ਕੋਰੋਨਾਵਾਇਰਸ ਦੇ ਦੌਰ ਵਿੱਚ ਪੰਜਾਬ 'ਚ ਅੱਗ ਤੋਂ ਕਿਵੇਂ ਹੋ ਰਹੀ ਹੈ ਕਣਕ ਦੀ ਰਾਖੀ

- ਲੇਖਕ, ਦਲਜੀਤ ਅਮੀ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਕੋਰੋਨਾਵਾਇਰਸ ਦੀ ਮਹਾਂਮਾਰੀ ਹਰ ਮਨੁੱਖਾ ਸਰਗਰਮੀ ਉੱਤੇ ਅਸਰ-ਅੰਦਾਜ਼ ਹੋਈ ਹੈ ਤਾਂ ਇਸ ਦਾ ਅਸਰ ਆਉਣ ਵਾਲੇ ਸਮੇਂ ਦੀ ਵਿਉਂਤਬੰਦੀ ਉੱਤੇ ਵੀ ਪਿਆ ਹੈ।
ਹਾੜੀ ਦੀ ਫ਼ਸਲ ਦੀ ਵਾਢੀ ਅਤੇ ਮੰਡੀ ਦੇ ਇੰਤਜ਼ਾਮ ਦੇ ਨਾਲ-ਨਾਲ ਖੇਤਾਂ ਵਿੱਚ ਅੱਗ ਲੱਗਣ ਦੀ ਗੁੰਜਾਇਸ਼ ਮੌਜੂਦਾ ਸਮੇਂ ਦੀ ਵਿਉਂਤਬੰਦੀ ਦਾ ਹਿੱਸਾ ਹੈ।
ਪੰਜਾਬ ਦੇ ਅਖ਼ਬਾਰਾਂ ਵਿੱਚ ਸਰਕਾਰੀ ਇਸ਼ਤਿਹਾਰ ਛਪ ਰਹੇ ਹਨ ਕਿ ਫ਼ਸਲ ਨੂੰ ਵੱਢਣ, ਕਣਕ ਨੂੰ ਕੱਢਣ ਅਤੇ ਮੰਡੀ ਲਿਜਾਣ ਲਈ ਕੀ-ਕੀ ਕਾਇਦਾ-ਕਾਨੂੰਨ ਬਣਾਇਆ ਜਾ ਰਿਹਾ ਹੈ।
ਅਖ਼ਬਾਰਾਂ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਇੱਕ ਇਸ਼ਤਿਹਾਰ 'ਕਿਸਾਨ ਵੀਰਾਂ ਨੂੰ ਅਪੀਲ' ਵਜੋਂ ਛਪਿਆ ਹੈ।


ਇਸ਼ ਇਸ਼ਤਿਹਾਰ ਦੀ ਇਬਾਰਤ ਹੈ, "ਪੀ.ਐਸ.ਪੀ.ਸੀ.ਐਲ. ਕਿਸਾਨ ਵੀਰਾਂ ਨੂੰ ਅਪੀਲ ਕਰਦਾ ਹੈ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਟਰਾਂਸਫਾਰਮਰ/ਜੀਓ ਸਵਿੱਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਫੋਟੋ ਅਤੇ ਪਤਾ/ਸਥਾਨ ਦਾ ਵੇਰਵਾ ਤੁਰੰਤ ਕੰਟਰੋਲ ਨੰਬਰਾਂ … 'ਤੇ ਵਟਸਐਪ ਰਾਹੀਂ ਦਿੱਤਾ ਜਾਵੇ ਜੀ। ਉਨ੍ਹਾਂ ਥਾਵਾਂ ਦੀ "ਜੀ.ਪੀ.ਐਸ. ਲੋਕੇਸ਼ਨ" ਵੀ ਵਟਸਐਪ ਰਾਹੀਂ ਸਾਂਝੀ ਕੀਤੀ ਜਾਵੇ।"
ਸੂਬੇ ਵਿੱਚ ਹਾੜੀ ਦੀ ਵਾਢੀ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਆਉਂਦੀਆਂ ਰਹੀਆਂ ਹਨ ਅਤੇ ਇਸ ਵਾਰ ਇਨ੍ਹਾਂ ਦਾ ਖ਼ਦਸ਼ਾ ਵਧ ਗਿਆ ਹੈ।
ਇਸ ਮਾਮਲੇ ਵਿੱਚ ਬੀਬੀਸੀ ਪੰਜਾਬੀ ਨੇ ਪੰਜਾਬ ਰਾਜ ਪਾਰਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਬਲਦੇਵ ਸਿੰਘ ਸਰਾ ਨਾਲ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ ਕਿ ਹਾੜੀ ਦੀ ਵਾਢੀ ਵੇਲੇ ਕਈ ਕਾਰਨਾਂ ਕਰ ਕੇ ਅੱਗ ਲੱਗਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਢਿੱਲੀਆਂ ਤਾਰਾਂ ਅਤੇ ਸਪਾਰਕਿੰਗ ਨਾਲ ਅੱਗ ਲੱਗ ਜਾਣ ਦੀ ਗੁੰਜ਼ਾਇਸ਼ ਬਣ ਜਾਂਦੀ ਹੈ ਕਿਉਂਕਿ ਖੇਤਾਂ ਵਿੱਚ ਸੁੱਕੀਆਂ ਫ਼ਸਲਾਂ ਹੁੰਦੀਆਂ ਹਨ ਅਤੇ ਅੱਗ ਫੜਨ ਨੂੰ ਸਮਾਂ ਨਹੀਂ ਲੱਗਦਾ।
ਉਨ੍ਹਾਂ ਦੱਸਿਆ ਕਿ ਖੇਤਾਂ ਵਿੱਚ ਕਣਕ ਦੀ ਵਾਢੀ ਦੌਰਾਨ ਕੰਬਾਇਨ ਅਤੇ ਟਰੈਕਟਰ ਚਲਦੇ ਹਨ। ਇਨ੍ਹਾਂ ਦੇ ਖੰਭਿਆਂ ਨਾਲ ਟਕਰਾਉਣ ਕਾਰਨ ਤਾਰਾਂ ਦੀ ਝੋਲ ਪੈਣ ਨਾਲ ਅੱਗਾਂ ਲੱਗਦੀਆਂ ਹਨ। ਇਸ ਤੋਂ ਇਲਾਵਾ ਹਨੇਰੀਆਂ ਵਿੱਚ ਦਰਖ਼ਤ ਗਿਰਨ ਜਾਂ ਖੰਭੇ ਟੇਢੇ ਹੋ ਜਾਣ ਨਾਲ ਵੀ ਅੱਗਾਂ ਲਗਦੀਆਂ ਹਨ।

ਤਸਵੀਰ ਸਰੋਤ, Getty Images
ਪਿਛਲੇ ਸਾਲ 2019-20 ਦੌਰਾਨ 31 ਜੁਲਾਈ 2019 ਤੱਕ ਅੱਗ ਲੱਗਣ ਦੇ 215 ਮਾਮਲੇ ਬਿਜਲੀ ਮਹਿਕਮੇ ਕੋਲ ਪਹੁੰਚੇ ਸਨ। ਇਨ੍ਹਾਂ ਮਾਮਲਿਆਂ ਵਿੱਚ ਕਣਕ ਦੀ 2180.56 ਏਕੜ ਫ਼ਸਲ ਸੜ ਗਈ ਸੀ।
ਇਨ੍ਹਾਂ ਵਿੱਚੋਂ 70 ਮਾਮਲਿਆਂ ਨੂੰ ਮੁਆਵਜ਼ੇ ਲਈ ਯੋਗ ਸਮਝਿਆ ਗਿਆ ਸੀ ਜਿਸ ਦੇ ਨਤੀਜੇ ਵਜੋਂ 41.71 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਸੀ।
ਬਿਜਲੀ ਦੀ ਪਹੁੰਚ ਅਤੇ ਵੰਡ ਨੂੰ ਯਕੀਨੀ ਬਣਾਉਣ ਲਈ ਦੋ ਨਿਗਮ ਕੰਮ ਕਰਦੇ ਹਨ। ਬਿਜਲੀ ਦੀ ਵੰਡ ਦਾ ਕੰਮ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਕਰਦੀ ਹੈ ਜਦੋਂ ਕਿ ਬਿਜਲੀ ਦੀ ਪਹੁੰਚ ਦਾ ਕੰਮ ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਲਿਮਟਿਡ ਰਾਹੀਂ ਹੁੰਦਾ ਹੈ।


ਇਨ੍ਹਾਂ ਦੋਵਾਂ ਨਿਗਮਾਂ ਦੇ ਖੰਭੇ ਅਤੇ ਤਾਰਾਂ ਖੇਤਾਂ ਵਿੱਚੋਂ ਨਿਕਲਦੇ ਹਨ ਅਤੇ ਦੋਵਾਂ ਦੀ ਹੀ ਅੱਗ ਦੇ ਮਾਮਲੇ ਵਿੱਚ ਜੁਆਬਦੇਹੀ ਤੈਅ ਹੁੰਦੀ ਹੈ।
ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਲਿਮਟਿਡ ਦਾ ਕੰਮ ਸਿਰਫ਼ ਵੱਡੀਆਂ ਅਤੇ ਉੱਚੀਆਂ ਤਾਰਾਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਦੀ ਕੰਮ ਬਿਜਲੀ ਘਰਾਂ ਤੱਕ ਬਿਜਲੀ ਪਹੁੰਚਦੀ ਕਰਨਾ ਹੈ ਜਦੋਂ ਕਿ ਇਸ ਤੋਂ ਅੱਗੇ ਖ਼ਪਤਕਾਰਾਂ ਤੱਕ ਬਿਜਲੀ ਪਹੁੰਚਾਉਣਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕੰਮ ਹੈ।
ਬਲਦੇਵ ਸਿੰਘ ਸਰਾਂ ਹੁਰਾਂ ਨੂੰ ਬੀਬੀਸੀ ਪੰਜਾਬੀ ਨੇ ਪੁੱਛਿਆ ਕਿ ਕੋਰੋਨਾਵਾਇਰਸ ਨਾਲ ਲੱਗੀਆਂ ਪਾਬੰਦੀਆਂ ਅਤੇ ਅੱਗ ਲੱਗਣ ਦੇ ਖ਼ਦਸ਼ਿਆਂ ਦਾ ਆਪਸ ਵਿੱਚ ਕੀ ਰਾਬਤਾ ਹੈ?
ਉਨ੍ਹਾਂ ਦਾ ਜੁਆਬ ਸੀ, "ਇਸ ਵਾਰ ਖ਼ਦਸ਼ੇ ਵਧ ਗਏ ਹਨ। ਪਹਿਲਾਂ ਸ਼ਿਕਾਇਤ ਦੇਣ ਵਾਲੇ ਬਿਜਲੀ ਦੇ ਦਫ਼ਤਰ ਜਾਂਦੇ ਸਨ ਅਤੇ ਮੁਲਾਜ਼ਮ ਸ਼ਿਕਾਇਤ ਦਾ ਨਿਪਟਾਰਾ ਕਰਦੇ ਸਨ। ਕੋਰੋਨਾਵਾਇਰਸ ਦੀਆਂ ਪਾਬੰਦੀਆਂ ਦੋਵੇਂ ਪਾਸੇ ਲਾਗੂ ਹਨ। ਇੱਕ ਪਾਸੇ ਸ਼ਿਕਾਇਤ ਕਰਨ ਵਾਲੇ ਨੂੰ ਦਫ਼ਤਰ ਤੱਕ ਜਾਣਾ ਔਖਾ ਹੈ ਅਤੇ ਦੂਜੇ ਪਾਸੇ ਮੁਲਾਜ਼ਮਾਂ ਦੀ ਗਿਣਤੀ ਵੀ ਦਫ਼ਤਰਾਂ ਵਿੱਚ ਘੱਟ ਹੈ।"
ਉਨ੍ਹਾਂ ਨੇ ਮੰਡੀਆਂ ਦੇ ਕੋਰੋਨਾਵਾਇਰਸ ਨਾਲ ਜੁੜੇ ਨਵੇਂ ਇੰਤਜ਼ਾਮ ਬਾਬਤ ਕਿਹਾ ਕਿ ਇਸ ਸਾਲ ਹਾੜੀ ਵੱਢਣ ਦਾ ਕੰਮ ਲੰਮਾ ਹੋ ਜਾਵੇਗਾ ਜਿਸ ਕਾਰਨ ਫ਼ਸਲਾਂ ਜ਼ਿਆਦਾ ਦੇਰ ਖੇਤਾਂ ਵਿੱਚ ਰਹਿਣਗੀਆਂ ਅਤੇ ਜ਼ਿਆਦਾ ਸੁੱਕ ਜਾਣਗੀਆਂ। ਇਸ ਨਾਲ ਅੱਗਾਂ ਦਾ ਖ਼ਦਸ਼ਾ ਵਧ ਜਾਵੇਗਾ।
ਇਸੇ ਖ਼ਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਲੋੜੀਂਦੀ ਮੁਰੰਮਤ ਅਤੇ ਤਾਰਾਂ ਨੂੰ ਕਸਣ ਦਾ ਕੰਮ ਜਾਣਕਾਰੀ ਮਿਲਦੀ ਸਾਰ ਹੀ ਕਰਨ ਨੂੰ ਤਰਜੀਹ ਦੇਣ।
ਬਲਦੇਵ ਸਿੰਘ ਸਰਾਂ ਦੇ ਦਾਅਵਿਆਂ ਦੀ ਤਸਦੀਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖ਼ਤੜਾ ਦੇ ਸਰਪੰਚ ਮਿਹਰ ਸਿੰਘ ਨੇ ਕੀਤੀ।
ਉਨ੍ਹਾਂ ਨੇ ਪਿੰਡ ਵਿੱਚ ਤਾਰਾਂ ਕਸਣ ਆਏ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਅਤੇ ਕਿਹਾ, "ਇਨ੍ਹਾਂ ਬਿਜਲੀ ਵਾਲਿਆਂ ਦੇ ਵੀ ਬਾਲ-ਬੱਚੇ ਹਨ ਅਤੇ ਇਹ ਸਾਰਾ ਦਿਨ ਕੰਮ ਕਰਦੇ ਹਨ ਤਾਂ ਜੋ ਅੱਗ ਨਾ ਲੱਗੇ। ਇਹ ਲੋਕਾਂ ਦੀ ਸੇਵਾ ਕਰ ਰਹੇ ਹਨ। ਜਦੋਂ ਲੋਕ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਹਨ ਤਾਂ ਸਰਕਾਰ ਅਤੇ ਲੋਕਾਂ ਦਾ ਸਾਥ ਦੇ ਰਹੇ ਹਨ।"
ਬਲਦੇਵ ਸਿੰਘ ਸਰਾਂ ਨੇ ਇਨ੍ਹਾਂ ਖ਼ਦਸ਼ਿਆਂ ਬਾਬਤ ਲਏ ਫ਼ੈਸਲੇ ਬਾਬਤ ਦੱਸਿਆ, "ਵਾਢੀ ਦੇ ਦਿਨਾਂ ਵਿੱਚ ਖੇਤੀਬਾੜੀ ਵਾਲੇ ਫੀਡਰ ਦਿਨ ਵੇਲੇ ਬੰਦ ਰਹਿਣਗੇ। ਸਵੇਰੇ ਨੌ ਵਜੇ ਤੋਂ ਰਾਤ ਤੱਕ ਇਨ੍ਹਾਂ ਫੀਡਰਾਂ ਨੂੰ ਬਿਜਲੀ ਨਹੀਂ ਦਿੱਤੀ ਜਾਵੇਗੀ।"
ਇਸੇ ਮਾਮਲੇ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਜ਼ਿਆਦਾਤਰ ਨੁਕਤਿਆਂ ਉੱਤੇ ਸਹਿਮਤ ਜਾਪਦੇ ਹਨ ਪਰ ਲੋਕਾਂ ਦੇ ਪੱਖ ਤੋਂ ਕੁਝ ਹੋਰ ਸੁਝਾਅ ਪੇਸ਼ ਕਰਦੇ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦਾ ਕਹਿਣਾ ਹੈ ਕਿ ਅੱਗ ਦੀ ਘਟਨਾ ਬਿਜਲੀ ਦੀ ਸਪਾਰਕਿੰਗ ਜਾਂ ਕਿਸੇ ਹੋਰ ਕਾਰਨ ਵੀ ਹੋ ਸਕਦੀ ਹੈ। ਇਸ ਲਈ ਅੱਗ ਬੁਝਾਓ ਦਸਤੇ ਦੀ ਤਿਆਰੀ ਹੋਣੀ ਚਾਹੀਦੀ ਹੈ।
ਉਨ੍ਹਾਂ ਦਾ ਅੱਗੇ ਕਹਿਣਾ ਸੀ ਕਿ ਬਿਜਲੀ ਦੀਆਂ ਤਾਰਾਂ ਨੂੰ ਕੱਸਣ ਅਤੇ ਤਾਰਾਂ ਨਾਲ ਲਗਦੇ ਦਰਖ਼ਤਾਂ ਦੀਆਂ ਟਾਹਣੀਆਂ ਨੂੰ ਵੱਢਣ ਦਾ ਕੰਮ ਇਹਤਿਆਤ ਵਜੋਂ ਕਰ ਲਿਆ ਜਾਣਾ ਚਾਹੀਦਾ ਹੈ।
ਕੋਰੋਨਾਵਾਇਰਸ ਦੇ ਹਵਾਲੇ ਨਾਲ ਉਨ੍ਹਾਂ ਦਾ ਕਹਿਣਾ ਹੈ, "ਅੱਗ ਵਰਗੀਆਂ ਘਟਨਾਵਾਂ ਤੋਂ ਬਚਣਾ ਅਤੇ ਮਹਾਂਮਾਰੀ ਤੋਂ ਬਚਣ ਲਈ ਲੋੜੀਂਦਾ ਇਹਤਿਆਤ ਕਾਇਮ ਰੱਖਣਾ ਜ਼ਰੂਰੀ ਹੈ।"
ਉਨ੍ਹਾਂ ਦਾ ਕਹਿਣਾ ਸੀ ਕਿ ਅੱਗ ਲੱਗਣ ਦੀ ਹਾਲਤ ਵਿੱਚ ਇਹ ਨਹੀਂ ਹੋਣਾ ਕਿ ਲੋਕ ਮਹਾਂਮਾਰੀ ਤੋਂ ਬਚਣ ਲਈ ਲਗਾਈਆਂ ਪਾਬੰਦੀਆਂ ਦੇ ਜਾਬਤੇ ਵਿੱਚ ਰਹਿ ਸਕਣ।
ਇਸ ਮਾਮਲੇ ਵਿੱਚ ਉਨ੍ਹਾਂ ਦੀ ਸਲਾਹ ਹੈ, "ਬਿਜਲੀ ਤੋਂ ਬਾਅਦ ਖੇਤਾਂ ਵਿੱਚ ਅੱਗ ਦਾ ਦੂਜਾ ਕਾਰਨ ਗਰਮੀ ਵਿੱਚ ਚੱਲ ਰਹੀ ਮਸ਼ੀਨਰੀ ਹੁੰਦੀ ਹੈ। ਇਸ ਲਈ ਜਦੋਂ ਤੂੜੀ ਬਣਾਈ ਜਾ ਰਹੀ ਹੋਵੇ ਤਾਂ ਆਲੇ-ਦੁਆਲੇ ਪੰਜ-ਸੱਤ ਬੰਦਿਆਂ ਦਾ ਹੋਣਾ ਲਾਜ਼ਮੀ ਹੈ ਤਾਂ ਜੋ ਅੱਗ ਨੂੰ ਮੌਕੇ ਉੱਤੇ ਹੀ ਸੰਭਾਲਿਆ ਜਾ ਸਕੇ। ਇਸ ਤੋਂ ਇਲਾਵਾ ਜੇ ਪਾਣੀ ਦਾ ਟੈਂਕਟ ਲਾਗੇ ਰੱਖਿਆ ਜਾ ਸਕੇ ਤਾਂ ਅੱਗ ਨੂੰ ਬੁਝਾਉਣਾ ਸੁਖਾਲਾ ਰਹੇਗਾ।"
ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ
Sorry, your browser cannot display this map
ਪੰਜਾਬ ਵਿੱਚ ਇਸ ਵੇਲੇ ਤਕਰੀਬਨ 35 ਲੱਖ ਹੈਕਟੇਅਰ ਕਣਕ ਖੜ੍ਹੀ ਹੈ ਜੋ ਪੰਜਾਬ ਦੇ ਕੁੱਲ ਰਕਬੇ ਦਾ ਤਕਰੀਬਨ 70 ਫ਼ੀਸਦੀ ਬਣਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ 'ਕਣਕ ਦੀ ਵਾਢੀ ਦੌਰਾਨ ਵਿਚਾਰਨਯੋਗ ਵਿਚਾਰਯੋਗ ਨੁਕਤੇ' ਦੇ ਸਿਰਲੇਖ ਹੇਠ ਆਪਣੇ ਬੁਲਿਟਨ ਦਾ ਖ਼ਸੂਸੀ ਅੰਕ ਜਾਰੀ ਕੀਤਾ ਹੈ ਜਿਸ ਵਿੱਚ ਅੱਗ ਦੇ ਬਚਣ ਦੇ ਨੌ ਨੁਕਤੇ ਸੁਝਾਏ ਗਏ ਹਨ।
ਇਨ੍ਹਾਂ ਵਿੱਚ ਖੇਤਾਂ ਦੀ ਮਸ਼ੀਨਰੀ ਦੀ ਸਾਂਭ-ਸੰਭਾਲ ਅਤੇ ਚੌਕਸੀ ਤੋਂ ਇਲਾਵਾ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 'ਟਰਾਂਸਫਾਰਮਰ ਦੇ ਆਲੇ-ਦੁਆਲੇ ਦੀ ਇੱਕ ਮਰਲਾ ਕਣਕ ਪਹਿਲਾਂ' ਵੱਢ ਲੈਣ ਅਤੇ ਇਸ ਦੇ ਆਲੇ-ਦੁਆਲੇ ਦੇ ਦਸ ਮੀਟਰ ਦੇ ਘੇਰੇ ਨੂੰ ਗਿੱਲਾ' ਰੱਖਣ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕਣਕ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਕੋਰੋਨਾਵਾਇਰਸ ਨਾਲ ਜੁੜਿਆ ਅਹਿਮ ਤੱਥ ਇਹ ਹੈ ਕਿ ਵਾਢੀ ਦੌਰਾਨ ਲੋਕ ਵੱਡੀ ਗਿਣਤੀ ਵਿੱਚ ਖੇਤਾਂ ਵਿੱਚ ਹੁੰਦੇ ਹਨ ਜਿਸ ਕਾਰਨ ਜ਼ਿਆਦਾਤਰ ਅੱਗਾਂ ਉੱਤੇ ਸਮੇਂ ਸਿਰ ਕਾਬੂ ਪਾ ਲਿਆ ਜਾਂਦਾ ਹੈ ਅਤੇ ਇਹ ਅੰਕੜੇ ਕਿਸੇ ਸਰਕਾਰੀ ਜਾਂ ਮਹਿਕਮਾਨਾ ਮਿਸਲ ਵਿੱਚ ਦਰਜ ਨਹੀਂ ਹੁੰਦੇ।
ਇਸ ਵਾਰ ਇੱਕ ਤਾਂ ਪਾਬੰਦੀਆਂ ਕਾਰਨ ਵੀ ਖੇਤਾਂ ਵਿੱਚ ਲੋਕਾਂ ਦੀ ਗਿਣਤੀ ਘਟ ਹੋਵੇਗੀ ਅਤੇ ਦੂਜਾ ਮਜ਼ਦੂਰਾਂ ਦੀ ਗਿਣਤੀ ਘੱਟ ਹੋਣ ਕਾਰਨ ਵੀ ਮਨੁੱਖਾ ਹਾਜ਼ਰੀ ਘੱਟ ਹੋਵੇਗੀ।


ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋਂ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4













