ਯੂਕੇ ਵਿੱਚ ਚੋਣਾਂ: ਹਿੰਦੂ-ਮੁਸਲਿਮ ਹਿੰਸਾ ਕਾਰਨ ਮਿਲੇ ਜ਼ਖ਼ਮਾਂ ਨਾਲ ਜੂਝਦਾ ਇਹ ਬਰਤਾਨਵੀ ਸ਼ਹਿਰ

ਬੇਲਗ੍ਰੇਵ ਰੋਡ

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਬੇਲਗ੍ਰੇਵ ਰੋਡ ਆ ਕੇ ਇੰਝ ਲੱਗਦਾ ਹੈ, ਜਿਵੇਂ ਕਿ ਤੁਸੀਂ ਭਾਰਤ ’ਚ ਹੀ ਹੋ
    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ, ਯੂਕੇ ਦੇ ਲੈਸਟਰ ਤੋਂ
  • ਪ੍ਰਕਾਸ਼ਿਤ

ਲੈਸਟਰ ਦੀਆਂ ਸੜਕਾਂ ’ਤੇ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਭਾਰਤੀ ਮੂਲ ਦੇ ਕੀਥ ਵਾਜ਼ ਨੂੰ ਵੇਖ ਕੇ ਇਹ ਕਹਿਣਾ ਬਹੁਤ ਹੀ ਮੁਸ਼ਕਲ ਹੈ ਕਿ ਇਹ ਉਹੀ ਥਾਂ ਹੈ, ਜਿੱਥੇ ਸਤੰਬਰ 2022 ’ਚ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਸਨ।

ਕੀਥ ਵਾਜ਼ 32 ਸਾਲਾਂ ਤੋਂ ਪੂਰਬੀ ਲੈਸਟਰ ਸੀਟ ਤੋਂ ਲੇਬਰ ਪਾਰਟੀ ਦੀ ਟਿਕਟ ’ਤੇ ਜਿੱਤ ਹਾਸਲ ਕਰਕੇ ਸੰਸਦ ਮੈਂਬਰ ਰਹਿ ਚੁੱਕੇ ਹਨ।

ਇਸ ਵਾਰ ਉਹ ਇੱਕ ਨਵੀਂ ਪਾਰਟੀ ਵਨ ਲੈਸਟਰ ਵੱਲੋਂ ਚੋਣ ਮੈਦਾਨ ’ਚ ਨਿਤਰੇ ਹਨ।

ਲੈਸਟਰ ਨਾਲ ਇੰਨੇ ਸਾਲਾਂ ਤੋਂ ਜੁੜੇ ਹੋਣ ਕਰਕੇ ਉਹ ਇੱਥੋਂ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਹਨ।

ਜਦੋਂ ਉਹ ਲੋਕਾਂ ਨੂੰ ਮਿਲਦੇ ਹਨ ਤਾਂ ਉਨ੍ਹਾਂ ਦੇ ਸਥਾਨਕ ਮੁੱਦਿਆਂ ’ਤੇ ਚਰਚਾ ਕਰਦੇ ਹਨ।

ਚਰਚਾ ਨਹੀਂ ਹੁੰਦੀ ਤਾਂ ਉਸ ਤਣਾਅ ਵਾਲੇ ਸਮੇਂ ਦੀ ਜਦੋਂ ਵੱਖ-ਵੱਖ ਸੱਭਿਆਚਾਰਾਂ ਦੀ ਮਿਸਾਲ ਮੰਨਿਆ ਜਾਣ ਵਾਲਾ ਲੈਸਟਰ ਹਿੰਸਾ ਦੀ ਅੱਗ ’ਚ ਝੁਲਸ ਗਿਆ ਸੀ।

ਹਿੰਦੂ-ਮੁਸਲਿਮ ਹਿੰਸਕ ਝੜਪਾਂ

ਬੇਲਗ੍ਰੇਵ ਰੋਡ

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਬੇਲਗ੍ਰੇਵ ਰੋਡ 'ਤੇ ਸਥਿਤ ਮੰਦਿਰ ਜਿੱਥੇ ਹਿੰਸਾ ਦੀ ਘਟਨਾ ਵਾਪਰੀ ਸੀ

17 ਸਤੰਬਰ, 2022 ਨੂੰ ਦੋਵੇਂ ਭਾਈਚਾਰਿਆਂ ਵਿਚਾਲੇ ਚੱਲ ਰਿਹਾ ਤਣਾਅ ਇਸ ਹੱਦ ਤੱਕ ਵਧ ਗਿਆ ਸੀ ਕਿ ਲੋਕ ਸੜਕਾਂ ’ਤੇ ਉਤਰ ਆਏ ਸਨ।

ਇਨ੍ਹਾਂ ਝੜਪਾਂ ’ਚ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਸਨ ਅਤੇ ਦਰਜਨਾਂ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ।

ਕੁਝ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਤਣਾਅ ਜ਼ਿਆਦਾਤਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚਾਂ ਦੌਰਾਨ ਵੇਖਿਆ ਜਾਂਦਾ ਸੀ।

ਪਰ 2022 ’ਚ ਹਾਲਾਤ ਇੰਨੇ ਵਿਗੜੇ ਕਿ ਦੋਵਾਂ ਭਾਈਚਾਰਿਆਂ ਦਰਮਿਆਨ ਪਿਆ ਪਾੜਾ ਹੁਣ ਸਾਫ਼ ਵਿਖਾਈ ਦੇਣ ਲੱਗ ਪਿਆ ਸੀ।

ਗੁਜਰਾਤੀ ਮੂਲ ਦੇ ਧਰਮੇਸ਼ ਲਖਾਨੀ ਲੈਸਟਰ ਦੀ ਉਸੇ ਬੇਲਗ੍ਰੇਵ ਰੋਡ ’ਤੇ ਇੱਕ ਰੈਸਟੋਰੈਂਟ ਚਲਾਉਂਦੇ ਹਨ ਜਿੱਥੇ ਕਿ ਇਹ ਹਿੰਸਾ ਹੋਈ ਸੀ।

ਉਸ ਦਿਨ ਦੀਆਂ ਯਾਦਾਂ ਉਨ੍ਹਾਂ ਦੇ ਦਿਲੋ ਦਿਮਾਗ ’ਚ ਅੱਜ ਵੀ ਤਾਜ਼ਾ ਹਨ।

ਬੇਲਗ੍ਰੇਵ ਰੋਡ ’ਤੇ ਜਿੱਥੇ ਹਿੰਸਾ ਹੋਈ ਸੀ, ਉਸ ਥਾਂ ਨੂੰ ਵਿਖਾਉਂਦੇ ਹੋਏ ਧਰਮੇਸ਼ ਕਹਿੰਦੇ ਹਨ, “ਉਸ ਦਿਨ ਇੱਥੇ ਸੈਂਕੜੇ ਲੋਕਾਂ ਦੀ ਭੀੜ ਇੱਕਠੀ ਹੋਈ ਸੀ, ਅਤੇ ਇਹ ਇੱਕ ਗੁੱਸੇ ਨਾਲ ਭਰੀ ਹੋਈ ਭੀੜ ਸੀ। ਮੈਂ ਇੱਥੇ ਖੜ੍ਹਾ ਵੇਖ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਸਾਡਾ ਸ਼ਹਿਰ ਸੜ ਰਿਹਾ ਹੋਵੇ।”

ਲੈਸਟਰ 2022

ਤਸਵੀਰ ਸਰੋਤ, BBC/Jeremy Ball

ਤਸਵੀਰ ਕੈਪਸ਼ਨ, 2022 ’ਚ ਹਾਲਾਤ ਇੰਨੇ ਵਿਗੜੇ ਕਿ ਦੋਵਾਂ ਭਾਈਚਾਰਿਆਂ ਦਰਮਿਆਨ ਪਿਆ ਪਾੜਾ ਹੁਣ ਸਾਫ਼ ਵਿਖਾਈ ਦੇਣ ਲੱਗ ਪਿਆ ਸੀ

ਚੋਣਾਂ ਸਬੰਧੀ ਸਰਗਰਮੀ

ਯੂਕੇ ਵਿੱਚ 4 ਜੁਲਾਈ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ।

ਪੂਰਬੀ ਲੈਸਟਰ ਸੀਟ ਤੋਂ ਕੁੱਲ 10 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਹਨ, ਜਿਨ੍ਹਾਂ ’ਚੋਂ 8 ਦੱਖਣੀ ਏਸ਼ੀਆਈ ਮੂਲ ਦੇ ਹਨ।

ਇਹ ਉਮੀਦਵਾਰ ਲੈਸਟਰ ’ਚ ਵੱਸਦੀ ਇੱਕ ਵੱਡੀ ਦੱਖਣੀ ਏਸ਼ੀਆਈ ਆਬਾਦੀ ਦੀਆ ਵੋਟਾਂ ਦੇ ਦਮ ’ਤੇ ਇਸ ਸੀਟ ਤੋਂ ਜਿੱਤਣ ਦੀ ਉਮੀਦ ਕਰ ਰਹੇ ਹਨ।

ਪਰ ਜਿਸ ਤਰ੍ਹਾਂ ਨਾਲ ਚੁਣਾਵੀ ਮਾਹੌਲ ਦੱਖਣੀ ਏਸ਼ੀਆਈ ਦੇਸ਼ਾਂ ,ਖਾਸ ਕਰਕੇ ਭਾਰਤ ’ਚ ਵੇਖਿਆ ਜਾਂਦਾ ਹੈ, ਲੈਸਟਰ ’ਚ ਇਹ ਮਾਹੌਲ ਬਹੁਤ ਵੱਖਰਾ ਹੈ।

ਇੱਥੇ ਮੁਸ਼ਕਲ ਨਾਲ ਹੀ ਕੁਝ ਕੁ ਉਮੀਦਵਾਰਾਂ ਦੇ ਪੋਸਟਰ ਜਾਂ ਬੈਨਰ ਜਨਤਕ ਥਾਵਾਂ ’ਤੇ ਲੱਗੇ ਹੋਏ ਨਜ਼ਰ ਆ ਰਹੇ ਹਨ।

ਜ਼ਿਆਦਾਤਰ ਚੋਣ ਪ੍ਰਚਾਰ ਸ਼ਨੀਵਾਰ ਅਤੇ ਐਤਵਾਰ ਨੂੰ ਕੀਤਾ ਜਾਂਦਾ ਹੈ, ਕਿਉਂਕਿ ਉਸ ਦਿਨ ਨੌਕਰੀਪੇਸ਼ਾ ਲੋਕ ਘਰਾਂ ’ਚ ਮੌਜੂਦ ਹੁੰਦੇ ਹਨ। ਚੋਣ ਪ੍ਰਚਾਰ ਦੇ ਲਈ ਉਮੀਦਵਾਰ ਲੋਕਾਂ ਦੇ ਘਰਾਂ ਅਤੇ ਦੁਕਾਨਾਂ ’ਤੇ ਜਾਂਦੇ ਹਨ।

ਪੂਰਬੀ ਲੈਸਟਰ ਸੀਟ ’ਤੇ ਨਜ਼ਰਾਂ ਇਸ ਲਈ ਵੀ ਟਿਕੀਆਂ ਹੋਈਆਂ ਹਨ ਕਿਉਂਕਿ 2022 ਦੀਆਂ ਘਟਨਾਵਾਂ ਤੋਂ ਬਾਅਦ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਦੱਖਣੀ ਏਸ਼ੀਆਈ ਲੋਕ ਕਿਸ ਪਾਰਟੀ ਜਾਂ ਉਮੀਦਵਾਰ ’ਤੇ ਆਪਣਾ ਭਰੋਸਾ ਜਤਾਉਂਦੇ ਹਨ।

ਵੱਖਰਤਾ ਦੀ ਮਿਸਾਲ

ਲੈਸਟਰ ਵਿੱਚ ਦੱਖਣ ਏਸ਼ੀਆਈ ਭਾਈਚਾਰਾ

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਲੈਸਟਰ ਵਿੱਚ ਦੱਖਣ ਏਸ਼ੀਆਈ ਭਾਈਚਾਰਾ

1951 ਦੀ ਮਰਦਮਸ਼ੁਮਾਰੀ ’ਚ, ਦੱਖਣੀ ਏਸ਼ੀਆਈ ਵਿਰਾਸਤ ਵਾਲੇ ਸਿਰਫ਼ 624 ਲੋਕਾਂ ਨੂੰ ਹੀ ਲੈਸਟਰ ’ਚ ਦਰਜ ਕੀਤਾ ਗਿਆ ਸੀ। ਹੁਣ 70 ਸਾਲ ਬਾਅਦ, ਲੈਸਟਰ ਉਨ੍ਹਾਂ ਸ਼ਹਿਰਾਂ ’ਚੋਂ ਇੱਕ ਹੈ, ਜਿੱਥੇ ਬ੍ਰਿਟਿਸ਼ ਦੱਖਣੀ ਏਸ਼ੀਆਈ ਲੋਕਾਂ ਦਾ ਅਨੁਪਾਤ ਸਭ ਤੋਂ ਵਧ ਹੈ।

1950 ਦੇ ਦਹਾਕੇ ਤੋਂ, ਭਾਰਤੀ ਅਤੇ ਪਾਕਿਸਤਾਨੀ ਚੇਨ ਮਾਈਗ੍ਰੇਸ਼ਨ ਜਾਂ ਲੜੀ ਪਰਵਾਸ ਕਹੇ ਜਾਣ ਵਾਲੇ ਤਰੀਕੇ ਨਾਲ ਲੈਸਟਰ ਆਏ।

ਮਤਲਬ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਪਿੰਡ ਦੇ ਲੋਕ ਇੱਥੇ ਰਹਿੰਦੇ ਸਨ, ਇਸ ਲਈ ਉਹ ਵੀ ਇੱਥੇ ਹੀ ਆ ਗਏ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਉਨ੍ਹਾਂ ਦੇ ਲਈ ਲੈਸਟਰ ਇੱਕ ਆਕਰਸ਼ਕ ਥਾਂ ਸੀ, ਕਿਉਂਕਿ ਇੱਥੇ ਖੁਸ਼ਹਾਲੀ ਸੀ ਅਤੇ ਡਨਲੌਪ, ਇੰਪੀਰੀਅਲ ਟਾਈਪਰਾਈਟਰ ਅਤੇ ਵੱਡੀਆਂ ਹੌਜ਼ਰੀ ਮਿੱਲਾਂ ’ਚ ਨੌਕਰੀਆਂ ਸਨ।

ਨਵੇਂ ਆਉਣ ਵਾਲੇ ਲੋਕਾਂ ’ਚੋਂ ਕਈ ਸ਼ੁਰੂਆਤੀ ਦਿਨਾਂ ’ਚ ਉੱਤਰੀ ਅਤੇ ਪੂਰਬੀ ਲੈਸਟਰ ਦੇ ਇਲਾਕੇ ਜਿਵੇਂ ਕਿ ਬੇਲਗ੍ਰੇਵ ਰੋਡ ਅਤੇ ਸਪਿੰਨੀਹਿੱਲ ਪਾਰਕ ’ਚ ਵਸ ਗਏ ਸਨ, ਜਿੱਥੇ ਹਿੰਸਾ ਹੋਈ ਸੀ।

ਆਉਣ ਵਾਲੇ ਲੋਕਾਂ ’ਚ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ, ਜਿਨਾਂ੍ਹ ਨੇ ਭਾਰਤ ਦੀ ਵੰਡ ਦੌਰਾਨ ਹੋਈ ਹਿੰਸਾ ਨੂੰ ਵੇਖਿਆ ਸੀ।

ਏਵਿੰਗਨ ਰੋਡ 'ਤੇ ਸਥਿਤ ਮਸਜਿਦ

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਏਵਿੰਗਨ ਰੋਡ 'ਤੇ ਸਥਿਤ ਮਸਜਿਦ

1960 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ’ਚ ਇਨ੍ਹਾਂ ਲੋਕਾਂ ਦੇ ਪਰਿਵਾਰ ਵੀ ਇੱਥੇ ਆਉਣ ਲੱਗੇ।

ਲੈਸਟਰ ਨੂੰ ਕਈ ਦਹਾਕਿਆਂ ਤੋਂ ਸੱਭਿਆਚਾਰਕ ਵਿਭਿੰਨਤਾ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਅਤੇ ਇੱਕਜੁੱਟਤਾ ਦੀ ਇੱਕ ਮਿਸਾਲ ਮੰਨਿਆ ਜਾਂਦਾ ਰਿਹਾ ਹੈ।

ਪੂਰਬੀ ਲੈਸਟਰ ਦੇ ਸਾਬਕਾ ਸੰਸਦ ਮੈਂਬਰ ਕੀਥ ਵਾਜ਼ ਦਾ ਕਹਿਣਾ ਹੈ, “ਜੋ ਵੀ ਲੈਸਟਰ ਨੂੰ ਜਾਣਦਾ ਹੈ, ਉਸ ਲਈ ਇਹ ਸਭ ਹੈਰਾਨ ਕਰਨ ਵਾਲਾ ਸੀ। ਇਹ ਜਗ੍ਹਾ ਵੱਖ-ਵੱਖ ਧਰਮਾਂ ਅਤੇ ਵੱਖੋ-ਵੱਖ ਪਿਛਕੋੜ ਨਾਲ ਸਬੰਧਤ ਲੋਕਾਂ ਦਾ ਮਿਸ਼ਰਣ ਹੈ। ਜਦੋਂ ਹਿੰਸਕ ਘਟਨਾਵਾਂ ਵਾਪਰੀਆਂ ਤਾਂ ਇਹ ਮੇਰੇ ਲਈ ਇੱਕ ਝਟਕੇ ਵਾਲੀ ਗੱਲ ਸੀ। ਅਸੀਂ ਪਹਿਲਾਂ ਕਦੇ ਵੀ ਅਜਿਹਾ ਅਨੁਭਵ ਨਹੀਂ ਕੀਤਾ ਸੀ।”

ਕੀਥ ਵਾਜ਼ ਦੇ ਮੁਤਾਬਕ 2022 ਦੀ ਹਿੰਸਾ ਦੇ ਪਿੱਛੇ ਕਈ ਕਾਰਨ ਸਨ, ਜਿਸ ’ਚ ਕੋਵਿਡ ਲੌਕਡਾਊਨ, ਇੱਥੋਂ ਦੀ ਆਰਥਿਕ ਸਥਿਤੀ ਅਤੇ ਰੁਜ਼ਗਾਰ ਦੀ ਘਾਟ ਆਦਿ ਸ਼ਾਮਲ ਹੈ।

ਕੀਥ ਕਹਿੰਦੇ ਹਨ ਕਿ “ਇਹ ਇੱਕ ਚੰਗਿਆੜੀ ਸੀ। ਮੈਨੂੰ ਲੱਗਦਾ ਹੈ ਕਿ ਇਹ ਇੱਕ ਅਜਿਹੀ ਘਟਨਾ ਸੀ, ਜੋ ਕਿ ਸਿਰਫ਼ ਇੱਕ ਵਾਰ ਹੀ ਵਾਪਰਦੀ ਹੈ। ਸਾਨੂੰ ਇਹ ਪਤਾ ਲਗਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਆਖਰਕਾਰ ਅਜਿਹਾ ਕਿਉਂ ਹੋਇਆ।”

ਬੇਲਗ੍ਰੇਵ ਰੋਡ ਦਾ ਮਾਹੌਲ

ਬੇਲਗ੍ਰੇਵ ਰੋਡ

ਤਸਵੀਰ ਸਰੋਤ, Devashish Kumar/BBC

ਬੇਲਗ੍ਰੇਵ ਰੋਡ ਆ ਕੇ ਇੰਝ ਲੱਗਦਾ ਹੈ, ਜਿਵੇਂ ਕਿ ਤੁਸੀਂ ਭਾਰਤ ’ਚ ਹੀ ਹੋ। ਭਾਵੇਂ ਰੈਸਟੋਰੈਂਟ ਹੋਣ ਜਾਂ ਕੱਪੜਿਆਂ ਅਤੇ ਗਹਿਣਿਆਂ ਦੀਆਂ ਦੁਕਾਨਾਂ… ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਹੀ ਇਨ੍ਹਾਂ ਨੂੰ ਚਲਾਉਂਦੇ ਹਨ।

ਇਹ ਉਹੀ ਇਲਾਕਾ ਹੈ, ਜਿੱਥੇ ਸਾਲ 2022 ’ਚ ਦੋਵਾਂ ਭਾਈਚਾਰਿਆਂ ’ਚ ਹਿੰਸਕ ਝੜਪਾਂ ਹੋਈਆਂ ਸਨ।

ਇੱਥੋਂ ਦੇ ਕਾਰੋਬਾਰੀ ਅੱਜ ਵੀ ਉਸ ਅਸ਼ਾਂਤੀ ਅਤੇ ਬੇਚੈਨੀ ਦੇ ਪ੍ਰਭਾਵ ਨੂੰ ਮਹਿਸੂਸ ਕਰਦੇ ਹਨ।

ਭਾਰਤੀ ਮੂਲ਼ ਦੇ ਇਮਰਾਨ ਪਠਾਨ ਇੱਥੇ ਵੈਡਿੰਗ ਗਾਰਮੈਂਟਸ ਦਾ ਸਟੋਰ ਚਲਾਉਂਦੇ ਹਨ।

ਉਹ ਕਹਿੰਦੇ ਹਨ, “ਉਸ ਅਸ਼ਾਂਤੀ ਦਾ ਨਤੀਜਾ ਇਹ ਨਿਕਲਿਆ ਹੈ ਕਿ ਉਸ ਦਾ ਅਸਰ ਕਾਰੋਬਾਰ ’ਤੇ ਵੇਖਣ ਨੂੰ ਮਿਲਿਆ ਹੈ। ਇਹ ਪ੍ਰਭਾਵ ਇਸ ਤਰ੍ਹਾਂ ਪਿਆ ਹੈ ਕਿ ਹੁਣ ਲੋਕ ਇੱਥੇ ਆਉਣ ਤੋਂ ਪਹਿਲਾਂ ਇੱਕ ਵਾਰ ਸੋਚਦੇ ਹਨ, ਪੁੱਛ-ਗਿੱਛ ਕਰਦੇ ਹਨ ਕਿ ਕੀ ਸਥਿਤੀ ਠੀਕ ਹੈ।

ਉਹ ਦੱਸਦੇ ਹਨ, “ਹੁਣ ਜਦੋਂ ਹਾਲ ਹੀ ’ਚ ਭਾਰਤ-ਪਾਕਿਸਤਾਨ ਦਰਮਿਆਨ ਟੀ-20 ਮੈਚ ਹੋਇਆ ਸੀ ਤਾਂ ਲੋਕ ਸਵੇਰੇ ਜਲਦੀ-ਜਲਦੀ ਆ ਗਏ, ਸਾਡੇ ਤੋਂ ਫੋਨ ’ਤੇ ਮੁਲਾਕਾਤ ਦਾ ਸਮਾਂ ਲੈਂਦੇ ਹਨ ਤਾਂ ਜੋ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇੱਥੋਂ ਨਿਕਲ ਜਾਣ। ਲੋਕਾਂ ਦੇ ਦਿਮਾਗ ’ਚ ਇਸ ਸਬੰਧੀ ਡਰ ਘਰ ਕਰ ਗਿਆ ਹੈ…ਹਿੰਸਾ ਨੇ ਜੋ ਨਿਸ਼ਾਨ ਛੱਡੇ ਉਨ੍ਹਾਂ ਨੂੰ ਖ਼ਤਮ ਹੋਣ ’ਚ ਅਜੇ ਕੁਝ ਸਮਾਂ ਲੱਗੇਗਾ।”

 ਇਮਰਾਨ

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਇਮਰਾਨ

ਬੇਲਗ੍ਰੇਵ ਰੋਡ ’ਤੇ ਇਮਰਾਨ ਦੀ ਦੁਕਾਨ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਭਾਰਤੀ ਮੂਲ ਦੀ ਰੰਜੂ ਮੋਢਾ ਵੀ ਕੱਪੜਿਆਂ ਦਾ ਸਟੋਰ ਚਲਾਉਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ ਕਦੇ ਸੋਚਿਆ ਹੀ ਨਹੀਂ ਸੀ ਕਿ ਅਜਿਹਾ ਕੁਝ ਵਾਪਰੇਗਾ। ਜੇਕਰ ਮੈਂ ਪਿਛਲੇ 2 ਸਾਲਾਂ ’ਚ ਵਪਾਰ ਦੇ ਨਜ਼ਰੀਏ ਤੋਂ ਵੇਖਦੀ ਹਾਂ ਤਾਂ ਹਾਂ, ਵਪਾਰ ’ਚ ਕਮੀ ਆਈ ਹੈ।

ਸ਼ਹਿਰ ਤੋਂ ਬਾਹਰੋਂ ਜੋ ਸਾਡੇ ਦੱਖਣੀ ਏਸ਼ੀਆਈ ਗਾਹਕ ਆਉਂਦੇ ਸਨ, ਉਹ ਹੁਣ ਘੱਟ ਗਏ ਹਨ, ਕਿਉਂਕਿ ਇਹ ਸਾਰੀਆਂ ਘਟਨਾਵਾਂ ਮੀਡੀਆ ਜ਼ਰੀਏ ਵੇਖੀਆਂ ਗਈਆਂ। ਉਸ ਨਾਲ ਲੋਕ ਡਰ ਗਏ ਅਤੇ ਇਸ ਸਥਿਤੀ ਨੇ ਵਪਾਰ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।”

ਭੂਗੋਲਿਕ ਤੌਰ ’ਤੇ ਭਾਈਚਾਰਿਆਂ ’ਚ ਪਈ ‘ਵੰਡ’

ਬੇਲਗ੍ਰੇਵ ਰੋਡ

ਤਸਵੀਰ ਸਰੋਤ, Devashish Kumar/BBC

ਲੈਸਟਰ ’ਚ ਪਿਛਲੇ ਕਈ ਦਹਾਕਿਆਂ ਤੋਂ ਦੱਖਣੀ ਏਸ਼ੀਆਈ ਭਾਈਚਾਰੇ ਦੀ ਵੱਡੀ ਆਬਾਦੀ ਰਹਿ ਰਹੀ ਹੈ। ਇਸ ਵੱਸੋਂ ’ਚ ਹਿੰਦੂ ਵੀ ਸ਼ਾਮਲ ਹਨ ਅਤੇ ਮੁਸਲਮਾਨ ਵੀ।

ਪਰ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਹ ਬਣ ਗਏ ਹਨ ਕਿ ਲੈਸਟਰ ਦੇ ਕੁਝ ਹਿੱਸਿਆਂ ’ਚ ਹਿੰਦੂ ਆਬਾਦੀ ਬਹੁਗਿਣਤੀ ’ਚ ਹੋ ਗਈ ਹੈ ਅਤੇ ਕੁਝ ਇਲਾਕਿਆਂ ’ਚ ਮੁਸਲਮਾਨ ਬਹੁਗਿਣਤੀ ’ਚ ਵਸ ਗਏ ਹਨ।

ਅਜਿਹਾ ਹੀ ਇੱਕ ਇਲਾਕਾ ਐਵਿੰਗਟਨ ਰੋਡ ਹੈ, ਜਿੱਥੇ ਇੱਕ ਬਹੁਤ ਹੀ ਵੱਡੀ ਮਸਜਿਦ ਮੌਜੂਦ ਹੈ।

ਸਥਾਨਕ ਲੋਕ ਦੱਸਦੇ ਹਨ ਕਿ ਜਿੱਥੇ ਬੇਲਗ੍ਰੇਵ ਰੋਡ ਇਲਾਕੇ ’ਚ ਜ਼ਿਆਦਾਤਰ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਹਨ ਅਤੇ ਕਾਰੋਬਾਰ ਕਰਦੇ ਹਨ, ਉੱਥੇ ਹੀ ਹਾਈਫੀਲਡਜ਼ ਅਤੇ ਐਵਿੰਗਟਨ ਰੋਡ ਵਰਗੇ ਇਲਾਕਿਆਂ ’ਚ ਜ਼ਿਆਦਾਤਰ ਮੁਸਲਮਾਨ ਰਹਿੰਦੇ ਹਨ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਦੋਵਾਂ ਭਾਈਚਾਰਿਆਂ ਵਿਚਾਲੇ ਤਣਾਅ ਦੇ ਕਾਰਨ ਕਈ ਵਾਰ ਉਹ ਇੱਕ-ਦੂਜੇ ਦੇ ਦਬਦਬੇ ਵਾਲੇ ਇਲਾਕਿਆਂ ’ਚ ਆਉਣ-ਜਾਣ ਤੋਂ ਝਿਜਕਦੇ ਹਨ।

ਲੈਸਟਰ

ਤਸਵੀਰ ਸਰੋਤ, Devashish Kumar/BBC

‘ਹਿੰਦੂ ਬਨਾਮ ਮੁਸਲਿਮ’

ਦੋਵੇਂ ਹੀ ਭਾਈਚਾਰਿਆਂ ਦੇ ਲੋਕ ਸਾਲ 2022 ਦੀਆਂ ਘਟਨਾਵਾਂ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ।

ਲੈਸਟਰ ਵਾਸੀ ਮੁਹੰਮਦ ਓਵੈਸ ਯੂਕੇ ਇੰਡੀਅਨ ਮੁਸਲਿਮ ਕੌਸਲ ਦੇ ਡਾਇਰੈਕਟਰ ਹਨ। ਉਨ੍ਹਾਂ ਦਾ ਕਹਿਣਾ ਹੈ, “ਮੁਸਲਿਮ ਭਾਈਚਾਰਾ ਲਗਾਤਾਰ ਖ਼ਤਰਾ ਮਹਿਸੂਸ ਕਰ ਰਿਹਾ ਹੈ। ਉਹ ਲਗਾਤਾਰ ਤਣਾਅ ਮਹਿਸੂਸ ਕਰ ਰਿਹਾ ਹੈ। ਸਾਡਾ ਮੰਨਣਾ ਹੈ ਕਿ ਇੱਕ ਆਲਮੀ ਹਿੰਦੂਤਵ ਅੰਦੋਲਨ ਦੇ ਜ਼ਰੀਏ ਮੁਸਲਿਮ ਆਬਾਦੀ ਨੂੰ ਨਾਰਾਜ਼ ਕਰਨਾ ਇੱਥੇ ਇੱਕ ਰਣਨੀਤਕ ਮਕਸਦ ਹੈ।”

ਮੁਹੰਮਦ ਓਵੈਸ ਦੇ ਅਨੁਸਾਰ ਦੰਗਿਆਂ ਤੋਂ ਪਹਿਲਾਂ ਇੱਥੇ ਭਾਈਚਾਰਕ ਸਾਂਝ ਦਾ ਰਿਸ਼ਤਾ ਸੀ।

ਉਨ੍ਹਾਂ ਦਾ ਕਹਿਣਾ ਹੈ, “ਅਸੀਂ ਚਾਹੁੰਦੇ ਹਾਂ ਕਿ ਉਹ ਸਾਂਝ, ਅੱਪਣਤ ਮੁੜ ਵਾਪਸ ਆ ਜਾਵੇ। ਸਾਡਾ ਮੰਨਣਾ ਹੈ ਕਿ ਲੈਸਟਰ ’ਚ ਜ਼ਿਆਦਾਤਰ ਹਿੰਦੂ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਹਿੰਦੂਆਂ ਦਾ ਮੁਸਲਮਾਨਾਂ, ਸਿੱਖਾਂ ਅਤੇ ਬਿਨ੍ਹਾਂ ਆਸਥਾ ਵਾਲੇ ਲੋਕਾਂ ਦੇ ਨਾਲ ਇਕੋ ਜਿਹਾ ਭਾਈਚਾਰਾ ਹੈ। ਹਾਲਾਂਕਿ ਸਾਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਆਵਜ਼ਾਂ ਬਹੁਤ ਖ਼ਾਮੋਸ਼ ਹਨ।”

‘ਲੋਕ ਭੁੱਲੇ ਨਹੀਂ ਹਨ’

ਕੀਥ ਵਾਜ਼

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਕੀਥ ਵਾਜ਼

ਕੀਥ ਵਾਜ਼ ਕਹਿੰਦੇ ਹਨ ਕਿ ਹਿੰਸਾ ਦੇ ਕਾਰਨ ਜੋ ਵੀ ਨੁਕਸਾਨ ਹੋਇਆ, ਲੋਕਾਂ ਨੇ ਉਸ ਨੂੰ ਭਲੀ-ਭਾਂਤੀ ਵੇਖਿਆ ਹੈ ਅਤੇ ਹੁਣ ਉਹ ਸਮਝ ਗਏ ਹਨ ਕਿ ਭਾਈਚਾਰਕ ਸਾਂਝ ਅਤੇ ਏਕਤਾ ਨਾਲ ਰਹਿ ਕੇ ਹੀ ਉਹ ਅੱਗੇ ਵਧ ਸਕਦੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਲੈਸਟਰ ਦੇ ਜ਼ਿਆਦਾਤਰ ਲੋਕ 2022 ਦੀਆਂ ਬੁਰੀਆਂ ਯਾਦਾਂ ਨੂੰ ਭੁੱਲ ਕੇ ਆਪਣੀ ਜ਼ਿੰਦਗੀ ’ਚ ਅੱਗੇ ਵਧ ਗਏ ਹਨ।

ਦੂਜੇ ਪਾਸੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਕੁਝ ਵੀ ਹੋਇਆ, ਉਸ ਨੂੰ ਸਮਝਣ ਲਈ ਲੋਕਾਂ ਦੇ ਮਹਿੰਗਾਈ, ਰੁਜ਼ਗਾਰ ਅਤੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਸਬੰਧੀ ਸੰਘਰਸ਼ਾਂ ਅਤੇ ਉਨ੍ਹਾਂ ਨਾਲ ਜੁੜੀ ਨਿਰਾਸ਼ਾ ਨੂੰ ਪਹਿਲਾਂ ਸਮਝਣ ਦੀ ਲੋੜ ਹੈ।

ਰੀਟਾ ਪਟੇਲ

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਰੀਟਾ ਪਟੇਲ

ਭਾਰਤੀ ਮੂਲ ਦੀ ਰੀਟਾ ਪਟੇਲ ਲੈਸਟਰ ਸਿਟੀ ਕੌਂਸਲ ’ਚ ਸਾਬਕਾ ਸਹਾਇਕ ਮੇਅਰ ਰਹਿ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਲੋਕ ਅਜੇ ਵੀ ਉਨ੍ਹਾਂ ਘਟਨਾਵਾਂ ਨੂੰ ਭੁੱਲੇ ਨਹੀਂ ਹਨ। ਉਨ੍ਹਾਂ ਘਟਨਾਵਾਂ ਨੇ ਅਵਿਸ਼ਵਾਸ ਦੀ ਵਿਰਾਸਤ ਪਿੱਛੇ ਛੱਡੀ ਹੈ ਅਤੇ ਸਾਡਾ ਇਹ ਮੰਨਣਾ ਗਲਤ ਹੋਵੇਗਾ ਕਿ ਹੁਣ ਸਾਰੀਆਂ ਚੀਜ਼ਾਂ ਸ਼ਾਂਤ ਹੋ ਗਈਆਂ ਹਨ ਅਤੇ ਸਮੱਸਿਆ ਦੂਰ ਹੋ ਗਈ ਹੈ। ਸਾਨੂੰ ਸਬਕ ਸਿੱਖਣਾ ਪਵੇਗਾ। ਜੇਕਰ ਅਸੀਂ ਸਬਕ ਨਹੀਂ ਸਿੱਖਾਂਗੇ ਤਾਂ ਉਨ੍ਹਾਂ ਗਲਤੀਆਂ ਨੂੰ ਵਾਰ-ਵਾਰ ਦੁਹਰਾਉਣ ਦਾ ਜੋਖਮ ਕਾਇਮ ਰਹੇਗਾ।”

ਰੀਟਾ ਪਟੇਲ ਅੱਗੇ ਕਹਿੰਦੇ ਹਨ, “ ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਲੋਕਾ ਨਾਲ ਗੱਲ ਕਰੋਗੇ ਤਾਂ ਤੁਸੀਂ ਵੇਖੋਗੇ ਕਿ ਉਨ੍ਹਾਂ ਘਟਨਾਵਾਂ ਨੇ ਲੋਕਾਂ ਦੇ ਦਿਲੋ-ਦਿਮਾਗ ’ਤੇ ਬਹੁਤ ਹੀ ਬੁਰਾ ਅਸਰ ਪਾਇਆ ਹੈ… ਲੋਕਾਂ ਨੂੰ ਹੋਰ ਜ਼ਿਆਦਾ ਅਸ਼ਾਂਤ ਅਤੇ ਬੇਚੈਨ ਮਹਿਸੂਸ ਕਰਵਾਇਆ ਹੈ।

ਉਹ ਕਹਿੰਦੇ ਹਨ, “ਮੇਰਾ ਮੰਨਣਾ ਹੈ ਕਿ ਕੋਈ ਇੱਕ ਘਟਨਾ ਕਿਸੇ ਸ਼ਹਿਰ ਨੂੰ ਬਣਾਉਂਦੀ ਜਾਂ ਵਿਗਾੜਦੀ ਨਹੀਂ ਹੈ। ਇਹ ਇੱਕ ਝਟਕਾ ਹੋ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਲੈਸਟਰ ਦੇ ਲੋਕਾਂ ਨੇ ਹਮੇਸ਼ਾਂ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਅੱਗੇ ਕਦਮ ਚੁੱਕੇ ਹਨ।”

ਇਨਸਾਫ਼ ਦੀ ਉਡੀਕ

ਪ੍ਰੋ. ਗੁਰਹਰਪਾਲ ਸਿੰਘ

ਤਸਵੀਰ ਸਰੋਤ, Devashish Kumar/BBC

ਤਸਵੀਰ ਕੈਪਸ਼ਨ, ਪ੍ਰੋ. ਗੁਰਹਰਪਾਲ ਸਿੰਘ

ਲੈਸਟਰ ’ਚ ਹੋਈਆਂ ਹਿੰਸਾ ਦੇ ਕਾਰਨਾਂ ਦੀ ਤਹਿ ਤੱਕ ਜਾਣ ਲਈ ਫਿਲਹਾਲ ਦੋ ਜਾਂਚਾਂ ਚੱਲ ਰਹੀਆਂ ਹਨ।

ਇਨ੍ਹਾਂ ’ਚੋਂ ਇੱਕ ਜਾਂਚ ਤਾਂ ਸਰਕਾਰ ਕਰਵਾ ਰਹੀ ਹੈ ਅਤੇ ਦੂਜੀ ਜਾਂਚ ਲੰਡਨ ਦੀ ਐਸਓਏਐਸ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਹੈ।

ਲੈਸਟਰ ’ਚ ਪਿਛਲੇ 60 ਸਾਲ ਤੋਂ ਰਹਿ ਰਹੇ ਭਾਰਤੀ ਮੂਲ ਦੇ ਪ੍ਰੋਫੈਸਰ ਗੁਰਹਰਪਾਲ ਸਿੰਘ ਦਾ ਕਹਿਣਾ ਹੈ ਕਿ ਅਸ਼ਾਂਤੀ ਅਤੇ ਬੇਚੈਨੀ ਦੀ ਸਥਿਤੀ ਅਜੇ ਵੀ ਬਣੀ ਹੋਈ ਹੈ, ਕਿਉਂਕਿ ਜਿਨ੍ਹਾਂ ਕਾਰਨਾਂ ਕਰਕੇ ਇਹ ਸਥਿਤੀ ਬਣੀ ਸੀ, ਉਨ੍ਹਾਂ ’ਚ ਕੋਈ ਖਾਸ ਤਬਦੀਲੀ ਨਹੀਂ ਹੋਈ ਹੈ।

ਪ੍ਰੋ. ਗੁਰਹਰਪਾਲ ਸਿੰਘ ਕਹਿੰਦੇ ਹਨ, “ਸ਼ਹਿਰ ਦੇ ਅੰਦਰ ਵਸੀਲਿਆਂ ਦੀ ਘਾਟ ਹੈ ਅਤੇ ਜਿੱਥੇ ਭਾਈਚਾਰੇ ਵਸੇ ਹੋਏ ਹਨ, ਉੱਥੇ ਖੇਤਰੀ ਅਧਿਕਾਰਾਂ ਨੂੰ ਲੈ ਕੇ ਭਾਰੀ ਤਣਾਅ ਹੈ। ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਅਤੇ ਉਸ ਤੋਂ ਬਾਅਦ ਹੋਣ ਵਾਲੇ ਸਮਾਗਮਾਂ ਨੂੰ ਲੈ ਕੇ ਤਣਾਅ ਦਾ ਮਾਹੌਲ ਸੀ। ਦੱਖਣੀ ਏਸ਼ੀਆ ’ਚ ਜਾਂ ਇੱਥੇ ਕੋਈ ਵੀ ਮਹੱਤਵਪੂਰਣ ਘਟਨਾ ਇਨ੍ਹਾਂ ਭਾਈਚਾਰਿਆਂ ਜਾਂ ਸੰਘਰਸ਼ ਪੈਦਾ ਕਰਨ ਵਾਲੇ ਸਮੂਹਾਂ ਨੂੰ ਲਾਮਬੰਦ ਕਰ ਸਕਦੀ ਹੈ।”

ਅਸੀਂ ਪ੍ਰੋਫੈਸਰ ਗੁਰਹਰਪਾਲ ਸਿੰਘ ਨੂੰ ਪੁੱਛਿਆ ਕਿ ਜੋ ਕੁਝ ਵੀ ਹੋਇਆ ਅਤੇ ਜਿਸ ਤਰ੍ਹਾਂ ਨਾਲ ਇਸ ਨਾਲ ਨਜਿੱਠਿਆ ਗਿਆ, ਕੀ ਉਹ ਪ੍ਰਸ਼ਾਸਨ ਦੀ ਅਸਫਲਤਾ ਹੈ?

ਉਨ੍ਹਾਂ ਨੇ ਕਿਹਾ, “ਬਿਲਕੁਲ। ਮੈਂ ਇਹ ਇੱਕ ਅਜਿਹੇ ਵਿਅਕਤੀ ਵਜੋਂ ਕਹਿ ਸਕਦਾ ਹਾਂ ਜੋ 60 ਸਾਲਾਂ ਤੋਂ ਲੈਸਟਰ ’ਚ ਰਹਿ ਰਿਹਾ ਹੈ। ਇਹ ਜੋ ਸੰਕਟ ਲੈਸਟਰ ’ਤੇ ਆਇਆ, ਉਸ ਨਾਲ ਨਜਿੱਠਣ ਲਈ ਨਾ ਹੀ ਰਾਸ਼ਟਰੀ ਪੱਧਰ ’ਤੇ ਅਤੇ ਨਾ ਹੀ ਸਥਾਨਕ ਪੱਧਰ ’ਤੇ ਕੋਈ ਪ੍ਰਭਾਵਸਾਲੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।”

ਜੇਕਰ ਉੱਪਰੋਂ ਝਾਤ ਮਾਰੀ ਜਾਵੇ ਤਾਂ ਲੱਗਦਾ ਹੈ ਕਿ ਹੁਣ ਲੈਸਟਰ ’ਚ ਸਭ ਕੁਝ ਪਹਿਲਾਂ ਵਾਂਗਰ ਆਮ ਹੋ ਗਿਆ ਹੈ, ਪਰ ਜੇਕਰ ਇੱਥੋਂ ਦੇ ਲੋਕਾਂ ਨਾਲ ਗੱਲ ਕੀਤੀ ਜਾਵੇ ਤਾਂ ਸਮਝ ਆਉਂਦਾ ਹੈ ਕਿ 2022 ’ਚ ਹੋਈਆਂ ਹਿੰਸਕ ਘਟਨਾਵਾਂ ਦਾ ਦਰਦ ਇੱਥੋਂ ਦੀ ਇੱਕ ਵੱਡੀ ਆਬਾਦੀ ਦੇ ਮਨਾਂ ਅੰਦਰ ਤਾਜ਼ਾ ਹੈ।

ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ 2022 ’ਚ ਜੋ ਹੋਇਆ, ਉਸ ਨਾਲ ਲੈਸਟਰ ਦੇ ਅਕਸ ਨੂੰ ਢਾਹ ਲੱਗੀ ਹੈ ਅਤੇ ਜੇਕਰ ਉਨ੍ਹਾਂ ਬੁਰੀਆਂ ਯਾਦਾਂ ਨੂੰ ਪਿੱਛੇ ਛੱਡ ਲੈਸਟਰ ਅੱਗੇ ਵਧਣਾ ਚਾਹੁੰਦਾ ਹੈ ਤਾਂ ਉਸ ਹਿੰਸਾ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨੀ ਹੋਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਹੋਵੇਗੀ।

ਉਹ ਕਹਿੰਦੇ ਹਨ ਕਿ ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਲੈਸਟਰ ਦੇ ਜ਼ਖ਼ਮ ਹਰੇ / ਅੱਲ੍ਹੇ ਹੀ ਰਹਿਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)