You’re viewing a text-only version of this website that uses less data. View the main version of the website including all images and videos.
ਇੱਕ ਕਿਸਾਨ ਦੀ ਆਪਬੀਤੀ ਜਿਸ ਨੂੰ ਕਈ ਸਾਲਾਂ ਤੱਕ ਇਹ ਪਤਾ ਨਾ ਲੱਗਿਆ ਕਿ ਉਸ ਦੇ ਸਰੀਰ ਵਿੱਚ ਕੋਈ ਪਰਜੀਵੀ ਸੀ
- ਲੇਖਕ, ਕਰੇਗ ਡੱਗਨ
- ਰੋਲ, ਬੀਬੀਸੀ ਵੇਲਜ਼
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਟੇਪਵਾਰਮ ਕਾਰਨ ਬਣੀਆਂ ਰਸੌਲੀਆਂ ਨਾਲ ਜਿਓਂ ਰਹੇ ਕਿਸਾਨ ਦਾ ਕਹਿਣਾ ਹੈ ਕਿ ਉਸ ਨੂੰ ਸਾਲਾਂ ਤੱਕ ਇਹ ਬਿਲਕੁਲ ਪਤਾ ਨਹੀਂ ਲੱਗਿਆ ਕਿ ਕੁਝ ਗਲਤ ਸੀ ਜਦੋਂ ਤੱਕ ਉਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਦਰਦ ਮਹਿਸੂਸ ਨਹੀਂ ਹੋਇਆ।
ਯੂ.ਕੇ. ਵਿੱਚ ਵੇਲਜ਼ ਦੇ ਟ੍ਰੈਕਸਾਲ ਦੇ ਰਹਿਣ ਰਹਿਣ ਵਾਲੇ 86 ਸਾਲਾ ਮੇਰੇਡਿਥ ਜੋਨਸ ਵਿੱਚ ਹਾਈਡੈਟਿਡੋਸਿਸ ਨਾਮੀ ਬਿਮਾਰੀ ਦੀ ਪੁਸ਼ਟੀ ਹੋਈ ਸੀ ਜੋ ਕਿ ਖਾਸ ਕਰਕੇ ਭੇਡਾਂ ਪਾਲਣ ਵਾਲੇ ਕਿਸਾਨਾਂ ਲਈ ਇੱਕ ਵੱਡਾ ਖਤਰਾ ਬਣਦੀ ਹੈ।
ਉਸ ਦਾ ਮੰਨਣਾ ਹੈ ਕਿ ਉਹ ਆਪਣੇ ਫੇਫੜਿਆਂ ਵਿੱਚ ਹੌਲੀ ਹੌਲੀ ਵਧਣ ਵਾਲੀਆਂ ਰਸੌਲੀਆਂ ਨਾਲ ਸਾਲਾਂ ਤੱਕ ਜਿਉਂਦਾ ਰਿਹਾ ਜਿਸ ਤੋਂ ਬਾਅਦ 2018 ਅਤੇ 2019 ਵਿੱਚ ਉਨ੍ਹਾਂ ਨੂੰ ਕੱਢਣ ਲਈ ਦੋ ਆਪ੍ਰੇਸ਼ਨ ਕੀਤੇ ਗਏ।
ਵੇਲਜ਼ ਪਬਲਿਕ ਹੈਲਥ ਸਰਵਿਸ ਦਾ ਕਹਿਣਾ ਹੈ ਕਿ ਹਾਈਡੈਟਿਜੋਸਿਸ ਭਾਵੇਂ ਇੱਕ ਦੁਰਲੱਭ ਬਿਮਾਰੀ ਹੈ ਪਰ ਇਸ ਦੇ ਸੰਭਾਵਿਤ ਗੰਭੀਰ ਨਤੀਜਿਆਂ ਕਾਰਨ ਇਹ ਜਨਤਕ ਸਿਹਤ ਦੀ ਇੱਕ ਵੱਡੀ ਸਮੱਸਿਆ ਹੈ।
ਇਸ ਖੇਤਰ ਵਿੱਚ ਭੇਡਾਂ ਪਾਲਣਾ ਕਾਫ਼ੀ ਪ੍ਰਚਲਿਤ ਹੋਣ ਕਾਰਨ ਇਹ ਬਿਮਾਰੀ ਫੈਲਾਉਣ ਵਾਲੇ ਟੇਪਵਾਰਮ ਨੂੰ ਮੱਧ ਵੇਲਜ਼ ਵਿੱਚ ਐਪੀਡੈਮਿਕ ਮੰਨਿਆ ਜਾਂਦਾ ਹੈ।
"ਮੈਂ ਦੋ ਰਸੌਲੀਆਂ ਨੂੰ ਦੋ ਨਿਸ਼ਾਨਾਂ ਵਿਚ ਬਦਲਿਆ"
ਜੋਨਸ ਨੂੰ ਮਈ 2016 ਦੀ ਉਹ ਰਾਤ ਯਾਦ ਹੈ ਜਦੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਨੇ ਆਪਣੀ ਪਤਨੀ ਆਈਲੀਨ ਨਾਲ ਡਿਨਰ 'ਤੇ ਬਾਹਰ ਜਾਣ ਦੀ ਯੋਜਨਾ ਬਣਾਈ ਸੀ ਪਰ ਤਬੀਅਤ ਠੀਕ ਨਾ ਹੋਣ ਕਰਕੇ ਉਹ ਘਰ ਹੀ ਰਿਹਾ।
ਮੈਂ ਦਰਦ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ ਅਤੇ ਇਹ ਮੇਰੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਵੀ ਮਹਿਸੂਸ ਕੀਤੇ ਗਏ ਕਿਸੇ ਵੀ ਦਰਦ ਨਾਲੋਂ ਕਿਤੇ ਜ਼ਿਆਦਾ ਸੀ।
ਫਿਰ ਅੱਧੀ ਰਾਤ ਦੇ ਕਰੀਬ ਸਾਨੂੰ ਐਂਬੁਲੈਂਸ ਬੁਲਾਉਣੀ ਪਈ ਅਤੇ ਉਹ ਮੈਨੂੰ ਨੇਵਿਲ ਹਾਲ ਹਸਪਤਾਲ ਲੈ ਗਏ। ਉੱਥੇ ਉਨ੍ਹਾਂ ਨੇ ਮੈਨੂੰ ਜੋ ਦਵਾਈ ਦਿੱਤੀ ਉਸ ਨੇ ਮੇਰਾ ਦਰਦ ਦੂਰ ਕਰ ਦਿੱਤਾ। ਮੈਂ ਪਹਿਲਾਂ ਕਦੇ ਅਜਿਹਾ ਦਰਦ ਮਹਿਸੂਸ ਨਹੀਂ ਕੀਤਾ ਸੀ।
ਜੋਨਸ 10 ਦਿਨਾਂ ਤੱਕ ਦਾਖਲ ਰਿਹਾ ਅਤੇ ਦਾਅਵਾ ਕਰਦਾ ਹੈ ਕਿ ਡਾਕਟਰਾਂ ਨੇ ਤੁਰੰਤ ਪਾਣੀ ਵਾਲੀਆਂ ਗੰਢਾਂ (ਹਾਈਡੈਟਿਡ ਰਸੌਲੀਆਂ) ਦਾ ਸ਼ੱਕ ਜਤਾਇਆ।
ਇਸ ਖੇਤਰ ਵਿੱਚ ਇਹ ਬਿਮਾਰੀ ਉਸ ਸਮੇਂ ਬਹੁਤ ਜ਼ਿਆਦਾ ਫੈਲੀ ਹੋਈ ਸੀ ਅਤੇ ਮੈਨੂੰ ਯਾਦ ਹੈ ਕਿ ਖੇਤੀਬਾੜੀ ਮੰਤਰਾਲੇ ਵੱਲੋਂ ਸਥਾਨਕ ਫ਼ਾਰਮਾਂ ਦੇ ਕੁੱਤਿਆਂ ਨੂੰ ਐਂਟੀ-ਪੈਰਾਸਾਈਟ ਦਵਾਈਆਂ ਦਿੱਤੀਆਂ ਜਾਂਦੀਆਂ ਸਨ।
ਇਸ ਗੱਲ ਨੇ ਵੀ ਅਸਰ ਪਾਇਆ ਹੋ ਸਕਦਾ ਹੈ ਕਿ ਉਨ੍ਹਾਂ ਨੇ ਇਹ ਦੇਖਿਆ ਜਾਂ ਨਹੀਂ ਕਿ ਮੈਂ ਪਹਿਲਾਂ ਭੇਡਾਂ ਪਾਲਣ ਵਾਲਾ ਕਿਸਾਨ ਰਿਹਾ ਹਾਂ। ਇਸ ਖੇਤਰ ਖਾਸ ਕਰਕੇ ਬ੍ਰੇਕਨਸ਼ਾਇਰ ਵਿੱਚ ਸਾਨੂੰ ਹਾਈ਼ਡੈਟਿਡ ਰਸੌਲੀਆਂ ਦਾ ਬਹੁਤ ਤਜਰਬਾ ਸੀ ਕਿਉਂਕਿ ਇੱਥੇ ਕਈ ਅਜਿਹੇ ਲੋਕ ਸਨ ਜੋ ਇਸ ਤੋਂ ਪੀੜਤ ਹੋਏ ਸਨ।
ਇਸ ਤੋਂ ਬਾਅਦ ਜੋਨਸ ਨੂੰ ਲੰਡਨ ਵਿਚ ਹਾਈਡੈਟਿਡ ਰਸੌਲੀਆਂ ਦੇ ਪ੍ਰਮੁਖ ਮਾਹਿਰ ਕੋਲ ਭੇਜਿਆ ਗਿਆ ਜਿੱਥੇ 2018 ਤੇ 2019 ਵਿੱਚ ਉਨ੍ਹਾਂ ਨੂੰ ਕੱਢਣ ਲਈ ਉਸ ਦੇ ਆਪ੍ਰੇਸ਼ਨ ਹੋਏ ਅਤੇ ਦੋਹਾਂ ਫੇਫੜਿਆਂ ਵਿੱਚੋਂ ਇੱਕ-ਇੱਕ ਰਸੌਲੀ ਕੱਢੀ ਗਈ।
ਉਨ੍ਹਾਂ ਕਿਹਾ, "ਮੈਂ ਪਸਲੀਆਂ 'ਤੇ ਦੋ ਰਸੌਲੀਆਂ ਦੇ ਬਦਲੇ ਦੋ ਜ਼ਖ਼ਮਾਂ ਦੇ ਨਿਸ਼ਾਨ ਪਾ ਲਏ।"
ਉਸ ਨੇ ਅੱਗੇ ਦੱਸਦਿਆਂ ਕਿਹਾ ਕਿ ਉਸ ਦੇ ਲੀਵਰ ਵਿੱਚ ਹਾਲੇ ਵੀ ਇੱਕ ਰਸੌਲੀ ਹੈ ਜਿਸ ਨੂੰ ਸਰਜਨਾਂ ਨੇ ਨਾ ਕੱਢਣ ਦਾ ਫ਼ੈਸਲਾ ਕੀਤਾ ਸੀ।
ਹਾਈਡੈਟਿਡੋਸਿਸ ਕੀ ਹੈ ?
ਵੇਲਜ਼ ਦੇ ਪਬਲਿਕ ਹੈਲਥ ਕੰਸਲਟੈਂਟ ਐਪੀਡੈਮੀਓਲੋਜਿਸਟ ਡਾ. ਕ੍ਰਿਸ ਵਿਲੀਅਮਜ਼ ਨੇ ਕਿਹਾ ਕਿ ਹਾਈਡੈਟਿਡੋਸਿਸ ਇੱਕ ਟੇਪਵਾਰਮ ਕਾਰਨ ਹੁੰਦਾ ਹੈ।
ਉਨ੍ਹਾਂ ਨੇ ਸਮਝਾਇਆ, "ਆਮ ਤੌਰ 'ਤੇ ਅਜਿਹਾ ਹੁੰਦਾ ਹੈ ਕਿ ਇਹ ਟੇਪਵਾਰਮ ਖੇਤਾਂ ਦੇ ਜਾਨਵਰਾਂ ਜਿਵੇਂ ਕਿ ਭੇਡਾਂ, ਗਾਵਾਂ ਅਤੇ ਕੁੱਤਿਆਂ ਵਿੱਚ ਫੈਲਦਾ ਹੈ ਅਤੇ ਕੁੱਤੇ ਮਲ ਰਾਹੀ ਇਸ ਦੇ ਅੰਡੇ ਬਾਹਰ ਕੱਢਦੇ ਹਨ।"
ਬਦਕਿਸਮਤੀ ਨਾਲ ਜੇ ਇਨਸਾਨ ਇਨ੍ਹਾਂ ਅੰਡਿਆਂ ਨੂੰ ਨਿਗਲ ਲੈਂਦੇ ਹਨ ਜੋ ਆਮ ਤੌਰ 'ਤੇ ਕੁੱਤਿਆਂ ਰਾਹੀਂ ਫੈਲਦੇ ਹਨ ਤਾਂ ਇਹ ਸਰੀਰ ਦੇ ਅੰਦਰ ਰਸੌਲੀਆਂ ਬਣਾ ਸਕਦੇ ਹਨ।
ਇਹ ਬਹੁਤ ਜ਼ਿਆਦਾ ਤਕਲੀਫ਼ਦੇਹ ਹੁੰਦੀਆਂ ਹਨ ਜਿਨ੍ਹਾਂ ਕਾਰਨ ਸੋਜ, ਦਰਦ ਆਦਿ ਹੁੰਦਾ ਹੈ ਅਤੇ ਇਲਾਜ ਲਈ ਆਪ੍ਰੇਸ਼ਨ ਦੀ ਲੋੜ ਪੈਂਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਲੱਛਣ ਸਾਹਮਣੇ ਆਉਣ ਵਿੱਚ 10-20 ਸਾਲ ਲੱਗ ਸਕਦੇ ਹਨ।
ਇਸ ਲਈ ਸਾਨੂੰ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ ਯਾਨੀ ਜਿਸ ਪਲ ਤੋਂ ਅਸੀਂ ਕੁੱਤਿਆਂ ਅਤੇ ਪਸ਼ੂਆਂ ਦੀਆਂ ਲਾਸ਼ਾਂ ਵਿਚ ਇਸ ਦਾ ਪਤਾ ਲਗਾਉਣਾ ਸ਼ੁਰੂ ਕਰਦੇ ਹਾਂ ਨਾ ਕਿ ਇਨਸਾਨਾਂ ਵਿੱਚ ਇਸ ਦੇ ਮਾਮਲੇ ਸਾਹਮਣੇ ਆਉਣ ਦਾ ਇੰਤਜ਼ਾਰ ਕਰੀਏ।
ਇਹ ਬਿਮਾਰੀ ਕੁੱਤਿਆਂ ਤੋਂ ਇਨਸਾਨਾਂ ਵਿੱਚ ਫੈਲ ਸਕਦੀ ਹੈ ਅਤੇ ਲਗਭਗ 25 ਸਾਲ ਪਹਿਲਾਂ ਚਲਾਈਆਂ ਗਈਆਂ ਜਨਤਕ ਸਿਹਤ ਮੁਹਿੰਮਾਂ ਵਿੱਚ ਜਾਨਵਰਾਂ ਨੂੰ ਸੰਭਾਲਣ ਤੋਂ ਬਾਅਦ ਨਿਯਮਤ ਤੌਰ 'ਤੇ ਐਂਟੀ-ਪੈਰਾਸਾਈਟ ਦਵਾਈਆਂ ਦੇਣ ਅਤੇ ਹੱਥਾਂ ਦੀ ਸਫ਼ਾਈ ਦੇ ਮਹੱਤਵ 'ਤੇ ਜ਼ੋਰ ਦਿੱਤਾ ਗਿਆ ਸੀ।
ਹਾਲਾਂਕਿ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹੇ ਹਾਲੀਆ ਸਬੂਤ ਮਿਲੇ ਹਨ ਕਿ ਹਾਈਡੈਟਿਡੋਸਿਸ ਭੇਡਾਂ ਅਤੇ ਕੁੱਤਿਆਂ ਵਿੱਚ ਦੁਬਾਰਾ ਦੇਖਣ ਨੂੰ ਮਿਲ ਰਿਹਾ ਹੈ।
ਐਬੇਰਿਸਟਵਿਥ ਯੁਨੀਵਰਸਿਟੀ ਦੇ ਫੈਕਲਟੀ ਆਫ ਵੈਟਰਨਰੀ ਸਾਇੰਸਿਜ਼ ਤੋਂ ਡਾ.ਗਵੇਨਲੀਅਨ ਰੀਸ ਇੱਕ ਅਜਿਹੀ ਖੋਜ ਦੀ ਨਿਗਰਾਨੀ ਕਰ ਰਹੇ ਹਨ ਜੋ ਇਨਸਾਨਾਂ ਅਤੇ ਕੁੱਤਿਆਂ ਵਿਚਕਾਰ ਆਪਸੀ ਸੰਪਰਕ ਦਾ ਅਧਿਐਨ ਕਰੇਗੀ ਅਤੇ ਮਲ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰੇਗੀ।
ਰੀਸ ਨੇ ਕਿਹਾ, "ਇਸ ਸਮੇਂ ਮੱਧ ਵੇਲਜ਼ ਵਿੱਚ ਇਸ ਬਿਮਾਰੀ ਦੇ ਪੱਧਰ, ਕਿਸਾਨਾਂ ਲਈ ਖਤਰਿਆਂ ਅਤੇ ਵੇਲਜ਼ ਵਿੱਚ ਇਸ ਸਮੇਂ ਇਹ ਬਿਮਾਰੀ ਕਿਵੇਂ ਫੈਲ ਰਹੀ ਹੈ ਜਾਂ ਨਹੀਂ ਫੈਲ ਰਹੀ ਇਸ ਗੱਲ ਨੂੰ ਸਮਝਣਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ।"
ਐਬੇਰਿਸਟਵਿਥ ਯੂਨੀਵਰਸਿਟੀ ਦੇ ਪ੍ਰੌਜੈਕਟ ਵਿੱਚ ਇੱਕ ਪੀਐਚਡੀ ਖੋਜਕਰਤਾ ਕੀਰਾ ਵਾਸ਼ਟੈਲ ਨੇ ਕਿਹਾ ਕਿ ਕੁੱਤਿਆਂ ਦੇ ਪੱਟਿਆਂ 'ਤੇ ਲਗਾਏ ਟ੍ਰੈਕਿੰਗ ਯੰਤਰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਉਹ ਜ਼ਮੀਨ 'ਤੇ ਕਿਵੇਂ ਘੁੰਮਦੇ ਫਿਰਦੇ ਹਨ।
ਉਨ੍ਹਾਂ ਨੇ ਸਮਝਾਇਆ, "ਉਹ ਇੱਕ ਸਿਗਨਲ ਭੇਜਣਗੇ ਜੋ ਸਾਨੂੰ ਇਹ ਬਿਲਕੁਲ ਸਹੀ ਦੱਸੇਗਾ ਕਿ ਕੁੱਤਾ ਕਿੱਥੇ ਹੈ ਉਹ ਖੇਤਾਂ ਵਿੱਚ ਕਿੱਥੇ ਕਿੱਥੇ ਲੰਘਿਆ ਹੈ, ਕੀ ਉਹ ਦੂਜੇ ਖੇਤਾਂ ਵਿੱਚ ਜਾ ਰਿਹਾ ਹੈ ਜਾਂ ਕੀ ਉਹ ਸੰਭਾਵਿਤ ਤੌਰ 'ਤੇ ਅਜਿਹੇ ਖੇਤਰਾਂ ਵੱਲ ਜਾ ਰਿਹਾ ਹੈ ਜਿੱਥੇ ਹੋਰ ਖੇਤਾਂ ਵਾਲੇ ਕੁੱਤੇ ਮੌਜੂਦ ਹਨ।"
ਇਸ ਤਰੀਕੇ ਨਾਲ ਅਸੀਂ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਅਤੇ ਇਹ ਸਮਝ ਸਕਦੇ ਹਾਂ ਕਿ ਬਿਮਾਰੀ ਕਿਵੇਂ ਫੈਲਦੀ ਹੈ ਅਤੇ ਇਹ ਟੇਪਵਾਰਮ ਇਸ ਖੇਤਰ ਵਿੱਚ ਕਿਵੇਂ ਘੁੰਮਦੇ ਫਿਰਦੇ ਹਨ।
ਕੁੱਤੇ ਲਈ ਇਨ੍ਹਾਂ ਰਸੌਲੀਆਂ ਨੂੰ ਨਿਗਲਣਾ ਜ਼ਰੂਰੀ ਹੁੰਦਾ ਹੈ ਇਸ ਲਈ ਕਿਸੇ ਮਰੇ ਹੋਏ ਜਾਂ ਬਿਮਾਰ ਹੋ ਕੇ ਡਿੱਗੇ ਹੋਏ ਭੇਡ ਦੇ ਸਰੀਰ ਦੇ ਹਿੱਸੇ ਪਹਿਲਾਂ ਹੀ ਸੰਕਰਮਿਤ ਹੋਣਗੇ।
ਉਮੀਦ ਇਹ ਹੈ ਕਿ ਉਨ੍ਹਾਂ ਗਤੀਵਿਧੀਆਂ ਨੂੰ ਟ੍ਰੈਕ ਕਰਕੇ ਤੁਹਾਨੂੰ ਇਹ ਜਾਣਨ ਦੇ ਸੰਕੇਤ ਮਿਲਣਗੇ ਕਿ ਕੀ ਅਜਿਹਾ ਸੱਚਮੁੱਚ ਹੋਇਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ