ਟੋਰਾਂਟੋ ਵਿੱਚ ਜਹਾਜ਼ ਕਿਉਂ ਪਲਟਿਆ, ਸਾਰੇ ਸਵਾਰ ਯਾਤਰੀ ਸੁਰੱਖਿਅਤ ਕਿਵੇਂ ਬਚ ਨਿਕਲੇ

ਟੋਰਾਂਟੋ ਵਿੱਚ ਵਾਪਰੇ ਹਾਦਸੇ ਦੌਰਾਨ ਜਹਾਜ਼ ਪੂਰੀ ਤਰ੍ਹਾਂ ਪਲਟ ਗਿਆ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਟੋਰਾਂਟੋ ਵਿੱਚ ਵਾਪਰੇ ਹਾਦਸੇ ਦੌਰਾਨ ਜਹਾਜ਼ ਪੂਰੀ ਤਰ੍ਹਾਂ ਪਲਟ ਗਿਆ
    • ਲੇਖਕ, ਜੇਮਸ ਫਿਟਜ਼ਗੇਰਾਲਡ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਟੋਰਾਂਟੋ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਲੈਂਡ ਹੋਣ ਵੇਲੇ ਅਚਾਨਕ ਪਲਟ ਗਿਆ। ਇਸ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਜ਼ਖ਼ਮੀ ਹੋਏ ਹਨ।

ਇਨ੍ਹਾਂ ਯਾਤਰੀਆਂ ਨੇ ਆਪਣੇ ਸੁਰੱਖਿਅਤ ਬਾਹਰ ਨਿਕਲਣ 'ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ।

ਜਦੋਂ ਇਹ ਹਾਦਸਾ ਵਾਪਰਿਆ ਤਾਂ ਲੈਡਿੰਗ ਦੌਰਾਨ ਡੈਲਟਾ ਫਲਾਈਟ ਰਨਵੇਅ ਨਾਲ ਟਕਰਾਈ ਤਾਂ ਇਸ ਵਿੱਚ ਅੱਗ ਲੱਗ ਗਈ ਅਤੇ ਜਹਾਜ਼ ਰਨਵੇਅ ਉਪਰ ਦੂਰ ਤੱਕ ਖਿਸਕਦਾ ਗਿਆ। ਜਹਾਜ਼ ਦੇ ਪਲਟਣ ਤੋਂ ਬਾਅਦ ਇਹ ਇੱਕ ਥਾਂ ਉਪਰ ਰੁਕ ਗਿਆ।

ਇਸ ਹਾਦਸੇ ਵਿੱਚ ਜਹਾਜ਼ ਦੀ ਪੂੰਛ (ਪਿਛਲਾ ਹਿੱਸਾ) ਅਤੇ ਇਸ ਦਾ ਇੱਕ ਖੰਭ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਦੋਂ ਇਹ ਜਹਾਜ਼ ਪਲਟਿਆ ਤਾਂ 80 ਸਵਾਰ ਲੋਕਾਂ ਵਿੱਚੋਂ ਕੁਝ ਆਪਣੀਆਂ ਸੀਟਾਂ 'ਤੇ ਬੈਲਟ ਬੰਨ੍ਹਣ ਕਾਰਨ ਉਲਟੇ ਲਟਕੇ ਹੋਏ ਸਨ।

ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਬਰਫ਼ੀਲਾ ਮੌਸਮ ਇਸ ਹਾਦਸੇ ਦਾ ਮੁੱਖ ਜ਼ਿੰਮੇਵਾਰ ਹੈ, ਜਿਸ ਕਰ ਕੇ ਜਹਾਜ਼ ਇੰਨੇ ਬੁਰੇ ਤਰੀਕੇ ਨਾਲ ਲੈਂਡ ਹੋਇਆ। ਉਨ੍ਹਾਂ ਨੇ ਲੋਕਾਂ ਦੀ ਜਾਨ ਬਚਾਉਣ ਦਾ ਸਿਹਰਾ ਵੀ ਜਹਾਜ਼ ਦੇ ਸੈਫਟੀ ਫੀਚਰਾਂ ਨੂੰ ਦਿੱਤਾ।

ਹਾਦਸਾ ਵਾਪਰਨ ਵੇਲੇ ਕੀ ਹੋਇਆ?

ਹਾਦਸੇ ਵੇਲੇ ਜਹਾਜ਼ ਪੂਰੀ ਤਰ੍ਹਾਂ ਪਲਟ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਦਸੇ ਵੇਲੇ ਜਹਾਜ਼ ਪੂਰੀ ਤਰ੍ਹਾਂ ਪਲਟ ਗਿਆ

ਇਹ ਹਾਦਸਾ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ 14:00 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰਿਆ।

ਇਸ ਜਹਾਜ਼ ਦਾ ਮਾਡਲ CRJ-900 ਸੀ, ਜੋ ਡੈਲਟਾ ਏਅਰ ਲਾਈਨਜ਼ ਦੀ ਉਡਾਣ DL4819 ਵਜੋਂ ਕੰਮ ਕਰਦਾ ਸੀ।

ਇਹ ਜਹਾਜ਼ ਅਮਰੀਕਾ ਦੇ ਸ਼ਹਿਰ ਮਿਨੀਆਪੋਲਿਸ ਤੋਂ ਟੋਰਾਂਟੋ ਪਹੁੰਚਿਆ ਸੀ, ਜਿਸ ਵਿੱਚ 76 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ।

ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਦੁਆਰਾ ਲਾਇਸੰਸਸ਼ੁਦਾ ਪੱਤਰਕਾਰ ਅਤੇ ਪਾਇਲਟ ਡੈਨ ਰੋਨਨ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਵੇਂ ਹੀ ਇਹ ਉਤਰਿਆ ਤਾਂ ਜਹਾਜ਼ ਰਨਵੇਅ ਨਾਲ ਟਕਰਾਇਆ, ਕੁਝ ਦੂਰੀ ਤੱਕ ਖਿਸਕਦਾ ਗਿਆ ਅਤੇ ਫਿਰ ਪਲਟ ਗਿਆ।

ਟੀਐੱਮਜ਼ੈੱਡ ਦੁਆਰਾ ਪ੍ਰਾਪਤ ਫੁਟੇਜ ਵਿੱਚ ਲੈਂਡਿੰਗ ਦੇ ਸਮੇਂ ਜਹਾਜ਼ ਦੇ ਕੁਝ ਹਿੱਸੇ ਨੂੰ ਅੱਗ ਲੱਗਦੀ ਦਿਖਾਈ ਦਿੰਦੀ ਹੈ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੁਰੰਤ ਪਹੁੰਚੇ।

ਯਾਤਰੀ ਪੀਟ ਕਾਰਲਸਨ ਨੇ ਸੀਬੀਸੀ ਨੂੰ ਦੱਸਿਆ ਕਿ ਇਹ "ਬਹੁਤ ਜ਼ਬਰਦਸਤ ਘਟਨਾ" ਸੀ। ਉਨ੍ਹਾਂ ਨੇ ਗੱਲਬਾਤ ਕਰਦਿਆਂ "ਕੰਕਰੀਟ ਅਤੇ ਧਾਤ" ਦੀ ਆਵਾਜ਼ ਨੂੰ ਯਾਦ ਕੀਤਾ।

ਉਹ ਅਤੇ ਹੋਰ ਸਵਾਰ ਯਾਤਰੀ ਘਟਨਾ ਦੌਰਾਨ ਆਪਣੀਆਂ ਸੀਟਾਂ 'ਤੇ ਉਲਟੇ ਲਟਕ ਗਏ ਸਨ।

ਜਹਾਜ਼ ਵਿਚ ਸਵਾਰ ਸਾਰੇ 80 ਲੋਕ ਬਚ ਗਏ। ਮੰਗਲਵਾਰ ਸਵੇਰੇ ਡੈਲਟਾ ਨੇ ਦੱਸਿਆ ਕਿ 21 ਜ਼ਖਮੀ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਲਈ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 19 ਨੂੰ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।

ਡੈਲਟਾ ਨੇ ਇਸ ਘਟਨਾ ਸਬੰਧੀ ਹੋਰ ਅਪਡੇਟ ਦੇਣ ਦਾ ਵਾਅਦਾ ਕੀਤਾ ਹੈ।

ਇਹ ਜਹਾਜ਼ ਕਿਵੇਂ ਪਲਟਿਆ?

ਹਾਦਸਾਗ੍ਰਸਤ ਜਹਾਜ਼

ਤਸਵੀਰ ਸਰੋਤ, Getty Images

ਬੀਬੀਸੀ ਵੈਰੀਫਾਈ ਨੇ ਜਹਾਜ਼ ਅਤੇ ਹਵਾਈ ਆਵਾਜਾਈ ਕੰਟਰੋਲ ਵਿਚਕਾਰ ਸੰਚਾਰ ਦੀਆਂ ਰਿਕਾਰਡਿੰਗਾਂ ਦਾ ਵਿਸ਼ਲੇਸ਼ਣ ਕੀਤਾ ਹੈ।

ਇਸ ਵਿਚਾਰ-ਵਟਾਂਦਰੇ ਦੇ ਕਿਸੇ ਵੀ ਬਿੰਦੂ 'ֹਤੇ ਅਜਿਹਾ ਕੁਝ ਨਹੀਂ ਲੱਗਿਆ ਜਿਸ ਤੋਂ ਇਹ ਪਤਾ ਲੱਗੇ ਕਿ ਲੈਂਡਿੰਗ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ਦਾ ਖਦਸ਼ਾ ਨਹੀਂ ਸੀ।

ਇਸ ਗੱਲ ਦੀ ਪੁਸ਼ਟੀ ਇੱਕ ਸਾਬਕਾ ਪਾਇਲਟ ਅਤੇ ਬ੍ਰਿਟੇਨ ਵਿੱਚ ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਦੇ ਇੱਕ ਸੀਨੀਅਰ ਲੈਕਚਰਾਰ ਮਾਰਕ ਚੈਨ ਅਤੇ ਜਹਾਜ਼ ਹਾਦਸੇ ਦੇ ਜਾਂਚਕਰਤਾ ਇਸਮੋ ਅਲਟੋਨੇਨ ਦੁਆਰਾ ਕੀਤੀ ਗਈ ਸੀ, ਜਿਨ੍ਹਾਂ ਨੇ ਆਡੀਓ ਰਿਕਾਰਡਿੰਗ ਵੀ ਸੁਣੀ ਸੀ।

ਚੈਨ ਨੇ ਇਹ ਵੀ ਕਿਹਾ ਕਿ ਇੰਜ ਜਾਪਦਾ ਹੈ ਕਿ ਜਹਾਜ਼ ਨੇ ਇੱਕ ਸਖ਼ਤ ਲੈਂਡਿੰਗ ਕੀਤੀ ਹੈ, ਜਿਸ ਵਿੱਚ ਅਸਧਾਰਨ ਤੌਰ 'ਤੇ ਹੇਠਾਂ ਉਤਰਨ ਦੀ ਦਰ ਸ਼ਾਮਲ ਹੈ।

ਚੈਨ ਨੇ ਬੀਬੀਸੀ ਨੂੰ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਪਹਿਲਾਂ ਜਹਾਜ਼ ਦਾ ਇੱਕ ਪਹੀਏ ਰਨਵੇਅ ਨੂੰ ਛੂਹਿਆ ਹੋਵੇਗਾ, ਜਿਸ ਕਾਰਨ ਲੈਂਡਿੰਗ ਗਿਅਰ ਪ੍ਰਭਾਵ ਨਾਲ ਡਿੱਗ ਗਿਆ ਹੋਵੇਗਾ।

ਇਸ ਨਾਲ ਸੱਜਾ ਵਿੰਗ ਰਨਵੇਅ ਨਾਲ ਟਕਰਾ ਸਕਦਾ ਸੀ ਅਤੇ ਬਦਲੇ ਵਿੱਚ ਜਹਾਜ਼ ਪਲਟੀਆਂ ਖਾ ਸਕਦਾ ਸੀ।

ਮੌਸਮ ਵੀ ਅਹਿਮ ਰਿਹਾ ਹੋਵੇਗਾ। ਹਵਾਈ ਅੱਡੇ ਦੇ ਫਾਇਰ ਚੀਫ ਨੇ ਦੱਸਿਆ ਕਿ ਘਟਨਾ ਦੇ ਸਮੇਂ ਰਨਵੇਅ ਸੁੱਕਾ ਪਿਆ ਸੀ।

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਹਾਲਾਂਕਿ ਹਾਲ ਹੀ ਵਿੱਚ ਭਾਰੀ ਬਰਫ਼ਬਾਰੀ ਰੁਕ ਗਈ ਸੀ ਪਰ "ਠੰਢਾ ਤਾਪਮਾਨ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ"।

ਸੀਐੱਨਐੱਨ ਦੀ ਰਿਪੋਰਟ ਮੁਤਾਬਕ ਜਿਵੇਂ ਹੀ ਜਹਾਜ਼ ਜ਼ਮੀਨ ਉਪਰ ਆਇਆ, ਹਵਾਈ ਆਵਾਜਾਈ ਕੰਟਰੋਲਰਾਂ ਨੇ ਪਾਇਲਟਾਂ ਨੂੰ 38 ਮੀਲ ਪ੍ਰਤੀ ਘੰਟੇ (61ਕਿਮੀ/ਘੰਟਾ) ਦੀ ਰਫ਼ਤਾਰ ਅਤੇ ਗਲਾਈਡ ਮਾਰਗ ਵਿੱਚ ਮਾਮੂਲੀ ਟੱਕਰ ਦੀ ਸੰਭਾਵਨਾ ਦੇ ਬਾਰੇ ਦੱਸਿਆ।

ਰੋਨਨ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪਾਇਲਟਾਂ ਨੇ ਉਹ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਕੇਕੜਾ ਚਾਲ ਕਿਹਾ ਜਾਂਦਾ ਹੈ।

ਇਸ ਵਿੱਚ ਇੱਕ ਜਹਾਜ਼ ਨੂੰ ਹਵਾ ਵਿੱਚ ਮੋੜਨਾ ਅਤੇ ਫਿਰ ਆਖਰੀ ਸਮੇਂ 'ਤੇ ਸਿੱਧਾ ਰਨਵੇਅ 'ਤੇ ਲਿਆਉਣਾ ਸ਼ਾਮਲ ਹੈ।

ਜਹਾਜ਼ ਵਿੱਚ ਸਵਾਰ ਸਾਰੇ ਲੋਕ ਕਿਵੇਂ ਸੁਰੱਖਿਅਤ ਬਚੇ

ਸੁਰੱਖਿਆ ਕਰਮੀਆਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੁਰੱਖਿਆ ਕਰਮੀਆਂ ਨੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਰੋਨਨ ਨੇ ਬੀਬੀਸੀ ਨੂੰ ਦੱਸਿਆ, "ਇਸ ਦੀ ਪੂਰੀ ਤਰ੍ਹਾਂ ਬਚਣ ਦੀ ਸਮਰੱਥਾ ਅਸਲ ਵਿੱਚ ਹੈਰਾਨੀਜਨਕ ਹੈ। ਉਨ੍ਹਾਂ ਦੱਸਿਆ ਕਿ ਹਵਾਈ ਜਹਾਜ਼ ਦਾ ਢਾਂਚਾ ਨੁਕਸਾਨਿਆ ਨਹੀਂ ਗਿਆ ਤੇ ਉਸ ਦੀ ਬਾਕੀ ਬੌਡੀ ਬਰਕਰਾਰ ਸੀ।

ਹੋਰ ਟਿੱਪਣੀਕਾਰਾਂ ਨੇ ਕਰਾਫਟ ਦੇ ਸੇਫਟੀ ਫਿਚਰਾਂ ਦੀ ਸ਼ਲਾਘਾ ਕੀਤੀ ਹੈ।

ਸੀਐਨਐਨ ਦੇ ਵਿਸ਼ਲੇਸ਼ਕ ਅਤੇ ਸਾਬਕਾ ਐਫਏਏ ਇੰਸਪੈਕਟਰ ਡੇਵਿਡ ਸੌਸੀ ਨੇ ਕਿਹਾ ਕਿ ਜਹਾਜ਼ ਟੁੱਟ ਗਿਆ ਸੀ ਅਤੇ ਇਸ ਦੇ ਖੰਭ ਵੱਖ ਹੋਣ ਕਾਰਨ ਜਹਾਜ਼ ਦਾ ਢਾਂਚਾ ਟੁੱਟਣ ਤੋਂ ਬਚ ਗਿਆ।

ਯੂਕੇ ਦੀ ਕ੍ਰੈਨਫੀਲਡ ਯੂਨੀਵਰਸਿਟੀ ਵਿੱਚ ਸੁਰੱਖਿਆ ਅਤੇ ਦੁਰਘਟਨਾ ਜਾਂਚ ਦੇ ਪ੍ਰੋਫੈਸਰ ਗ੍ਰਾਹਮ ਬ੍ਰੈਥਵੇਟ ਨੇ ਕਿਹਾ ਕਿ ਜਹਾਜ਼ਾਂ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਸੀ ਕਿ ਦੁਰਘਟਨਾ ਵਿੱਚ ਸ਼ਾਮਲ ਯਾਤਰੀ ਸੱਟ ਲੱਗਣ ਦੀ ਸੰਭਾਵਨਾ ਵਾਲੀਆਂ ਚੀਜ਼ਾਂ ਨਾਲ ਨਾ ਟਕਰਾਉਣ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, "ਇੱਥੋਂ ਤੱਕ ਕਿ ਸੀਟ ਦੇ ਪਿਛਲੇ ਹਿੱਸੇ ਜਾਂ ਟਰੇਅ ਟੇਬਲ ਦਾ ਡਿਜ਼ਾਈਨ ਵੀ ਇਸ ਗੱਲ ਦਾ ਹਿੱਸਾ ਹੈ ਕਿ ਅਸੀਂ ਉਸ ਸਥਾਨ ਨੂੰ ਸੁਰੱਖਿਅਤ ਰੱਖਣ ֹ'ਤੇ ਕਿਵੇਂ ਦੇ ਵਿਚਾਰ ਕਰਦੇ ਹਾਂ।"

ਉਨ੍ਹਾਂ ਅੱਗੇ ਕਿਹਾ, "ਲੋਕਾਂ ਕੋਲ ਜੋ ਸੀਟ ਬੈਲਟ ਹੈ ਉਹ ਬਹੁਤ ਮਹੱਤਵਪੂਰਨ ਹੈ, ਇਹੀ ਉਹ ਆਖਰੀ ਚੀਜ਼ ਹੈ, ਜੋ ਲੋਕਾਂ ਨੂੰ ਇਸ ਤਰ੍ਹਾਂ ਕੈਬਿਨ ਦੇ ਚਾਰੇ ਪਾਸਿਓਂ ਘੁੰਮਣ ਤੋਂ ਰੋਕਦੀ ਹੈ।"

ਪਲਟੇ ਹੋਏ ਹਵਾਈ ਜਹਾਜ਼ ਤੋਂ ਸਾਰਿਆਂ ਨੂੰ ਤੁਰੰਤ ਉਤਾਰਨ 'ਤੇ ਫਲਾਈਟ ਅਟੈਂਡੇਂਟ ਦੀ ਵੀ ਸ਼ਲਾਘਾ ਕੀਤੀ ਗਈ ਹੈ।

ਕੁਝ ਹੀ ਮਿੰਟਾਂ ਵਿੱਚ ਘਟਨਾ ਸਥਾਨ 'ਤੇ ਪਹੁੰਚਣ ਤੋਂ ਬਾਅਦ ਹਵਾਈ ਅੱਡੇ ਦੇ ਮੁਖੀ ਵੱਲੋਂ ਜ਼ਮੀਨ 'ਤੇ ਮੌਜੂਦ ਐਮਰਜੈਂਸੀ ਦਲ ਨੂੰ 'ਹੀਰੋ' ਕਰਾਰ ਦਿੱਤਾ ਗਿਆ।

ਕਾਰਲਸਨ ਨੇ ਕਿਹਾ ਕਿ ਯਾਤਰੀਆਂ ਨੇ ਖੁਦ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਮਿਲ ਕੇ ਕੰਮ ਕੀਤਾ ਹੈ।

ਸੀਟਾਂ ਨੇ ਕਿਵੇਂ ਮਦਦ ਕੀਤੀ

ਜਹਾਜ਼

ਤਸਵੀਰ ਸਰੋਤ, Getty Images

ਰੋਨਨ ਨੇ ਜਹਾਜ਼ ਦੀਆਂ ਉੱਚ-ਪ੍ਰਭਾਵ ਵਾਲੀਆਂ 16 ਜੀ ਸੀਟਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ, ਜਿਸ ਬਾਰੇ ਉਨ੍ਹਾਂ ਕਿਹਾ ਕਿ "ਬਹੁਤ ਵੱਡੇ ਪ੍ਰਭਾਵ ਨੂੰ ਸਹਿਣ ਲਈ ਇਨ੍ਹਾਂ ਨੂੰ ਡਿਜ਼ਾਇਨ ਕੀਤਾ ਗਿਆ ਹੈ।"

ਸੀਟਾਂ ਗੁਰੂਤਾ ਸ਼ਕਤੀ ਦੇ 16 ਗੁਣਾ ਦੀ ਗਿਰਾਵਟ ਦਾ ਸਾਹਮਣਾ ਕਰ ਸਕਦੀਆਂ ਹਨ ਅਤੇ ਕਰੈਸ਼ ਡਾਇਨਾਮਿਕਸ ਨੂੰ ਮਾਡਲ ਕਰਨ ਲਈ ਮਨੁੱਖੀ ਡੰਮੀ ਦੀ ਵਰਤੋਂ ਕਰਕੇ ਸਖ਼ਤ ਟੈਸਟ ਪਾਸ ਕੀਤਾ ਜਾਂਦਾ ਹੈ।

ਕੈਂਪਬੈਲ ਨੇ ਕਿਹਾ ਪਿਛਲੇ ਹਾਦਸਿਆਂ ਵਿੱਚ ਐਫਏਏ ਨੇ ਹਵਾਈ ਜਹਾਜ਼ਾਂ ਦੇ ਸਾਹਮਣੇ ਸੀਟਾਂ ਦੇ ਢੇਰ ਵੇਖਿਆ ਸੀ ਅਤੇ ਕਈ ਮਾਮਲਿਆਂ ਵਿੱਚ ਲਾਸ਼ਾਂ ਅਜੇ ਵੀ ਜੁੜੀਆਂ ਹੋਈਆਂ ਸਨ।

ਰੋਨਨ ਨੇ ਕਿਹਾ ਕਿ ਨਿਯਮ "ਸੀਟ ਨੂੰ ਜਗ੍ਹਾ 'ਤੇ ਰੱਖਦੇ ਹਨ ਅਤੇ ਉਸ ਨੂੰ ਫਰਸ਼ 'ਤੇ ਬੰਨ੍ਹ ਕੇ ਰੱਖਦੇ ਹਨ। ਇਸ ਲਈ ਤੁਹਾਡੀ ਸੀਟ ਵਿੱਚ ਹੀ ਉੱਚ ਪੱਧਰ 'ਤੇ ਜਿੰਦਾ ਰਹਿਣ ਦੀ ਸਮਰੱਥਾ ਹੁੰਦੀ ਹੈ ਅਤੇ ਤੁਹਾਡੀ ਸੀਟ ਦੇ ਵੱਖਰੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਕੈਂਪਬੇਲ ਨੇ ਕਿਹਾ, "ਇਸ ਦੇ ਨਤੀਜੇ ਵਜੋਂ ਹਵਾਈ ਜਹਾਜ਼ ਬਹੁਤ ਜ਼ਿਆਦਾ ਸੁਰੱਖਿਅਤ ਹਨ ਅਤੇ ਇਹ ਕਾਰਕ ਇਸ ਹਾਦਸੇ ਵਿੱਚ ਸੁਰੱਖਿਆ ਨੂੰ ਬਿਹਤਰ ਬਣਾਉਣ ਵਿੱਚ "ਬਿਲਕੁਲ" ਭੂਮਿਕਾ ਨਿਭਾ ਰਹੇ ਸਨ।

ਰੋਨਨ ਨੇ ਕਿਹਾ, "ਇਹ ਅਸਲ ਵਿੱਚ ਕਮਾਲ ਦੀ ਗੱਲ ਹੈ ਕਿ ਸੀਟਾਂ ਨੇ ਉਹੀ ਕੀਤਾ, ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ, ਉਹ ਆਪਣੀ ਥਾਂ ਉਪਰ ਬਰਕਰਾਰ ਰਹੀਆਂ... ਸੀਟ ਬੈਲਟਾਂ ਨੇ ਉਸੇ ਤਰ੍ਹਾਂ ਕੰਮ ਕੀਤਾ ਜਿਵੇਂ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ ਅਤੇ ਸੀਟਾਂ ਫਰਸ਼ ਤੋਂ ਵੱਖ ਨਹੀਂ ਹੋਈਆਂ।"

"ਸੋਚੋ ਜੇ ਸੀਟ ਵੱਖ ਹੋ ਜਾਂਦੀ ਤਾਂ ਸਾਡੇ ਸਿਰ ਵਿੱਚ ਕਿੰਨੀਆਂ ਸੱਟਾਂ ਲੱਗੀਆਂ ਸਨ, ਰੀੜ ਦੀ ਹੱਡੀ ਵਿੱਚ ਕਿੰਨੀਆਂ ਸੱਟਾਂ ਲੱਗੀਆਂ ਸੀ।"

ਹਾਲ ਹੀ ਵਿੱਚ ਹੋਰ ਕਿਹੜੇ ਜਹਾਜ਼ ਹਾਦਸੇ ਹੋਏ ਹਨ

ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਉੱਤਰੀ ਅਮਰੀਕਾ ਵਿੱਚ ਵਾਪਰਿਆ ਵੱਡਾ ਹਵਾਈ ਹਾਦਸਾ ਹੈ ਅਤੇ ਹੋਰ ਹੋਈਆਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

29 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਨੇੜੇ ਹਵਾ ਵਿੱਚ ਦੋ ਜਹਾਜ਼ਾਂ ਦੇ ਆਪਸ ਵਿੱਚ ਟਕਰਾਉਣ ਦੀ ਘਟਨਾ ਵਾਪਰੀ ਸੀ। ਇਸ ਵਿੱਚ ਫੌਜੀ ਹੈਲੀਕਾਪਟਰ ਅਤੇ ਯਾਤਰੀ ਹਵਾਈ ਜਹਾਜ਼ ਵਿਚ ਸਵਾਰ ਸਾਰੇ 67 ਲੋਕਾਂ ਦੀ ਮੌਤ ਹੋ ਗਈ ਸੀ।

1 ਫਰਵਰੀ ਨੂੰ ਫਿਲਾਡੇਲਫਿਆ ਵਿੱਚ ਛੇ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਮੈਡੀਕਲ ਟਰਾਂਸਪੋਰਟੇਸ਼ਨ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਜ਼ਮੀਨ 'ਤੇ ਮੌਜੂਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।

6 ਫਰਵਰੀ ਨੂੰ ਅਲਾਸਕਾ ਵਿੱਚ ਇੱਕ ਛੋਟਾ ਜਹਾਜ਼ ਡਿੱਗਣ ਕਾਰਨ ਸਾਰੇ 10 ਲੋਕ ਮਾਰੇ ਗਏ ਸਨ।

ਇਹ ਘਟਨਾਵਾਂ ਦਸੰਬਰ ਵਿੱਚ ਦੱਖਣੀ ਕੋਰੀਆ ਵਿੱਚ ਇੱਕ ਹੋਰ ਹਾਈ-ਪ੍ਰੋਫਾਈਲ ਹਾਦਸੇ ਤੋਂ ਬਾਅਦ ਵਾਪਰੀਆਂ, ਜਿਸ ਵਿੱਚ 179 ਲੋਕ ਮਾਰੇ ਗਏ ਸਨ।

ਇਨ੍ਹਾਂ ਘਟਨਾਵਾਂ ਦੇ ਬਾਵਜੂਦ ਮਾਹਿਰ ਕਹਿੰਦੇ ਹਨ ਕਿ ਹਵਾਈ ਯਾਤਰਾ ਬਹੁਤ ਜ਼ਿਆਦਾ ਸੁਰੱਖਿਅਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)