ਜਲੰਧਰ ਦੇ ਗੁਰਾਇਆ ਦੇ ਗੁਰਦੁਆਰੇ ਵਿੱਚ ਬੇਅਦਬੀ ਦੀ ਘਟਨਾ, ਮੁਲਜ਼ਮ ਕਾਬੂ

- ਲੇਖਕ, ਪਰਦੀਪ ਪੰਡਿਤ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਜਲੰਧਰ ਦੇ ਗੁਰਾਇਆ ਵਿੱਚ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ।
ਜਲੰਧਰ ਦੇਹਾਤੀ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਜਾਣਕਾਰੀ ਦਿੱਤੀ ਹੈ ਕਿ ਬੇਅਦਬੀ ਦੀ ਇਸ ਘਟਨਾ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹਾਲਾਤ ਕਾਬੂ ਵਿੱਚ ਹਨ।
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ।

ਤਸਵੀਰ ਸਰੋਤ, Pradeep Pandit/BBC
ਉਨ੍ਹਾਂ ਨੇ ਕਿਹਾ, "ਦੋ ਪਰਵਾਸੀ ਮਜ਼ਦੂਰਾਂ ਨੇ ਕਾਫੀ ਹੁੱਲੜਬਾਜ਼ੀ ਕੀਤੀ,ਗੁਰਦੁਆਰੇ ਦੇ ਜ਼ਿੰਦੇ ਤੋੜ ਦਿੱਤੇ। ਅੰਦਰ ਵੜ ਕੇ ਉਨ੍ਹਾਂ ਨੇ ਗੁਟਕੇ ਖਾਦੇ, ਤੰਬਾਕੂ ਖਾਦਾ, ਸ਼ਰਾਬ ਪੀਤੀ, ਮਹਾਰਾਜ ਦੇ ਰੁਮਾਲੇ ਉਥਲ-ਪੁਥਲ ਕੀਤੇ, ਪੋਥੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਗੁਟਕੇ ਵੀ ਇਧਰ-ਉਧਰ ਚੁੱਕ ਕੇ ਸੁੱਟੇ ਹਨ।"
"ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਇਨ੍ਹਾਂ ਬਾਰੇ ਪਤਾ ਸਾਢੇ ਵਜੇ ਲੱਗਾ। ਜ਼ਿੰਦਾ ਰੁਜ਼ਾਨਾ ਵਾਂਗ ਮੈਂ ਹੀ ਖੋਲ੍ਹਦਾ, ਜਦੋਂ ਮੈਂ ਜ਼ਿੰਦੇ ਖੁੱਲ੍ਹੇ ਸੀ ਤਾਂ ਮੈਨੂੰ ਸ਼ੱਕ ਹੋ ਗਿਆ ਕਿਉਂਕਿ ਉਦਾਂ ਤਾਂ ਖੁੱਲ੍ਹ ਨਹੀਂ ਸਕਦੇ ਸੀ ਕਿਉਂਕਿ ਚਾਬੀ ਮੇਰੇ ਕੋਲ ਹੁੰਦੀ ਹੈ।"
"ਇੱਕ ਮੁਲਜ਼ਮ ਅਸੀਂ ਨਗਰਵਾਸੀਆਂ ਨੇ ਸਹਿਯੋਗ ਨਾਲ ਕਾਬੂ ਕਰ ਲਿਆ ਅਤੇ ਦੂਜਾ ਜੋ ਫਰਾਰ ਸੀ ਜੋ ਪ੍ਰਸ਼ਾਸਨ ਨੇ ਕਾਬੂ ਕਰ ਲਿਆ ਹੈ।"
ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਸਰਕਾਰ ਇਨ੍ਹਾਂ ਨੂੰ ਨੱਥ ਪਾਵੇ ਨਹੀਂ ਤਾਂ ਜਥੇਬੰਦੀਆਂ ਬੈਠੀਆਂ... ਫਿਰ ਅਸੀਂ ਅੱਤਵਾਦੀ ਤੇ ਵੱਖਵਾਦੀ ਗਿਣੇ ਜਾਂਦੇ ਹਾਂ। ਅੱਗੇ ਵੀ ਇੰਨੀਆਂ ਬੇਅਦਬੀਆਂ ਹੋਈਆਂ ਕੋਈ ਇਨਸਾਫ਼ ਨਹੀਂ ਮਿਲਿੀਆ।"

ਤਸਵੀਰ ਸਰੋਤ, Pradeep Pandit/BBC
ਐੱਸਐੱਸਪੀ ਦਿਹਾਤੀ ਜਲੰਧਰ ਸਵਰਨਦੀਪ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ, "ਸਾਨੂੰ ਜਾਣਕਾਰੀ ਮਿਲੀ ਕਿ ਇੱਥੇ ਗੁਰਦੁਆਰਾ ਸਾਹਿਬ ਵਿੱਚ ਕੁਝ ਬੰਦੇ ਅੰਦਰ ਵੜ ਗਏ ਹਨ, ਜੋ ਸ਼ਰਾਬੀ ਹਾਲਤ ਵਿੱਚ ਸਨ। ਉਨ੍ਹਾਂ ਨੇ ਗੋਲਕ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਏ।"
"ਫਿਰ ਉਨ੍ਹਾਂ ਨੇ ਉੱਥੇ ਬੈਠ ਕੇ ਸ਼ਰਾਬ ਪੀਤੀ ਅਤੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਾਲਿਆਂ ਨੇ ਥਾਣੇ ਦੱਸਿਆ ਤੇ ਗੋਰਾਇਆ ਦੇ ਐੱਸਐੱਚਓ ਨੇ ਫੌਰਨ ਪਹੁੰਚ ਕੇ ਕਾਰਵਾਈ ਕੀਤੀ।"

ਤਸਵੀਰ ਸਰੋਤ, Pradep Pandit/BBC
"ਇੱਕ ਬੰਦਾ ਇਨ੍ਹਾਂ ਨੇ ਕਾਬੂ ਕਰ ਲਿਆ ਸੀ ਅਤੇ ਇੱਕ ਫਰਾਰ ਸੀ ਜਿਸ ਨੂੰ ਅਸੀਂ ਬਾਅਦ ਵਿੱਚ ਕਾਬੂ ਕਰ ਲਿਆ।"
ਉਨ੍ਹਾਂ ਨੇ ਅੱਗੇ ਕਿਹਾ, "ਹਾਲਾਤ ਬਿਲਕੁਲ ਕਾਬੂ ਵਿੱਚ ਹਨ। ਪਹੁੰਚੀਆਂ ਜਥੇਬੰਦੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ। ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"
ਐੱਸਐੱਸਪੀ ਨੇ ਕਿਹਾ ਕਿ ਫਿਲਹਾਲ ਤਾਂ ਚੋਰੀ ਦੀ ਮਨਸ਼ਾ ਹੀ ਲੱਗ ਰਹੀ ਹੈ ਬਾਕੀ ਜਾਂਚ ਵਿੱਚ ਪਤਾ ਲੱਗੇਗਾ ਕਿ ਅਸਲ ਮਨਸ਼ਾ ਕੀ ਸੀ।

ਤਸਵੀਰ ਸਰੋਤ, Pradeep Pandit/BBC

ਮੁੱਖ ਬਿੰਦੂ
- ਜਲੰਧਰ ਦੇ ਗੁਰਾਇਆ ਵਿੱਚ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ।
- ਬੇਅਦਬੀ ਦੀ ਇਸ ਘਟਨਾ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹਾਲਾਤ ਕਾਬੂ ਵਿੱਚ ਹਨ।
- ਐੱਸਐੱਸਪੀ ਨੇ ਕਿਹਾ ਕਿ ਫਿਲਹਾਲ ਤਾਂ ਚੋਰੀ ਦੀ ਮਨਸ਼ਾ ਹੀ ਲੱਗ ਰਹੀ ਹੈ ਬਾਕੀ ਜਾਂਚ ਵਿੱਚ ਪਤਾ ਲੱਗੇਗਾ ਕਿ ਅਸਲ ਮਨਸ਼ਾ ਕੀ ਸੀ।
- ਬੇਅਦਬੀ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਸ਼ੇਅਰ ਹੋਈ ਹੈ।
- ਸਿਆਸੀ ਹਸਤੀਆਂ ਨੇ ਵੀ ਇਸ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
- ਪੰਜਾਬ ਵਿੱਚ ਪਹਿਲਾਂ ਅਜਿਹੀਆਂ ਬੇਅਦਬੀ ਦੀਆਂ ਘਟਨਾਵਨਾਂ ਸਾਹਮਣੇ ਆਈਆਂ ਹਨ।

ਬੇਅਦਬੀ ਦੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਸ਼ੇਅਰ ਹੋਈ ਹੈ। ਸਿਆਸੀ ਹਸਤੀਆਂ ਨੇ ਵੀ ਇਸ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ, “ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨਸੂਰਪੁਰ ਵਿੱਚ ਹੋਈ ਬੇਅਦਬੀ ਦੀ ਸਖ਼ਦ ਨਿੰਦਾ ਕਰਦਾ ਹਾਂ।”
ਉਨ੍ਹਾਂ ਵਲੋਂ ਇਸ ਮਾਮਲੇ ਵਿੱਚ ਇੱਕ ਟਵੀਟ ਕੀਤਾ ਗਿਆ। ਸੁਖਬੀਰ ਬਾਦਲ ਨੇ ਲਿਖਿਆ,“ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਾ ਹਾਂ ਕਿ ਡੀਜੀਪੀ ਪੰਜਾਬ ਨੂੰ ਦੋਸ਼ੀਆਂ ਖ਼ਿਲਾਫ਼ ਫ਼ੌਰੀ ਤੇ ਸਖ਼ਤ ਕਾਰਵਾਈ ਕਰਨ ਲਈ ਨਿਰਦੇਸ਼ ਦੇਣ।”
“ਇਹ ਦੁੱਖ ਭਰਿਆ ਕੰਮ ਨਾ ਮਾਫ਼ੀ ਯੋਗ ਹੈ।”

ਤਸਵੀਰ ਸਰੋਤ, Sukhbir Singh Badal/Twitter
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਮਾਮਲੇ ਦੀ ਨਿਖੇਦੀ ਕਰਦਿਆਂ ਟਵੀਟ ਕੀਤਾ।
ਉਨ੍ਹਾ ਲਿਖਿਆ,“ ਮੈਂ ਗੁਰਾਇਆ ਨੇੜੇ ਪਿੰਡ ਮਨਸੂਰਪੁਰ ਵਿੱਚ ਹੋਈ ਬੇਅਦਬੀ ਦੀ ਘਟਨਾ ਦੀ ਨਿਖੇਦੀ ਕਰਦਾ ਹਾਂ।”
“ਦੋਸ਼ੀਆਂ ਨੂੰ ਜ਼ਿਕਰਯੋਗ ਸਜ਼ਾ ਮਿਲਣੀ ਚਾਹੀਦੀ ਹੈ। ਇਹ ਜਾਣਬੁੱਝ ਕੇ ਕੀਤਾ ਗਿਆ ਭੜਕਾਉਣ ਵਾਲਾ ਕੰਮ ਹੈ ਜੋ ਮਾਫ਼ੀ ਯੋਗ ਨਹੀਂ ਹੈ।”

ਤਸਵੀਰ ਸਰੋਤ, Amarinder Singh Raja Warring/Twittwr
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਬੇਅਦਬੀ ਦੀ ਸਖ਼ਤ ਨਿੰਦਾ ਕੀਤੀ ਹੈ
ਉਨ੍ਹਾਂ ਟਵੀਟ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਸਜ਼ਾ ਦੀ ਮੰਗ ਕੀਤੀ।
ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਆਖਿਰ ਵਾਰ-ਵਾਰ ਬੇਅਦਬੀ ਗੁਰਦੁਆਰਾ ਸਾਹਿਬ ਹੀ ਕਿਉਂ ਹੁੰਦੀ ਹੈ।

ਤਸਵੀਰ ਸਰੋਤ, Shiromani Gurdwara Parbandhak Committee/TWITTER












