ਕੋਰੋਨਾਵਾਇਰਸ ਕਾਰਨ ਮੌਤ: 'ਮੇਰਾ ਡਾਕਟਰ ਦੋਸਤ ਕੋਵਿਡ-19 ਕਰਕੇ ਮਰ ਗਿਆ ਤੇ ਕੁਝ ਲੋਕਾਂ ਨੇ ਉਸਨੂੰ ਦਫ਼ਨਾਉਣ ਨਹੀਂ ਦਿੱਤਾ'

ਤਸਵੀਰ ਸਰੋਤ, Getty Images
- ਲੇਖਕ, ਸਵਾਮੀਨਾਥਨ ਨਟਰਾਜਨ
- ਰੋਲ, ਬੀਬੀਸੀ ਵਰਲਡ ਸਰਵਿਸ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 8 ਮਿੰਟ
"ਕੀ ਤੁਸੀਂ ਕਦੇ ਕਿਸੇ ਨੂੰ ਆਪਣੇ ਹੱਥਾਂ ਨਾਲ ਮਿੱਟੀ ਪਾ ਕੇ ਦਫ਼ਨ ਕੀਤਾ ਹੈ? ਮੈਂ ਆਪਣੇ ਦੋਸਤ ਨੂੰ ਕੀਤਾ ਹੈ"
ਇਹ ਸ਼ਬਦ ਜਜ਼ਬਾਤੀ ਹੋਏ ਡਾ. ਪ੍ਰਦੀਪ ਕੁਮਾਰ ਦੇ ਹਨ। ਉਨ੍ਹਾਂ ਨੇ ਆਪਣੇ ਦੋਸਤ, ਜੋ ਕਿ ਉਨ੍ਹਾਂ ਦੇ ਸੀਨੀਅਰ ਵੀ ਸੀ, ਨੂੰ ਦਫ਼ਨਾਉਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੂੰ ਪੱਥਰ ਮਾਰ ਕੇ ਇੱਕ ਭੀੜ ਨੇ ਅਜਿਹਾ ਕਰਨ ਤੋਂ ਰੋਕਿਆ। ਲੋਕਾਂ ਨੂੰ ਡਰ ਸੀ ਕਿ ਕੋਵਿਡ-19 ਕਰਕੇ ਲਾਸ਼ ਤੋਂ ਲਾਗ ਫੈਲਣ ਦਾ ਖ਼ਤਰਾ ਹੋ ਸਕਦਾ ਹੈ।
ਇਸ ਕਰਕੇ ਪ੍ਰਦੀਪ ਨੇ ਥੋੜ੍ਹੀ-ਬਹੁਤੀ ਮਦਦ ਨਾਲ ਰਾਤ ਵੇਲੇ ਆਪਣੇ ਦੋਸਤ ਦੀ ਲਾਸ਼ ਦਫ਼ਨਾਈ।
ਕੋਵਿਡ-19 ਕਰਕੇ ਦੁਨੀਆਂ ਭਰ ਵਿੱਚ ਡਾਕਟਰ ਮਰ ਰਹੇ ਹਨ। ਬਹੁਤੀਆਂ ਥਾਵਾਂ 'ਤੇ ਕੋਵਿਡ-19 ਦੀ ਲਾਗ ਤੋਂ ਮੁਕਤ ਲੋਕਾਂ ਦੇ ਸਸਕਾਰ ਤੇ ਦਫ਼ਨਾਉਣ ਦਾ ਕੰਮ ਆਮ ਦਿਨਾਂ ਵਾਂਗ ਚੱਲ ਰਿਹਾ ਹੈ। ਪਰ ਭਾਰਤ ਵਿੱਚ ਡਾਕਟਰਾਂ ਨੂੰ ਮੌਤ ਮਗਰੋਂ ਵੀ ਕਈ ਲੋਕਾਂ ਦਾ ਵਿਰੋਧ ਸਹਿਣਾ ਪੈ ਰਿਹਾ ਹੈ।
ਅਜਿਹੇ ਮਾਮਲਿਆਂ ਨੂੰ ਖ਼ਤਮ ਕਰਨ ਲਈ, ਸਰਕਾਰ ਨੇ ਸਿਹਤ ਕਰਮਚਾਰੀਆਂ 'ਤੇ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਲਈ ਨਵਾਂ ਕਾਨੂੰਨ ਬਣਾਇਆ ਹੈ। ਪਰ ਕਈਆਂ ਲਈ, ਇਹ ਕਾਨੂੰਨ ਬਹੁਤ ਦੇਰ ਨਾਲ ਆਇਆ।

ਤਸਵੀਰ ਸਰੋਤ, Pradeep Kumar
ਪਰੇਸ਼ਾਨੀ ਦੀਆਂ ਨਿਸ਼ਾਨੀਆਂ
ਡਾ. ਪ੍ਰਦੀਪ ਕੁਮਾਰ ਇੱਕ ਹੱਡੀਆਂ ਦੇ ਡਾਕਟਰ ਤੇ ਓਰਥੋਸਕੋਪੀ ਸਰਜਨ ਸਨ। ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਘਟਨਾਵਾਂ ਬਾਰੇ ਦੱਸਿਆ ਜੋ ਉਨ੍ਹਾਂ ਦੇ ਦੋਸਤ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਵਾਪਰੀਆਂ।
ਉਨ੍ਹਾਂ ਦੇ ਦੋਸਤ, ਡਾ. ਸਾਈਮਨ ਹਰਕੁਲੇਸ ਇੱਕ ਨਿਊਰੋਸਰਜਨ ਸਨ, ਜੋ ਬੀਤੇ ਐਤਵਾਰ ਚੇੱਨਈ ਵਿੱਚ ਕੋਵੀਡ-19 ਕਰਕੇ ਮਰ ਗਏ।

ਹਸਪਤਾਲ ਨੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਲਾਸ਼ ਇੱਕ ਬੰਦ ਬੈਗ ਵਿੱਚ ਦਿੱਤੀ ਤੇ ਉਸਨੂੰ ਜਲਦੀ ਦਫ਼ਨਾਉਣ ਲਈ ਕਿਹਾ। ਪਹਿਲਾਂ ਤਾਂ ਪਰਿਵਾਰ ਵਾਲਿਆਂ ਨੇ ਇਸਾਈਆਂ ਲਈ ਬਣਿਆ ਕਬਰਸਤਾਨ ਵਰਤਣ ਦਾ ਸੋਚਿਆ। ਪਰ ਲੋਕਾਂ ਦੁਆਰਾ ਇਸ ਦਾ ਵਿਰੋਧ ਕੀਤੇ ਜਾਣ 'ਤੇ ਉਹ ਪਰੇਸ਼ਾਨ ਹੋ ਗਏ।

ਤਸਵੀਰ ਸਰੋਤ, Getty Images
ਉਨ੍ਹਾਂ ਦੱਸਿਆ, "ਸਾਨੂੰ ਪਤਾ ਲੱਗਾ ਕਿ ਉੱਥੇ ਸਸਕਾਰ ਦੇ ਵਿਰੋਧ ਲਈ 200 ਨਾਲੋਂ ਜ਼ਿਆਦਾ ਲੋਕ ਇਕੱਠੇ ਹੋਏ ਹਨ।”
ਵਿਰੋਧ ਤੋਂ ਬੱਚਣ ਲਈ ਪਰਿਵਾਰ ਵਾਲਿਆਂ ਨੇ ਉਸ ਨੂੰ ਸਰਕਾਰੀ ਥਾਂ 'ਤੇ ਦਫ਼ਨਾਉਣ ਦਾ ਫੈਸਲਾ ਲਿਆ। ਇਹ ਥਾਂ ਜ਼ਿਆਦਾਤਰ ਹਿੰਦੂਆਂ ਦੁਆਰਾ ਵਰਤੀ ਜਾਂਦੀ ਹੈ ਤੇ ਇੱਥੇ ਲਾਸ਼ ਨੂੰ ਜਲਾ ਕੇ ਤੇ ਦਫ਼ਨਾ ਕੇ ਖ਼ਤਮ ਕੀਤਾ ਜਾਂਦਾ ਹੈ।
ਪਰ ਜਿਵੇਂ ਹੀ ਐਮਬੂਲੈਂਸ ਉਸ ਥਾਂ 'ਤੇ ਪਹੁੰਚੀ, ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ।
ਗੁੱਸੇ ਨਾਲ ਭਰੀ ਭੀੜ
ਡਾ. ਪ੍ਰਦੀਪ ਨੇ ਇੱਕ ਵੀਡੀਓ ਦਿਖਾਈ ਜਿਸ ਵਿੱਚ ਇੱਕ ਬਜ਼ੁਰਗ ਔਰਤ ਦਿੱਖ ਰਹੀ ਹੈ। ਉਹ ਕਹਿ ਰਹੀ ਹੈ, "ਅਸੀਂ ਇੱਥੇ ਬੱਚਿਆਂ ਨਾਲ ਰਹਿੰਦੇ ਹਾਂ, ਤੁਸੀਂ ਲਾਸ਼ ਇੱਥੇ ਕਿਉਂ ਲੈ ਕੇ ਆਏ ਹੋ?"
ਇੰਨੇ ਵਿੱਚ ਇੱਕ ਹੋਰ ਔਰਤ ਨੇ ਕਿਹਾ, "ਪਹਿਲਾਂ ਤੁਸੀਂ ਸਾਨੂੰ ਮਾਰ ਦਿਓ। ਇਸ ਤੋਂ ਪਹਿਲਾਂ ਕਿ ਸਾਡੇ ਬੱਚੇ ਬਿਮਾਰ ਪੈਣ, ਤੁਸੀਂ ਸਾਨੂੰ ਦਫ਼ਨਾ ਦਿਓ।”
ਕਈ ਲੋਕਾਂ ਦੇ ਹੱਥਾਂ ਵਿੱਚ ਸੋਟੀਆਂ ਤੇ ਪੱਥਰ ਸਨ। ਉਨ੍ਹਾਂ ਨੇ ਪੁਲਿਸ ਵਾਲਿਆਂ ਦੀ ਦਿੱਤੀ ਧਮਕੀ ਦੀ ਪਰਵਾਹ ਨਾ ਕਰਦਿਆਂ ਹੋਇਆ, ਲਾਸ਼ ਵੱਲ ਵੱਧਣਾ ਸ਼ੁਰੂ ਕਰ ਦਿੱਤਾ।
ਡਾ. ਪ੍ਰਦੀਪ ਮੁਤਾਬਕ ਹਮਲਾ ਲਗਭਗ 20 ਮਿੰਟ ਚਲਿਆ। "ਜਦੋਂ ਲੋਕਾਂ ਨੇ ਸਾਨੂੰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤਾਂ, ਡਾ. ਹਰਕੁਲੇਸ ਦੇ ਪੁੱਤਰ ਤੇ ਪਤਨੀ ਨੂੰ ਉਥੋਂ ਜਾਣਾ ਪਿਆ।”

ਤਸਵੀਰ ਸਰੋਤ, Dr Pradeep Kumar
ਐਮਬੂਲੈਂਸ ਦੇ ਡਰਾਈਵਰ ਤੇ ਉਸ ਦੇ ਨਾਲ ਦੇ ਆਦਮੀ ਨੂੰ ਸਿਰ 'ਤੇ ਸਟਾਂ ਲੱਗੀਆਂ ਤੇ ਖੂਨ ਨਿਕਲਣ ਲੱਗਾ।
ਹੋਰ ਵੀ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਤੇ ਸ਼ਾਂਤੀ ਨਾਲ ਸਸਕਾਰ ਕਰਵਾਉਣ ਆਏ ਪੁਲਿਸ ਵਾਲੇ ਵੀ ਉਥੋਂ ਨਿਕਲ ਗਏ।
ਡਾ. ਪ੍ਰਦੀਪ ਨੇ ਦੱਸਿਆ, ”ਉਨ੍ਹਾਂ ਦੀ ਲਾਸ਼ 'ਤੇ ਵੀ ਹਮਲਾ ਕੀਤਾ ਗਿਆ। ਲਾਸ਼ ਉਪਰ ਟੁੱਟੇ ਕੱਚ ਦੇ ਟੁੱਕੜੇ ਪਏ ਸਨ। ਕੋਈ ਕਿਸੇ ਮਰੇ ਹੋਏ ਬੰਦੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ।”
ਕਬਰ ਪੁੱਟਣ ਵਾਲੇ ਵਾਹਨ ਦੇ ਡਰਾਈਵਰ 'ਤੇ ਵੀ ਹਮਲਾ ਕੀਤਾ ਗਿਆ। ਉਹ ਵੀ ਕਬਰ ਅੱਧ ਵਿੱਚ ਵੀ ਪੁੱਟ ਕੇ ਚਲਾ ਗਿਆ।
ਅਖੀਰ ਵਿੱਚ ਡਰਾਈਵਰਾਂ ਨੇ ਡਾ. ਹਰਕੁਲੇਸ ਨੂੰ ਉਨ੍ਹਾਂ ਦੁਆਰਾ ਹੀ ਬਣਾਏ ਹਸਪਤਾਲ ਵਿੱਚ ਲੈ ਜਾਣ ਦਾ ਫੈਸਲਾ ਕੀਤਾ।
ਪੁਲਿਸ ਦੀ ਦਖਲ ਅੰਦਾਜ਼ੀ
ਡਾ. ਪ੍ਰਦੀਪ ਨੇ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਬਦਲੇ ਵਿੱਚ ਸਥਾਨਕ ਪੁਲਿਸ ਨੂੰ ਇਸ ਬਾਰੇ ਅਗਾਹ ਕੀਤਾ ਅਤੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਵਾਇਆ।
"ਦੋਵੇਂ ਡਰਾਈਵਰਾਂ ਦਾ ਖੂਨ ਵਗ ਰਿਹਾ ਸੀ ਅਤੇ ਉਹ ਐਮਬੂਲੈਂਸ ਨਹੀਂ ਚਲਾ ਸਕਦੇ ਸੀ। ਇਸ ਲਈ ਮੈਂ ਹਸਪਤਾਲ ਤੋਂ ਸੁਰੱਖਿਆ ਕਿੱਟ ਲਈ ਅਤੇ ਹਸਪਤਾਲ ਦੇ ਇੱਕ ਹੋਰ ਕਰਮਚਾਰੀ ਤੋਂ ਮਦਦ ਮੰਗੀ।"
ਉਸ ਵਿਅਕਤੀ ਨੂੰ ਵੀ ਪੀ.ਪੀ.ਈ. ਕਿਟ ਦਿੱਤੀ ਗਈ।
ਡਾ. ਪ੍ਰਦੀਪ ਐਂਬੂਲੈਂਸ ਦੀ ਡਰਾਈਵਿੰਗ ਸੀਟ 'ਤੇ ਬੈਠ ਗਏ, ਜਿਸ ਦੀਆਂ ਸੀਟਾਂ ਖੂਨ ਨਾਲ ਭਰੀਆਂ ਹੋਈਆਂ ਸਨ। ਜਿਵੇਂ ਹੀ ਉਨ੍ਹਾਂ ਨੇ ਐਮਬੂਲੈਂਸ ਚਲਾਉਣੀ ਸ਼ੁਰੂ ਕੀਤੀ, ਅਚਾਨਕ ਸਾਇਰਨ ਵੱਜਣ ਲੱਗ ਪਿਆ।
"ਅੱਧੀ ਰਾਤ ਹੋ ਰਹੀ ਸੀ ਅਤੇ ਮੈਂ ਭੀੜ ਨੂੰ ਸੁਚੇਤ ਨਹੀਂ ਕਰਨਾ ਚਾਉਂਦਾ ਸੀ। ਪਰ ਮੈਨੂੰ ਸਾਇਰਨ ਬੰਦ ਕਰਨਾ ਨਹੀਂ ਆਉਂਦਾ ਸੀ।"
ਅਧਿਕਾਰੀਆਂ ਨੇ ਉਨ੍ਹਾਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਅਤੇ ਉਨ੍ਹਾਂ ਨੇ ਤਕਰੀਬਨ ਪੰਜ ਕਿਲੋਮੀਟਰ ਦੀ ਦੂਰੀ ਤੱਕ ਰਸਤਾ ਤੈਅ ਕੀਤਾ।
"ਅਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ। ਪਰ ਉਹ ਪੁਲਿਸ ਦੀ ਮੌਜੂਦਗੀ ਕਾਰਨ ਚੁੱਪ ਸਨ। ਮੈਂ ਆਪਣੇ ਮਦਦਗਾਰ ਨਾਲ ਡਾ. ਹਰਕੁਲੇਸ ਦੀ ਲਾਸ਼ ਨੂੰ ਕਬਰ 'ਤੇ ਲਿਜਾ ਕੇ ਦਫ਼ਨਾਇਆ।"
ਅੱਧੀ ਰਾਤ ਨੂੰ ਦਫ਼ਨਾਇਆ ਗਿਆ
ਜਦੋਂ ਇਹ ਸਭ ਕੁਝ ਹੋਇਆ, ਤਾਂ ਅੱਧੀ ਰਾਤ ਹੋ ਚੁੱਕੀ ਸੀ। ਕਬਰਸਤਾਨ ਦਾ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ।
"ਉੱਥੇ ਬਹੁਤ ਹਨੇਰਾ ਸੀ ਅਤੇ ਸੁਰੱਖਿਆ ਦੇ ਡਰ ਕਾਰਨ ਪੁਲਿਸ ਅਤੇ ਹੋਰ ਲੋਕ ਸਾਡੇ ਤੋਂ ਦੂਰ ਰਹੇ।"
ਇੱਥੋਂ ਤੱਕ ਕਿ ਡਾ. ਹਰਕੁਲੇਸ ਦੇ ਪਰਿਵਾਰਕ ਮੈਂਬਰਾਂ ਨੇ ਦੂਜੀ ਵਾਰ ਨਾ ਆਉਣ ਦਾ ਫੈਸਲਾ ਕੀਤਾ। ਡਾ. ਪ੍ਰਦੀਪ ਅਤੇ ਉਨ੍ਹਾਂ ਦੇ ਸਹਾਇਕ, ਦੋਵੇਂ ਥੱਕ ਗਏ ਸਨ ਪਰ ਉਨ੍ਹਾਂ ਨੇ ਕਬਰ ਢੱਕ ਦਿੱਤੀ।
"ਸਾਡੇ ਕੋਲ ਸਿਰਫ ਇੱਕ ਬੇਲਚਾ ਸੀ, ਜਿਸ ਨਾਲ ਅਸੀਂ ਵਾਰੀ-ਵਾਰੀ ਮਿੱਟੀ ਕਬਰ ਉੱਤੇ ਪਾਈ। ਜਿੰਨੀ ਦੇਰ ਉਹ ਬੇਲਚਾ ਵਰਤਦਾ, ਮੈਂ ਆਪਣੇ ਹੱਥਾਂ ਨਾਲ ਮਿੱਟੀ ਅਤੇ ਪੱਥਰ ਕਬਰ ਵਿੱਚ ਪਾਉਂਦਾ।"
'ਡਾ. ਹਰਕੁਲੇਸ ਸਤਿਕਾਰਯੋਗ ਨਿਊਰੋਸਰਜਨ ਤੇ ਭਲੇ ਆਦਮੀ ਸਨ'
ਤਣਾਅ ਵਾਲੀ ਸਥਿਤੀ ਕਾਰਨ ਸਭ ਕੁਝ ਕਾਹਲੀ ਵਿੱਚ ਕਰਨਾ ਪਿਆ। ਜਦੋਂ ਉਹ ਅੱਧ ਤੋਂ ਵੱਧ ਰਾਹ ਲੰਘ ਗਏ ਸਨ, ਇੱਕ ਪੁਲਿਸ ਅਧਿਕਾਰੀ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ ਕੀਤੀ। ਪਰ ਉਸ ਕੋਲ ਆਪਣੀ ਸੁਰੱਖਿਆ ਦਾ ਸਮਾਨ ਨਹੀਂ ਸੀ।
ਡਾ. ਪ੍ਰਦੀਪ ਕਹਿੰਦੇ ਹਨ, "ਡਾ. ਹਰਕੁਲੇਸ ਇੱਕ ਬਹੁਤ ਹੀ ਸਤਿਕਾਰਯੋਗ ਨਿਊਰੋਸਰਜਨ ਅਤੇ ਭਲੇ ਆਦਮੀ ਸਨ। ਉਹ ਹਮੇਸ਼ਾਂ ਆਪਣੇ ਮਰੀਜ਼ਾਂ ਦੀ ਦੇਖਭਾਲ ਕਰਦੇ ਸੀ। ਉਨ੍ਹਾਂ ਨਾਲ ਜੋ ਵਾਪਰਿਆ, ਉਹ ਬਹੁਤ ਦੁਖਦਾਈ ਸੀ। ਕੋਈ ਵੀ ਇਸ ਤਰ੍ਹਾਂ ਦੇ ਵਿਵਹਾਰ ਦਾ ਹੱਕਦਾਰ ਨਹੀਂ ਹੁੰਦਾ।"
ਜਦੋਂ ਇਹ ਘਟਨਾ ਮੀਡੀਆ ਵਿੱਚ ਪਹੁੰਚੀ ਤਾਂ ਸਰਕਾਰ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪਰ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਚੇਨਈ ਵਿੱਚ ਅਜਿਹੀ ਭਿਆਨਕ ਘਟਨਾ ਵਾਪਰੀ ਹੋਵੇ।
ਲਗਭਗ ਇੱਕ ਹਫ਼ਤਾ ਪਹਿਲਾਂ, ਆਂਧਰਾ ਪ੍ਰਦੇਸ਼ ਦੇ ਇੱਕ ਹੋਰ ਡਾਕਟਰ ਦੀ ਚੇਨਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਨੂੰ ਦਫ਼ਨਾਉਣ ਸਮੇਂ ਵੀ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਦੇ ਪਰਿਵਾਰ ਨੂੰ ਕੁਆਰੰਟੀਨ ਕੀਤਾ ਗਿਆ ਸੀ, ਇਸ ਲਈ ਸਿਹਤ ਕਰਮਚਾਰੀ ਉਨ੍ਹਾਂ ਦੀ ਲਾਸ਼ ਨੂੰ ਇੱਕ ਸ਼ਮਸ਼ਾਨ ਘਾਟ ਲੈ ਗਏ ਪਰ ਸਥਾਨਕ ਵਿਰੋਧ ਦੇ ਬਾਅਦ ਉਹ ਪਿੱਛੇ ਹੱਟਣ ਲਈ ਮਜਬੂਰ ਹੋ ਗਏ।
ਬਾਅਦ ਵਿੱਚ, ਅਧਿਕਾਰੀਆਂ ਨੇ ਕਿਸੇ ਹੋਰ ਜਗ੍ਹਾ 'ਤੇ ਲਾਸ਼ ਦਾ ਸੰਸਕਾਰ ਕੀਤਾ।

ਤਸਵੀਰ ਸਰੋਤ, Dr Pradeep Kumar
ਮੀਡੀਆ ਰਿਪੋਰਟਾਂ ਅਤੇ ਹਿੰਸਾ
ਤਾਮਿਲਨਾਡੂ ਵਿੱਚ ਮਹਾਂਮਾਰੀ ਕਾਰਨ 15 ਤੋਂ ਵੱਧ ਮੌਤਾਂ ਹੋਈਆਂ ਹਨ, ਪਰ ਹੋਰ ਪੀੜਤਾਂ ਨੂੰ ਇਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ।
ਡਾ. ਪ੍ਰਦੀਪ ਕਹਿੰਦੇ ਹਨ, "ਹਰ ਕਿਸਮ ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਹਨ। ਕੁਝ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਡਾਕਟਰ ਪੈਸਾ ਕਮਾਉਣ ਲਈ ਨਵੀਆਂ ਬਿਮਾਰੀਆਂ ਪੈਦਾ ਕਰ ਰਹੇ ਹਨ।"
ਉਹ ਉਨ੍ਹਾਂ ਲੋਕਾਂ ਨੂੰ ਮਿਲੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਲਾਜ਼ਮੀ ਟੀਕਾਕਰਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਿਰਫ਼ ਇਸ ਲਈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਸ ਬਾਰੇ ਕੁਝ ਪੜ੍ਹਿਆ ਹੈ। ਉਹ ਵਿਗੜਦੀ ਸਥਿਤੀ ਲਈ ਖ਼ਬਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।
ਡਾ. ਕੁਮਾਰ ਕਹਿੰਦੇ ਹਨ, “ਡਾ. ਹਰਕੁਲੇਸ ਦੀ ਮੌਤ ਤੋਂ ਤੁਰੰਤ ਬਾਅਦ, ਟੀਵੀ ਚੈਨਲਾਂ ਉੱਤੇ ਖ਼ਬਰਾਂ ਦਿਖਾ ਦਿੱਤੀਆਂ ਗਈਆਂ। ਲੋਕਾਂ ਲਈ ਇਹ ਅੰਦਾਜ਼ਾ ਲਗਾਉਣਾ ਸੌਖਾ ਹੋਵੇਗਾ ਕਿ ਲਾਸ਼ ਨੂੰ ਦਫ਼ਨਾਉਣ ਲਈ ਕਿੱਥੇ ਲਿਆਂਦਾ ਗਿਆ ਹੋਵੇਗਾ।"
ਕੋਈ ਵਿਸ਼ੇਸ ਹਮਲਾ ਨਹੀਂ
ਦਿ ਹਿੰਦੂ ਅਖਬਾਰ ਦੇ ਚੇਨਈ ਬਿਊਰੋ ਦੀ ਮੁਖੀ ਰਮਿਆ ਕੰਨਨ ਇਸ ਨਾਲ ਸਹਿਮਤ ਨਹੀਂ ਹਨ। ਉਹ ਕਹਿੰਦੀ ਹੈ ਕਿ ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਡਾਕਟਰਾਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ।
"ਇਹ ਪੂਰਾ ਇਤਫਾਕ ਹੈ ਕਿ ਇਨ੍ਹਾਂ ਦੋਹਾਂ ਹਮਲਿਆਂ ਦੇ ਪੀੜਤ ਡਾਕਟਰ ਸਨ।"

ਤਸਵੀਰ ਸਰੋਤ, Getty Images
ਬਹੁਤ ਸਾਰੇ ਕਬਰਸਤਾਨ, ਜਿਵੇਂ ਕਿ ਜਿਸ ਵਿੱਚ ਡਾ.ਹਰਕੁਲੇਸ ਨੂੰ ਦਫ਼ਨਾਇਆ ਗਿਆ, ਸੰਘਣੀ ਆਬਾਦੀ ਵਾਲੇ ਖੇਤਰਾਂ ਦੇ ਵਿਚਕਾਰ ਸਥਿਤ ਹੈ। ਕੰਨਨ ਦਾ ਕਹਿਣਾ ਹੈ ਕਿ ਜਾਗਰੂਕਤਾ ਦੀ ਘਾਟ ਨੇ ਲੋਕਾਂ ਨੂੰ ਬਹੁਤ ਡਰਾਇਆ ਹੋਇਆ ਹੈ।
ਉਹ ਕਹਿੰਦੀ ਹਨ, "ਰਾਤ ਦੇ ਸਮੇਂ ਖੁਦਾਈ ਕਰਨ ਵਾਲੀ ਮਸ਼ੀਨ ਦੀ ਆਵਾਜ਼ ਨਾਲ ਆਂਢ -ਗੁਆਂਢ ਦੇ ਲੋਕ ਸੁਚੇਤ ਹੋ ਗਏ। ਲਾਸ਼ ਨੂੰ ਐਂਬੂਲੈਂਸ ਵਿੱਚ ਲਿਜਾਇਆ ਗਿਆ ਜਿਸ ਕਰਕੇ ਉਨ੍ਹਾਂ ਦੇ ਸ਼ੱਕ ਵਿੱਚ ਹੋਰ ਵਾਧਾ ਹੋਇਆ।"
ਸ਼ਹਿਰ ਵਿੱਚ ਅੰਤਮ ਸੰਸਕਾਰ ਆਮ ਤੌਰ 'ਤੇ ਹਨੇਰੇ ਵਿੱਚ ਨਹੀਂ ਹੁੰਦੇ ਅਤੇ ਲਾਸ਼ਾਂ ਨੂੰ ਐਂਬੂਲੈਂਸਾਂ ਵਿੱਚ ਲੈ ਕੇ ਆਉਣਾ ਅਸਧਾਰਨ ਹੈ।
"ਪਹਿਲੇ ਕੇਸ ਵਿੱਚ ਡਾਕਟਰ ਦੀ ਲਾਸ਼ ਨੂੰ ਦੋ ਕਾਮੇ ਲੈ ਗਏ ਸਨ ਜੋ ਸ਼ਮਸ਼ਾਨਘਾਟ ਵਿੱਚ ਕਾਰਜ ਪ੍ਰਣਾਲੀ ਤੋਂ ਅਣਜਾਣ ਸਨ। ਜਦੋਂ ਉਨ੍ਹਾਂ ਨੇ ਸਰੀਰ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਦਹਿਸ਼ਤ ਵਾਲੀ ਸਥਿਤੀ ਪੈਦਾ ਕਰ ਦਿੱਤੀ।"

ਤਸਵੀਰ ਸਰੋਤ, Getty Images
ਹਿੰਸਾ ਫੈਲਾਉਣਾ
ਬਦਕਿਸਮਤੀ ਨਾਲ ਇਸ ਕਿਸਮ ਦਾ ਹਿੰਸਕ ਵਤੀਰਾ ਸਿਰਫ਼ ਇੱਕ ਸ਼ਹਿਰ ਜਾਂ ਇੱਕ ਖੇਤਰ ਵਿੱਚ ਸੀਮਤ ਨਹੀਂ ਹੈ।
ਡਾ. ਜੌਨ ਐਲ ਸਿਲੋ ਨੇ ਮੇਘਾਲਿਆ ਸੂਬੇ ਵਿੱਚ ਦੋ ਹਸਪਤਾਲਾਂ ਦੀ ਸਥਾਪਨਾ ਕੀਤੀ ਸੀ। ਪਰ ਜਦੋਂ ਉਹ ਕੋਵਿਡ -19 ਨਾਲ ਮਰਨ ਵਾਲੇ ਉਸ ਸੂਬੇ ਦੇ ਪਹਿਲੇ ਵਿਅਕਤੀ ਬਣੇ, ਸਥਾਨਕ ਲੋਕ ਵਾਇਰਸ ਦੇ ਫੈਲਣ ਦੇ ਡਰੋਂ ਉਨ੍ਹਾਂ ਦੇ ਸੰਸਕਾਰ ਨੂੰ ਰੋਕਦੇ ਰਹੇ। ਅਖਿਰ ਵਿੱਚ, ਇੱਕ ਚਰਚ ਨੇ ਮਦਦ ਕੀਤੀ ਅਤੇ ਕਬਰਸਤਾਨ ਵਿੱਚ ਦਫ਼ਨਾਉਣ ਦੀ ਗੱਲ ਕੀਤੀ।
ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਕੋਵਿਡ -19 ਡਿਊਟੀ 'ਤੇ ਸਿਹਤ ਕਰਮਚਾਰੀਆਂ ਅਤੇ ਪੁਲਿਸ ਕਰਮਚਾਰੀਆਂ 'ਤੇ ਭੀੜ ਦੁਆਰਾ ਹਮਲਾ ਕੀਤੇ ਜਾਣ ਦੇ ਕਈ ਹੋਰ ਮਾਮਲੇ ਸਾਹਮਣੇ ਆਏ ਹਨ।

ਹਿੰਸਾ ਤਰਕਹੀਣ ਅਤੇ ਵਿਰੋਧੀ ਪ੍ਰਤੀਕਿਰਿਆਸ਼ੀਲ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਸਲਾਹ ਦਿੱਤੀ ਹੈ ਕਿ ਕੋਵੀਡ -19 ਤੋਂ ਮਰਨ ਵਾਲੇ ਵਿਅਕਤੀਆਂ ਦੀਆਂ ਲਾਸ਼ਾਂ ਦੇ ਸੰਪਰਕ ਵਿੱਚ ਆਉਣ 'ਤੇ ਕਿਸੇ ਨੂੰ ਵੀ ਲਾਗ ਨਹੀਂ ਹੋਇਆ ਹੈ।
ਡਾ. ਪ੍ਰਦੀਪ ਪੁੱਛਦੇ ਹਨ, "ਡਾਕਟਰ ਕੋਵਿਡ-19 ਨਾਲ ਮਰ ਰਹੇ ਹਨ ਕਿਉਂਕਿ ਉਹ ਲੋਕਾਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਖ਼ਤਰੇ ਵਿੱਚ ਪਾ ਰਹੇ ਹਨ। ਸੋਚ ਕੇ ਦੇਖੋ ਕਿ ਕੀ ਹੁੰਦਾ ਜੇ ਅਸੀਂ ਵੀ ਘਰ ਰਹਿਣ ਦਾ ਫ਼ੈਸਲਾ ਕਰ ਲੈਂਦੇ।"

ਤਸਵੀਰ ਸਰੋਤ, Pradeep Kumar
ਕਾਰਵਾਈ ਦੀ ਮੰਗ
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਹੁਣ ਚੇਤਾਵਨੀ ਦੇ ਰਹੀ ਹੈ ਕਿ ਸਥਿਤੀ ਬਹੁਤ ਖਤਰਨਾਕ ਹੋ ਗਈ ਹੈ।
"ਡਾਕਟਰਾਂ ਨਾਲ ਬਦਸਲੂਕੀ ਕੀਤੀ ਗਈ, ਕੁੱਟਮਾਰ ਕੀਤੀ ਗਈ, ਦਾਖਲ ਹੋਣ ਅਤੇ ਰਿਹਾਇਸ਼ ਤੋਂ ਇਨਕਾਰ ਕੀਤਾ ਗਿਆ। ਸਸਕਾਰ ਵਿੱਚ ਅੜਚਣ ਪੈਦਾ ਕਰਨਾ IMA ਦੀ ਬਰਦਾਸ਼ਤ ਤੋਂ ਬਾਹਰ ਹੈ। ਜੇ ਮਰਨ 'ਤੇ ਵੀ ਇੱਜ਼ਤ ਤੋਂ ਇਨਕਾਰ ਕੀਤਾ ਜਾਂਦਾ ਹੈ ਤਾਂ ਸਾਡੇ ਸਬਰ ਅਤੇ ਸੰਜਮ ਦਾ ਕੋਈ ਫਾਇਦਾ ਨਹੀਂ।"
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਵਾਬ ਇੱਕ ਨਵੇਂ ਕਾਨੂੰਨ ਨਾਲ ਦਿੱਤਾ ਜਿਸ ਨਾਲ ਉਹ ਕਹਿੰਦੇ ਹਨ ਕਿ "ਸਾਡੇ ਪੇਸ਼ੇਵਰਾਂ ਦੀ ਸੁਰੱਖਿਆ ਯਕੀਨੀ ਬਣੇਗੀ"।
'ਇਸ ਦਾ ਮੁੱਲ ਨਹੀਂ'
ਪਰ ਡਾ. ਪ੍ਰਦੀਪ ਕਹਿੰਦੇ ਹਨ, "ਜਦ ਤੱਕ ਲੋਕਾਂ ਦੀ ਧਾਰਨਾ ਨਹੀਂ ਬਦਲਦੀ, ਸਥਿਤੀ ਵਿੱਚ ਸੁਧਾਰ ਨਹੀਂ ਆ ਸਕਦਾ। ਲੋਕ ਸੋਚਦੇ ਹਨ ਕਿ ਡਾਕਟਰ ਸਿਰਫ ਪੈਸਾ ਕਮਾਉਣ ਵਿੱਚ ਦਿਲਚਸਪੀ ਰੱਖਦੇ ਹਨ।"
ਡਾਕਟਰੀ ਲਾਪਰਵਾਹੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਦੀ ਉੱਚ ਕੀਮਤ ਬਾਰੇ ਕਹਾਣੀਆਂ ਅਕਸਰ ਭਾਰਤੀ ਮੀਡੀਆ ਵਿੱਚ ਛੱਪਦੀਆਂ ਹਨ। ਡਾਕਟਰ ਪ੍ਰਦੀਪ ਕਹਿੰਦੇ ਹਨ, "ਲੋਕ ਸਾਡੀਆਂ ਕੁਰਬਾਨੀਆਂ ਨਹੀਂ ਦੇਖਦੇ ਹਨ। ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਵਿਆਹ, ਜਨਮਦਿਨ ਅਤੇ ਪਰਿਵਾਰਕ ਸਮਾਰੋਹਾਂ 'ਤੇ ਨਹੀਂ ਜਾ ਪਾਇਆ।"
"ਜੇ ਮੇਰਾ ਬੇਟਾ ਡਾਕਟਰ ਬਣਨਾ ਚਾਹੇਗਾ ਤਾਂ ਮੈਂ ਉਸ ਨੂੰ ਦੱਸਾਂਗਾ ਕਿ ਇਸਦਾ ਕੋਈ ਫਾਇਦਾ ਨਹੀਂ।"

ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












