ਪਾਕਿਸਤਾਨ: 125 ਸਾਲ ਪੁਰਾਣੇ ਗੁਰਦੁਆਰੇ ਦੇ ਇੱਕ ਹਿੱਸੇ ਨੂੰ ਢਾਹੁਣ ਦੇ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ

ਤਸਵੀਰ ਸਰੋਤ, video grab/X
ਇੱਕ ਸਥਾਨਕ ਕਾਰੋਬਾਰੀ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਲਗਭਗ 125 ਸਾਲ ਪੁਰਾਣੇ ਇੱਕ ਇਤਿਹਾਸਕ ਗੁਰਦੁਆਰੇ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ, ਜਿਸ ਨਾਲ ਘੱਟ ਗਿਣਤੀ ਸਿੱਖ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ।
ਇਹ ਗੁਰਦੁਆਰਾ ਲਾਹੌਰ ਦੇ ਨੇੜੇ ਫਾਰੂਕਾਬਾਦ ਵਿੱਚ ਸਥਿਤ ਹੈ। ਭਾਰਤ ਨੇ ਬੁੱਧਵਾਰ ਨੂੰ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ "ਇੱਕ ਸਤਿਕਾਰਯੋਗ ਸਿੱਖ ਧਾਰਮਿਕ ਸਥਾਨ ਦੇ ਵਿਰੁੱਧ ਬਹੁਤ ਹੀ ਨਿੰਦਣਯੋਗ ਅਤੇ ਪਹਿਲਾਂ ਤੋਂ ਸੋਚੀ-ਸਮਝੀ ਭੰਨਤੋੜ ਦੀ ਕਾਰਵਾਈ" ਦੱਸਿਆ।
ਭਾਰਤ ਨੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਵਿਦੇਸ਼ ਮੰਤਰਾਲੇ ਤੋਂ ਇਲਾਵਾ, ਸਿੱਖ ਸੰਗਠਨਾਂ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਇੱਕ ਪਾਕਿਸਤਾਨੀ ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ, "ਕਾਰੋਬਾਰੀ ਨੇ ਸਬੰਧਤ ਵਿਭਾਗ ਤੋਂ ਜ਼ਰੂਰੀ ਐਨਓਸੀ ਪ੍ਰਾਪਤ ਕੀਤੇ ਬਿਨਾਂ ਗੁਰਦੁਆਰੇ ਨੂੰ ਢਾਹ ਦਿੱਤਾ। ਸਥਾਨਕ ਸਿੱਖ ਭਾਈਚਾਰੇ ਦੇ ਵਿਰੋਧ ਤੋਂ ਬਾਅਦ ਹੀ ਵਿਭਾਗ ਨੇ ਮਾਮਲੇ ਦਾ ਨੋਟਿਸ ਲਿਆ।"
ਇੱਕ ਪਾਕਿਸਤਾਨੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਲਾਕੇ ਦੇ ਸਿੱਖ ਭਾਈਚਾਰੇ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮਾਮਲੇ ਦਾ ਨੋਟਿਸ ਲਿਆ ਹੈ।
ਬੁੱਧਵਾਰ ਨੂੰ, ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ, ਰਮੇਸ਼ ਸਿੰਘ ਅਰੋੜਾ ਨੇ ਫਾਰੂਖਾਬਾਦ ਵਿੱਚ ਗੁਰਦੁਆਰਾ ਸਿੰਘ ਸਭਾ ਦਾ ਦੌਰਾ ਕੀਤਾ ਅਤੇ ਇਸਦੇ ਤੁਰੰਤ ਪੁਨਰ ਨਿਰਮਾਣ ਦਾ ਐਲਾਨ ਕੀਤਾ।
ਵਿਵਾਦ ਕੀ ਹੈ?
ਬੀਬੀਸੀ ਪੱਤਰਕਾਰ ਸ਼ੁਮਾਇਲਾ ਖ਼ਾਨ ਮੁਤਾਬਕ ਫਾਰੂਕਾਬਾਦ ਦਾ ਗੁਰਦੁਆਰਾ ਸੱਚਾ ਸੌਦਾ, ਜਿਸ ਨੂੰ ਸਿੰਘ ਸਭਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੀ ਜਾਇਦਾਦ ਹੈ, ਪਰ 1974 ਵਿੱਚ ਬੋਰਡ ਦਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਸ ਨੂੰ ਉਨ੍ਹਾਂ ਪਰਵਾਸੀ ਪਰਿਵਾਰਾਂ ਨੂੰ ਲੀਜ਼ 'ਤੇ ਦੇ ਦਿੱਤਾ ਗਿਆ ਸੀ, ਜੋ ਭਾਰਤ ਦੀ ਵੰਡ ਤੋਂ ਬਾਅਦ ਉੱਥੇ ਆ ਕੇ ਵੱਸ ਗਏ ਸਨ।
ਵਧੀਕ ਸਕੱਤਰ (ਸ਼ਰਾਈਨਜ਼) (ਧਾਰਮਿਕ ਸਥਾਨਾਂ ਨਾਲ ਸੰਬੰਧਿਤ ਮਾਮਲਿਆਂ ਦੇ ਅਧਿਕਾਰੀ) ਨਾਸਿਰ ਮੁਸ਼ਤਾਕ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਕਿ "ਉਨ੍ਹਾਂ ਕੋਲ ਲੀਜ਼ ਸੀ ਅਤੇ ਉਹ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਨੂੰ ਕਿਰਾਇਆ ਦਿੰਦੇ ਸਨ।" ਹਾਲਾਂਕਿ, ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਬੀਬੀਸੀ ਨੂੰ ਲੀਜ਼ ਦੀ ਕਾਪੀ ਨਹੀਂ ਦਿੱਤੀ।
ਮੁਹੱਰਮ ਦੇ ਨੌਵੇਂ ਦਿਨ, 24 ਜੂਨ ਨੂੰ, ਨਿਵਾਸੀਆਂ ਨੇ ਕਥਿਤ ਤੌਰ 'ਤੇ ਗੁਰਦੁਆਰੇ ਦੀ ਇਮਾਰਤ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਦੇ ਜ਼ਿਲ੍ਹਾ ਦਫ਼ਤਰ ਨੂੰ ਇਸ ਦੀ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਤੁਰੰਤ ਕੰਮ ਰੁਕਵਾ ਦਿੱਤਾ ਅਤੇ ਇਮਾਰਤ ਨੂੰ ਸੀਲ ਕਰ ਦਿੱਤਾ।
ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਦਾ ਕਹਿਣਾ ਹੈ ਕਿ ਉਸ ਦੇ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ, ਉਸ ਦੀ ਕਿਸੇ ਵੀ ਜਾਇਦਾਦ ਨੂੰ ਬਿਨਾਂ ਇਜਾਜ਼ਤ ਦੇ ਢਾਹਿਆ ਜਾਂ ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਖਾਨ ਦੇ ਮੁਤਾਬਕ, ਬੀਬੀਸੀ ਕੋਲ ਮੌਜੂਦ ਅਤੇ ਫਾਰੂਕਾਬਾਦ ਦੀ ਮਿਊਂਸਿਪਲ ਕਮੇਟੀ ਦੇ ਦਫ਼ਤਰ ਵੱਲੋਂ ਜਾਰੀ ਇੱਕ ਨੋਟਿਸ ਦੇ ਅਨੁਸਾਰ, ਤਿੰਨ ਵਸਨੀਕਾਂ ਨੂੰ ਕਿਹਾ ਗਿਆ ਸੀ ਕਿ ਖਸਤਾ ਹਾਲਤ ਜਾਂ ਗੈਰ-ਕਾਨੂੰਨੀ ਉਸਾਰੀ ਕਾਰਨ ਇਮਾਰਤ ਬਹੁਤ ਖ਼ਤਰਨਾਕ ਹੋ ਗਈ ਸੀ। ਜੇਕਰ ਇਮਾਰਤ ਡਿੱਗ ਜਾਂਦੀ ਤਾਂ ਇਸ ਨਾਲ ਨਾ ਸਿਰਫ਼ ਇਮਾਰਤ ਵਿੱਚ ਰਹਿਣ ਵਾਲਿਆਂ ਦੀ ਜਾਨ ਨੂੰ ਖ਼ਤਰਾ ਸੀ, ਸਗੋਂ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਜਾਨ-ਮਾਲ ਨੂੰ ਵੀ ਨੁਕਸਾਨ ਪਹੁੰਚ ਸਕਦਾ ਸੀ। ਇਹ ਨੋਟਿਸ ਇਸੇ ਸਾਲ 10 ਜਨਵਰੀ ਨੂੰ ਜਾਰੀ ਕੀਤਾ ਗਿਆ ਸੀ।
ਇਹ ਨੋਟਿਸ ਤਿੰਨ ਵਿਅਕਤੀਆਂ - ਮੁਹੰਮਦ ਇਮਰਾਨ ਪੁੱਤਰ ਅਹਿਮਦੁੱਲ੍ਹਾ, ਹਿਸ਼ਮ ਯਾਸੀਨ ਪੁੱਤਰ ਮੁਹੰਮਦ ਯਾਸੀਨ ਅਤੇ ਮੁਹੰਮਦ ਰਫ਼ੀਕ ਪੁੱਤਰ ਮੁਹੰਮਦ ਯੂਸਫ਼ - ਦੇ ਨਾਂ ਜਾਰੀ ਕੀਤਾ ਗਿਆ ਸੀ। ਇਸ ਵਿੱਚ ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਜਾਂ ਤਾਂ ਸੱਤ ਦਿਨਾਂ ਦੇ ਅੰਦਰ ਇਮਾਰਤ ਦੀ ਮੁਰੰਮਤ ਕਰਵਾਉਣ ਅਤੇ ਕਿਸੇ ਯੋਗ ਸਿਵਲ ਇੰਜੀਨੀਅਰ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਜਾਂ ਤੁਰੰਤ ਇਮਾਰਤ ਖਾਲੀ ਕਰਕੇ ਦਫ਼ਤਰ ਨੂੰ ਸੂਚਿਤ ਕਰਨ, ਜਾਂ ਫਿਰ ਖੁਦ ਇਮਾਰਤ ਨੂੰ ਢਾਹ ਦੇਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਵਿਭਾਗ ਵੱਲੋਂ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਸੀ।
ਧਿਆਨ ਦੇਣਯੋਗ ਗੱਲ ਇਹ ਹੈ ਕਿ ਫਾਰੂਕਾਬਾਦ ਦੀ ਮਿਊਂਸਿਪਲ ਕਮੇਟੀ ਵੱਲੋਂ ਜਾਰੀ ਇਹ ਨੋਟਿਸ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਦੀ ਬਜਾਏ ਕਿਰਾਏਦਾਰਾਂ ਦੇ ਨਾਂ ਜਾਰੀ ਕੀਤਾ ਗਿਆ ਸੀ।
ਇਸ ਮਾਮਲੇ 'ਤੇ ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ ਨੇ ਨਿਰਪੱਖ ਰੁਖ਼ ਅਪਣਾਉਂਦੇ ਹੋਏ ਮਿਊਂਸਿਪੈਲਟੀ ਅਤੇ ਕਿਰਾਏਦਾਰਾਂ, ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ, "ਜੇ ਮਿਊਂਸਿਪੈਲਟੀ ਨੇ ਕਿਰਾਏਦਾਰਾਂ ਨੂੰ ਨੋਟਿਸ ਭੇਜਿਆ ਸੀ, ਤਾਂ ਕਿਰਾਏਦਾਰਾਂ ਨੂੰ ਸਾਡੇ ਨਾਲ ਸੰਪਰਕ ਕਰਕੇ ਇਹ ਦੱਸਣਾ ਚਾਹੀਦਾ ਸੀ ਕਿ ਉਹ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ ਦੇ ਕਿਰਾਏਦਾਰ ਹਨ ਅਤੇ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ। ਮਿਊਂਸਿਪੈਲਟੀ ਵੀ ਸਾਨੂੰ ਨੋਟਿਸ ਭੇਜ ਸਕਦੀ ਸੀ। ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ, ਪਰ ਮਿਊਂਸਿਪੈਲਟੀ ਨੇ ਇਹ ਨੋਟਿਸ ਇਸ ਲਈ ਜਾਰੀ ਕੀਤਾ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਵੇ। ਹਾਲਾਂਕਿ, ਉਨ੍ਹਾਂ ਨੂੰ ਸਾਨੂੰ ਸੂਚਿਤ ਕਰਨਾ ਚਾਹੀਦਾ ਸੀ।"
ਪਾਕਿਸਤਾਨ ਦੇ ਮੰਤਰੀ ਨੇ ਕੀ ਦੱਸਿਆ?

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ 'ਤੇ ਖ਼ਬਰ ਫੈਲਣ ਤੋਂ ਬਾਅਦ, ਪੰਜਾਬ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਗੁਰਦੁਆਰਾ ਸੱਚਾ ਸੌਦਾ ਦਾ ਦੌਰਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਗੁਰਦੁਆਰੇ ਦੀ ਜ਼ਮੀਨ ਨਾਲ ਜੁੜੇ ਮਾਮਲਿਆਂ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਤੱਥਾਂ 'ਤੇ ਆਧਾਰਿਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰੇ ਦੇ ਪੁਨਰ ਨਿਰਮਾਣ (ਭਾਵ ਮੁਰੰਮਤ ਕਰਕੇ ਪਹਿਲਾਂ ਵਾਲੀ ਹਾਲਤ ਵਿੱਚ ਲਿਆਉਣ) ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਇਤਿਹਾਸਕ ਧਾਰਮਿਕ ਵਿਰਾਸਤ ਅਤੇ ਘੱਟਗਿਣਤੀਆਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਦੀ ਰਹੇਗੀ।
ਦੂਜੇ ਪਾਸੇ, ਗੁਰਦੁਆਰੇ ਦੇ ਆਲੇ-ਦੁਆਲੇ ਦੇ ਸਥਾਨਕ ਵਪਾਰੀਆਂ ਨੇ ਪੁਨਰ ਨਿਰਮਾਣ ਨੂੰ ਲੈ ਕੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਤਰਕ ਸੀ ਕਿ ਇਹ ਥਾਂ ਪਿਛਲੇ 80 ਸਾਲਾਂ ਤੋਂ ਸੁੰਨੀ ਪਈ ਸੀ ਅਤੇ ਹੁਣ ਉੱਥੇ ਕਈ ਪਰਿਵਾਰ ਰਹਿੰਦੇ ਹਨ ਅਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਸਥਾਪਤ ਕਰ ਲਏ ਹਨ।
ਵਪਾਰੀਆਂ ਨੇ ਕਿਹਾ ਕਿ ਇਸ ਕਦਮ ਨਾਲ ਦਰਜਨਾਂ ਪਰਿਵਾਰ ਪ੍ਰਭਾਵਿਤ ਹੋ ਸਕਦੇ ਹਨ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਨੂੰ ਉੱਥੋਂ ਹਟਾਉਣਾ ਲਾਜ਼ਮੀ ਹੋ ਜਾਵੇ, ਤਾਂ ਉਨ੍ਹਾਂ ਲਈ ਰਿਹਾਇਸ਼ ਅਤੇ ਰੋਜ਼ਗਾਰ ਦਾ ਕੋਈ ਦੂਜਾ ਪ੍ਰਬੰਧ ਕੀਤਾ ਜਾਵੇ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, 'ਭੰਨਤੋੜ ਪਹਿਲਾਂ ਤੋਂ ਯੋਜਨਾਬੱਧ ਸੀ'

ਤਸਵੀਰ ਸਰੋਤ, Getty Images
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਇਤਿਹਾਸਕ ਗੁਰਦੁਆਰੇ ਨੂੰ ਢਾਹੁਣ ਅਤੇ ਪਾਕਿਸਤਾਨੀ ਪ੍ਰਸ਼ਾਸਨ ਦੀ 'ਨਾਕਾਮੀ' ਸੰਬੰਧੀ ਰਿਪੋਰਟਾਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਇੱਕ ਬਿਆਨ ਵਿੱਚ, ਜੈਸਵਾਲ ਨੇ ਕਿਹਾ, "ਅਸੀਂ ਪਾਕਿਸਤਾਨ ਦੇ ਫਾਰੂਖਾਬਾਦ ਵਿੱਚ 125 ਸਾਲ ਪੁਰਾਣੇ, ਪਵਿੱਤਰ ਅਤੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਹੁਣ ਸੰਬੰਧੀ ਬੇਹੱਦ ਦੁਖਦਾਈ ਰਿਪੋਰਟਾਂ ਦੇਖੀਆਂ ਹਨ। ਢਾਹੁਣ ਦੀਆਂ ਰਿਪੋਰਟਾਂ, ਸਥਾਨਕ ਪ੍ਰਸ਼ਾਸਨ ਜਾਂ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੁਆਰਾ ਕੋਈ ਠੋਸ ਕਾਰਵਾਈ ਨਾ ਕਰਨ ਦੀਆਂ ਖਬਰਾਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਹਨ।"
ਭਾਰਤ ਨੇ ਮੰਗ ਕੀਤੀ ਕਿ ਪਾਕਿਸਤਾਨ ਸਰਕਾਰ ਤੁਰੰਤ ਇਸ ਘਟਨਾ ਦੀ ਜਾਂਚ ਕਰੇ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਏ।
ਬਿਆਨ ਵਿੱਚ ਲਿਖਿਆ ਹੈ, "ਅਸੀਂ ਪਾਕਿਸਤਾਨ ਸਰਕਾਰ ਨੂੰ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਅਤੇ ਇਸ ਨਿੰਦਣਯੋਗ ਕਾਰਵਾਈ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਅਪੀਲ ਕਰਦੇ ਹਾਂ।"
ਵਿਦੇਸ਼ ਮੰਤਰਾਲੇ ਨੇ ਇਤਿਹਾਸਕ ਗੁਰਦੁਆਰੇ ਦੇ ਢਾਹੇ ਗਏ ਹਿੱਸਿਆਂ ਦੀ ਤੁਰੰਤ ਬਹਾਲੀ ਅਤੇ ਪੁਨਰ ਨਿਰਮਾਣ ਦੀ ਵੀ ਮੰਗ ਕੀਤੀ।
ਸਿੱਖਾਂ ਸੰਗਠਨਾਂ ਨੇ ਜਤਾਇਆ ਵਿਰੋਧ

ਤਸਵੀਰ ਸਰੋਤ, Getty Images
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਗੁਰਦੁਆਰੇ ਦੀ ਇਮਾਰਤ ਨੂੰ ਢਾਹੁਣ ਦੀ ਕੋਸ਼ਿਸ਼ ਦੇ ਸਬੰਧ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਕਮੇਟੀ ਨੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਪਾਕਿਸਤਾਨ ਵਿੱਚ ਗੁਰਦੁਆਰਿਆਂ ਅਤੇ ਸਿੱਖ ਭਾਈਚਾਰੇ ਲਈ ਸੁਰੱਖਿਆ ਵਧਾਉਣ ਦੀ ਅਪੀਲ ਕੀਤੀ।
ਡੀਐੱਸਜੀਐੱਮਸੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ, "ਪਾਕਿਸਤਾਨ ਵਿੱਚ ਇੱਕ ਗੁਰਦੁਆਰੇ ਦੀ ਇਮਾਰਤ ਨੂੰ ਢਾਹੁਣਾ ਸ਼ੁਰੂ ਕੀਤਾ ਗਿਆ ਸੀ ਅਤੇ ਢਾਂਚੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਗਿਆ। ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਪਾਕਿਸਤਾਨ ਪੁਲਿਸ ਨੇ ਢਾਹੁਣ ਦਾ ਕੰਮ ਰੋਕ ਦਿੱਤਾ।"
"ਸਾਨੂੰ ਲਗਾਤਾਰ ਫੋਨ ਆ ਰਹੇ ਸਨ। ਅਸੀਂ ਵਿਦੇਸ਼ ਮੰਤਰਾਲੇ ਦੇ ਇੱਕ ਸੰਯੁਕਤ ਸਕੱਤਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਗੁਰਦੁਆਰੇ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਇਹ ਮੁੱਦਾ ਪਾਕਿਸਤਾਨ ਕੋਲ ਉਠਾਇਆ ਜਾਵੇਗਾ।"
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਉਨ੍ਹਾਂ ਕਿਹਾ, "ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਜਿਸ ਤਰ੍ਹਾਂ ਅਸੀਂ ਭਾਰਤ ਵਿੱਚ ਮੁਸਲਿਮ ਘੱਟ ਗਿਣਤੀਆਂ ਦੀ ਰੱਖਿਆ ਕਰਦੇ ਹਾਂ, ਉਸੇ ਤਰ੍ਹਾਂ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਅਸੀਂ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ।"
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਵੱਲੋਂ ਕੀ ਕਿਹਾ ਗਿਆ?

ਤਸਵੀਰ ਸਰੋਤ, Palwinder Singh
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਫਾਰੂਕਾਬਾਦ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੱਚਾ ਸੌਦਾ ਨੂੰ ਅੰਸ਼ਕ ਤੌਰ 'ਤੇ ਢਾਹੇ ਜਾਣ ਬਾਰੇ ਭਾਰਤ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਪਾਕਿਸਤਾਨ ਨੇ ਖਾਰਜ ਕਰ ਦਿੱਤਾ ਹੈ।
ਪਾਕਿਸਤਾਨ ਦਾ ਕਹਿਣਾ ਹੈ ਕਿ "ਗੁਰਦੁਆਰੇ ਦੀ ਵਰਤੋਂ ਧਾਰਮਿਕ ਰਸਮਾਂ ਲਈ ਨਹੀਂ ਕੀਤੀ ਜਾ ਰਹੀ ਸੀ ਅਤੇ ਇਸ ਦੀ ਜਰਜਰ ਹਾਲਤ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਬਣ ਗਈ ਸੀ; ਹਾਲਾਂਕਿ, ਇਸ ਦੀ ਮੁਰੰਮਤ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।"
ਬੀਬੀਸੀ ਪੱਤਰਕਾਰ ਸ਼ੁਮਾਇਲਾ ਖਾਨ ਦੇ ਮੁਤਾਬਕ, ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਅੰਦਰਾਬੀ ਦੇ ਅਨੁਸਾਰ, "ਉਸ ਇਲਾਕੇ ਵਿੱਚ ਕੋਈ ਸਿੱਖ ਭਾਈਚਾਰਾ ਨਹੀਂ ਸੀ ਅਤੇ ਇਸ ਲਈ ਇਮਾਰਤ ਨਿੱਜੀ ਕਿਰਾਏਦਾਰਾਂ ਦੇ ਕੋਲ ਸੀ। ਸਥਾਨਕ ਵਸਨੀਕਾਂ ਨੂੰ ਡਰ ਸੀ ਕਿ ਬਰਸਾਤ ਦੇ ਮੌਸਮ ਵਿੱਚ ਇਮਾਰਤ ਡਿੱਗ ਸਕਦੀ ਹੈ। ਸਾਵਧਾਨੀ ਦੇ ਤੌਰ 'ਤੇ, ਕਿਰਾਏਦਾਰਾਂ ਨੇ 24 ਜੂਨ ਨੂੰ ਸੱਤ ਹਿੱਸਿਆਂ ਵਾਲੇ ਗੁਰਦੁਆਰੇ ਦੇ ਦੋ ਹਿੱਸਿਆਂ 'ਤੇ ਕੰਮ ਸ਼ੁਰੂ ਕਰ ਦਿੱਤਾ। ਹਾਲਾਂਕਿ, ਇਹ ਸਪਸ਼ਟ ਕਰ ਦੇਈਏ ਕਿ ਇਹ ਕਾਰਵਾਈ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਵੰਡ ਤੋਂ ਬਾਅਦ ਛੱਡੀਆਂ ਗਈਆਂ ਧਾਰਮਿਕ ਅਤੇ ਹੋਰ ਜਾਇਦਾਦਾਂ ਦਾ ਪ੍ਰਬੰਧ ਕਰਨ ਵਾਲਾ ਪਾਕਿਸਤਾਨੀ ਸਰਕਾਰੀ ਅਦਾਰਾ) ਦੀ ਇਜਾਜ਼ਤ ਤੋਂ ਬਿਨਾਂ ਅਤੇ ਬੋਰਡ ਦੇ ਨਿਯਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰਕੇ ਕੀਤੀ ਗਈ ਸੀ।"
ਬੁਲਾਰੇ ਦੇ ਅਨੁਸਾਰ, "ਬੋਰਡ ਨੇ 24 ਜੂਨ ਨੂੰ ਹੀ ਕਿਰਾਏਦਾਰਾਂ ਵੱਲੋਂ ਕੀਤੇ ਜਾ ਰਹੇ ਗੈਰ-ਅਧਿਕਾਰਤ ਕੰਮ ਨੂੰ ਰੁਕਵਾ ਦਿੱਤਾ। ਇਮਾਰਤ ਦਾ ਇੱਕ ਹਿੱਸਾ ਪ੍ਰਭਾਵਿਤ ਹੋਇਆ, ਹਾਲਾਂਕਿ ਇਸ ਦਾ ਵੱਡਾ ਹਿੱਸਾ ਨੁਕਸਾਨ ਤੋਂ ਬਚ ਗਿਆ। ਇਸ ਦੀ ਕਿਰਾਏਦਾਰੀ ਅਤੇ ਲੀਜ਼ ਰੱਦ ਕਰ ਦਿੱਤੀ ਗਈ ਹੈ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਮਾਰਤ ਸੁਰੱਖਿਅਤ ਰਹੇ ਅਤੇ, ਜੇ ਸੰਭਵ ਹੋਇਆ, ਤਾਂ ਇਸ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਵੀ ਕਰਵਾਇਆ ਜਾਵੇ।"
ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਨਿਯਮਾਂ ਅਨੁਸਾਰ, ਜੋ ਲੋਕ 1974 ਤੋਂ ਪਹਿਲਾਂ ਤੋਂ ਉੱਥੇ ਰਹਿ ਰਹੇ ਹਨ, ਉਨ੍ਹਾਂ ਦੀ ਲੀਜ਼ ਉਦੋਂ ਤੱਕ ਵਧਾਈ ਜਾਂਦੀ ਰਹਿੰਦੀ ਹੈ ਜਦੋਂ ਤੱਕ ਉਹ ਡਿਫ਼ਾਲਟਰ (ਭਾਵ ਕਿਰਾਇਆ ਨਾ ਦੇਣ ਜਾਂ ਹੋਰ ਲਾਜ਼ਮੀ ਸ਼ਰਤਾਂ ਦੀ ਪਾਲਣਾ ਨਾ ਕਰਨ) ਨਾ ਬਣ ਜਾਣ। ਹਾਲਾਂਕਿ, ਲੋੜ ਪੈਣ 'ਤੇ ਵਿਭਾਗ ਵੱਲੋਂ ਤੈਅ ਕੀਤੀ ਗਈ ਪ੍ਰਕਿਰਿਆ ਅਨੁਸਾਰ ਲੋੜੀਂਦੀਆਂ ਮਨਜ਼ੂਰੀਆਂ ਲੈਣ ਤੋਂ ਬਾਅਦ ਕਿਸੇ ਵੀ ਪੜਾਅ 'ਤੇ ਲੀਜ਼ ਰੱਦ ਕੀਤੀ ਜਾ ਸਕਦੀ ਹੈ।
ਨਾਸਿਰ ਮੁਸ਼ਤਾਕ ਨੇ ਕਿਹਾ, "ਕਿਉਂਕਿ ਕਿਰਾਏਦਾਰਾਂ ਨੇ 24 ਜੂਨ ਨੂੰ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਉਨ੍ਹਾਂ ਨੂੰ ਸਾਡੀ ਮਨਜ਼ੂਰੀ ਤੋਂ ਬਿਨਾਂ ਇਮਾਰਤ ਢਾਹੁਣ ਦਾ ਅਧਿਕਾਰ ਨਹੀਂ ਸੀ, ਇਸ ਲਈ ਸਾਡੇ ਕੋਲ ਕਾਰਵਾਈ ਕਰਨ ਦਾ ਆਧਾਰ ਸੀ। ਅਸੀਂ ਤੁਰੰਤ ਲੀਜ਼ ਐਗਰੀਮੈਂਟ ਅਤੇ ਕਿਰਾਏਦਾਰੀ ਰੱਦ ਕਰ ਦਿੱਤੀ, ਜਾਇਦਾਦ ਦਾ ਕਬਜ਼ਾ ਆਪਣੇ ਹੱਥ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਬੇਦਖ਼ਲੀ ਦੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ।"

ਤਸਵੀਰ ਸਰੋਤ, Palvinder Singh
ਨਾਸਿਰ ਮੁਸ਼ਤਾਕ ਨੇ ਕਿਹਾ, "ਜੇ ਇਸ ਗੁਰਦੁਆਰੇ ਵਿੱਚ ਪੂਜਾ-ਪਾਠ ਹੋ ਰਿਹਾ ਹੁੰਦਾ, ਤਾਂ ਕੋਈ ਇਸ ਨੂੰ ਢਾਹੁਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਸਰਕਾਰੀ ਕਾਗਜ਼ਾਂ ਵਿੱਚ ਭਾਵੇਂ ਇਹ ਗੁਰਦੁਆਰੇ ਵਜੋਂ ਦਰਜ ਹੈ, ਪਰ ਇੱਥੇ ਕੋਈ ਧਾਰਮਿਕ ਗਤੀਵਿਧੀ ਨਹੀਂ ਹੁੰਦੀ ਅਤੇ ਨਾ ਹੀ ਕਿਸੇ ਨੇ ਕਦੇ ਕਿਹਾ ਕਿ ਇਸ ਨੂੰ ਮੁੜ ਫ਼ੰਕਸ਼ਨਲ ਬਣਾਇਆ ਜਾਣਾ ਚਾਹੀਦਾ ਹੈ।"
ਉਨ੍ਹਾਂ ਸ਼ਿਕਾਇਤ ਕੀਤੀ ਕਿ ਪਾਕਿਸਤਾਨ ਭਾਰਤ ਅਤੇ ਦੁਨੀਆ ਭਰ ਤੋਂ ਆਉਣ ਵਾਲੇ ਸਿੱਖਾਂ ਨੂੰ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ, ਪਰ ਉਸ ਦੀਆਂ ਕੋਸ਼ਿਸ਼ਾਂ ਨੂੰ "ਬਦਨਾਮ" ਕੀਤਾ ਜਾ ਰਿਹਾ ਹੈ।
ਧਿਆਨ ਦੇਣਯੋਗ ਹੈ ਕਿ ਈਟੀਪੀਬੀ ਦੀ ਵੈੱਬਸਾਈਟ ਅਨੁਸਾਰ, ਪਾਕਿਸਤਾਨ ਵਿੱਚ 21 ਗੁਰਦੁਆਰੇ ਫ਼ੰਕਸ਼ਨਲ ਹਨ (ਭਾਵ ਜਿੱਥੇ ਧਾਰਮਿਕ ਗਤੀਵਿਧੀਆਂ ਹੁੰਦੀਆਂ ਹਨ), ਜਦਕਿ 51 ਗੁਰਦੁਆਰੇ ਨਾਨ-ਫ਼ੰਕਸ਼ਨਲ ਹਨ। ਫਾਰੂਕਾਬਾਦ ਦੇ ਗੁਰਦੁਆਰਾ ਸੱਚਾ ਸੌਦਾ ਨੂੰ ਅੱਠਵੇਂ ਕਾਰਜਸ਼ੀਲ ਗੁਰਦੁਆਰੇ ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਇਹ ਅੱਠ ਏਕੜ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ।
ਪਹਿਲਾਂ ਵੀ ਕਈ ਰਿਪੋਰਟਾਂ ਵਿੱਚ ਭਾਰਤ ਤੋਂ ਆਏ ਸਿੱਖ ਸ਼ਰਧਾਲੂਆਂ ਦੇ ਗੁਰਦੁਆਰਾ ਸੱਚਾ ਸੌਦਾ ਵਿਖੇ ਦਰਸ਼ਨ ਕਰਨ ਅਤੇ ਉੱਥੇ ਅਰਦਾਸ ਕਰਨ ਦਾ ਜ਼ਿਕਰ ਮਿਲਦਾ ਹੈ।
ਕੀ ਹੈ ਫਾਰੂਕਾਬਾਦ ਗੁਰਦੁਆਰੇ ਦਾ ਇਤਿਹਾਸ?

ਤਸਵੀਰ ਸਰੋਤ, @vikramsahney
ਫਰੂਕਾਬਾਦ ਦਾ ਇਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਸਿੰਘ ਸਭਾ 19ਵੀਂ ਸਦੀ ਦੇ ਅਖੀਰ ਵਿੱਚ ਸਥਾਪਿਤ ਕੀਤੀ ਗਈ ਸੀ। ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਗੁਰਦੁਆਰਾ ਲਗਭਗ 125 ਸਾਲ ਪਹਿਲਾਂ ਬਣਾਇਆ ਗਿਆ ਸੀ।
ਸਿੰਘ ਸਭਾ ਲਹਿਰ ਨੂੰ ਸਿੱਖ ਇਤਿਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸੁਧਾਰ ਲਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
1870 ਦੇ ਦਹਾਕੇ ਵਿੱਚ ਸ਼ੁਰੂ ਕੀਤੀ ਗਈ, ਸਿੰਘ ਸਭਾ ਲਹਿਰ ਦਾ ਉਦੇਸ਼ ਤੇਜ਼ੀ ਨਾਲ ਬਦਲਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਦ੍ਰਿਸ਼ਟੀਕੋਣ ਦੇ ਵਿਚਕਾਰ ਸਿੱਖ ਪਛਾਣ ਨੂੰ ਮੁੜ ਸੁਰਜੀਤ ਕਰਨਾ ਸੀ।
ਪਾਕਿਸਤਾਨ ਵਿੱਚ ਫਰੂਕਾਬਾਦ ਨੂੰ ਪਹਿਲਾਂ ਚੂਹੜ ਖਾਨਾ ਵਜੋਂ ਜਾਣਿਆ ਜਾਂਦਾ ਸੀ। ਮੰਨਿਆ ਜਾਂਦਾ ਹੈ ਕਿ ਇਸਦੀ ਸਥਾਪਨਾ ਸਰਦਾਰ ਚੂਹੜ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਕੀਤੀ ਸੀ।
ਪਾਕਿਸਤਾਨ ਦੀ ਸਿਰਜਣਾ ਤੋਂ ਬਾਅਦ, ਇਸਦਾ ਨਾਮ ਬਦਲ ਕੇ ਫਰੂਕਾਬਾਦ ਕਰ ਦਿੱਤਾ ਗਿਆ।
ਵੰਡ ਤੋਂ ਬਾਅਦ ਲੱਖਾਂ ਲੋਕ ਬੇਘਰ ਹੋ ਗਏ ਸਨ, ਅਤੇ ਜ਼ਿਆਦਾਤਰ ਸਿੱਖ ਪਰਿਵਾਰ ਮੌਜੂਦਾ ਪਾਕਿਸਤਾਨ ਤੋਂ ਭਾਰਤ ਚਲੇ ਗਏ ਸਨ।
ਬਾਅਦ ਵਿੱਚ, ਪਾਕਿਸਤਾਨ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਅਣਗੌਲਿਆ ਹੋ ਗਏ ਅਤੇ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੋ ਗਈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਗੁਰਦੁਆਰੇ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਪ੍ਰਬੰਧਨ ਅਧੀਨ ਆ ਗਏ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਖ਼ਾਨ ਮੁਤਾਬਕ ਗੁਰਦੁਆਰਾ ਸੱਚਾ ਸੌਦਾ ਕਿਸੇ ਖ਼ਾਸ ਗੁਰੂ ਨਾਲ ਸੰਬੰਧਿਤ ਨਹੀਂ ਹੈ। ਬਹੁਤ ਘੱਟ ਸਿੱਖ ਇਸ ਥਾਂ ਦੀ ਯਾਤਰਾ ਕਰਦੇ ਹਨ ਅਤੇ ਫਾਰੂਕਾਬਾਦ ਵਿੱਚ ਵੀ ਬਹੁਤ ਘੱਟ ਸਿੱਖ ਰਹਿੰਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਸਿੱਖਾਂ ਦਾ ਇਸ ਥਾਂ ਨਾਲ ਕੋਈ ਜੁੜਾਅ ਨਹੀਂ ਹੈ।
ਸ਼ੁਮਾਇਲਾ ਖਾਨ ਨਾਲ ਗੱਲ ਕਰਦਿਆਂ ਇੱਕ ਸਥਾਨਕ ਸਿੱਖ ਵਿਅਕਤੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਗੁਰਦੁਆਰੇ ਦਾ ਸਿਰਫ਼ ਇੱਕ ਦੀਵਾਨ ਹਾਲ ਹੀ ਬਚਿਆ ਸੀ ਅਤੇ ਹੁਣ ਉਸੇ ਨੂੰ ਢਾਹਿਆ ਜਾ ਰਿਹਾ ਹੈ। ਬਾਕੀ ਪਰਿਸਰ ਵਿੱਚ ਪਹਿਲਾਂ ਹੀ ਕੱਪੜਿਆਂ ਦੀਆਂ ਦੋ ਦੁਕਾਨਾਂ, ਕਰਿਆਨੇ ਦਾ ਇੱਕ ਜਨਰਲ ਸਟੋਰ ਅਤੇ ਚਿਕਨ ਦੀ ਇੱਕ ਦੁਕਾਨ ਹੈ। ਇਸ ਤੋਂ ਇਲਾਵਾ, ਰੇਹੜੀਆਂ ਉੱਤੇ ਵੀ ਕਈ ਤਰ੍ਹਾਂ ਦਾ ਸਮਾਨ ਵੇਚਿਆ ਜਾਂਦਾ ਹੈ।"
ਉਨ੍ਹਾਂ ਅੱਗੇ ਕਿਹਾ, "ਇਸ ਦੀ ਸ਼ੁਰੂਆਤ 15 ਸਾਲ ਪਹਿਲਾਂ ਹੋਈ ਸੀ। ਸਭ ਤੋਂ ਪਹਿਲਾਂ ਗੁਰਦੁਆਰੇ ਦੇ ਪਰਿਸਰ ਦੇ ਅੰਦਰ ਦੁਕਾਨਾਂ ਬਣਾਈਆਂ ਗਈਆਂ। ਫਿਰ ਪੰਜ ਸਾਲ ਪਹਿਲਾਂ ਗੁਰਦੁਆਰੇ ਦਾ ਗੁਬੰਦ ਹਟਾ ਦਿੱਤਾ ਗਿਆ ਅਤੇ ਬਾਅਦ ਵਿੱਚ ਇਮਾਰਤ ਦੇ ਅੰਦਰ ਲੱਗਿਆ 'ਨਿਸ਼ਾਨ ਸਾਹਿਬ' ਵੀ ਹੇਠਾਂ ਉਤਾਰ ਦਿੱਤਾ ਗਿਆ। ਹੁਣ ਸਿਰਫ਼ ਉਹ ਆਧਾਰ ਜਾਂ ਚਬੂਤਰਾ ਹੀ ਬਚਿਆ ਹੈ ਅਤੇ ਉਸ ਉੱਤੇ ਗੁਰਮੁਖੀ ਲਿਪੀ ਵਿੱਚ ਲਿਖਤ ਹੈ, ਜਿਸ 'ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













