ਬਾਹਰੋਂ ਆਏ ਗੰਢੇ ਪਰ ਸੁਆਦ ਨਹੀਂ ਆਇਆ! ਪਿਆਜ਼ ਦੇ ਅਸਮਾਨੀ ਭਾਅ ਦੀ ਜ਼ਮੀਨੀ ਹਕੀਕਤ ਵੀ ਜਾਣੋ

ਜਦੋਂ ਲੋਕਾਂ ਵਿੱਚ ਇਹ ਮੁੱਦਾ ਬਣਿਆ ਤਾਂ ਸਰਕਾਰ ਨੇ ਬਾਹਰੋਂ ਪਿਆਜ਼ ਮੰਗਵਾਉਣ ਦਾ ਫ਼ੈਸਲਾ ਲਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਦੋਂ ਲੋਕਾਂ ਵਿੱਚ ਇਹ ਮੁੱਦਾ ਬਣਿਆ ਤਾਂ ਸਰਕਾਰ ਨੇ ਬਾਹਰੋਂ ਪਿਆਜ਼ ਮੰਗਵਾਉਣ ਦਾ ਫ਼ੈਸਲਾ ਲਿਆ
    • ਲੇਖਕ, ਪ੍ਰਸ਼ਾਂਤ ਚਾਹਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

"ਗਲੀਆਂ ਤੇ ਬਾਜ਼ਾਰਾਂ ਵਿੱਚ ਪਿਆਜ਼ ਵੇਚਣ ਵਾਲੇ ਬਹੁਤ ਸੁਆਦ ਲੈ ਰਹੇ ਨੇ... ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਗੰਢਿਆਂ ਦਾ ਅਸਲ ਭਾਅ ਹੈ ਕੀ!"

ਇਹ ਗੱਲ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਵਪਾਰੀ ਸੰਘ ਦੇ ਪ੍ਰਧਾਨ ਸੁਰਿੰਦਰ ਬੁੱਧੀਰਾਜਾ ਨੇ ਇਸ ਸਵਾਲ ਦੇ ਜਵਾਬ 'ਚ ਕਹੀ: ਅੱਜਕਲ੍ਹ 100 ਰੁਪਏ ਕਿੱਲੋ ਟੱਪਦੇ ਪਿਆਜ਼ ਕਦੋਂ ਤੱਕ ਇੰਨੇ ਮਹਿੰਗੇ ਖਰੀਦਣੇ ਪੈਣਗੇ?

ਉਨ੍ਹਾਂ ਨੇ ਥੋਕ ਦੇ ਭਾਅ ਦਾ ਜ਼ਿਕਰ ਵੀ ਕੀਤਾ, "ਦਿੱਲੀ ਦੀ ਮੰਡੀ ਵਿੱਚ ਹੀ ਪਿਆਜ਼ 15 ਰੁਪਏ (ਵਿਦੇਸ਼ੀ ਕਿਸਮ) ਤੋਂ ਲੈ ਕੇ 35 ਰੁਪਏ ਕਿੱਲੋ (ਦੇਸੀ) ਆ ਰਿਹਾ ਹੈ।"

ਇਹੀ ਪਿਆਜ਼ ਰੀਟੇਲ ਬਾਜ਼ਾਰ ਵਿੱਚ ਸ਼ਨੀਵਾਰ ਸ਼ਾਮ ਨੂੰ 80 ਰੁਪਏ ਕਿੱਲੋ ਸਨ।

ਦਿੱਲੀ ਹੀ ਨਹੀਂ, ਪੰਜਾਬ-ਹਰਿਆਣਾ ਦੇ ਖੇਤਰ ਵਿੱਚ ਵੀ ਇਹੀ ਹਾਲ ਹੈ ਅਤੇ ਉੱਤਰ ਪ੍ਰਦੇਸ਼ ਵੀ ਇਸ ਮਹਿੰਗਾਈ ਨੂੰ ਝੱਲ ਰਿਹਾ ਹੈ।

ਇਹ ਵੀ ਜ਼ਰੂਰ ਪੜ੍ਹੋ:

ਪਿਆਜ਼
ਤਸਵੀਰ ਕੈਪਸ਼ਨ, ਕਿਸੇ ਫ਼ਸਲ ਦਾ ਲੰਬੇ ਸਮੇਂ ਲਈ ਕੀਮਤਾਂ ਕਾਰਨ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਰਹਿਣਾ ਚਿੰਤਾ ਦਾ ਵਿਸ਼ਾ ਹੈ

ਖੇਤੀ ਮਾਹਿਰ ਕਹਿੰਦੇ ਹਨ ਕਿ ਇਹ ਬਾਜ਼ਾਰ ਦਾ ਟਰੈਂਡ ਹੈ ਜੋ ਹਰ ਚਾਰ ਸਾਲਾਂ ਵਿੱਚ ਇਸੇ ਤਰ੍ਹਾਂ ਨਜ਼ਰ ਆਉਂਦਾ ਹੈ। ਪਰ ਉਨ੍ਹਾਂ ਦਾ ਵੀ ਇਹ ਕਹਿਣਾ ਹੈ ਕਿ ਇੰਨੇ ਲੰਮੇ ਸਮੇਂ ਤੱਕ ਉੱਚੇ ਦਾਮ ਫ਼ਿਕਰ ਦਾ ਵਿਸ਼ਾ ਹਨ।

ਭਾਰੀ ਮੀਂਹ ਕਰਕੇ ਪਹਿਲਾਂ ਮਹਾਰਾਸ਼ਟਰ ਤੇ ਕਰਨਾਟਕ ਵਿੱਚ ਫ਼ਸਲ ਖ਼ਰਾਬ ਹੋਣ ਤੋਂ ਬਾਅਦ ਕਰੀਬ ਢਾਈ ਮਹੀਨੇ ਪਹਿਲਾਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਸਨ।

ਜਦੋਂ ਲੋਕਾਂ ਵਿੱਚ ਇਹ ਮੁੱਦਾ ਬਣਿਆ ਤਾਂ ਸਰਕਾਰ ਨੇ ਬਾਹਰੋਂ ਪਿਆਜ਼ ਮੰਗਵਾਉਣ ਦਾ ਫ਼ੈਸਲਾ ਲਿਆ।

ਵਿਦੇਸ਼ੀ ਗੰਢੇ ਤੇ ਭਾਰਤੀ ਬੰਦੇ

ਵਿਦੇਸ਼ੀ ਗੰਢੇ, ਖਾਸ ਤੌਰ 'ਤੇ ਮਿਸਰ ਅਤੇ ਕਜ਼ਾਕਿਸਤਾਨ ਵਾਲੇ, ਸੁਨਹਿਰੀ ਰੰਗ ਦੇ ਹੁੰਦੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਿਦੇਸ਼ੀ ਗੰਢੇ, ਖਾਸ ਤੌਰ 'ਤੇ ਮਿਸਰ ਅਤੇ ਕਜ਼ਾਕਿਸਤਾਨ ਵਾਲੇ, ਸੁਨਹਿਰੀ ਰੰਗ ਦੇ ਹੁੰਦੇ ਹਨ

ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਕੰਪਨੀ ਐੱਮਐੱਮਟੀਸੀ (ਮੈਟਲਜ਼ ਐਂਡ ਮਿਨਰਲਜ਼ ਕਾਰਪੋਰੇਸ਼ਨ ਆਫ਼ ਇੰਡੀਆ) ਹੁਣ ਤੱਕ 40 ਹਜ਼ਾਰ ਟਨ ਬਾਹਰੋਂ ਮੰਗਵਾ ਚੁੱਕੀ ਹੈ।

ਮੰਡੀ ਵਿੱਚ ਬੈਠੇ ਆੜ੍ਹਤੀਏ ਕਹਿੰਦੇ ਹਨ ਕਿ ਇਸ ਨੂੰ ਤਾਂ ਸੁੱਟਣਾ ਪਵੇਗਾ। ਇਸ ਦੀ ਵੱਡੀ ਵਜ੍ਹਾ ਦੱਸਦੇ ਹਨ ਕਿ ਇਸ ਦਾ ਜ਼ਾਇਕਾ ਭਾਰਤੀ ਪਿਆਜ਼ ਦੇ ਮੁਕਾਬਲੇ ਦਾ ਨਹੀਂ।

ਭਾਰਤੀ ਪਿਆਜ਼ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇੱਕ ਦਾ ਵਜ਼ਨ 50 ਤੋਂ 100 ਗ੍ਰਾਮ ਹੁੰਦਾ ਹੈ। ਰੰਗ ਗੁਲਾਬੀ ਹੁੰਦਾ ਹੈ।

ਦੂਜੇ ਪਾਸੇ ਵਿਦੇਸ਼ੀ ਗੰਢੇ, ਖਾਸ ਤੌਰ 'ਤੇ ਮਿਸਰ ਅਤੇ ਕਜ਼ਾਕਿਸਤਾਨ ਵਾਲੇ, ਸੁਨਹਿਰੀ ਰੰਗ ਦੇ ਹੁੰਦੇ ਹਨ। ਇਸ ਦਾ ਆਕਾਰ ਵੀ ਜ਼ਰਾ ਮੋਟਾ ਹੁੰਦਾ ਹੈ ਤੇ ਇੱਕ ਦਾ ਵਜ਼ਨ 200 ਗ੍ਰਾਮ ਤੱਕ ਜਾ ਪਹੁੰਚਦਾ ਹੈ, ਮਤਲਬ ਭਾਰਤੀ ਪਿਆਜ਼ ਨਾਲੋਂ ਚਾਰ ਗੁਣਾ ਤੱਕ!

ਪਿਆਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਿਸਰ ਤੋਂ ਆਉਣ ਵਾਲਾ ਪਿਆਜ਼ ਵਜ਼ਨ ਤੇ ਅਕਾਰ ਵਿੱਚ ਭਾਰਤੀ ਪਿਆਜ਼ ਨਾਲੋਂ ਚੌਗੁਣਾ ਹੁੰਦਾ ਹੈ।

ਈਰਾਨ ਰੇ ਤੁਰਕੀ ਵਾਲਾ ਪਿਆਜ਼ ਜ਼ਿਆਦਾ ਤਿੱਖਾ ਹੁੰਦਾ ਹੈ ਅਤੇ ਉਸ ਵਿੱਚ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਲੋਕ ਭਾਰਤੀ ਪਕਵਾਨਾਂ ਲਈ ਇਸ ਨੂੰ ਵਰਤੇ ਕੇ ਖ਼ੁਸ਼ ਨਹੀਂ।

ਪਰ ਬਾਜ਼ਾਰੀ ਕੀਮਤਾਂ ਪਿੱਛੇ ਖੁਦਰਾ ਬਾਜ਼ਾਰ ਦੀਆਂ ਕੀਮਤਾਂ ਅਤੇ ਕਿਸਾਨਾਂ ਦੀ ਕੀ ਹਾਲ ਹੈ, ਇਹ ਜਾਣਨ ਲਈ ਅਸੀਂ ਜਾਣਕਾਰਾਂ ਅਤੇ ਮਾਹਿਰਾਂ ਨਾਲ ਗੱਲ ਕੀਤੀ।

'ਡੇਢ ਮਹੀਨਾ ਹੋਰ...'

ਮਹਾਰਾਸ਼ਟਰ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਹੈ: ਲਾਸਲਗਾਓਂ।

ਇੱਥੇ ਕਿਸਾਨੀ ਪੈਦਾਵਾਰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਨਾਫ਼ੇਡ (NAFED) ਦੇ ਡਾਇਰੈਕਟਰ ਨਾਨਾਸਾਹਿਬ ਪਾਟਿਲ ਦਾ ਕਹਿਣਾ ਹੈ ਕਿ ਲੰਬੇ ਚੱਲੇ ਮਾਨਸੂਨ ਕਰਕੇ ਡਿਮਾਂਡ-ਸਪਲਾਈ ਦਾ ਜਿਹੜਾ ਚੱਕਰ ਪ੍ਰਭਾਵਿਤ ਹੋਇਆ ਹੈ, ਉਸ ਨੂੰ ਠੀਕ ਹੋਣ ਵਿੱਚ ਅਜੇ ਡੇਢ ਮਹੀਨਾ ਹੋਰ ਲੱਗੇਗਾ।

ਬੀਤੇ ਸ਼ੁੱਕਰਵਾਰ ਇੱਥੇ ਥੋਕ ਭਾਅ 20 ਰੁਪਏ ਕਿੱਲੋ ਸੀ ਪਰ ਇਹ ਕੁਝ ਦਿਨ ਪਹਿਲਾਂ 50 ਰੁਪਏ ਪਹੁੰਚਿਆ ਸੀ। ਉਸ ਵੇਲੇ ਹੀ ਬਾਜ਼ਾਰ ਵਿੱਚ ਭਾਅ ਅਸਮਾਨੀਂ ਚੜ੍ਹੇ ਸਨ।

ਪਾਟਿਲ ਚੱਕਰ ਸਮਝਾਉਂਦੇ ਹਨ, "ਭਾਰਤ ਵਿੱਚ ਪਿਆਜ਼ 12 ਮਹੀਨੇ ਖਾਧਾ ਜਾਂਦਾ ਹੈ। ਇਸ ਦੀ ਸਪਲਾਈ ਦਾ ਪੂਰਾ ਸਰਕਲ ਹੈ — ਜੂਨ ਤੋਂ ਸਤੰਬਰ ਤੱਕ ਕਰਨਾਟਕ ਤੇ ਆਂਧਰਾ ਪ੍ਰਦੇਸ਼ ਤੋਂ ਆਉਂਦਾ ਹੈ, ਫਿਰ ਅਕਤੂਬਰ ਤੋਂ ਗੁਜਰਾਤ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਦੀ ਫ਼ਸਲ ਆਉਂਦੀ ਹੈ।

ਸਬਜ਼ੀ ਮੰਡੀ
ਤਸਵੀਰ ਕੈਪਸ਼ਨ, ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ, ਲਾਸਲਗਾਓਂ (ਮਹਾਰਾਸ਼ਟਰ)

ਜਨਵਰੀ ਆਉਂਦਿਆਂ ਰਾਜਸਥਾਨ ਤੋਂ ਵੀ ਪਿਆਜ਼ ਆਉਣ ਲਗਦਾ ਹੈ ਅਤੇ ਫਿਰ ਕੁਝ ਦਿਨ ਯੂਪੀ-ਬਿਹਾਰ ਦੀ ਫ਼ਸਲ ਮੌਕਾ ਸਾਂਭਦੀ ਹੈ। ਅਪ੍ਰੈਲ-ਮਈ ਤੱਕ ਇਹ ਪਿਆਜ਼ ਰਹਿੰਦਾ ਹੈ ਤੇ ਜੂਨ ਵਿੱਚ ਚੱਕਰ ਮੁੜ ਸ਼ੁਰੂ ਹੁੰਦਾ ਹੈ।"

ਜੇ ਮੀਂਹ ਦੀ ਮਾਰ ਪਵੇ ਤਾਂ ਚੱਕਰ ਉੱਤੇ ਅਸਰ ਤਾਂ ਪੈਣਾ ਹੀ ਹੈ।

ਕੰਮ ਚੱਲਿਆ ਐਵੇਂ...

ਸਾਲ 2019 ਵਿੱਚ ਨਵੰਬਰ ਤੱਕ ਤਾਂ ਦੱਖਣੀ ਭਾਰਤ ਤੋਂ ਪਰਤਦੇ ਮਾਨਸੂਨ ਦੀਆਂ ਬਾਰਿਸ਼ਾਂ ਹੀ ਹੁੰਦੀਆਂ ਰਹੀਆਂ। ਇਸ ਨੇ ਫ਼ਸਲੀ ਚੱਕਰ ਨੂੰ ਹਿਲਾ ਕੇ ਰੱਖ ਦਿੱਤਾ। ਖੜ੍ਹੀ ਫ਼ਸਲ ਦਾ ਨੁਕਸਾਨ ਹੋਇਆ ਤੇ ਕਈ ਜਗ੍ਹਾ ਬਿਜਾਈ ਵੀ ਦੇਰੀ ਨਾਲ ਹੋਈ।

ਫ਼ਿਲਹਾਲ ਤਾਂ ਗੁਜਰਾਤ ਦੀ ਫ਼ਸਲ ਨੇ ਮੁੰਬਈ ਨੂੰ ਸਾਂਭਿਆ ਹੋਇਆ ਹੈ ਅਤੇ ਰਾਜਸਥਾਨ ਦੇ ਪਿਆਜ਼ ਨੇ ਦਿੱਲੀ-ਪੰਜਾਬ-ਹਰਿਆਣਾ ਦੇ ਖੇਤਰ 'ਚ ਸਪਲਾਈ ਪੂਰੀ ਕੀਤੀ ਹੋਈ ਹੈ।

ਪਿਆਜ਼
ਤਸਵੀਰ ਕੈਪਸ਼ਨ, ਭਾਰਤ ਦਾ ਜ਼ਿਆਦਤਰ ਪਿਆਜ਼ ਮਹਾਂਰਾਸ਼ਟਰ ਦੇ ਨਾਸਿਕ ਵਿੱਚ ਉਗਾਇਆ ਜਾਂਦਾ ਹੈ।

ਇਸ ਦੇ ਨਾਲ ਹੀ ਸਰਕਾਰ ਨੇ ਤੁਰਕੀ, ਮਿਸਰ, ਈਰਾਨ ਤੇ ਕਜ਼ਾਕਿਸਤਾਨ ਤੋਂ ਪਿਆਜ਼ ਦੇ ਦਰਾਮਦ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਕੁਝ ਕਿਸਾਨ ਇਸ ਦੇ ਖ਼ਿਲਾਫ਼ ਸਨ, ਆੜ੍ਹਤੀਆਂ ਨੇ ਕਿਹਾ ਹੈ ਕਿ ਸਰਕਾਰ ਨੇ ਸਗੋਂ ਦੇਰੀ ਕੀਤੀ।

ਤਾਂ ਭਾਅ ਫਿਰ ਵਧਣਗੇ

ਨਾਨਾ ਸਾਹਿਬ ਪਾਟਿਲ ਦੱਸਦੇ ਹਨ ਕਿ ਮਹਾਰਾਸ਼ਟਰ ਵਿੱਚ ਨਾਸਿਕ ਦੇ ਕਿਸਾਨਾਂ ਨੇ ਸਾਲ 1999 ਵਿੱਚ ਈਰਾਨ ਤੋਂ ਆਏ ਗੰਢਿਆਂ ਦੀ ਕਿਸਮ ਬੀਜੀ ਸੀ। ਤਜਰਬਾ ਬਹੁਤ ਸਫ਼ਲ ਰਿਹਾ। ਲੇਕਿਨ ਲੋਕਾਂ ਨੇ ਇਨ੍ਹਾਂ ਗੰਢਿਆਂ ਨੂੰ ਮੂੰਹ ਨਹੀਂ ਲਾਇਆ ਤੇ ਬੀਜਣੇ ਬੰਦ ਕਰਨੇ ਪਏ।

ਪਿਆਜ਼
ਤਸਵੀਰ ਕੈਪਸ਼ਨ, ਫਿਲਹਾਲ ਰਾਜਸਥਾਨ ਦੇ ਪਿਆਜ਼ ਨੇ ਦਿੱਲੀ-ਪੰਜਾਬ-ਹਰਿਆਣਾ ਦੇ ਖੇਤਰ 'ਚ ਸਪਲਾਈ ਪੂਰੀ ਕੀਤੀ ਹੋਈ ਹੈ।

ਪਿਆਜ਼ ਦਾ ਸੁਆਦ — ਇਹੀ ਕਾਰਨ ਹੈ ਕਿ ਦਿੱਲੀ ਵਿੱਚ ਪਿਆਜ਼ ਦੇ ਵੱਡੇ ਵਪਾਰੀਆਂ ਨੂੰ ਫਿਕਰ ਹੋ ਰਹੀ ਹੈ ਕਿ ਮੰਡੀ ਵਿੱਚ ਜਮ੍ਹਾਂ ਹੋ ਰਹੇ ਵਲੈਤੀ ਗੰਢਿਆਂ ਦਾ ਕੀ ਬਣੇਗਾ। ਉਹ ਵੀ ਉਸ ਸਮੇਂ ਜਦੋਂ ਗੁਜਰਾਤ-ਰਾਜਸਥਾਨ ਦਾ ਮਾਲ ਚੱਲ ਰਿਹਾ ਹੈ ਤੇ ਕੁਝ ਦਿਨਾਂ ਵਿੱਚ ਮੱਧ ਪ੍ਰਦੇਸ਼ ਦਾ ਪਿਆਜ਼ ਆਉਣ ਵਾਲਾ ਹੈ।

ਵਪਾਰੀ ਸੰਘ ਦੇ ਸੁਰਿੰਦਰ ਬੁੱਧੀਰਾਜਾ ਦੱਸਦੇ ਹਨ, “ਵਿਦੇਸ਼ੀ ਪਿਆਜ਼ ਦਾ ਥੋਕ ਮੁੱਲ 15 ਰੁਪਏ ਕਿੱਲੋ ਹੈ। ਹਾਲੇ ਹੋਰ ਮਾਲ ਵੀ ਆਉਣ ਦੀ ਚਰਚਾ ਹੈ। ਇਸ ਦੇ ਨਾਲ ਹੀ ਇੱਕ ਮਹੀਨੇ ਮਗਰੋਂ ਬਜ਼ਾਰ ਵਿੱਚ ਘਰੇਲੂ ਪਿਆਜ਼ ਦੀ ਮਾਤਰਾ ਵਧਣ ਲੱਗ ਪਵੇਗੀ। ਫਿਰ ਤਾਂ ਇਸ ਨੂੰ ਕਿਸੇ ਨੇ ਖ਼ਰੀਦਣਾ ਹੀ ਨਹੀਂ।'

ਪਿਆਜ਼

ਤਸਵੀਰ ਸਰੋਤ, Getty Images

ਉਨ੍ਹਾਂ ਦਾ ਕਹਿਣਾ ਹੈ, "ਸਗੋਂ ਸਰਕਾਰ ਨੂੰ ਹੁਣ ਨਿਰਿਆਤ ਖੋਲ੍ਹ ਦੇਣਾ ਚਾਹੀਦਾ ਹੈ। ਵਜ੍ਹਾ ਇਹ ਹੈ ਕਿ ਹੁਣ ਕੁਝ ਹੀ ਹਫ਼ਤਿਆਂ ਵਿੱਚ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਪਿਆਜ਼ ਹੋਵੇਗਾ, ਖ਼ਾਸ ਕਰ ਕੇ ਮਾਰਚ ਤੋਂ ਅਗਸਤ ਦੇ ਦੌਰਾਨ।”

ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਬੰਗਲਾਦੇਸ਼ ਤੇ ਮਲੇਸ਼ੀਆ ਵਰਗੇ ਦੇਸ਼ਾਂ ਵਿੱਚ ਭਾਰਤੀ ਪਿਆਜ਼ ਦੀ ਬਹੁਤ ਜ਼ਿਆਦਾ ਮੰਗ ਹੈ। ਕਿਸਾਨ ਉੱਥੇ ਪਿਆਜ਼ ਭੇਜ ਸਕਣਗੇ ਤਾਂ ਉਨ੍ਹਾਂ ਨੂੰ ਕੁਝ ਪੈਸੇ ਬਚਣਗੇ। ਜੇ ਘਰੇਲੂ ਸਪਲਾਈ ਬਹੁਤ ਜ਼ਿਆਦਾ ਹੋ ਗਈ ਤਾਂ ਉਨ੍ਹਾਂ ਨੂੰ ਭਾਅ ਨਹੀਂ ਮਿਲਣਾ।"

"ਇਸ ਦਾ ਅਸਰ ਫਿਰ ਬਾਜ਼ਾਰ ’ਤੇ ਪਵੇਗਾ ਕਿਉਂਕਿ ਕਿਸਾਨ ਅਗਲੇ ਫ਼ਸਲੀ ਚੱਕਰ ਵਿੱਚ ਉਤਪਾਦਨ ਘੱਟ ਕਰਨਗੇ ਤੇ ਸ਼ਹਿਰਾਂ ਵਿੱਚ ਪਿਆਜ਼ ਦਾ ਭਾਅ ਫਿਰ ਵਧੇਗਾ।"

ਪਿਆਜ਼ ਕਿਉਂ ਜ਼ਰੂਰੀ?

ਪਿਆਜ਼ ਭਾਰਤੀ ਰਸੋਈ ਦਾ ਅਨਿੱਖੜਵਾਂ ਹਿੱਸਾ ਹੈ।

ਕਈ ਪਕਵਾਨਾਂ ਵਿੱਚ ਤਾਂ ਪਿਆਜ਼ ਪਿਛਲੇ ਚਾਰ ਹਜ਼ਾਰ ਸਾਲਾਂ ਤੋਂ ਵਰਤਿਆ ਜਾ ਰਿਹਾ ਹੈ ਤੇ ਇਸ ਦਾ ਆਪਣਾ ਹੀ ਸੁਆਦ ਹੈ। ਘੱਟੋ-ਘੱਟ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਤਾਂ ਇਹੀ ਲਗਦਾ ਹੈ।

ਪਿਆਜ਼

ਤਸਵੀਰ ਸਰੋਤ, Getty Images

ਇਸ ਲਈ ਕੀਮਤ ਬਹੁਤ ਜ਼ਿਆਦਾ ਵਧਣ ਦੇ ਬਾਵਜੂਦ ਲੋਕ ਇਸ ਨੂੰ ਵਰਤੇ ਬਿਨਾਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ।

ਇੱਕ ਕਿਆਸ ਹੈ ਕਿ ਭਾਰਤੀ ਲੋਕ ਹਰ ਰੋਜ਼ 5,000 ਕੁਇੰਟਲ ਗੰਢੇ ਖਾ ਜਾਂਦੇ ਹਨ।

ਮਹਾਂਰਾਸ਼ਟਰ ਦੇ ਪਿਆਜ਼ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਤੇ ਇੱਕ ਸਰਵੇਖਣ ਕੀਤਾ ਗਿਆ ,ਜਿਸ ਵਿੱਚ ਸਾਹਮਣੇ ਆਇਆ ਕਿ ਇੱਕ ਏਕੜ ਜ਼ਮੀਨ ਵਿੱਚ ਪਿਆਜ਼ ਦੀ ਪੈਦਾਵਾਰ ਕਰਨ 'ਤੇ ਲਗਭਗ 40,000 ਰੁਪਏ ਦਾ ਖ਼ਰਚਾ ਆਉਂਦਾ ਹੈ। ਇਸ ਲਾਗਤ ਵਿੱਚ ਪਨੀਰੀ ਤਿਆਰ ਕਰਨ ਤੋਂ ਲੈ ਕੇ ਫ਼ਸਲ ਦੀ ਚੁਕਾਈ ਤੱਕ ਦਾ ਖ਼ਰਚਾ ਸ਼ਾਮਲ ਹੈ।

ਭਾਰਤ ਵਿੱਚ ਪਿਆਜ਼ ਦੀ ਖੇਤੀ ਹੁਣ 26 ਸੂਬਿਆਂ ਵਿੱਚ ਹੁੰਦੀ ਹੈ। ਪਹਿਲਾਂ ਚਾਰ ਦੱਖਣੀ ਸੂਬਿਆਂ ਤੱਕ ਸੀਮਤ ਸੀ।

ਫਿਲਹਾਲ ਮਹਾਰਾਸ਼ਟਰ ਵਿੱਚ ਭਾਰਤ ਦਾ 40 ਫ਼ੀਸਦੀ ਤੱਕ ਪਿਆਜ਼ ਹੁੰਦਾ ਹੈ। ਕੌੜੀ ਸੱਚਾਈ ਹੈ ਕਿ ਜਦੋਂ ਪਿਆਜ਼ ਦੀਆਂ ਕੀਮਤਾਂ ਡਿਗਦੀਆਂ ਹਨ ਅਤੇ ਕਿਸਾਨ ਇਸ ਨੂੰ ਲੈ ਕੇ ਰੋਂਦੇ ਹਨ ਤਾਂ ਬਹੁਤੀ ਚਰਚਾ ਨਹੀਂ ਹੁੰਦੀ।

ਸਾਲ 2018 ਵਿੱਚ ਨਾਸਿਕ ਦੀ ਬਗਲਾਨ ਤਹਿਸੀਲ ਵਿੱਚ ਦੋ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਸੀ।

ਉਸ ਵੇਲੇ ਹਾਲ ਇਹ ਸੀ ਕਿ ਮੰਡੀ ਦੇ ਭਾਅ ਅਠੱਨੀ ਤੱਕ ਆ ਡਿੱਗੇ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)