You’re viewing a text-only version of this website that uses less data. View the main version of the website including all images and videos.
15 ਮਰੀਜ਼ਾਂ ਦਾ ਕਤਲ ਕਰਨ ਵਾਲੇ ਡਾਕਟਰ ਨੂੰ ਉਮਰ ਕੈਦ ਦੀ ਸਜ਼ਾ, ਡਾਕਟਰ ਨੇ ਜੁਰਮ ਕਬੂਲ ਕਰਨ ਵੇਲੇ ਕੀ ਕਾਰਨ ਦੱਸਿਆ
- ਲੇਖਕ, ਬੈਥਨੀ ਬੈੱਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਗੰਭੀਰ ਬਿਮਾਰ ਮਰੀਜ਼ਾਂ ਦੀ ਦੇਖਭਾਲ ਵਿੱਚ ਮਾਹਿਰ ਜਰਮਨੀ ਦੇ ਇੱਕ ਡਾਕਟਰ ਨੂੰ ਆਪਣੇ 15 ਮਰੀਜ਼ਾਂ ਨੂੰ ਮਾਰਨ ਦੇ ਇਲਜ਼ਾਮ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਬਰਲਿਨ ਦੀ ਅਦਾਲਤ ਨੂੰ ਪਤਾ ਲੱਗਿਆ ਕਿ 41 ਸਾਲਾ ਜੋਹੈਨਸ ਐਮ (ਜਰਮਨੀ ਦੇ ਨਿੱਜਤਾ ਨਿਯਮਾਂ ਤਹਿਤ ਕੀਤੀ ਗਈ ਪਛਾਣ) ਨੇ ਸਤੰਬਰ 2021 ਤੋਂ ਜੁਲਾਈ 2024 ਦਰਮਿਆਨ 12 ਔਰਤਾਂ ਅਤੇ 3 ਮਰਦਾਂ ਦੇ ਕਤਲ ਦਾ ਕਤਲ ਕੀਤਾ ਹੈ।
ਅਧਿਕਾਰੀਆਂ ਨੂੰ ਲਗਦਾ ਹੈ ਕਿ ਇਹ ਮੌਤਾਂ ਇੱਕ ਵੱਡੀ ਸਾਜ਼ਿਸ਼ ਦਾ ਛੋਟਾ ਜਿਹਾ ਹਿੱਸਾ ਹੋ ਸਕਦੀਆਂ ਹਨ। ਸਰਕਾਰੀ ਵਕੀਲ ਡਾਕਟਰ ਨਾਲ ਸਬੰਧਤ ਅਜਿਹੀਆਂ ਦਰਜਨਾਂ ਹੋਰ ਘਟਨਾਵਾਂ ਦੀ ਜਾਂਚ ਕਰ ਰਹੇ ਹਨ।
ਉਸ ਦੇ ਪੀੜਤ 25 ਤੋਂ 94 ਸਾਲ ਦੀ ਉਮਰ ਤੱਕ ਦੇ ਸਨ। ਮੁਕੱਦਮੇ ਦੌਰਾਨ ਦੱਸਿਆ ਗਿਆ ਕਿ ਉਹ ਸਾਰੇ ਗੰਭੀਰ ਰੂਪ ਵਿੱਚ ਬਿਮਾਰ ਸਨ ਪਰ ਉਨ੍ਹਾਂ ਦੀ ਤੁਰੰਤ ਮੌਤ ਹੋਣ ਵਾਲੀ ਨਹੀਂ ਸੀ।
ਜਾਨਲੇਵਾ ਦਵਾਈਆਂ ਦਿੱਤੀਆਂ
ਸਰਕਾਰੀ ਪੱਖ ਨੇ ਕਿਹਾ ਕਿ ਘਰਾਂ ਦੇ ਦੌਰਿਆਂ ਦੌਰਾਨ ਡਾਕਟਰ ਮਰੀਜ਼ ਦੀ ਸਹਿਮਤੀ ਤੋਂ ਬਿਨ੍ਹਾਂ ਵੱਖ ਵੱਖ ਦਵਾਈਆਂ ਦੇ ਜਾਨਲੇਵਾ ਮਿਸ਼ਰਨ ਦਿੰਦਾ ਸੀ।
ਕਈ ਵਾਰ ਆਪਣੇ ਅਪਰਾਧਾਂ ਨੂੰ ਲੁਕਾਉਣ ਲਈ ਉਸ ਨੇ ਅੱਗ ਵੀ ਲਗਾਈ।
ਸਰਕਾਰੀ ਪੱਖ ਨੇ ਦੱਸਿਆ ਕਿ ਜੁਲਾਈ 2024 ਵਿੱਚ ਉਸ ਦੀ ਗ੍ਰਿਫਤਾਰੀ ਤੋਂ ਕੁਝ ਕ ਸਮਾਂ ਪਹਿਲਾਂ, ਉਸ ਨੇ ਇੱਕੋ ਦਿਨ ਵਿੱਚ ਦੋ ਮਰੀਜ਼ ਮਾਰ ਦਿੱਤੇ, ਸੈਂਟਰਲ ਬਰਲਿਨ ਵਿੱਚ ਰਹਿਣ ਵਾਲਾ ਇੱਕ 75 ਸਾਲਾ ਬਜ਼ੁਰਗ ਅਤੇ ਕੁਝ ਘੰਟਿਆਂ ਬਾਅਦ ਗੁਆਂਢੀ ਜ਼ਿਲ੍ਹੇ ਦੀ 76 ਸਾਲਾ ਬਜ਼ੁਰਗ ਔਰਤ।
ਉਨ੍ਹਾਂ ਦੱਸਿਆ ਕਿ ਡਾਕਟਰ ਨੇ ਬਜ਼ੁਰਗ ਔਰਤ ਦੇ ਘਰ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਅਸਫਲ ਹੋ ਗਿਆ।
ਇੱਕ ਸਾਲ ਤੱਕ ਚੱਲੇ ਮੁਕੱਦਮੇ ਦੌਰਾਨ ਜ਼ਿਆਦਾ ਸਮਾਂ ਡਾਕਟਰ ਚੁੱਪ ਹੀ ਰਿਹਾ।
ਪਰ ਪਿਛਲੇ ਮਹੀਨੇ ਉਸ ਨੇ ਆਪਣੇ 12 ਗੰਭੀਰ ਮਰੀਜ਼ਾਂ ਨੂੰ ਮਾਰ ਦੇਣ ਦਾ ਜੁਰਮ ਕਬੂਲ ਕੀਤਾ।
ਉਸ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਹ ਮੰਨਦਾ ਸੀ ਕਿ ਉਹ ਸਹੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਬਿਮਾਰੀ ਅਤੇ ਦਰਦ ਤੋਂ ਬਚਾ ਰਿਹਾ ਹੈ।
ਉਸ ਨੇ ਕਿਹਾ, "ਇਸ ਸਾਰੇ ਸਮੇਂ ਦੌਰਾਨ ਮੈਂ ਸੋਚਿਆ ਇਹੀ ਉਨ੍ਹਾਂ ਲਈ ਬਿਹਤਰ ਹੈ।"
ਉਸ ਨੇ ਇਹ ਵੀ ਕਿਹਾ ਕਿ ਉਸ ਨੇ ਖੁਦ ਵੱਲੋਂ ਦਿੱਤੀਆਂ ਸਾਰੀਆਂ ਤਕਲੀਫ਼ਾਂ ਲਈ ਮਾਫ਼ੀ ਮੰਗੀ।
ਸੀਰੀਅਲ ਕਿੱਲਰ
ਅਥਾਰਟੀਜ਼ ਨੂੰ ਸ਼ੱਕ ਹੈ ਕਿ ਉਸ ਨੇ ਹੋਰ ਮਰੀਜ਼ ਵੀ ਮਾਰੇ ਹਨ। ਸਰਕਾਰੀ ਪੱਖ ਇਸ ਵੇਲੇ 76 ਹੋਰ ਕੇਸਾਂ ਦੀ ਜਾਂਚ ਕਰ ਰਿਹਾ ਹੈ।
ਜਰਮਨੀ ਦੇ ਮੀਡੀਆ ਨੇ ਕਿਹਾ ਕਿ ਜੇ ਇਹ ਸਾਰੇ ਕੇਸਾਂ ਦੀ ਪੁਸ਼ਟੀ ਹੋ ਜਾਂਦੀ ਹੈ ਅਤੇ ਉਹ ਦੋਸ਼ੀ ਮੰਨਿਆ ਜਾਂਦਾ ਹੈ ਇਹ ਜਰਮਨੀ ਦੇ ਇਤਿਹਾਸ ਵਿੱਚ ਸੀਰੀਅਲ ਮਰਡਰਜ਼ ਦਾ ਸਭ ਤੋਂ ਵੱਡਾ ਐਪੀਸੋਡ ਹੋਵੇਗਾ।
ਡਾਕਟਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਅਗਲੀ ਕਾਰਵਾਈ ਵਿੱਚ ਬਹੁਤ ਸਰਗਰਮੀ ਨਾਲ ਹਿੱਸਾ ਲਵੇਗਾ।
ਮੁਕੱਦਮੇ ਦੇ ਸ਼ੁਰੂਆਤੀ ਪੜਾਅ ਵਿੱਚ, ਪੀੜਤਾਂ ਦੇ ਰਿਸ਼ਤੇਦਾਰਾਂ ਨੇ ਅਦਾਲਤ ਵਿਚ ਕਿਹਾ ਕਿ ਜੋ ਹੋਇਆ ਉਸ 'ਤੇ ਉਨ੍ਹਾਂ ਨੂੰ ਹੁਣ ਵੀ ਯਕੀਨ ਨਹੀਂ ਹੋ ਰਿਹਾ।
2021 ਵਿੱਚ ਮਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਪੀੜਤ 25 ਸਾਲਾ ਔਰਤ ਦੀ ਮਾਂ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਕਿਹਾ, "ਉਸ ਨੇ ਕਦੇ ਨਹੀਂ ਕਿਹਾ ਸੀ ਕਿ ਉਹ ਜਿਉਣਾ ਨਹੀਂ ਚਾਹੁੰਦੀ।"
2024 ਵਿੱਚ ਮਾਰੀ ਗਈ 72 ਸਾਲਾ ਬਜ਼ੁਰਗ ਔਰਤ ਦੇ ਬੇਟੇ ਨੇ ਕਿਹਾ ਕਿ ਉਸ ਦੀ ਮਾਂ ਉਸ ਦੀ ਭੈਣ ਨਾਲ ਬੈਲਟਿਕ ਸਮੁੰਦਰ ਘੁੰਮਣ ਜਾਣਾ ਚਾਹੁੰਦੀ ਸੀ। ਉਸ ਨੇ ਕਿਹਾ, "ਮੇਰੀ ਮਾਂ ਜਿਉਣਾ ਚਾਹੁੰਦੀ ਸੀ।"
ਅਦਾਲਤ ਨੇ ਫ਼ੈਸਲੇ ਵਿੱਚ ਕਿਹਾ ਕਿ ਡਾਕਟਰ ਦਾ ਗੁਨਾਹ ਬੇਹੱਦ ਸੰਗੀਨ ਸੀ। ਅਦਾਲਤ ਨੇ ਉਸ ਦੀ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਨਿਗਰਾਨੀ ਹੇਠ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਅਤੇ ਉਸ ਦੇ ਡਾਕਟਰੀ ਅਭਿਆਸ 'ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ