You’re viewing a text-only version of this website that uses less data. View the main version of the website including all images and videos.
ਅੰਬਾਲਾ: ਬੋਰਵੈੱਲ ਵਿੱਚ ਡਿੱਗ ਕੇ ਜਾਨ ਗਵਾਉਣ ਵਾਲੇ ਚਾਰ ਸਾਲਾ ਨਿਰਵੈਰ ਦੇ ਦਾਦਾ ਨੇ ਘਟਨਾ ਬਾਰੇ ਕੀ ਦੱਸਿਆ, ਆਖ਼ਰ ਹੋਇਆ ਕੀ ਸੀ
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਧਨਯੋੜਾ ਵਿੱਚ ਇੱਕ ਚਾਰ ਸਾਲ ਦੇ ਬੱਚੇ ਨਿਰਵੈਰ ਸਿੰਘ ਦੀ ਬੋਰਵੈੱਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ।
20 ਤੋਂ ਵੱਧ ਘੰਟਿਆਂ ਤੱਕ ਚੱਲੇ ਬਚਾਅ ਕਾਰਜਾਂ ਤੋਂ ਬਾਅਦ ਬੱਚੇ ਨੂੰ ਬੁੱਧਵਾਰ ਤੜਕੇ 4 ਵਜੇ ਦੇ ਕਰੀਬ ਬੋਰਵੈੱਲ ਚੋਂ ਬਾਹਰ ਕੱਢਿਆ ਗਿਆ, ਜਿਸਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਅੰਬਾਲਾ ਕੰਟੋਨਮੈਂਟ ਹਸਪਤਾਲ ਦੇ ਮੈਡੀਕਲ ਅਫਸਰ ਡਾਕਟਰ ਰਿਸ਼ੀ ਪਾਲ ਨੇ ਦੱਸਿਆ, "ਜਦੋਂ ਇਹ ਬੱਚਾ 21 ਘੰਟਿਆਂ ਬਾਅਦ ਐਮਰਜੈਂਸੀ ਵਿੱਚ ਆਇਆ, ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।"
ਪਰਿਵਾਰ ਮੁਤਾਬਕ ਨਿਰਵੈਰ ਸਿੰਘ ਮੰਗਲਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਖੇਡਦੇ ਸਮੇਂ ਬੋਰਵੈਲ ਵਿੱਚ ਡਿੱਗਿਆ ਸੀ। ਉਹ ਆਪਣੇ ਦਾਦਾ ਨੂੰ ਰੋਟੀ ਦੇਣ ਖੇਤ ਵਿੱਚ ਆਇਆ ਸੀ।
ਨਿਰਵੈਰ ਸਿੰਘ ਆਪਣੇ ਦਾਦਾ ਦੀਆਂ ਅੱਖਾਂ ਦੇ ਸਾਹਮਣੇ ਬੋਰੇਵੈੱਲ ਵਿੱਚ ਡਿੱਗਿਆ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਪਿਤਾ ਮਨਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਉੱਚੀ ਆਵਾਜ਼ ਸੁਣੀ ਅਤੇ ਤੁਰੰਤ ਬੋਰਵੈੱਲ ਵੱਲ ਭੱਜੇ, ਬੱਚੇ ਨੂੰ ਆਵਾਜ਼ ਮਾਰੀ। ਪਰਿਵਾਰ ਅਤੇ ਨੇੜਲੇ ਪਿੰਡ ਵਾਸੀਆਂ ਨੇ ਸ਼ੁਰੂ ਵਿੱਚ ਆਪਣੇ ਆਪ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਤਾਂ ਸਵੇਰੇ 7.30 ਵਜੇ ਦੇ ਕਰੀਬ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਫੇਰ ਮੌਕੇ 'ਤੇ ਪਹੁੰਚ ਗਏ, ਜਿਸ ਤੋਂ ਬਾਅਦ ਐਨਡੀਆਰਐਫ, ਐਸਡੀਆਰਐਫ ਅਤੇ ਫੌਜ ਦੀਆਂ ਬਚਾਅ ਟੀਮਾਂ ਨੇ ਇੱਕ ਸਾਂਝੀ ਮੁਹਿੰਮ ਸ਼ੁਰੂ ਕੀਤੀ।
ਤੋਮਰ ਨੇ ਕਿਹਾ, "ਬੋਰਵੈੱਲ ਲਗਭਗ ਨੌਂ ਇੰਚ ਚੌੜਾ ਸੀ ਅਤੇ ਲਗਭਗ 220 ਫੁੱਟ 'ਤੇ ਬੱਚਾ ਡਿੱਗਿਆ ਹੋਇਆ ਸੀ। ਇਹ ਬੋਰੇਵੈੱਲ ਗੁਆਂਢੀ ਦਾ ਸੀ, ਸੰਬੰਧਤ ਐੱਸਐੱਚਓ ਨੂੰ ਉਹਨਾਂ ਖਿਲਾਫ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ, ਜਿਹਨਾਂ ਨੇ ਬੋਰੇਵੈੱਲ ਨੂੰ ਖੁਲ੍ਹਾ ਛੱਡਿਆ ਸੀ।"
ਪ੍ਰਸ਼ਾਸਨ ਦੇ ਨਾਲ ਸਥਾਨਕ ਬੋਰੇਵੈੱਲ ਪੁੱਟਣ ਵਾਲ਼ੀਆਂ ਟੀਮਾਂ ਦੀ ਮਦਦ ਵੀ ਲਈ ਜਾ ਰਹੀ ਸੀ।
ਮੰਗਲਵਾਰ ਨੂੰ ਘਟਨਾ ਸਥਾਨ 'ਤੇ ਮੌਜੂਦ ਅੰਬਾਲਾ ਐੱਸਡੀਐੱਮ ਇਸ਼ਿਕਾ ਗੁਪਤਾ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਬੱਚਾ ਪਾਣੀ ਵਿੱਚ ਸੀ, ਪਾਣੀ ਉਸਦੇ ਉੱਤੇ ਆ ਰਿਹਾ ਸੀ।
ਨਿਰਵੈਰ ਸਿੰਘ ਦੇ ਬਚਾਅ ਕਾਰਜ ਦੇਖਣ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਮੌਕੇ 'ਤੇ ਪਹੁੰਚ ਗਏ ਸਨ। ਪਰਿਵਾਰ ਅਤੇ ਸਥਾਨਕ ਲੋਕ ਪ੍ਰਸ਼ਾਸਨ ਅਤੇ ਰੈਸਕਿਊ ਟੀਮ 'ਤੇ ਪੂਰਾ ਭਰੋਸਾ ਕਰ ਰਹੇ ਸਨ ਕਿ ਜਲਦੀ ਉਹ ਬੱਚੇ ਨੂੰ ਬਚਾ ਲੈਣਗੇ।
ਪਰਿਵਾਰਕ ਮੈਂਬਰਾਂ ਮੁਤਾਬਕ ਹਾਦਸੇ ਤੋਂ ਬਾਅਦ ਨਿਰਵੈਰ ਦੇ ਮਾਤਾ ਅਤੇ ਪਿਤਾ ਦੋਵੇਂ ਬੇਸੁੱਧ ਹੋ ਗਏ ਸਨ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਦਾਦੇ ਦੀਆਂ ਅੱਖਾਂ ਸਾਹਮਣੇ ਬੋਰੇਵੈੱਲ 'ਚ ਡਿੱਗਿਆ ਨਿਰਵੈਰ
ਬਚਾਅ ਕਾਰਜ ਸਮੇਂ ਮੌਕੇ 'ਤੇ ਮੌਜੂਦ ਨਿਰਵੈਰ ਸਿੰਘ ਦੇ ਮਾਮਾ ਦਲਵੀਰ ਸਿੰਘ ਨੇ ਦੱਸਿਆ ਕਿ ਨਿਰਵੈਰ ਮੰਗਲਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਆਪਣੇ ਪਿਤਾ ਨਾਲ ਖਾਣਾ ਲੈ ਕੇ ਖੇਤ ਵਿੱਚ ਆਇਆ ਸੀ। ਉਸਦੇ ਦਾਦਾ ਕਰਨੈਲ ਸਿੰਘ ਪਹਿਲਾਂ ਹੀ ਖੇਤਾਂ ਵਿੱਚ ਕੰਮ ਕਰ ਰਹੇ ਸਨ।
ਨਿਰਵੈਰ ਦੇ ਪਿਤਾ ਨਿਰਵੈਰ ਨੂੰ ਦਾਦਾ ਕੋਲ ਛੱਡ ਕੇ ਥੋੜੀ ਦੂਰ ਆਪਣੇ ਖੇਤ ਵਿੱਚ ਕੰਮ ਕਰਨ ਚਲੇ ਗਏ। ਨਿਰਵੈਰ ਆਪਣੇ ਦਾਦਾ ਕੋਲ ਹੀ ਖੇਡਣ ਲੱਗ ਗਿਆ। ਜਿੱਥੇ ਨਿਰਵੈਰ ਖੇਡ ਰਿਹਾ ਸੀ ਇਹ ਖੇਤ ਕਿਸੇ ਗੁਆਂਢੀ ਦਾ ਸੀ। ਇੱਥੇ ਹੀ ਬੋਰਵੈਲ ਸੀ, ਜਿੱਥੇ ਖੇਡਦਾ ਖੇਡਦਾ ਨਿਰਵੈਰ ਬੋਰਵੈਲ ਵਿੱਚ ਡਿੱਗ ਗਿਆ।
ਜਿਸ ਵੇਲੇ ਨਿਰਵੈਰ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਚਲ ਰਹੇ ਸਨ, ਨਿਰਵੈਰ ਸਿੰਘ ਦੇ ਦਾਦਾ ਕਰਨੈਲ ਸਿੰਘ ਖੇਤ ਵਿੱਚ ਮੌਜੂਦ ਸਨ। ਉਹਨਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਉਹ ਰੋਂਦੇ ਰੋਂਦੇ ਦੱਸਦੇ ਹਨ, "ਜਦੋਂ ਅੱਜ ਮੇਰੇ ਕੋਲ ਆਇਆ ਤਾਂ ਮੈਂ ਉਸਨੂੰ ਪੁੱਛਿਆ ਕਿ ਪਾਣੀ ਪੀਣਾ ਤਾਂ ਉਸਨੇ ਮਨ੍ਹਾ ਕਰ ਦਿੱਤਾ। ਮੈਂ ਰੋਟੀ ਖਾਣ ਹੀ ਲੱਗਿਆ ਸੀ ਤਾਂ ਉਹ ਮੇਰੀਆਂ ਅੱਖਾਂ ਸਾਹਮਣੇ ਬੋਰੇਵੈੱਲ ਵਿੱਚ ਡਿੱਗ ਗਿਆ।
ਕਰਨੈਲ ਸਿੰਘ ਫੁੱਟ-ਫੁੱਟ ਕੇ ਰੋਂਦੇ ਹੋਏ ਬੋਲ ਰਹੇ ਸਨ, "ਬੋਰੇਵੈੱਲ 'ਤੇ ਬੋਰੀ ਪਈ ਸੀ ਮੇਰੇ ਧਿਆਨ ਵਿੱਚ ਹੀ ਨਹੀਂ ਆਇਆ ਕਿ ਇੱਥੇ ਬੋਰੇਵੈੱਲ ਹੈ। ਮੇਰੇ ਧਿਆਨ ਵਿੱਚ ਹੁੰਦਾ ਤਾਂ ਮੈਂ ਉਸਨੂੰ ਓਧਰ ਜਾਣ ਹੀ ਨਹੀਂ ਦੇਣਾ ਸੀ।"
12 ਸਾਲ ਬਾਅਦ ਹੋਇਆ ਸੀ ਨਿਰਵੈਰ ਦਾ ਜਨਮ
ਨਿਰਵੈਰ ਸਿੰਘ ਦੇ ਮਾਮਾ ਦਲਵੀਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਨਿਰਵੈਰ ਸਿੰਘ ਦੀ ਇੱਕ ਵੱਡੀ ਭੈਣ ਹੈ।
ਉਹ ਕਹਿੰਦੇ ਹਨ, "ਮੇਰੇ ਭੈਣ ਦੇ ਵਿਆਹ ਦੇ 12 ਸਾਲ ਬਾਅਦ ਨਿਰਵੈਰ ਦਾ ਜਨਮ ਹੋਇਆ ਸੀ, ਤੇ ਉਸਨੂੰ ਬਹੁਤ ਅਰਦਾਸਾਂ ਕਰਕੇ ਰੱਬ ਤੋਂ ਮੰਗਿਆ ਸੀ। ਉਸਦੀ ਇੱਕ ਵੱਡੀ ਭੈਣ ਹੈ ਜੋ ਨਿਰਵੈਰ ਤੋਂ 11 ਸਾਲ ਵੱਡੀ ਹੈ।"
ਨਿਰਵੈਰ ਸਿੰਘ ਇੱਕ ਦਿਨ ਪਹਿਲਾਂ ਹੀ ਆਪਣੇ ਨਾਨਕੇ ਪਿੰਡ ਤੋਂ ਦਾਦਕੇ ਪਿੰਡ ਆਇਆ ਸੀ।
ਨਿਰਵੈਰ ਸਿੰਘ ਦੀ ਇੱਕ ਪੀਲੇ ਅਤੇ ਨੀਲੇ ਰੰਗ ਦੀ ਚੱਪਲ ਘਟਨਾ ਸਥਾਨ 'ਤੇ ਪਈ ਸੀ, ਜਿਸਨੂੰ ਪਰਿਵਾਰਕ ਮੈਂਬਰ ਵਾਰ-ਵਾਰ ਫੜ੍ਹ ਕੇ ਪਿਆਰ ਨਾਲ ਦੇਖ ਰਹੇ ਸੀ ਅਤੇ ਰੋ ਰਹੇ ਸਨ।
ਮੌਕੇ 'ਤੇ ਮੌਜੂਦ ਪਰਿਵਾਰਕ ਮੈਂਬਰ ਅਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਆਏ ਲੋਕ ਦੇਰ ਰਾਤ ਤੱਕ ਨਿਰਵੈਰ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਸਨ।
ਬਚਾਅ ਕਾਰਜ ਦੌਰਾਨ ਕੀ-ਕੀ ਚੁਣੌਤੀਆਂ ਆਈਆਂ?
ਬੁੱਧਵਾਰ ਤਕੜੇ 4 ਵਜੇ ਦੇ ਕਰੀਬ ਬਚਾਅ ਕਾਰਜ ਖਤਮ ਕਰਨ ਮਗਰੋਂ ਐਨਡੀਆਰਐਫ ਦੇ ਸਹਾਇਕ ਕਮਾਂਡੈਂਟ ਅਨਿਲ ਕੁਮਾਰ ਨੇ ਖਬਰ ਏਜੰਸੀ ਏਐੱਨਆਈ ਨੂੰ ਜਾਣਕਾਰੀ ਵਿੱਚ ਦੱਸਿਆ ਕਿ ਲਗਭਗ 18-19 ਘੰਟੇ ਬਚਾਅ ਕਾਰਜ ਚੱਲਿਆ।
"ਇਹ ਘਟਨਾ ਸਵੇਰੇ 6 ਵਜੇ ਵਾਪਰੀ, ਅਸੀਂ ਇੱਥੇ ਸਵੇਰੇ ਸਾਢੇ ਦਸ-ਗਿਆਰਾਂ ਵਜੇ ਪਹੁੰਚੇ ਅਤੇ ਆਪ੍ਰੇਸ਼ਨ ਸ਼ੁਰੂ ਕੀਤਾ। ਬੱਚਾ ਪਾਣੀ ਨਾਲ ਭਰੇ ਬੋਰਵੈੱਲ ਵਿੱਚ ਫਸਿਆ ਹੋਇਆ ਸੀ ਅਤੇ ਹੌਲੀ-ਹੌਲੀ ਹੋਰ ਹੇਠਾਂ ਵੱਲ ਖਿਸਕ ਰਿਹਾ ਸੀ। ਦਿੱਕਤ ਆ ਰਹੀ ਸੀ, ਅਸੀਂ ਉਸਨੂੰ ਰੱਸੀ ਨਾਲ ਨਹੀਂ ਕੱਢ ਪਾ ਰਹੇ ਸੀ, ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਬਰਾਬਰ ਖੁਦਾਈ ਨਹੀਂ ਕਰ ਸਕਦੇ ਸੀ।
ਅਪ੍ਰੇਸ਼ਨ ਦੌਰਾਨ ਕਈ ਤਰ੍ਹਾਂ ਦੀਆਂ ਚੁਣੌਤੀਆਂ ਸਨ, ਇਸਨੂੰ ਬੈਡ ਲੱਕ(ਮਾੜੀ ਕਿਸਮਤ) ਕਹਿ ਸਕਦੇ ਹਨ। ਅਸੀਂ ਰੱਸੀ ਦੇ ਸਹਾਰੇ ਸੀ ਅਤੇ ਰੱਸੀ ਕਈ ਵਾਰ ਉਲਝ ਜਾਂਦੀ ਹੈ। ਇਕ ਵਾਰ ਸਾਡੇ ਸੰਦ ਅਟਕ ਗਏ ਤੇ ਉਹ ਤੰਗ ਕਰਦੇ ਹਨ। ਇਸਤੋਂ ਇਲਾਵਾ ਪਾਣੀ ਲਗਾਤਾਰ ਚੱਲ ਰਿਹਾ ਸੀ ਇਸ ਕਰਕੇ ਦਿਖਾਈ ਦੇਣ ਦੀ ਸਮੱਸਿਆ ਵੀ ਸੀ। ਰੇਤ ਵਿੱਚ ਆ ਰਹੀ ਸੀ, ਫਿਰ ਸਾਨੂੰ ਉਡੀਕ ਕਰਨੀ ਪੈਂਦੀ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ