ਭਗਵੰਤ ਮਾਨ ਨਾਲ ਜੁੜੇ ਵਿਵਾਦਤ ਵੀਡੀਓ ਦਾ ਮਸਲਾ: ਕੌਣ ਹੈ ਜਗਮਨ ਸਮਰਾ ਤੇ ਕੀ ਹੈ ਉਸਦਾ ਪਿਛੋਕੜ

ਭਗਵੰਤ ਮਾਨ ਤੇ ਜਗਮਨ ਸਮਰਾ

ਤਸਵੀਰ ਸਰੋਤ, Getty Images/ Sukhpal Khaira/X

ਤਸਵੀਰ ਕੈਪਸ਼ਨ, ਜਗਮਨ ਸਮਰਾ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਦਾ ਜੰਮਪਲ ਹੈ।
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਵਿੱਚ ਇੱਕ ਕਥਿਤ ਵਿਵਾਦਤ ਵੀਡੀਓ ਨੂੰ ਲੈ ਕੇ ਧਾਰਮਿਕ ਅਤੇ ਮੁੱਖ ਧਾਰਾ ਦੀ ਸਿਆਸਤ ਗਰਮਾਈ ਹੋਈ ਹੈ।

ਇਸ ਵੀਡੀਓ ਨੂੰ ਕਥਿਤ ਤੌਰ 'ਤੇ ਸਾਹਮਣੇ ਲਿਆਉਣ ਵਾਲੇ ਜਗਮਨ ਸਮਰਾ ਦੇ ਦਾਅਵਿਆਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਨੋਟਿਸ ਲਿਆ ਹੈ ਅਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਇਸ ਵੀਡੀਓ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੀਆਂ ਹਨ।

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਮੁਤਾਬਕ, ਇਸ ਵੀਡੀਓ ਵਿੱਚ ਭਗਵੰਤ ਮਾਨ 'ਤੇ ਸਿੱਖ ਗੁਰੂ ਸਾਹਿਬਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨਾਲ ਅਣਉਚਿਤ ਹਰਕਤਾਂ ਕਰਨ ਦੇ ਇਲਜ਼ਾਮ ਹਨ।

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫੋਰੈਂਸਿਕ ਰਿਪੋਰਟਾਂ ਤੋਂ ਬਾਅਦ ਵੀਡੀਓ ਨੂੰ ਅਸਲੀ ਮੰਨਿਆ ਅਤੇ 15 ਜੂਨ 2026 ਨੂੰ ਭਗਵੰਤ ਮਾਨ ਨੂੰ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਐਲਾਨ ਦਿੱਤਾ ਸੀ।

ਹਾਲਾਂਕਿ ਭਗਵੰਤ ਮਾਨ ਨੇ ਇਸ ਵੀਡੀਓ ਨੂੰ 'ਨਕਲੀ' ਕਿਹਾ ਹੈ ਅਤੇ ਉਹ ਦਾਅਵਾ ਕਰ ਚੁੱਕੇ ਹਨ ਕਿ ਇੱਕ ਮਾਸਕ ਦੀ ਵਰਤੋਂ ਕਰਕੇ ਇਹ ਵੀਡੀਓ ਬਣਾਈ ਹੈ ਜਿਸ ਦੇ ਐਕਟਰ ਅਤੇ ਡਾਇਰੈਕਟਰ ਬਾਰੇ ਵੀ ਉਹ ਜਲਦ ਖੁਲਾਸਾ ਕਰਨਗੇ।

ਆਖਿਰ ਜਗਮਨ ਸਮਰਾ ਕੌਣ ਹੈ ਅਤੇ ਉਸਦਾ ਪਿਛੋਕੜ ਕੀ ਹੈ?

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿੱਚ ਜਾਣੋ।

ਜਗਮਨ ਸਮਰਾ ਕੌਣ ਹੈ?

ਜਗਮਨ ਸਮਰਾ

ਤਸਵੀਰ ਸਰੋਤ, Sukhpal Khaira/X

ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਪੰਜਾਬ ਪੁਲਿਸ ਜਗਮਨ ਸਮਰਾ ਨੂੰ ਕੈਨੇਡਾ ਤੋਂ ਲਿਆਉਣ ਲਈ ਤਿਆਰੀ ਕਰੇਗੀ।

ਕਰੀਬ 49 ਸਾਲਾ ਜਗਮਨਦੀਪ ਸਿੰਘ ਸਮਰਾ ਉਰਫ਼ ਜਗਮਨ ਸਮਰਾ ਫ਼ਿਲਹਾਲ ਕੈਨੇਡਾ ਵਿੱਚ ਰਹਿੰਦਾ ਹੈ ਪਰ ਉਹ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਦਾ ਜੰਮਪਲ ਹੈ।

ਫੱਗੂਵਾਲਾ ਪਿੰਡ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸੰਗਰੂਰ ਦੀ ਭਵਾਨੀਗੜ੍ਹ ਸਬ ਤਹਿਸੀਲ ਵਿੱਚ ਪੈਂਦਾ ਹੈ।

ਪੁਲਿਸ ਦੇ ਰਿਕਾਰਡ ਮੁਤਾਬਕ ਜਗਮਨ ਸਮਰਾ 'ਤੇ ਧੋਖਾਧੜੀ ਸਣੇ ਕਈ ਹੋਰ ਧਾਰਾਵਾਂ ਤਹਿਤ ਪਰਚੇ ਦਰਜ ਹਨ ਅਤੇ ਉਸ ਉੱਪਰ ਜੇਲ੍ਹ ਵਿੱਚ ਭੱਜਣ ਦਾ ਇਲਜ਼ਾਮ ਵੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਪੰਜਾਬ ਪੁਲਿਸ ਜਗਮਨ ਸਮਰਾ ਨੂੰ ਕੈਨੇਡਾ ਤੋਂ ਲਿਆਉਣ ਲਈ ਤਿਆਰੀ ਕਰੇਗੀ।

ਫੱਗੂਵਾਲਾ ਪਿੰਡ ਵਿੱਚ ਜਗਮਨ ਸਮਰਾ ਦੇ ਜੱਦੀ ਘਰ ਦੇ ਨੇੜੇ ਰਹਿਣ ਵਾਲੇ ਇੱਕ ਸਥਾਨਕ ਵਾਸੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਜਗਮਨ ਸਮਰਾ ਦੇ ਪਿਤਾ ਨੂੰ ਅਕਾਲੀ ਸਿਆਸਤਦਾਨ ਜਗੀਰ ਸਿੰਘ ਨੇ ਗੋਦ ਲਿਆ ਸੀ ਅਤੇ ਸਮਰਾ ਦੇ ਮਾਤਾ-ਮਾਤਾ ਪਿਤਾ ਅਧਿਆਪਕ ਸਨ।

ਉਹ ਦੱਸਦੇ ਹਨ ਕਿ ਜਗਮਨ ਸਮਰਾ, ਉਸ ਦਾ ਇੱਕ ਭਰਾ ਅਤੇ ਮਾਤਾ-ਪਿਤਾ ਕਈ ਸਾਲਾਂ ਤੋਂ ਕੈਨੇਡਾ ਰਹਿ ਰਹੇ ਹਨ। ਸਮਰਾ ਪਰਿਵਾਰ ਨੂੰ ਜਗੀਰ ਸਿੰਘ ਨੇ ਆਪਣੀ ਸਾਰੀ ਜਾਇਦਾਦ ਦੇ ਦਿੱਤੀ ਸੀ ਪਰ ਹੁਣ ਇਹ ਪਰਿਵਾਰ ਪਿੰਡ ਵਿੱਚੋਂ ਆਪਣੀ ਜ਼ਮੀਨ ਅਤੇ ਘਰ ਵੇਚ ਚੁੱਕਾ ਹੈ।

ਜਗਮਨ ਸਮਰਾ

ਸਮਰਾ ਬਾਰੇ ਪੁਲਿਸ ਰਿਕਾਰਡ ਕੀ ਕਹਿੰਦਾ ਹੈ?

ਪੰਜਾਬ ਪੁਲਿਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਸਮਰਾ ਜੇਲ੍ਹ ਵਿੱਚੋਂ ਫਰਾਰ ਹੋਇਆ ਸੀ ਅਤੇ ਹੁਣ ਕੈਨੇਡਾ ਰਹਿੰਦਾ ਹੈ। (ਸੰਕੇਤਕ ਤਸਵੀਰ)

ਕੈਨੇਡਾ ਦੇ ਐਬਸਫੋਰਡ ਵਿੱਚ ਰਹਿੰਦੇ ਜਗਮਨ ਸਮਰਾ ਭਗਵੰਤ ਮਾਨ ਖਿਲਾਫ਼ ਖੁੱਲ ਕੇ ਬੋਲਦੇ ਹਨ ਅਤੇ ਉਹਨਾਂ ਦੀ ਭਗਵੰਤ ਨਾਲ ਕਾਫ਼ੀ ਸਾਲ ਪਹਿਲਾਂ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੈ।

ਜਗਮਨ ਸਮਰਾ ਕਈ ਵੀਡੀਓਜ਼ ਵਿੱਚ ਆਪਣੇ ਇੰਡੀਆ ਤੋਂ ਕੈਨੇਡਾ ਪਹੁੰਚਣ ਦੀ ਕਹਾਣੀ ਵੀ ਸੁਣਾਉਂਦੇ ਦੇਖੇ ਜਾ ਸਕਦੇ ਹਨ।

ਪੁਲਿਸ ਸੂਤਰਾਂ ਮੁਤਾਬਕ ਜਗਮਨ ਸਮਰਾ 'ਤੇ ਤਲਵੰਡੀ ਭਾਈ, ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣੇ ਵਿੱਚ ਨਵੰਬਰ 2020 ਵਿੱਚ ਇੱਕ ਕੇਸ ਆਈਪੀਸੀ ਦੀ ਧਾਰਾ 420 ਅਤੇ 120 ਬੀ ਤਹਿਤ ਦਰਜ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਐਨਆਰਆਈ ਵਿੰਗ ਬਠਿੰਡਾ ਵਿੱਚ ਅਗਸਤ 2020 ਵਿੱਚ ਵੀ ਆਈਪੀਸੀ ਦੀ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਸੀ।

"ਇਹਨਾਂ ਕੇਸਾਂ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਕਤਸਰ ਅਤੇ ਫਰੀਦਕੋਟ ਜੇਲ੍ਹ ਵਿੱਚ ਰੱਖਿਆ ਗਿਆ। ਇਸ ਦੌਰਾਨ ਇੱਕ ਵਾਰ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਹ ਜਨਵਰੀ 2022 ਵਿੱਚ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਨੇਪਾਲ ਰਾਹੀਂ ਕੈਨੇਡਾ ਪਹੁੰਚ ਗਿਆ।"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਚੁੱਕੇ ਹਨ ਕਿ ਸਮਰਾ ਜੇਲ੍ਹ ਵਿੱਚੋਂ ਫਰਾਰ ਹੋਇਆ ਸੀ ਅਤੇ ਹੁਣ ਕੈਨੇਡਾ ਰਹਿੰਦਾ ਹੈ।

ਭਗਵੰਤ ਮਾਨ ਨੇ ਜਗਮਨ ਸਮਰਾ ਤੇ ਉਸ ਦੇ ਦਾਅਵਿਆਂ ਬਾਰੇ ਕੀ ਕਿਹਾ

ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਗਵੰਤ ਮਾਨ ਨੇ ਜਗਮਨ ਸਮਰਾ ਨੂੰ 'ਨਸ਼ੇ ਦਾ ਆਦੀ ਅਤੇ ਮਾਨਸਿਕ ਤੌਰ 'ਤੇ ਬਿਮਾਰ' ਦੱਸਿਆ ਸੀ।

ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਦੀ 15 ਜਨਵਰੀ 2026 ਦੀ ਪੇਸ਼ੀ ਦੀ ਵੀਡੀਓ 20 ਜੂਨ ਨੂੰ ਜਾਰੀ ਕੀਤੀ ਗਈ ਸੀ।

ਇਸ ਦੌਰਾਨ, ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਇਤਰਾਜ਼ਯੋਗ ਵੀਡੀਓ ''ਬਿਲਕੁਲ ਹੀ ਨਕਲੀ ਹੈ''।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਵੀਡੀਓ ਦੀ ਜਾਂਚ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜਕਲ੍ਹ ਏਆਈ ਦਾ ਸਮਾਂ ਹੈ, ਉਨ੍ਹਾਂ ਤੋਂ ਇਲਾਵਾ ਹੋਰਾਂ ਦੀਆਂ ਵੀ ਏਆਈ ਵੀਡੀਓ ਬਣੀਆਂ ਹਨ।

ਇਸ ਦੌਰਾਨ ਭਗਵੰਤ ਮਾਨ ਨੇ ਜਗਮਨ ਸਮਰਾ ਨੂੰ 'ਨਸ਼ੇ ਦਾ ਆਦੀ ਅਤੇ ਮਾਨਸਿਕ ਤੌਰ 'ਤੇ ਬਿਮਾਰ' ਦੱਸਿਆ ਸੀ।

25 ਜੂਨ ਨੂੰ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਇਸ ਵੀਡੀਓ ਵਿੱਚ ਇੱਕ ਮਾਸਕ ਦੀ ਵਰਤੋਂ ਕਰਕੇ, ਇਹ ਵੀਡੀਓ ਬਣਾਈ ਗਈ ਹੈ।

ਮਾਨ ਨੇ ਇੱਕ ਵੀਡੀਓ ਕਲਿਪ ਦਿਖਾ ਕੇ ਕਿਹਾ ਸੀ ਕਿ ਜਗਮਨ ਸਮਰਾ ਦੇ ਹੱਥ ਵਿੱਚ ਇੱਕ ਮਾਸਕ ਦਿਖਾਈ ਦੇ ਰਿਹਾ ਹੈ ਜੋ ਉਹਨਾਂ ਦੇ ਚਿਹਰੇ ਵਰਗਾ ਹੈ।

ਭਗਵੰਤ ਮਾਨ ਨੇ ਕਿਹਾ, "ਇਹ ਮਾਸਕ ਉਸ (ਸਮਰਾ) ਨੇ ਮੰਗਵਾਇਆ ਸੀ।"

ਮਾਨ ਨੇ ਜਗਮਨ ਸਮਰਾ ਨੂੰ 'ਬਲੈਕਮੇਲਰ' ਵੀ ਦੱਸਿਆ ਸੀ।

ਉਹਨਾਂ ਕਿਹਾ, "ਉਹ (ਸਮਰਾ) ਮੈਨੂੰ ਪੀਪੀਪੀ (ਪੀਪਲਜ਼ ਪਾਰਟੀ ਆਫ਼ ਪੰਜਾਬ) ਸਮੇਂ ਇੱਕ ਵਾਰ ਮਿਲਿਆ ਸੀ। ਉਹ ਮੇਰਾ ਕੋਈ ਦੋਸਤ ਨਹੀਂ ਹੈ ਅਤੇ ਨਾ ਹੀ ਮੇਰਾ ਉਸ ਨਾਲ ਕੋਈ ਲੈਣ ਦੇਣ ਹੈ। ਇਹ ਫ਼ਰੀਦਕੋਟ ਜੇਲ੍ਹ ਵਿੱਚੋਂ ਭੱਜਿਆ ਹੋਇਆ ਹੈ ਅਤੇ ਨੇਪਾਲ ਰਾਹੀਂ ਕਿਵੇਂ ਨਾ ਕਿਵੇਂ ਕੈਨੇਡਾ ਗਿਆ ਹੋਇਆ ਹੈ।"

ਅਕਾਲ ਤਖਤ

ਤਸਵੀਰ ਸਰੋਤ, Shiromani Gurdwara Parbandhak Committee/FB

ਤਸਵੀਰ ਕੈਪਸ਼ਨ, ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਖਾਂ ਦੀ ਸਰਬਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 'ਗੁਰੂ ਦੋਖੀ' ਅਤੇ 'ਪੰਥ ਵਿਰੋਧੀ' ਕਰਾਰ ਦਿੱਤਾ ਸੀ।

ਸਮਰਾ ਦੇ ਹੱਥ ਵਿੱਚ ਕਥਿਤ ਮਾਸਕ ਵਾਲੀ ਵੀਡੀਓ ਬਾਰੇ ਮਾਨ ਨੇ ਕਿਹਾ ਸੀ, "ਇਹ ਵੀਡੀਓ ਪੁਲਿਸ ਕੋਲ ਵੀ ਜਾਵੇਗੀ ਅਤੇ ਉਸ (ਸਮਰਾ) ਨੂੰ ਅਸੀਂ ਇੱਥੇ ਮੰਗਵਾਉਣ ਦੀ ਤਿਆਰੀ ਕਰਾਂਗੇ।"

ਹਾਲਾਂਕਿ, ਇਸ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਜਗਮਨ ਸਮਰਾ ਦੀ ਇੱਕ ਵੀਡੀਓ ਐਕਸ 'ਤੇ ਸਾਂਝੀ ਕੀਤੀ ਗਈ ਜਿਸ ਵਿੱਚ ਉਹ ਮਾਸਕ ਵਾਲੀ ਥਿਊਰੀ ਨੂੰ ਨਕਾਰ ਰਿਹਾ ਹੈ ਅਤੇ ਕਹਿੰਦਾ ਸੁਣਾਈ ਦਿੰਦਾ ਹੈ ਕਿ ਜਥੇਦਾਰ ਸਾਹਿਬ ਵੱਲੋਂ ਕਰਵਾਈ ਜਾਂਚ ਵਿੱਚ ਕਿਸੇ ਮਾਸਕ ਦਾ ਕੋਈ ਜ਼ਿਕਰ ਨਹੀਂ ਹੈ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਤੋਂ ਬਾਹਰ ਦੀਆਂ ਦੋ ਲੈਬੋਰਟਰੀਆਂ ਦੀ ਰਿਪੋਰਟ ਨਾਲ ਦਾਅਵਾ ਕੀਤਾ ਗਿਆ ਸੀ ਕਿ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਨਸਾਨ ਭਗਵੰਤ ਮਾਨ ਨਹੀਂ ਹੈ। ਹਾਲਾਂਕਿ ਵਿਰੋਧੀ ਧਿਰਾਂ ਨੇ ਸਰਕਾਰ ਦੀਆਂ ਪੇਸ਼ ਕੀਤੀਆਂ ਰਿਪੋਰਟਾਂ ਨੂੰ 'ਫਰਜ਼ੀ' ਦੱਸਿਆ ਸੀ ਅਤੇ ਗੁਰੂਗਰਾਮ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਕੇਸ ਵੀ ਦਰਜ ਕੀਤਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)