ਧਿਰੇਂਦਰ ਸ਼ਾਸਤਰੀ ਨੂੰ 'ਧਮਕੀ' ਦੇਣ ਵਾਲਾ ਬਿਸ਼ਨੋਈ ਗੈਂਗ ਨਾਲ ਜੁੜਿਆ ਵਿਅਕਤੀ ਕਿਵੇਂ ਆਇਆ ਕਾਬੂ, ਸ਼ਾਸਤਰੀ ਨੇ ਕੀ ਕਿਹਾ

ਧਿਰੇਂਦਰ ਸ਼ਾਸਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਿਰੇਂਦਰ ਸ਼ਾਸਤਰੀ ਇਸੇ ਸਾਲ ਅਕਤੂਬਰ ਵਿੱਚ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਗਏ ਸਨ
ਪ੍ਰਕਾਸ਼ਿਤ

ਬਾਗ਼ੇਸ਼ਵਰ ਧਾਮ ਦੇ ਮੁਖੀ ਧਿਰੇਂਦਰ ਸ਼ਾਸਤਰੀ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦੀਆਂ ਰਿਪੋਰਟਾਂ ਹਨ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਦਾ ਹੈ।

ਏਐੱਨਆਈ ਦੀ ਜਾਣਕਾਰੀ ਅਨੁਸਾਰ ਇੱਕ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਬਿਹਾਰ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਬਮੀਠਾ ਪੁਲਿਸ ਦੇ ਇੰਸਪੈਕਟਰ ਜਸਵੰਤ ਕਕੋਰੀਆ ਨੇ ਦੱਸਿਆ ਕਿ ਧਿਰੇਂਦਰ ਸ਼ਾਸਤਰੀ ਨੂੰ ਧਮਕੇ ਦੇਣ ਵਾਲੇ ਵਿਅਕਤੀ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਸਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਹ ਜਾਨੋਂ ਮਾਰ ਦੇਵੇਗਾ।

ਬਾਗ਼ੇਸ਼ਵਰ ਧਾਮ ਦੇ ਮੁਖੀ ਨੇ ਇਸ ਮਗਰੋਂ ਆਪਣੀ ਪ੍ਰਤਿਰਿਆ ਦਿੱਤੀ ਹੈ। ਧਿਰੇਂਦਰ ਸ਼ਾਸਤਰੀ ਨੇ ਕਿਹਾ, "ਹਨੂਮਾਨ ਜੀ ਮਹਾਰਾਜ ਸਾਡੇ ਨਾਲ ਹਨ, 100 ਕਰੋੜ ਭਾਰਤੀ ਹਿੰਦੂ ਸਾਡੇ ਨਾਲ ਹਨ।''

ਉਨ੍ਹਾਂ ਕਿਹਾ ਕਿ ਉਹ ਹਿੰਦੂਆਂ ਲਈ ਬੋਲਣਗੇ, ਹਿੰਦੂਆਂ ਲਈ ਲੜਨਗੇ ਅਤੇ ਸਨਾਤਨੀ ਹਿੰਦੂਆਂ ਦੀ ਏਕਤਾ ਲਈ ਹੀ ਕੰਮ ਕਰਨਗੇ।

'' ਅਸੀਂ ਹਿੰਦੂਆਂ ਲਈ ਲੜਾਂਗੇ।''

ਇੰਟਰਪੋਲ ਦੀ ਮਦਦ ਨਾਲ ਹੋਈ ਗ੍ਰਿਫ਼ਤਾਰੀ

ਧਿਰੇਂਦਰ ਸ਼ਾਸਤਰੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਪੁਲਿਸ ਨੇ ਇਸ ਮਾਮਲੇ ਵਿੱਚ ਇੰਟਰਪੋਲ ਦੀ ਮਦਦ ਵੀ ਲਈ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਛੱਤਰਪੁਰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਇਹ ਗ੍ਰਿਫ਼ਤਾਰੀ ਇੰਟਰਪੋਲ ਦੀ ਮਦਦ ਨਾਲ ਕੀਤੀ ਹੈ।

ਮੁਲਜ਼ਮ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਸ਼ੰਕਰਦੀਹ ਇਲਾਕੇ ਦਾ ਰਹਿਣ ਵਾਲਾ ਹੈ।

ਮੁਲਜ਼ਮ ਨੇ ਇੱਕ ਫ਼ਰਜ਼ੀ ਈਮੇਲ ਆਈਡੀ ਤੋਂ ਬਾਗ਼ੇਸ਼ਵਰ ਧਾਮ ਅਧਿਕਾਰਤ ਈਮੇਲ 'ਤੇ ਮੇਲ ਭੇਜੀ ਸੀ।

ਇਸ ਮਾਮਲੇ ਬਾਰੇ ਬਾਮੀਠਾ ਪੁਲਿਸ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 387 ਅਤੇ ਧਾਰਾ 507 ਤਹਿਤ ਪਰਚਾ ਦਰਜ ਕੀਤਾ ਗਿਆ ਸੀ।

ਮੁਲਜ਼ਮ ਨੇ ਪਹਿਲੀ ਮੇਲ 20 ਅਕਤੂਬਰ ਨੂੰ ਭੇਜੀ ਸੀ, ਜਦਕਿ ਦੂਜੀ ਮੇਲ 22 ਅਕਤੂਬਰ ਨੂੰ ਭੇਜੀ ਗਈ ਸੀ।

ਮੁਲਜ਼ਮ ਦਾ ਆਈਪੀਐਡਰੈੱਸ ਇੰਟਰਪੋਲ ਦੀ ਮਦਦ ਨਾਲ ਟਰੇਸ ਕੀਤਾ ਗਿਆ, ਜਿਸ ਮਗਰੋਂ ਉਸਦੀ ਗ੍ਰਿਫ਼ਤਾਰੀ ਹੋਈ।

ਛੱਤਰਪੁਰ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਟੀਮ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਸੀ।

ਕੌਣ ਹਨ ਧਿਰੇਂਦਰ ਸ਼ਾਸਤਰੀ

ਧਿਰੇਂਦਰ ਸ਼ਾਸਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਿਰੇਂਦਰ ਸ਼ਾਸਤਰੀ ਦੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨਾਲ ਤਸਵੀਰ

ਮੱਧ ਪ੍ਰਦੇਸ਼ ਵਿੱਚ ਖਰਜੁਰਾਹੋ ਮੰਦਰ ਤੋਂ ਕਰੀਬ 35 ਕਿਲੋਮੀਟਰ ਦੀ ਦੂਰੀ ਉੱਤੇ ਇੱਕ ਪਿੰਡ ਹੈ, ਗੜ੍ਹਾ। ਇਸੇ ਪਿੰਡ ਵਿੱਚ ਰਾਮਕ੍ਰਿਪਾਲ ਅਤੇ ਸਰੋਜ ਦੇ ਘਰ ਸਾਲ 1996 ਵਿੱਚ ਧਿਰੇਂਦਰ ਪੈਦਾ ਹੋਏ।

ਧਿਰੇਂਦਰ ਘਰ ਤੋਂ ਸਕੂਲ ਲਈ ਨਿਕਲਦੇ ਪਰ ਪਹੁੰਚ ਮੰਦਰ ਜਾਂਦੇ ਸਨ। ਛੋਟੀ ਉਮਰ ਤੋਂ ਹੀ ਧਿਰੇਂਦਰ ਧੋਤੀ-ਕੁੜਤਾ ਪਹਿਨਣ ਲੱਗ ਪਏ ਸਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਿਰੇਂਦਰ ਬੇਹੱਦ ਗ਼ਰੀਬ ਪਰਿਵਾਰ ਤੋਂ ਸਨ, ਪਰਿਵਾਰ ਕਈ ਵਾਰ ਮੰਗ ਕੇ ਖਾਣਾ ਖਾਂਦਾ ਸੀ।

ਧਿਰੇਂਦਰ ਸ਼ਾਸਤਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਧਿਰੇਂਦਰ ਕੁੱਲ ਤਿੰਨ ਭਰਾ-ਭੈਣ ਹਨ। ਧਿਰੇਂਦਰ ਸਭ ਤੋਂ ਵੱਡੇ ਹਨ।

ਧਿਰੇਂਦਰ ਸ਼ਾਸਤਰੀ ਦੀ ਵੈੱਬਸਾਈਟ ਮੁਤਾਬਕ, ‘‘ਧਿਰੇਂਦਰ ਸ਼ਾਸਤਰੀ ਦਾ ਬਚਪਨ ਤੰਗਹਾਲੀ ਵਿੱਚ ਬੀਤਿਆ। ਉਹਨਾਂ ਦਾ ਕਰਮਕਾਂਡੀ ਪਰਿਵਾਰ ਸੀ, ਪੂਜਾ ਪਾਠ ਵਿੱਚ ਜੋ ਭੇਟਾਂ ਮਿਲ ਜਾਂਦੀ, ਉਸੇ ਨਾਲ ਪੰਜ ਲੋਕਾਂ ਦਾ ਪਰਿਵਾਰ ਚਲਦਾ ਸੀ।’’

ਧਿਰੇਂਦਰ ਕੁੱਲ ਤਿੰਨ ਭਰਾ-ਭੈਣ ਹਨ। ਧਿਰੇਂਦਰ ਸਭ ਤੋਂ ਵੱਡੇ ਹਨ। ਰੀਤਾ ਗਰਗ ਅਤੇ ਸ਼ਾਲੀਗ੍ਰਾਮ ਗਰਗ, ਧਿਰੇਂਦਰ ਦੇ ਭੈਣ-ਭਰਾ ਹਨ।

ਭੈਣ ਦਾ ਵਿਆਹ ਹੋ ਚੁੱਕਿਆ ਹੈ ਅਤੇ ਭਰਾ ਆਸ਼ਰਮ ਦਾ ਕੰਮ ਦੇਖਦੇ ਹਨ।

ਗੜ੍ਹਾ ਪਿੰਡ ਵਿੱਚ ਧਿਰੇਂਦਰ ਦੀ ਉਮਰ ਦੇ ਕੁਝ ਨੌਜਵਾਨਾਂ ਨੇ ਬੀਬੀਸੀ ਨੂੰ ਦੱਸਿਆ ਸੀ, ‘‘ਜ਼ਿਆਦਾਤਰ ਤਾਂ ਉਹ ਪੰਡਤ ਦਾ ਕੰਮ ਹੀ ਕਰਦੇ ਸਨ। ਪਰ ਹਾਂ, ਕਦੇ-ਕਦੇ ਕ੍ਰਿਕਟ ਵੀ ਖੇਡਦੇ ਸੀ। ਅੱਠਵੀਂ ਤੱਕ ਦੀ ਪੜ੍ਹਾਈ ਗੜ੍ਹਾ ਦੇ ਸਰਕਾਰੀ ਸਕੂਲ ਵਿੱਚ ਹੋਈ।’’

ਧਿਰੇਂਦਰ ਦੇ ਦਾਦਾ ਸੈਤੂ ਲਾਲ ਗਰਗ ਵੀ ਪੂਜਾ-ਪਾਠ ਅਤੇ ਧਾਰਮਿਕ ਕੰਮ ਕਰਦੇ ਸੀ। ਦਾਦਾ ਤੋਂ ਪੰਡਤ ਦੇ ਕੰਮ ਦੇ ਗੁਣ ਧਿਰੇਂਦਰ ਨੇ ਸਿੱਖੇ ਅਤੇ ਘੱਟ ਉਮਰ ਵਿੱਚ ਹੀ ਇਸ ਕੰਮ ਵੱਲ ਲੱਗ ਗਏ।

ਇੱਕ ਵੀਡੀਓ ਵਿੱਚ ਧਿਰੇਂਦਰ ਸ਼ਾਸਤਰੀ ਦੱਸਦੇ ਹਨ, ‘‘ਤਿੰਨ ਵਾਰ ਲਗਾਤਾਰ ਸਾਡੇ ਸੁਪਨੇ ਵਿੱਚ ਦਾਦਾ ਜੀ ਮਹਾਰਾਜ ਆਏ। ਮੈਨੂੰ ਅਗਿਆਤਵਾਸ (ਕਿਤੇ ਦੂਰ) ਜਾਣ ਲਈ ਕਿਹਾ। ਉਦੋਂ ਮੈਂ ਜਾਣਦਾ ਨੀਂ ਸੀ ਕਿ ਅਗਿਆਤਵਾਸ ਕੀ ਹੁੰਦਾ ਹੈ। ਫ਼ਿਰ ਪਤਾ ਲੱਗਿਆ ਪਾਂਡਵਾਂ ਨੇ ਵੀ ਅਜਿਹਾ ਕੀਤਾ ਸੀ।"

"ਉਦੋਂ ਸਮਝ ਆਇਆ ਕਿ ਅਗਿਆਤਵਾਸ ਨਾਲ ਵੀ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਹੋ ਸਕਦਾ ਹੈ। ਮੈਂ ਜਦੋਂ ਅਗਿਆਤਵਾਸ ਤੋਂ ਪਰਤਿਆ ਤਾਂ ਦਰਬਾਰ ਲਗਾਉਣ ਲੱਗਿਆ। ਲੋਕਾਂ ਦਾ ਸਾਥ ਮਿਲਦਾ ਰਿਹਾ।’’

ਧਿਰੇਂਦਰ ਸ਼ਾਸਤਰੀ

ਤਸਵੀਰ ਸਰੋਤ, FB/BAGESHWARDHAMSARKAROFFICIAL

ਤਸਵੀਰ ਕੈਪਸ਼ਨ, ਧਿਰੇਂਦਰ ਸ਼ਾਸਤਰੀ

ਧਿਰੇਂਦਰ ਸ਼ਾਸਤਰੀ ਦੇ ਨਾਲ ਸਕੂਲ ਵਿੱਚ ਪੜ੍ਹ ਚੁੱਕੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ, ‘‘ਸਕੂਲ ਵਿੱਚ ਧਿਰੇਂਦਰ ਮੇਰੇ ਤੋਂ ਇੱਕ ਕਲਾਸ ਛੋਟਾ ਸੀ। ਪਤਾ ਨਹੀਂ ਕਿ ਦੱਸਵੀਂ ਪਾਸ ਹੋਇਆ ਕਿ ਨਹੀਂ। ਪਹਿਲਾਂ ਤਾਂ ਉੱਥੇ ਹੀ ਘੁੰਮਦਾ ਹੁੰਦਾ ਸੀ। ਪੜ੍ਹਾਈ ਵਿੱਚ ਵੀ ਕੋਈ ਬਹੁਤ ਖ਼ਾਸ ਨਹੀਂ ਸੀ। ਕਹਿੰਦਾ ਸੀ ਕਿ ਵੱਡੇ ਹੋਕੇ ਧੰਦਾ ਕਰਨਾ ਹੈ।’’

‘‘ਫ਼ਿਰ ਪਤਾ ਨਹੀਂ ਕਿੱਥੇ ਇੱਕ ਸਾਲ ਤੱਕ ਗਾਇਬ ਹੋ ਗਿਆ ਸੀ। ਪਰਤਿਆ ਤਾਂ ਵੱਖਰਾ ਹੀ ਸੀ। ਹੌਲੀ-ਹੌਲੀ ਵਿਧਾਇਕਾਂ, ਰਸੂਖ਼ਦਾਰਾਂ ਦਾ ਆਉਣਾ ਸ਼ੁਰੂ ਹੋਇਆ। ਤੁਸੀਂ ਇਹ ਸਮਝੋ ਕਿ ਇਹ ਬਣਿਆ ਤਾਂ ਕਾਂਗਰਸ ਦੇ ਆਗੂਆਂ ਕਾਰਨ ਹੈ ਪਰ ਅੱਜ ਜੋ ਹੋ ਰਿਹਾ ਹੈ, ਉਸ ਵਿੱਚ ਭਾਜਪਾ ਦਾ ਰੋਲ ਹੈ। ਨਹੀਂ ਤਾਂ ਪੰਜ ਸਾਲ ਪਹਿਲਾਂ ਤੱਕ ਸਾਈਕਲ, ਮੋਟਰ-ਸਾਈਕਲ ਉੱਤੇ ਘੁੰਮਦਾ ਸੀ।’’

ਧਿਰੇਂਦਰ ਸ਼ਾਸਤਰੀ ਦੀ ਵੈੱਬਸਾਈਟ ਉੱਤੇ ਲਿਖਿਆ ਹੈ, ‘‘ਗੁਰੂਦੇਵ (ਧਿਰੇਂਦਰ) ਨੂੰ ਆਪਣੀ ਪੜ੍ਹਾਈ ਬਚਪਨ ਵਿੱਚ ਹੀ ਛੱਡਣੀ ਪਈ। ਤਿੰਨ ਭਰਾ-ਭੈਣਾਂ ਵਿੱਚ ਸਭ ਤੋਂ ਵੱਡੇ ਗੁਰੂਦੇਵ ਦਾ ਬਚਪਨ ਪਰਿਵਾਰ ਦੇ ਖਰਚੇ ਚੁੱਕਣ ਵਿੱਚ ਲੰਘਿਆ। ਫ਼ਿਰ ਇੱਕ ਦਿਨ ਦਾਦਾ ਗੁਰੂ ਦੇ ਆਸ਼ੀਰਵਾਦ ਨਾਲ ਬਾਲਾਜੀ ਮਹਾਰਾਜ ਦੀ ਸੇਵਾ ਵਿੱਚ ਲੱਗ ਗਏ।’’

ਇਸ ਸੇਵਾ ਦਾ ਫ਼ਲ ਕਿੰਨਾ ਮਿੱਠਾ ਹੈ? – ਇਸ ਬਾਰੇ ਧਿਰੇਂਦਰ ਸ਼ਾਸਤਰੀ ਦੀ ਮੌਜੂਦਾ ਜ਼ਿੰਦਗੀ ਜਵਾਬ ਦਿੰਦੀ ਹੈ। ਧਿਰੇਂਦਰ ਸ਼ਾਸਤਰੀ ਹੁਣ ਜਹਾਜ਼ ਅਤੇ ਕਈ ਵਾਰ ਪ੍ਰਾਈਵੇਟ ਜੈੱਟ ਰਾਹੀਂ ਸਫ਼ਰ ਕਰਦੇ ਹਨ। ਭਾਰਤ ਤੋਂ ਲੈ ਕੇ ਲੰਡਨ ਤੱਕ ਉਨ੍ਹਾਂ ਦਾ ਸਤਿਕਾਰ ਹੁੰਦਾ ਹੈ।

ਜਦੋਂ ਧਿਰੇਂਦਰ ਸ਼ਾਸਤਰੀ ਕਿਤੇ ਜਾਂਦੇ ਹਨ ਤਾਂ ਦਰਜਨਾ ਗੱਡੀਆਂ ਦਾ ਕਾਫ਼ਿਲਾ ਨਾਲ ਚੱਲਦਾ ਹੈ। ਪਰ ਇਹ ਸਭ ਸੰਭਵ ਕਿਵੇਂ ਹੋਇਆ?

ਪ੍ਰਾਚੀਨ ਸ਼ਿਵ ਮੰਦਰ ਅਤੇ ਬਾਲਾਜੀ ਦਾ ਮੰਦਰ

ਧਿਰੇਂਦਰ ਸ਼ਾਸਤਰੀ

ਤਸਵੀਰ ਸਰੋਤ, FB/BAGESHWARDHAMSARKAROFFICIAL

ਤਸਵੀਰ ਕੈਪਸ਼ਨ, ਕਈ ਮੌਕਿਆਂ ’ਤੇ ਧਿਰੇਂਦਰ ਸ਼ਾਸਤਰੀ ਨੇ ਰਾਮਭਦਰਾਚਾਰਿਆ ਜੀ ਮਹਾਰਾਜ ਨੂੰ ਆਪਣਾ ਗੁਰੂ ਦੱਸਿਆ ਹੈ।

ਗੜ੍ਹਾ ਵਿੱਚ ਧਿਰੇਂਦਰ ਸ਼ਾਸਤਰੀ ਦਾ ਜਿੱਥੇ ਦਰਬਾਰ ਹੈ, ਉਸੇ ਥਾਂ ਕੋਲ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ।

ਇਸੇ ਮੰਦਰ ਵਿੱਚ ਸਨਿਆਸੀ ਬਾਬਾ ਹੁੰਦੇ ਸਨ, ਜਿਨ੍ਹਾਂ ਦੀ ਵਿਰਾਸਤ ਅਤੇ ਆਸ਼ੀਰਵਾਦ ਨੂੰ ਅੱਗੇ ਵਧਾਉਣ ਦੀਆਂ ਗੱਲਾਂ ਧਿਰੇਂਦਰ ਸ਼ਾਸ਼ਤਰੀ ਕਰਦੇ ਨਜ਼ਰ ਆਉਂਦੇ ਹਨ।

ਇਸੇ ਸ਼ਿਵ ਮੰਦਰ ਕੰਪਲੈਕਸ ਵਿੱਚ ਬਾਲਾਜੀ ਦਾ ਵੀ ਇੱਕ ਮੰਦਰ ਹੈ, ਜਿਸ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਇਹ ਨਵੀਂ ਉਸਾਰੀ ਹੈ।

ਅਜਿਹੇ ਵੀਡੀਓਜ਼ ਵੀ ਮੌਜੂਦ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਸਾਲ ਪਹਿਲਾਂ ਤੱਕ ਇਸ ਥਾਂ ਉੱਤੇ ਸ਼ਿਵ ਮੰਦਰ ਤਾਂ ਸੀ, ਪਰ ਬਾਲਾਜੀ ਦਾ ਮੰਦਰ ਹੁਣ ਵਾਲੇ ਮੰਦਰ ਤੋਂ ਕੁਝ ਅਲੱਗ ਬਣਿਆ ਹੋਇਆ ਸੀ।

ਧਿਰੇਂਦਰ ਇਸ ਥਾਂ ਤੋਂ ਕੁਝ ਦੂਰੀ ’ਤੇ ਬੈਠਦੇ ਹਨ।

ਚੰਦਲਾ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਭਾਜਪਾ ਵਿਧਾਇਕ ਰਾਜੇਸ਼ ਪ੍ਰਜਾਪਤੀ ਦੇ ਪਿਤਾ ਆਰਡੀ ਪ੍ਰਜਾਪਤੀ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

ਆਰਡੀ ਪ੍ਰਜਾਪਤੀ ਧਿਰੇਂਦਰ ਸ਼ਾਸਤਰੀ ਖਿਲਾਫ਼ ਬੋਲਣ ਤੇ ਪ੍ਰਚਾਰ ਕਰਨ ਵਿੱਚ ਪਹਿਲਾਂ ਵੀ ਮੋਹਰੀ ਰਹੇ ਹਨ।

ਆਰਡੀ ਪ੍ਰਜਾਪਤੀ ਕਹਿੰਦੇ ਹਨ, ‘‘ਇਸ ਥਾਂ ਉੱਤੇ ਸ਼ੰਕਰ ਜੀ ਦਾ ਮੰਦਰ ਸੀ। ਨਾਲ ਹੀ ਹਨੁਮਾਨ ਜੀ ਦੀ ਮੂਰਤੀ ਸੀ। ਧਿਰੇਂਦਰ ਦੇ ਬਾਬਾ ਇੱਥੇ ਪੂਜਾ ਕਰਦੇ ਸਨ। ਇਨ੍ਹਾਂ ਲੋਕਾਂ ਕੋਲ ਘਰ ਵਗੈਰਾ ਕੁਝ ਨਹੀਂ ਸੀ। ਕੋਲ ਹੀ ਇੱਕ ਕਮਿਊਨਿਟੀ ਭਵਨ ਸੀ, ਜਿਸ ਵਿੱਚ ਇਹ ਲੋਕ ਰਹਿੰਦੇ ਸਨ। ਪੂਜਾ ਪਾਠ ਕਰਦੇ ਸਨ। ਪਿੰਡ ਵਾਲੇ ਮਦਦ ਕਰ ਦਿੰਦੇ ਸਨ, ਹੌਲੀ-ਹੌਲੀ ਇਨ੍ਹਾਂ ਨੇ ਦਰਬਾਰ ਲਗਾਉਣਾ ਸ਼ੁਰੂ ਕਰ ਦਿੱਤਾ।’’

ਗੜ੍ਹਾ ਦੇ ਰਹਿਣ ਵਾਲੇ ਉਮਾਸ਼ੰਕਰ ਪਟੇਲ ਬੀਬੀਸੀ ਨੂੰ ਕਹਿੰਦੇ ਹਨ, ‘‘ਧਿਰੇਂਦਰ ਉੱਤੇ ਬਾਬਾ ਦੀ ਕਿਰਪਾ ਹੋਈ, ਉਦੋਂ ਤੋਂ ਸਭ ਬਦਲ ਗਿਆ।’’

ਕਈ ਮੌਕਿਆਂ ’ਤੇ ਧਿਰੇਂਦਰ ਸ਼ਾਸਤਰੀ ਨੇ ਰਾਮਭਦਰਾਚਾਰਿਆ ਜੀ ਮਹਾਰਾਜ ਨੂੰ ਆਪਣਾ ਗੁਰੂ ਦੱਸਿਆ ਹੈ।

ਰਾਮਭਦਰਾਚਾਰਿਆ ਬਚਪਨ ਤੋਂ ਨੇਤਰਹੀਨ ਹਨ ਅਤੇ ਉਨ੍ਹਾਂ ਦੇ ਭਗਤਾਂ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਰਗੇ ਲੋਕ ਵੀ ਸ਼ਾਮਲ ਹਨ।

ਧਿਰੇਂਦਰ ਸ਼ਾਸਤਰੀ ਦੇ ਭਗਤ – ਆਮ ਤੋਂ ਖ਼ਾਸ ਤੱਕ

ਧਿਰੇਂਦਰ ਸ਼ਾਸਤਰੀ

ਤਸਵੀਰ ਸਰੋਤ, FB/BAGESHWARDHAMSARKAROFFICIA

ਤਸਵੀਰ ਕੈਪਸ਼ਨ, ਧਿਰੇਂਦਰ ਸ਼ਾਸਤਰੀ

ਧਿਰੇਂਦਰ ਦੇ ਦਰਬਾਰਾਂ ਵਿੱਚ ਜਾਣ ਵਾਲੇ ਅਤੇ ਭਗਤਾਂ ਦੀ ਲਿਸਟ ਵਿੱਚ ਸਿਰਫ਼ ਆਮ ਲੋਕ ਸ਼ਾਮਲ ਨਹੀਂ ਹਨ।

ਇਹ ਲਿਸਟ ਛੱਤਰਪੁਰ ਦੇ ਸਥਾਨਕ ਆਗੂਆਂ ਵਿੱਚ ਕਾਂਗਰਸ ਵਿਧਿਆਕ ਆਲੋਕ ਚਤੁਰਵੇਦੀ ਤੋਂ ਸ਼ੁਰੂ ਹੁੰਦੀ ਹੈ, ਜਿਨ੍ਹਾਂ ਦੀ ਧਿਰੇਂਦਰ ਸ਼ਾਸਤਰੀ ਦੇ ਅੱਗੇ ਵਧਣ ਵਿੱਚ ਅਹਿਮ ਭੂਮਿਕਾ ਦੱਸੀ ਜਾਂਦੀ ਹੈ।

ਫ਼ਿਰ ਇਸ ਲਿਸਟ ਵਿੱਚ ਭਾਜਪਾ ਦੇ ਕੈਲਾਸ਼ ਵਿਜੇਵਰਗੀਏ, ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਦੇਵੇਂਦਰ ਫਡਣਵੀਸ, ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਅਤੇ ਨਿਤਿਨ ਗਡਕਰੀ, ਗਿਰਿਰਾਜ ਸਿੰਘ ਵਰਗੇ ਕੇਂਦਰੀ ਆਗੂਆਂ ਦੇ ਨਾਮ ਵੀ ਆਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)