ਕੋਰੋਨਾਵਾਇਰਸ: ਜਦੋਂ ਬਠਿੰਡਾ ਦੇ SDM ਤੇ ਤਹਿਸੀਲਦਾਰ ਨੇ ਸ਼ੱਕੀ ਮਰੀਜ਼ਾਂ ਦੇ ਧੋਤੇ ਬਿਸਤਰੇ

ਤਸਵੀਰ ਸਰੋਤ, Surinder mann/BBC
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਲਈ ਬਣਾਏ ਗਏ ਆਇਸੋਲੇਸ਼ਨ ਸੈਂਟਰਾਂ 'ਚ ਵਿਛਾਏ ਗਏ ਬਿਸਤਰਿਆਂ ਨੂੰ ਆਪਣੇ ਹੱਥੀਂ ਧੋਣ ਦਾ ਕੰਮ ਕਰਕੇ ਬਠਿੰਡਾ ਦੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਚਰਚਾ ਵਿੱਚ ਆ ਗਏ ਹਨ।
ਮਾਲਵਾ ਪੱਟੀ 'ਚ ਇਨ੍ਹਾਂ ਅਧਿਕਾਰੀਆਂ ਵੱਲੋਂ ਆਮ ਲੋਕਾਂ ਦੇ ਮਨਾਂ 'ਚੋਂ ਕੋਰੋਨਾਵਾਇਰਸ ਸਬੰਧੀ ਫੈਲਾਏ ਜਾ ਰਹੇ ਬੇਲੋੜੇ ਡਰ ਨੂੰ ਕੱਢਣ ਦੀ ਭਾਵਨਾ ਨਾਲ ਕੀਤੇ ਗਏ ਇਸ ਕੰਮ ਨੂੰ ਇਕ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਅਫ਼ਸਰਾਂ ਤੋਂ ਉਤਸ਼ਾਹਿਤ ਹੋ ਕੇ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਅਨੇਕਾਂ ਕਾਰਕੁਨ ਵੀ ਕੋਰੋਨਾਵਾਇਰਸ ਸਬੰਧੀ ਭਰਮ ਵਿੱਚ ਪਾਉਣ ਵਾਲੀਆਂ ਗੱਲਾਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ ਲੱਗੇ ਹਨ।



ਤਸਵੀਰ ਸਰੋਤ, Surinder Maan/BBC
ਐਸਡੀਐਮ ਨਾਲ ਆਈਸੋਲੇਸ਼ਨ ਵਾਰਡਾਂ ਵਿੱਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਬਠਿੰਡਾ ਦੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਕਹਿੰਦੇ ਹਨ, "ਲੋਕਾਂ ਦੇ ਮਨਾਂ 'ਚ ਕੋਰੋਨਾਵਾਇਰਸ ਨੂੰ ਲੈ ਕੇ ਕਈ ਪ੍ਰਕਾਰ ਦਾ ਸਹਿਮ ਹੈ। ਸਾਡਾ ਅਸਲ ਮਸਕਦ ਤਾਂ ਆਮ ਲੋਕਾਂ ਦੇ ਮਨਾਂ ਅੰਦਰ ਪੈਦਾ ਹੋਈ ਬੇਲੋੜੀ ਦਹਿਸ਼ਤ ਨੂੰ ਕੱਢਣਾ ਹੈ।"
"ਜਿਹੜੇ ਸਫ਼ਾਈ ਕਰਮਚਾਰੀ ਕੁਝ ਦਿਨ ਪਹਿਲਾਂ ਇਕਾਂਤਵਾਸ ਕੇਂਦਰਾਂ 'ਚ ਰੱਖੇ ਗਏ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਕਮਰਿਆਂ ਦੀ ਸਫ਼ਾਈ ਕਰਨ ਤੋਂ ਡਰਦੇ ਸਨ, ਅੱਜ ਉਹ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਨੂੰ ਦੇਖ ਕੇ ਮਰੀਜ਼ਾਂ ਦੇ ਬਿਸਤਰੇ ਧੋਣ ਲਈ ਰਾਜ਼ੀ ਹੋ ਗਏ ਹਨ।"
‘ਕਰਮਚਾਰੀ ਬਿਸਤਰੇ ਧੋਣ ਤੋਂ ਘਬਰਾ ਰਹੇ ਸਨ’
ਬਠਿੰਡਾ ਸ਼ਹਿਰ ਤੋਂ ਪਿੰਡ ਬਾਦਲ ਨੂੰ ਜਾਂਦੀ ਸੜਕ 'ਤੇ ਬਣਾਏ ਗਏ ਆਇਸੋਲੇਸ਼ਨ ਸੈਂਟਰ 'ਚ 50 ਦੇ ਕਰੀਬ ਤਬਲੀਗ਼ੀ ਜਮਾਤ ਨਾਲ ਸਬੰਧਤ ਲੋਕਾਂ ਨੂੰ ਰੱਖਿਆ ਗਿਆ ਸੀ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਮੁਤਾਬਕ ਕੋਰੋਨਾਵਾਇਰਸ ਦੇ ਕੁੱਲ 101 ਸ਼ੱਕੀ ਮਰੀਜਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸੀ, ਜਿਨ੍ਹਾਂ 'ਚੋਂ 100 ਦੀ ਰਿਪੋਰਟ ਨੈਗੇਟਿਵ ਆਈ ਹੈ।

ਤਸਵੀਰ ਸਰੋਤ, Surinder Maan/BBC
ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਕਹਿੰਦੇ ਹਨ, ''ਰਿਪੋਰਟਾਂ ਨੈਗੇਟਿਵ ਆਉਣ ਮਗਰੋਂ ਸਬੰਧਤ ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਆਇਸੋਲੇਸ਼ਨ ਸੈਂਟਰਾਂ ਦੀ ਸਫ਼ਾਈ ਤੇ ਬਿਸਤਰਿਆਂ ਨੂੰ ਧੋਣ ਤੋਂ ਸਫ਼ਾਈ ਕਰਮਚਾਰੀ ਘਬਰਾ ਗਏ।''
''ਉਂਝ, ਉਹ ਸਿਹਤ ਵਿਭਾਗ ਵੱਲੋਂ ਦੱਸੇ ਗਏ ਅਹਿਤਿਆਤ ਵਰਤ ਕੇ ਸਫ਼ਾਈ ਕਰ ਸਕਦੇ ਸਨ। ਬਠਿੰਡਾ ਤੋਂ ਪਿੰਡ ਬਾਦਲ ਨੂੰ ਜਾਂਦੀ ਸੜਕ 'ਤੇ ਸਥਿਤ ਮੈਰੀਟੋਰੀਅਸ ਸਕੂਲ ਵਿੱਚ ਕਾਇਮ ਕੀਤੇ ਗਏ ਆਇਸੋਲੇਸ਼ਨ ਵਾਰਡ ਵਿੱਚ ਲਗਾਏ ਗਏ ਬੈਡਾਂ ਦੀਆਂ ਚਾਦਰਾਂ, ਸਿਰਹਾਣਿਆਂ ਦੇ ਕਵਰ ਅਤੇ ਹੋਰ ਕਪੜੇ ਧੋਣ ਦੀ ਸਮੱਸਿਆ ਪੈਦਾ ਹੋ ਗਈ ਸੀ"
"ਲੋਕਾਂ ਵਿੱਚ ਡਰ ਸੀ ਕਿ ਕਿਤੇ ਇਨ੍ਹਾਂ ਕੱਪੜਿਆਂ ਨੂੰ ਹੱਥ ਲਾਉਣ ਨਾਲ ਉਹ ਕੋਰੋਨਾਵਾਇਰਸ ਤੋਂ ਪੀੜਤ ਨਾ ਹੋ ਜਾਣ।''
ਭਾਰਤ ਵਿੱਚ ਕੋਰੋਨਾਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
Sorry, your browser cannot display this map
''ਅਸੀਂ ਖੁਦ ਇਸ ਆਈਸੋਲੇਸ਼ਨ ਕੇਂਦਰ 'ਚ ਪਹੁੰਚੇ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਅਹਿਤਿਆਤ ਵਰਤ ਕੇ ਬੈਡਾਂ ਦੀਆਂ ਚਾਦਰਾਂ ਤੇ ਸਿਰਹਾਣਿਆਂ ਦੇ ਕਵਰ ਉਤਾਰੇ। ਲਗਾਤਾਰ 5 ਘੰਟੇ ਵਾਸ਼ਿੰਗ ਮਸ਼ੀਨਾਂ 'ਚ ਕੱਪੜਿਆਂ ਨੂੰ ਧੋਤਾ।''
ਨੌਜਵਾਨ ਵੇਲਫੇਅਰ ਸੁਸਾਇਟੀ ਦੇ ਆਗੂ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਅਫ਼ਸਰਾਂ ਦਾ ਇਹ ਕੰਮ ਸੁਸਇਟੀ ਦੇ ਮੈਂਬਰਾਂ ਲਈ ਇੱਕ ਮਾਰਗ ਦਰਸ਼ਕ ਬਣ ਗਿਆ।


‘ਖ਼ੈਰ, ਡਰ ਤਾਂ ਹੈ ਹੀ ਹੈ’
ਸੋਨੂੰ ਨੇ ਕਿਹਾ, ''ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਅੱਗੇ ਆਏ ਤਾਂ ਸਾਨੂੰ ਹੌਸਲਾ ਹੋਇਆ ਕਿ ਜੇਕਰ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਣ ਤਾਂ ਕੋਰੋਨਾਵਾਇਰਸ ਮਰੀਜ਼ਾਂ ਨਾਲ ਜੁੜੀਆਂ ਵਸਤਾਂ ਦੀ ਸਫ਼ਾਈ ਕੀਤੀ ਜਾ ਸਕਦੀ ਹੈ।''
''ਫਿਰ ਸਾਡੀ ਟੀਮ ਵੀ ਆਇਸੋਲੇਸ਼ਨ ਵਾਰਡਾਂ 'ਚ ਲੱਗੇ ਬੈੱਡ ਦੀਆਂ ਚਾਦਰਾਂ ਅਤੇ ਹੋਰ ਸਮਾਨ ਧੋਣ ਲਈ ਅੱਗੇ ਗਏ। ਹੁਣ ਅਸੀਂ ਇਹ ਕੰਮ ਕੋਰੋਨਾਵਾਇਰਸ ਬਾਰੇ ਬਣੀਆਂ ਸਮਾਜਿਕ ਮਿੱਥਾਂ ਤੋੜਨ ਲਈ ਕਰ ਰਹੇ ਹਾਂ।''

ਤਸਵੀਰ ਸਰੋਤ, Surinder Maan/BBC
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਫ਼ਸਰਾਂ ਦੀ ਪਹਿਲਕਦਮੀ ਤੋਂ ਪਹਿਲਾਂ ਆਇਸੋਲੇਸ਼ਨ ਕੇਂਦਰਾਂ ਦੀ ਸਫ਼ਾਈ ਲਈ ਤਾਇਨਾਤ ਕਰਮਚਾਰੀਆਂ ਦੇ ਮਨਾਂ 'ਚ ਕੋਰੋਨਾਵਾਇਰਸ ਨੂੰ ਲੈ ਕੇ ਭੈਅ ਦਾ ਮਾਹੌਲ ਸੀ।
''ਪਹਿਲਾਂ ਜਦੋਂ ਕੁਝ ਕਰਮਚਾਰੀਆਂ ਨੂੰ ਵੱਧ ਮਿਹਨਤਾਨਾ ਦੇਣ ਦੀ ਗੱਲ ਵੀ ਕਹੀ ਗਈ ਸੀ ਤਾਂ ਉਨ੍ਹਾਂ ਨੇ ਇਕਾਂਤਵਾਸ ਕੇਂਦਰ ਦੇ ਬੈਡਾਂ ਦੀਆਂ ਚਾਦਰਾਂ ਧੋਣ ਤੋਂ ਇਨਕਾਰ ਕਰ ਦਿੱਤਾ ਸੀ।''
''ਖ਼ੈਰ, ਡਰ ਤਾਂ ਹੈ ਹੀ ਹੈ। ਜੇਕਰ ਲੋਕ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਨਿਰਮਲ ਸਿੰਘ ਦੇ ਸਸਕਾਰ ਨੂੰ ਲੈ ਕੇ ਡਰਦੇ ਹੋਏ ਸਮਸ਼ਾਨਘਾਟ ਦੇ ਗੇਟ ਬੰਦ ਕਰ ਸਕਦੇ ਹਨ ਤਾਂ ਫਿਰ ਗਰੀਬ ਲੋਕਾਂ ਦੀ ਕੀ ਹੈ।''
ਇਸੇ ਸੰਸਥਾ ਦੇ ਸੰਯੁਕਤ ਸਕੱਤਰ ਮੁਕੇਸ਼ ਸਿੰਗਲਾ ਨੇ ਕਿਹਾ, ''ਮੁਕਦੀ ਗੱਲ ਤਾਂ ਇਹ ਹੈ ਕਿ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਨੈਗੇਟਿਵ ਆਉਣ ਮਗਰੋਂ ਸਾਨੂੰ ਅਹਿਸਾਸ ਹੋ ਗਿਆ ਹੈ ਕਿ ਜੇਕਰ ਅਹਿਤਿਆਤ ਵਰਤ ਕੇ ਸ਼ੱਕੀ ਮਰੀਜ਼ਾਂ ਦੀ ਸੇਵਾ ਕੀਤੀ ਜਾਵੇ ਤਾਂ ਸੇਵਾ ਕਰਨ ਵਾਲਿਆਂ ਨੂੰ ਕੋਰੋਨਾਵਾਇਰਸ ਪ੍ਰਭਾਵਿਤ ਨਹੀਂ ਕਰ ਸਕਦਾ।''
''ਅਧਿਕਾਰੀਆਂ ਨੂੰ ਦੇਖ ਕੇ ਅਸੀਂ ਤਾਂ ਇਹ ਵੀ ਤੈਅ ਕਰ ਲਿਆ ਹੈ ਕਿ ਜੇਕਰ ਕੋਰੋਨਾਵਾਇਰਸ ਤੋਂ ਪੀੜਤ ਕਿਸੇ ਮ੍ਰਿਤਕ ਦਾ ਅੰਤਮ ਸਸਕਾਰ ਵੀ ਕਰਨਾ ਪਵੇ ਤਾਂ ਅਸੀਂ ਪੀਪੀਈ ਕਿੱਟਾਂ ਵਰਤ ਕੇ ਉਹ ਵੀ ਕਰਨ ਲਈ ਤਿਆਰ ਹਾਂ।''


‘ਮੇਰੀ ਡਿਊਟੀ ਹੈ ਲੋਕਾਂ ਦੀ ਸੇਵਾ ਕਰਨ ਦੀ ਹੈ’
ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਨਾਲ ਜਦੋਂ ਉਨ੍ਹਾਂ ਦੇ ਮੋਬਾਇਲ ਫ਼ੋਨ 'ਤੇ ਸੰਪਰਕ ਕੀਤਾ ਕਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਹ ਆਇਸੋਲੇਸ਼ਨ ਕੇਂਦਰ 'ਚੋਂ ਚਾਦਰਾਂ ਤੇ ਸਿਰਹਾਣਿਆਂ ਦੇ ਕਵਰ ਲਾਹ ਕੇ ਵਾਸ਼ਿੰਗ ਮਸ਼ੀਨਾਂ 'ਚ ਪਾ ਰਹੇ ਸਨ ਤਾਂ ਕੁਝ ਸਮਾਜ ਸੇਵੀ ਲੋਕ ਪਿੱਛੇ ਆ ਗਏ।
ਉਨ੍ਹਾਂ ਨੇ ਕਿਹਾ, "ਕਿਸੇ ਨੇ ਆਇਸੋਲੇਸ਼ੇਨ ਵਾਰਡ 'ਚ ਕੰਮ ਕਰਦਿਆਂ ਮੇਰੀ ਵੀਡੀਓ ਬਣਾ ਲਈ। ਅਸਲ ਵਿੱਚ ਤਾਂ ਅਸੀਂ ਆਇਸੋਲੇਸ਼ਨ ਕੇਂਦਰਾਂ ਲਈ ਨਵੀਆਂ ਵਾਸ਼ਿੰਗ ਮਸ਼ੀਨਾਂ ਦੀ ਖਰੀਦ ਕੀਤੀ ਸੀ।''
''ਜਾਂਚ ਲਈ ਮੈਂ ਉੱਥੇ ਪਹੁੰਚਿਆ ਸੀ। ਮੇਰੀ ਡਿਊਟੀ ਲੋਕਾਂ ਦੀ ਸੇਵਾ ਕਰਨ ਦੀ ਹੈ। ਮੈਂ ਕਰ ਰਿਹਾ ਹਾਂ। ਮੇਰਾ ਮੰਤਵ ਕੋਈ ਪ੍ਰਸਿਧੀ ਹਾਸਲ ਕਰਨਾ ਨਹੀਂ ਸਗੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣਾ ਹੈ ਤੇ ਉਹੀ ਮੈਂ ਕਰ ਰਿਹਾ ਹਾਂ।''



ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












