ਸੈਫ਼ ਅਲੀ ਖ਼ਾਨ ਕੇਸ: ਚਾਕੂ ਨਾਲ ਹਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੁਣ ਤੱਕ ਕੀ-ਕੀ ਪਤਾ ਲੱਗਾ

ਸੈਫ਼ ਅਲੀ ਖ਼ਾਨ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਮੁੰਬਈ ਪੁਲਸ ਨੇ ਠਾਣੇ ਤੋਂ ਗ੍ਰਿਫਤਾਰ ਕਰ ਲਿਆ ਹੈ

ਤਸਵੀਰ ਸਰੋਤ, ANI/MumbaiPolice

ਤਸਵੀਰ ਕੈਪਸ਼ਨ, ਸੈਫ਼ ਅਲੀ ਖ਼ਾਨ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਮੁੰਬਈ ਪੁਲਸ ਨੇ ਠਾਣੇ ਤੋਂ ਗ੍ਰਿਫਤਾਰ ਕਰ ਲਿਆ ਹੈ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਸੈਫ਼ ਅਲੀ ਖ਼ਾਨ 'ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਮੁੰਬਈ ਪੁਲਿਸ ਨੇ ਠਾਣੇ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਠਾਣੇ ਦੇ ਹੀਰਾਨੰਦਾਨੀ ਲੇਬਰ ਕੈਂਪ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਮੁਲਜ਼ਮ ਠਾਣੇ ਦੇ ਰਿੱਕੀ ਬਾਰ ਵਿੱਚ ਹਾਊਸਕੀਪਿੰਗ ਦਾ ਕੰਮ ਕਰਦਾ ਸੀ।

ਐਤਵਾਰ ਸਵੇਰ ਹੋਈ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਮੁਲਜ਼ਮ ਬੰਗਲਾਦੇਸ਼ੀ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ 30 ਸਾਲਾ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਵਜੋਂ ਹੋਈ ਹੈ ਜੋ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋਇਆ ਸੀ।

ਜ਼ੋਨ-9 ਦੇ ਡੀਸੀਪੀ ਗੇਡਾਮ ਦੀਕਸ਼ਿਤ ਨੇ ਕਿਹਾ, "ਮੁਲਜ਼ਮ ਦੇ ਬੰਗਲਾਦੇਸ਼ੀ ਹੋਣ ਦਾ ਸ਼ੱਕ ਹੈ। ਉਸ ਕੋਲ ਭਾਰਤੀ ਦਸਤਾਵੇਜ਼ ਨਹੀਂ ਹਨ।"

ਪੁਲਿਸ ਮੁਤਾਬਕ ਮੁਲਜ਼ਮਾਂ ਨੇ ਸੈਫ਼ ਅਲੀ ਖ਼ਾਨ ਦੇ ਘਰ ਵਿੱਚ ਦਾਖ਼ਲ ਹੋਣ ਲਈ ਇਮਾਰਤ ਦੀਆਂ ਪੌੜੀਆਂ ਦੀ ਵਰਤੋਂ ਕੀਤੀ ਸੀ ਜੋ ਕਿ ਅੱਗ ਲੱਗਣ ਦੀ ਸੂਰਤ ਵਿੱਚ ਵਰਤੀਆਂ ਜਾਂਦੀਆਂ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ 'ਮੁਲਜ਼ਮ ਨੇ ਪਹਿਲਾਂ ਆਪਣਾ ਨਾਮ ਵਿਜੇ ਦਾਸ ਦੱਸਿਆ ਸੀ ਅਤੇ ਬੰਗਲਾਦੇਸ਼ੀ ਮੂਲ ਦੇ ਹੋਣ ਦੇ ਸ਼ੱਕ ਦੇ ਆਧਾਰ 'ਤੇ ਇਸ ਮਾਮਲੇ 'ਚ ਪਾਸਪੋਰਟ ਐਕਟ ਨਾਲ ਸਬੰਧਤ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ। ਇਸ ਦੀ ਜਾਂਚ ਜਾਰੀ ਹੈ।

ਮੁੰਬਈ ਪੁਲਿਸ ਨੇ ਐਤਵਾਰ ਸਵੇਰੇ 3:30 ਵਜੇ ਮੁਲਜ਼ਮ ਨੂੰ ਪੁੱਛਗਿੱਛ ਲਈ ਬਾਂਦਰਾ ਪੁਲਿਸ ਸਟੇਸ਼ਨ ਲਿਆਂਦਾ ਸੀ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮ ਨੂੰ ਅੱਜ ਸਵੇਰੇ 11:00 ਵਜੇ ਤੱਕ ਬਾਂਦਰਾ ਹਾਲੀਡੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਬੀਤੀ (17 ਜਨਵਰੀ) ਰਾਤ ਨੂੰ ਪੁਲਿਸ ਨੇ ਮੁੰਬਈ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਬਾਂਦਰਾ ਥਾਣੇ ਲਿਆਂਦਾ ਸੀ। ਪੁਲਿਸ ਨੇ ਰਾਤ ਸਮੇਂ 15 ਤੋਂ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਪੁਲਿਸ ਨੇ ਸੀਸੀਟੀਵੀ ਫੁਟੇਜ ਵਿੱਚ ਕੈਦ ਮੁਲਜ਼ਮ ਦੀਆਂ ਤਸਵੀਰਾਂ ਦਿਖਾ ਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਸੀ।

ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਘਟਨਾ ਵੇਲੇ ਮੌਜੂਦ ਨਰਸ ਨੇ ਕੀ-ਕੀ ਦੱਸਿਆ ਸੀ

ਸੈਫ਼ ਅਲੀ ਖ਼ਾਨ ਦੇ ਘਰ ਨਰਸ ਵਜੋਂ ਕੰਮ ਕਰਨ ਵਾਲੀ ਈਲਆਮਾ ਫਿਲਿਪ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ , 16 ਜਨਵਰੀ ਨੂੰ ਰਾਤ 2 ਵਜੇ ਦੇ ਕਰੀਬ ਉਨ੍ਹਾਂ ਨੇ ਬਾਥਰੂਮ ਕੋਲ ਇੱਕ ਸ਼ਖ਼ਸ ਦਾ ਪਰਛਾਵਾਂ ਦੇਖਿਆ, ਜਿਸ ਨੇ ਟੋਪੀ ਪਾਈ ਹੋਈ ਸੀ।

ਈਲਆਮਾ ਫਿਲਿਪ ਸੈਫ਼ ਦੇ ਛੋਟੇ ਬੇਟੇ ਜਹਾਂਗੀਰ ਦਾ ਧਿਆਨ ਰੱਖਦੇ ਹਨ।

ਪੁਲਿਸ ਨੂੰ ਦਰਜ ਕਰਵਾਏ ਬਿਆਨ ਵਿੱਚ ਈਲਆਮਾ ਫਿਲਿਪ ਨੇ ਕਿਹਾ ਕਿ 11 ਵਜੇ ਉਨ੍ਹਾਂ ਨੇ ਜਹਾਂਗੀਰ ਨੂੰ ਖਾਣ ਖੁਆ ਕੇ ਸੁਆ ਦਿੱਤਾ। ਘਟਨਾ ਰਾਤ 2 ਵਜੇ ਵਾਪਰੀ ।

ਈਲਆਮਾ ਨੇ ਕਿਹਾ ਕਿ ਘੁਸਪੈਠੀਏ ਨੇ ਰੌਲਾ ਨਾ ਪਾਉਣ ਲਈ ਕਿਹਾ। ਇਸ ਮੌਕੇ ਜਹਾਂਗੀਰ ਦੀ ਨੈਨੀ ਜੂਨੂੰ ਵੀ ਮੌਕੇ ਉੱਤੇ ਮੌਜੂਦ ਸੀ ਅਤੇ ਘੁਸਪੈਠੀਏ ਨੇ ਦੋਵਾਂ ਔਰਤਾਂ ਨੂੰ ਧਮਕਾਇਆ।

ਦੱਸਿਆ ਗਿਆ ਕਿ ਘੁਸਪੈਠੀਏ ਕੋਲ ਇੱਕ ਹੱਥ ਵਿੱਚ ਲੱਕੜ ਦੀ ਕੋਈ ਚੀਜ਼ ਸੀ ਅਤੇ ਦੂਜੇ ਹੱਥ ਵੀ ਬਲੇਡਨੁਮਾ ਹਥਿਆਰ ਸੀ। ਖਿੱਚਧੂ ਦੌਰਾਨ ਹਮਲਾਵਰ ਨੇ ਈਲਆਮਾ ਦੇ ਖੱਬੇ ਹੱਥ ਉੱਤੇ ਸੱਟ ਮਾਰੀ ਅਤੇ 1 ਕਰੋੜ ਰੁਪਏ ਮੰਗੇ।

ਚੀਕਾਂ ਸੁਣ ਕੇ ਜੂਨੂੰ ਸੈਫ਼ ਅਤੇ ਕਰੀਨਾ ਕਪੂਰ ਦੇ ਕਮਰੇ ਵੱਲ ਦੌੜੀ, ਸੈਫ਼ ਅਲੀ ਖ਼ਾਨ ਨੇ ਘੁਸਪੈਠੀਏ ਨੂੰ ਪੁੱਛਿਆ,"ਤੁਸੀਂ ਕੌਣ ਹੋ ਅਤੇ ਕੀ ਚਾਹੁੰਦੇ ਹੋ।"

ਇਸ ਦੌਰਾਨ ਹਮਲਾਵਰ ਨੇ ਬਲੇਡ ਨਾਲ ਸੈਫ਼ ਉੱਤੇ ਹਮਲਾ ਕਰ ਦਿੱਤਾ। ਇੰਨੇ ਨੂੰ ਸਟਾਫ ਵੀ ਜਾਗ ਗਿਆ ਅਤੇ ਘੁਸਪੈਠੀਏ ਦੀ ਭਾਲ ਕਰਨ ਲੱਗਾ ਪਰ ਉਹ ਲੱਭਿਆ ਨਹੀਂ।

ਰਿਪੋਰਟ ਦੇ ਮੁਤਾਬਕ ਸੈਫ਼ ਅਲੀ ਖ਼ਾਨ ਨੂੰ ਗਰਦਨ ਪਿੱਛੇ, ਸੱਜੇ ਮੋਢੇ,ਖੱਬੇ ਗੁੱਟ ਅਤੇ ਕੂਹਣੀ ਉੱਤੇ ਸੱਟ ਲੱਗੀ ਹੈ।

ਡਿਪਟੀ ਕਮਿਸ਼ਨਰ ਪੁਲਿਸ ਦੀਕਸ਼ਿਤ ਗੇਡਾਮ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਡਿਪਟੀ ਕਮਿਸ਼ਨਰ ਪੁਲਿਸ ਦੀਕਸ਼ਿਤ ਗੇਡਾਮ

ਹਸਪਤਾਲ ਨੇ ਕੀ ਦੱਸਿਆ?

ਲੀਲਾਵਤੀ ਹਸਪਤਾਲ ਦੇ ਡਾਕਟਰ ਨਿਤਿਨ ਦਾਗੇ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਲੀਲਾਵਤੀ ਹਸਪਤਾਲ ਦੇ ਡਾਕਟਰ ਨਿਤਿਨ ਦਾਗੇ

ਲੀਲਾਵਤੀ ਹਸਪਤਾਲ ਦੇ ਡਾਕਟਰ ਨਿਤਿਨ ਦਾਗੇ ਨੇ ਕਿਹਾ ਸੀ ਕਿ ਸੈਫ਼ ਅਲੀ ਖ਼ਾਨ ਦੀ ਰੀਡ ਦੀ ਹੱਡੀ 'ਤੇ ਚਾਕੂ ਖੁਭਣ ਕਾਰਨ ਡੂੰਘੀ ਸੱਟ ਲੱਗੀ ਸੀ ਅਤੇ ਇਸ ਚਾਕੂ ਨੂੰ ਕੱਢਣ ਲਈ ਸਰਜਰੀ ਕੀਤੀ ਗਈ । ਉਨ੍ਹਾਂ ਮੁਤਾਬਕ ਖ਼ਾਨ ਦੇ ਖੱਬੇ ਹੱਥ ਅਤੇ ਗਰਦਨ 'ਤੇ ਸੱਟਾਂ ਲੱਗੀਆ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸਿਹਤ ਹੁਣ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ, ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉੱਤਮਣੀ ਨੇ ਦੱਸਿਆ, "ਸੈਫ਼ ਨੂੰ ਲਗਭਗ 3:30 ਵਜੇ ਦੇ ਕਰੀਬ ਲੀਲਾਵਤੀ ਹਸਪਤਾਲ ਲਿਆਂਦਾ ਗਿਆ ਸੀ।"

"ਉਨ੍ਹਾਂ ਨੂੰ ਛੇ ਥਾਵਾਂ 'ਤੇ ਸੱਟਾਂ ਲੱਗੀਆਂ ਸਨ, ਜਿਨ੍ਹਾਂ ਵਿੱਚੋਂ ਦੋ ਜ਼ਖ਼ਮ ਡੂੰਘੇ ਹਨ ਅਤੇ ਇੱਕ ਜ਼ਖ਼ਮ ਰੀੜ੍ਹ ਦੀ ਹੱਡੀ ਦੇ ਨੇੜੇ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)