ਲੁਧਿਆਣਾ ਗੈਸ ਲੀਕ: 11 ਲੋਕਾਂ ਦੀ ਜਾਨ ਲੈਣ ਵਾਲੀ ਗੈਸ ਕਿਵੇਂ ਬਣਦੀ ਹੈ ਤੇ ਕਿਵੇਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ

ਲੁਧਿਆਣਾ ਗੈਸ ਲੀਕ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਲੁਧਿਆਣਾ 'ਚ ਗੈਸ ਲੀਕ ਹੋਣ ਕਾਰਨ ਹੁਣ ਤੱਕ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਲੋਕ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਇਹ ਘਟਨਾ ਜਿਸ ਇਲਾਕੇ ਵਿੱਚ ਵਾਪਰੀ ਹੈ, ਉੱਥੇ ਅਜੇ ਵੀ ਜਾਂਚ ਕਾਰਜ ਜਾਰੀ ਹਨ।

ਅਧਿਕਾਰੀਆਂ ਮੁਤਾਬਕ, ਇਹ ਹਾਦਸਾ ਸੀਵਰੇਜ ਵਿੱਚੋਂ ਗੈਸ ਨਿਕਲਣ ਕਾਰਨ ਹੋਇਆ ਹੈ। ਇਹ ਗੈਸ ਹਾਈਡ੍ਰੋਜਨ ਸਲਫਾਈਡ ਦੱਸੀ ਜਾ ਰਹੀ ਹੈ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ''ਜੋ ਸੀਵਰੇਜ 'ਚ ਮੀਥੇਨ ਗੈਸ ਹੁੰਦੀ ਹੈ, ਉਸ ਨਾਲ ਕੁਝ ਮਿਲ ਕੇ ਹਾਈਡ੍ਰੋਜਨ ਸਲਫਾਈਡ ਬਣੀ।''

ਹਾਈਡ੍ਰੋਜਨ ਸਲਫਾਈਡ ਗੈਸ ਦੀ ਪਛਾਣ

ਹਾਈਡ੍ਰੋਜਨ ਸਲਫਾਈਡ ਗੈਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਈਡ੍ਰੋਜਨ ਸਲਫਾਈਡ ਗੈਸ

ਯੂਨਾਇਟੇਡ ਸਟੇਟਸ ਡਿਪਾਰਟਮੈਂਟ ਆਫ਼ ਲੇਬਰ ਦੇ ਕੰਮਕਾਜ ਸਬੰਧੀ ਸੁਰੱਖਿਆ ਅਤੇ ਸਿਹਤ ਐਡਮਿਨਿਸਟ੍ਰੇਸ਼ਨ ਦੀ ਵੈਬਸਾਈਟ ਉੱਤੇ ਇਸ ਗੈਸ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਉਸੇ ਦੇ ਅਧਾਰ ਉੱਤੇ ਪੇਸ਼ ਹੈ ਇਸ ਹਾਈਡ੍ਰੋਜ਼ਨ ਸਲਫਾਈਡ ਬਾਰੇ ਅਹਿਮ ਜਾਣਕਾਰੀ।

ਹਾਈਡ੍ਰੋਜਨ ਸਲਫਾਈਡ ਇੱਕ ਰੰਗਹੀਣ ਗੈਸ ਹੈ, ਜਿਸ ਨੂੰ H2S, ਸੀਵਰ ਗੈਸ, ਸਵੈਂਪ ਗੈਸ, ਸਟਿੰਕ ਡੈਂਪ ਅਤੇ ਸੋਰ ਡੈਂਪ ਵੀ ਕਿਹਾ ਜਾਂਦਾ ਹੈ।

ਇਸ ਦੀ ਬਦਬੂ ਸੜੇ ਹੋਏ ਆਂਡਿਆਂ ਵਰਗੀ ਹੁੰਦੀ ਹੈ ਅਤੇ ਇਹੀ ਇਸ ਦੀ ਪਛਾਣ ਹੈ।

ਇਹ ਗੈਸ ਬਹੁਤ ਜ਼ਿਆਦਾ ਜਲਣਸ਼ੀਲ ਹੁੰਦੀ ਹੈ ਤੇ ਨਾਲ ਹੀ ਬਹੁਤ ਜ਼ਿਆਦਾ ਜ਼ਹਿਰੀਲੀ ਵੀ ਹੁੰਦੀ ਹੈ।

ਜੇਕਰ ਕੋਈ ਵਿਅਕਤੀ ਇਕ ਵਿਸ਼ੇਸ਼ ਮਾਤਰਾ ਤੋਂ ਜ਼ਿਆਦਾ ਮਾਤਰਾ ਵਿੱਚ ਇਸ ਨੂੰ ਸਾਹ ਰਾਹੀਂ ਲੈ ਲੈਂਦਾ ਹੈ ਤਾਂ ਉਸ ਨੂੰ ਸਿਹਤ ਸਬੰਧੀ ਕਈ ਦਿੱਕਤਾਂ ਹੋ ਸਕਦੀਆਂ ਹਨ।

ਇਸ ਵਿੱਚ ਮੌਤ ਦੀ ਸੰਭਾਵਨਾ ਵੀ ਰਹਿੰਦੀ ਹੈ।

ਇਹ ਗੈਸ ਕਿੱਥੇ ਹੁੰਦੀ ਹੈ ਇਸਤੇਮਾਲ

ਵੀਡੀਓ ਕੈਪਸ਼ਨ, ਲੁਧਿਆਣਾ: 11 ਲੋਕਾਂ ਦੀ ਜਾਨ ਲੈਣ ਵਾਲੀ ਗੈਸ ਕਿੰਨੀ ਖ਼ਤਰਨਾਕ

ਹਾਈਡ੍ਰੋਜਨ ਸਲਫਾਈਡ ਨੂੰ ਕਈ ਉਦਯੋਗਾਂ ਵਿੱਚ ਵਰਤਿਆ ਜਾਂ ਪੈਦਾ ਕੀਤਾ ਜਾਂਦਾ ਹੈ, ਜਿਵੇਂ ਕਿ:

  • ਤੇਲ ਅਤੇ ਗੈਸ ਰਿਫਾਇਨਿੰਗ
  • ਮਾਈਨਿੰਗ
  • ਚਮੜੇ ਨੂੰ ਧੋਣ ਸਬੰਧੀ ਕੰਮ
  • ਪਲਪ ਅਤੇ ਪੇਪਰ ਪ੍ਰੋਸੈਸਿੰਗ
  • ਰੇਆਨ ਕੱਪੜੇ ਦਾ ਉਦਯੋਗ (ਇਹ ਇੱਕ ਕਿਸਮ ਦਾ ਰੇਸ਼ਮੀ ਕੱਪੜਾ ਹੁੰਦਾ ਹੈ, ਜਿਸ ਨੂੰ ਆਰਟ ਸਿਲਕ ਵੀ ਕਿਹਾ ਜਾਂਦਾ ਹੈ।)

ਕੀ ਇਹ ਕੁਦਰਤੀ ਤੌਰ 'ਤੇ ਪੈਦਾ ਹੋ ਸਕਦੀ ਹੈ

ਲੁਧਿਆਣਾ ਗੈਸ ਲੀਕ

ਹਾਈਡ੍ਰੋਜਨ ਸਲਫਾਈਡ ਕੁਦਰਤੀ ਤੌਰ 'ਤੇ ਸੀਵਰਾਂ, ਖਾਦ ਦੇ ਟੋਇਆਂ, ਖੂਹ ਦੇ ਪਾਣੀ, ਤੇਲ ਅਤੇ ਗੈਸ ਦੇ ਖੂਹਾਂ ਅਤੇ ਜੁਆਲਾਮੁਖੀ ਵਿੱਚ ਵੀ ਪਾਈ ਜਾਂਦੀ ਹੈ।

ਕਿਉਂਕਿ ਇਹ ਹਵਾ ਨਾਲੋਂ ਭਾਰੀ ਹੁੰਦੀ ਹੈ, ਇਸ ਲਈ ਹਾਈਡ੍ਰੋਜਨ ਸਲਫਾਈਡ ਨੀਵੀਂਆਂ ਅਤੇ ਬੰਦ ਥਾਵਾਂ 'ਤੇ ਹੀ ਪਾਈ ਜਾਂਦੀ ਹੈ। ਜਿਵੇਂ ਕਿ- ਮੈਨਹੋਲ, ਸੀਵਰ ਅਤੇ ਟੈਲੀਫੋਨਾਂ ਲਈ ਜ਼ਮੀਨ ਦੇ ਅੰਦਰ ਬਣਾਏ ਗਏ ਬੰਦ ਖਾਨੇ ਜਾਂ ਕਮਰੇ ਵਰਗੀ ਥਾਂ ਆਦਿ।

ਅਜਿਹੀਆਂ ਸੀਮਤ ਥਾਵਾਂ 'ਤੇ ਇਸ ਗੈਸ ਦੀ ਮੌਜੂਦਗੀ ਕੰਮ ਨੂੰ ਸੰਭਾਵੀ ਤੌਰ 'ਤੇ ਬਹੁਤ ਖਤਰਨਾਕ ਬਣਾ ਦਿੰਦੀ ਹੈ।

ਮਨੁੱਖਾਂ ਲਈ ਕਿੰਨੀ ਖ਼ਤਰਨਾਕ ਹੈ ਇਹ ਗੈਸ

ਹਾਈਡ੍ਰੋਜਨ ਸਲਫਾਈਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)

ਇਸ ਗੈਸ ਦਾ ਇਸਤੇਮਾਲ ਜਿਨ੍ਹਾਂ ਉਦਯੋਗਾਂ ਵਿੱਚ ਹੁੰਦਾ ਹੈ ਉੱਥੇ ਕੰਮ ਕਰਨ ਵਾਲਿਆਂ ਲਈ ਸੁਰੱਖਿਆ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।

ਪਰ ਆਮ ਤੌਰ 'ਤੇ ਵੀ ਗੱਲ ਕਰੀਏ ਤਾਂ ਹਾਈਡ੍ਰੋਜਨ ਸਲਫਾਈਡ ਦੇ ਮਨੁੱਖੀ ਸਿਹਤ 'ਤੇ ਬਹੁਤ ਪ੍ਰਭਾਵ ਹੋ ਸਕਦੇ ਹਨ।

ਇਸ ਦੇ ਪ੍ਰਭਾਵਾਂ ਵਿੱਚ ਸਿਰ ਦਰਦ ਜਾਂ ਅੱਖਾਂ ਦੀ ਜਲਣ ਤੋਂ ਲੈ ਕੇ ਬਹੁਤ ਗੰਭੀਰ ਬੇਹੋਸ਼ੀ ਅਤੇ ਮੌਤ ਤੱਕ ਹੋ ਸਕਦੀ ਹੈ।

ਜੇਕਰ ਹਵਾ ਵਿੱਚ ਇਸ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ ਤਾਂ ਕੁਝ ਹੀ ਸਮੇਂ ਵਿੱਚ ਪ੍ਰਭਾਵਿਤ ਵਿਅਕਤੀ ਦੀ ਮੌਤ ਹੋ ਸਕਦੀ ਹੈ।

ਹਾਲਾਂਕਿ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇੱਕ ਵਿਅਕਤੀ ਕਿੰਨਾ ਚਿਰ H2S (ਹਾਈਡ੍ਰੋਜਨ ਸਲਫਾਈਡ) ਵਾਲੇ ਵਾਤਾਵਰਨ 'ਚ ਸਾਹ ਲੈਂਦਾ ਹੈ ਅਤੇ ਉਸ ਦੇ ਸ਼ਰੀਰ ਵਿੱਚ ਇਸ ਦੀ ਕਿੰਨੀ ਮਾਤਰਾ ਜਾਂਦੀ ਹੈ।

ਗੈਸ ਦੀ ਕਿੰਨੀ ਮਾਤਰਾ ਕਿੰਨੀ ਖ਼ਤਰਨਾਕ ਹੈ

ਲੁਧਿਆਣਾ ਗੈਸ ਲੀਕ

ਯੂਨਾਇਟੇਡ ਸਟੇਟਸ ਡਿਪਾਰਟਮੈਂਟ ਆਫ਼ ਲੇਬਰ ਦੇ ਕੰਮਕਾਜ ਸਬੰਧੀ ਸੁਰੱਖਿਆ ਅਤੇ ਸਿਹਤ ਐਡਮਿਨਿਸਟ੍ਰੇਸ਼ਨ ਦੀ ਵੈਬਸਾਈਟ ਮੁਤਾਬਕ, ਇਸ ਦੀ ਮਾਤਰਾ ਦੇ ਅਨੁਸਾਰ ਖਤਰੇ ਦੇ ਪੱਧਰ ਦੱਸੇ ਗਏ ਹਨ।

ਕਿਸੇ ਰਸਾਇਣ ਦੀ ਮਾਤਰਾ ਨੂੰ "ਪਾਰਟਸ ਪ੍ਰਤੀ ਮਿਲੀਅਨ" (ਪੀਪੀਐਮ) ਜਾਂ ਫਿਰ ਮਿਲੀਗ੍ਰਾਮ ਪ੍ਰਤੀ ਲੀਟਰ (ਐਮਜੀ/ਐਲ) ਵਜੋਂ ਵੀ ਦਰਸਾਇਆ ਜਾ ਸਕਦਾ ਹੈ।

ਪੀਪੀਐਮ ਦੇ ਹਿਸਾਬ ਨਾਲ, ਗੈਸ ਦੀ ਵੱਖ-ਵੱਖ ਮਾਤਰਾ ਸਰੀਰ 'ਤੇ ਵੱਖਰਾ ਅਸਰ ਪਾ ਸਕਦੀ ਹੈ।

ਆਓ ਹੁਣ ਮਾਤਰਾ (ਪੀਪੀਐਮ) ਦੇ ਹਿਸਾਬ ਨਾਲ ਹਾਈਡ੍ਰੋਜਨ ਸਲਫਾਈਡ ਦੇ ਮਨੁੱਖੀ ਸਰੀਰ 'ਤੇ ਪੈਣ ਵਾਲੇ ਅਸਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ:

  • 0.01-1.5 : ਇਸ ਸਥਿਤੀ ਵਿੱਚ ਮਨੁੱਖ ਨੂੰ ਸੜੇ ਹੋਏ ਆਂਡਿਆਂ ਵਰਗੀ ਬਦਬੂ ਦਾ ਅਹਿਸਾਸ ਹੁੰਦਾ ਹੈ
  • 2-5 - ਇਸ ਸਥਿਤੀ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਜੀ ਮਿਚਲਾਉਣਾ, ਅੱਖਾਂ ਵਿੱਚੋਂ ਪਾਣੀ ਨਿਕਲਣਾ, ਸਿਰ ਦਰਦ, ਨੀਂਦ ਉੱਡਣਾ ਅਤੇ ਸਾਹ ਦੇ ਮਰੀਜ਼ਾਂ ਵਿੱਚ ਸਾਹ ਲੈਣ ਦੀ ਦਿੱਕਤ ਹੋ ਸਕਦੀ ਹੈ
  • 20 : ਬੇਹੋਸ਼ੀ, ਸਿਰ ਦਰਦ, ਇਰੀਟੇਸ਼ਨ ਹੋਣਾ, ਯਾਦ ਸ਼ਕਤੀ 'ਤੇ ਪ੍ਰਭਾਵ ਆਦਿ
  • 50-100 : ਅੱਖਾਂ ਤੋਂ ਦਿਖਾਈ ਦੇਣ ਵਿੱਚ ਪ੍ਰੇਸ਼ਾਨੀ, 1 ਘੰਟੇ ਬਾਅਦ ਸਾਹ ਦੀ ਨਲ਼ੀ 'ਚ ਜਲਣ, ਬਦਹਜ਼ਮੀ ਜਾਂ ਉਲਟੀ ਹੋਣਾ
  • 100 : ਖੰਗ ਉੱਠਣਾ, ਅੱਖਾਂ 'ਚ ਜਲਣ, 2 ਤੋਂ 15 ਮਿੰਟਾਂ ਵਿਚਕਾਰ ਸੁੰਘਣ ਸ਼ਕਤੀ ਦਾ ਸਮਾਪਤ ਹੋਣਾ, 15 ਤੋਂ 30 ਮਿੰਟਾਂ ਵਿਚਕਾਰ ਸਾਹ ਵਿੱਚ ਰੁਕਾਵਟ, 1 ਘੰਟੇ ਬਾਅਦ ਗਲ਼ੇ 'ਚ ਜਲਣ। ਕੁਝ ਹੋਰ ਘੰਟੇ ਇਸੇ ਸਥਿਤੀ 'ਚ ਰਹਿਣ ਨਾਲ ਇਹ ਪ੍ਰਭਾਵ ਗਹਿਰੇ ਹੋ ਸਕਦੇ ਹਨ ਅਤੇ 48 ਘੰਟਿਆਂ ਵਿੱਚ ਮੌਤ ਹੋ ਸਕਦੀ ਹੈ
  • 500-700 : 5 ਮਿੰਟ ਵਿੱਚ ਬੇਹੋਸ਼ੀ, 30 ਮਿੰਟਾਂ ਵਿੱਚ ਅੱਖਾਂ ਨੂੰ ਗੰਭੀਰ ਨੁਕਸਾਨ ਅਤੇ 30-60 ਮਿੰਟ ਬਾਅਦ ਮੌਤ
  • 700-1000 : ਇੱਕ-ਦੋ ਸਾਹ ਲੈਣ ਤੋਂ ਬਾਅਦ ਤੁਰੰਤ ਅਤੇ ਲਗਾਤਾਰ ਬੇਹੋਸ਼ੀ, 30 ਤੋਂ 60 ਮਿੰਟਾਂ 'ਚ ਮੌਤ
  • 1000-2000 : ਜ਼ਿਆਦਾਤਰ ਮਾਮਲਿਆਂ ਵਿੱਚ ਤੁਰੰਤ ਮੌਤ
ਲੁਧਿਆਣਾ ਗੈਸ ਲੀਕ

ਕੀ ਇਹ ਪਾਣੀ ਰਾਹੀਂ ਵੀ ਫੈਲ ਸਕਦੀ ਹੈ

ਹਾਈਡ੍ਰੋਜਨ ਸਲਫਾਈਡ ਹਵਾ ਤੋਂ ਇਲਾਵਾ ਪਾਣੀ ਰਾਹੀਂ ਵੀ ਫੈਲ ਸਕਦੀ ਹੈ।

ਤਰਲ ਹਾਈਡ੍ਰੋਜਨ ਸਲਫਾਈਡ ਦੇ ਸੰਪਰਕ ਵਿੱਚ ਆਉਣ ਨਾਲ ''ਚਮੜੀ ਨੀਲੀ'' ਪੈਣ ਦੀ ਸ਼ਿਕਾਇਤ ਹੋ ਸਕਦੀ ਹੈ ਜਾਂ ਠੰਢ ਲੱਗ ਸਕਦੀ।

ਬਚਾਅ ਦੇ ਉਪਾਅ ਕੀ ਹਨ

ਹਾਈਡ੍ਰੋਜਨ ਸਲਫਾਈਡ ਤੋਂ ਬਚਾਅ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, (ਸੰਕੇਤਕ ਤਸਵੀਰ)
  • ਜੇਕਰ ਹਵਾ ਵਿੱਚ ਸੜੇ ਹੋਏ ਆਂਡਿਆਂ ਦੀ ਬਦਬੂ ਵਰਗਾ ਅਹਿਸਾਸ ਹੋਵੇ ਤਾਂ ਤੁਰੰਤ ਉਸ ਥਾਂ ਤੋਂ ਕਿਸੇ ਹੋਰ ਖੁੱਲ੍ਹੀ ਥਾਂ 'ਤੇ ਚਲੇ ਜਾਓ
  • ਤੁਰੰਤ ਪੁਲਿਸ ਨੂੰ ਸੰਪਰਕ ਕਰੋ ਤਾਂ ਜੋ ਰਾਹਤ ਕਰਮੀ ਛੇਤੀ ਤੋਂ ਛੇਤੀ ਤੁਹਾਡੀ ਮਦਦ ਲਈ ਆ ਸਕਣ
  • ਕਿਸੇ ਵੀ ਸਵਿੱਚ ਆਦਿ ਨੂੰ ਆਨ ਨਾ ਕਰੋ, ਨਾ ਹੀ ਗੈਸ ਆਦਿ ਦੀ ਵਰਤੋਂ ਕਰੋ ਕਿਉਂਕਿ ਇਹ ਗੈਸ ਬਹੁਤ ਜ਼ਿਆਦਾ ਜਲਣਸ਼ੀਲ ਹੁੰਦੀ ਹੈ।
  • ਹਾਈਡ੍ਰੋਜਨ ਸਲਫਾਈਡ ਦੀ ਲਗਾਤਾਰ ਮੌਜੂਦਗੀ ਨੂੰ ਪਛਾਨਣ ਲਈ ਆਪਣੀ ਸੁੰਘਣ ਸ਼ਕਤੀ 'ਤੇ ਭਰੋਸਾ ਨਾ ਕਰੋ। ਹਾਲਾਂਕਿ, ਤੁਸੀਂ ਹਵਾ ਵਿੱਚ ਹਾਈਡ੍ਰੋਜਨ ਸਲਫਾਈਡ ਦੀ "ਸੜੇ ਹੋਏ ਅੰਡੇ" ਦੀ ਗੰਧ ਨੂੰ ਸੁੰਘ ਸਕਦੇ ਹੋ ਪਰ ਥੋੜ੍ਹੀ ਦੇਰ ਬਾਅਦ ਹੀ ਤੁਸੀਂ ਗੈਸ ਨੂੰ ਸੁੰਘਣ ਦੀ ਸਮਰੱਥਾ ਗੁਆ ਦਿੰਦੇ ਹੋ। ਇਹ ਗੈਸ ਬਹੁਤ ਛੇਤੀ ਤੁਹਾਡੀ ਸੁੰਘਣ ਸ਼ਕਤੀ ਨੂੰ ਖਤਮ ਕਰ ਦਿੰਦੀ ਹੈ।
  • ਜੇਕਰ ਅਜਿਹੇ ਪਾਣੀ ਨਾਲ ਕੱਪੜੇ ਗਿੱਲੇ ਹੋ ਜਾਂਦੇ ਹਨ ਤਾਂ ਜਲਣ ਵੱਲ ਸਰੋਤਾਂ ਤੋਂ ਦੂਰ ਰਹੋ, ਕੱਪੜੇ ਉਤਾਰ ਦਿਓ ਅਤੇ ਇਨ੍ਹਾਂ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਅਲੱਗ ਕਰ ਕੇ ਰੱਖ ਦਿਓ ਤਾਂ ਕਿ ਇਹ ਭਾਫ਼ ਬਣ ਕੇ ਉੱਡ ਸਕੇ।
ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)