ ਸਫ਼ਰ ਕਰ ਕੇ ਵਾਪਸ ਪਰਤ ਰਹੇ ਹਨ। ਇੱਥੇ ਰਹਿਣ ਵਾਲੇ ਲੋਕਾਂ ਵਿੱਚ ਤਾਂ ਅਸੀਂ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਹੈ ਪਰ ਇਹ ਬੜਾ ਜ਼ਰੂਰੀ ਹੈ ਬਾਹਰੋਂ ਆਉਣ ਵਾਲੇ ਲੋਕਾਂ ਵਿੱਚ ਬਹੁਤੀ ਗਿਣਤੀ ਵਿੱਚ ਇਸ ਤੋਂ ਪੀੜਤ ਨਾ ਹੋਣ।
ਕਈ ਪ੍ਰਸ਼ਨ
ਮਹਾਂਮਾਰੀ ਦੇ ਜਾਣਕਾਰ ਕੁਝ ਹੋਰ ਸਵਾਲ ਵੀ ਖੜੇ ਕਰਦੇ ਹਨ। ਪੰਜਾਬ ਨੇ ਟੇਸਟਿੰਗ ਦੀ ਗਿਣਤੀ ਤਾਂ ਵਧਾਈ ਹੈ ਪਰ ਅਜੇ ਵੀ ਇਹ ਕਾਫੀ ਘੱਟ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ 15 ਮਈ ਤੋਂ ਬਾਅਦ ਹਰ ਰੋਜ਼ 6,000 ਲੋਕਾਂ ਦੀ ਟੈਸਟਿੰਗ ਦਾ ਟਾਰਗੇਟ ਹੈ ਪਰ 2,000 ਦੇ ਆਲੇ ਦੁਆਲੇ ਹੀ ਟੈਸਟ ਕੀਤੇ ਦਾ ਰਹੇ ਹਨ।
ਭਾਰਤ ਦੇ ਕੋਵਿਡ ਦੇ ਖ਼ਿਲਾਫ਼ ਜੰਗ ਦਾ ਵਿਸ਼ਲੇਸ਼ਣ ਕਰਦੇ ਹੋਏ ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਲਿਖਦੇ ਹਨ (https://bbc.com.im/news/world-asia-india-52816817) ਕਿ ਮਜ਼ਬੂਤ ਅਤੇ ਵਿਸਤਰਿਤ ਅੰਕੜਿਆਂ ਦੀ ਅਣਹੋਂਦ ਵਿਚ ਭਾਰਤ ਸੰਕਰਮਣ ਦੇ ਭਵਿੱਖ ਦੇ ਰਾਹ ਬਾਰੇ ਭਵਿੱਖਬਾਣੀ ਕਰਨ ਲਈ ਸੰਘਰਸ਼ ਕਰਦਾ ਹੋਇਆ ਪ੍ਰਤੀਤ ਹੁੰਦਾ ਹੈ.
ਇਹ ਅਜੇ ਸਪਸ਼ਟ ਨਹੀਂ ਹੈ ਕਿ ਕਿੰਨੀਆਂ ਮੌਤਾਂ ਦੱਸੀ ਨਹੀਂ ਜਾ ਰਹੀਆਂ ਹਨ, ਹਾਲਾਂਕਿ ਵੱਡੇ ਪੱਧਰ 'ਤੇ "ਲੁਕੀਆਂ ਹੋਈਆਂ ਮੌਤਾਂ" ਦਾ ਕੋਈ ਸਬੂਤ ਨਹੀਂ ਹੈ.
ਮਹਾਂਮਾਰੀ ਰੋਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸਪਸ਼ਟ ਹੈ ਕਿ ਇੰਨੀ ਘੱਟ ਤੇ ਸੀਮਤ ਟੈਸਟਿੰਗ ਕਾਰਨ ਭਾਰਤ ਲਾਗ ਦੇ ਫੈਲਣ ਦੀ ਹੱਦ ਤਕ ਅਜੇ ਤੱਕ ਪਕੜ ਨਹੀਂ ਪਾ ਸਕਿਆ ਹੈ।
ਭਾਰਤ ਨੂੰ ਬਿਨਾ ਲੱਛਣ ਵਾਲਿਆਂ ਅਤੇ ਲੱਛਣ ਵਾਲਿਆਂ ਲੋਕਾਂ ਦੋਵਾਂ ਨੂੰ ਹੀ ਵਧੇਰੇ ਟੈਸਟਿੰਗ ਦੀ ਲੋੜ ਹੈ ਅਤੇ ਨਾਲ ਹੀ ਉਹਨਾਂ ਦੇ ਸੰਪਰਕ ਲੱਭਣ ਦੀ ਵੀ।
ਉਹ ਅੱਗੇ ਲਿਖਦੇ ਹਨ ਕਿ ਇੱਕ ਮਹਾਂਮਾਰੀ ਵਿਗਿਆਨੀ ਦੇ ਸ਼ਬਦਾਂ ਵਿੱਚ ਸੰਕਰਮਿਤ ਮਾਮਲਿਆਂ ਦੀ ਅਸਲ ਗਿਣਤੀ ਨੂੰ ਜਾਣੇ ਬਗੈਰ ਭਾਰਤ ਦੀਆਂ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਹੈ.
ਇਹ ਵਾਇਰਸ ਵਿਰੁੱਧ ਭਾਰਤ ਦੀ ਲੜਾਈ ਨੂੰ ਗੰਭੀਰ ਖ਼ਤਰੇ ਵਿਚ ਪਾ ਸਕਦਾ ਹੈ ਅਤੇ ਟੁੱਟੀ ਹੋਈ ਅਰਥ ਵਿਵਸਥਾ ਨੂੰ ਮੁੜ ਜੀਵਿਤ ਕਰਨ ਵਿਚ ਭਾਰਤ ਦੇ ਜਵਾਬ ਤੇ ਪ੍ਰਭਾਵ ਪਾ ਸਕਦਾ ਹੈ।
ਇਹ ਵੀਡੀਓਜ਼ ਵੀ ਦੇਖੋ