You’re viewing a text-only version of this website that uses less data. View the main version of the website including all images and videos.
ਅਮਰੀਕਾ ਨੇ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਗੈਂਗ ਸਣੇ ਤਿੰਨ ਗਰੁੱਪਾਂ ਦੇ 24 ਸ਼ੱਕੀ ਗ੍ਰਿਫ਼ਤਾਰ ਕੀਤੇ, ਕਿਹੜੇ ਕੇਸਾਂ ’ਚ ਹੋਈ ਕਾਰਵਾਈ
ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਬਿਸ਼ਨੋਈ ਗੈਂਗ ਸਮੇਤ ਭਾਰਤ ਅਧਾਰਿਤ ਤਿੰਨ ਸੰਗਠਿਤ ਅਪਰਾਧਿਕ ਗਿਰੋਹਾਂ ਨਾਲ ਕਥਿਤ ਸੰਬੰਧਾਂ ਦੇ ਇਲਜ਼ਾਮ ਵਿੱਚ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ ਹੈ।
ਇਸ ਬਾਰੇ ਅਮਰੀਕਾ ਦੇ ਕੈਲਫੋਰਨੀਆ ਦੇ ਅਟਾਰਨੀ ਆਫਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ।
ਬੀਬੀਸੀ ਪੱਤਰਕਾਰ ਜੈਸਿਕਾ ਮਰਫੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਸ਼ੱਕੀਆਂ 'ਤੇ 2023 ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰੇ ਦੇ ਬਾਹਰ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਸਮੇਤ ਹੋਰ ਕਈ ਇਲਜ਼ਾਮ ਲਗਾਏ ਗਏ ਹਨ।
ਲਾਸ ਏਂਜਲਸ ਦੇ ਫੈਡਰਲ ਵਕੀਲਾਂ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਦੁਨੀਆਂ ਭਰ ਵਿੱਚ ਟਾਰਗੇਟ ਕਿਲਿੰਗ, ਫ਼ਿਰੌਤੀਆਂ ਅਤੇ ਨਸ਼ਾ ਤਸਕਰੀ ਵਿੱਚ ਸ਼ਾਮਲ ਭਾਰਤੀ ਅਪਰਾਧਿਕ ਗਿਰੋਹਾਂ ਖ਼ਿਲਾਫ਼ ਕਈ ਸਾਲਾਂ ਦੀ ਫੈਡਰਲ ਜਾਂਚ ਦਾ ਨਤੀਜਾ ਹਨ।
ਕੁੱਲ ਮਿਲਾ ਕੇ, ਮੰਗਲਵਾਰ ਨੂੰ ਜਨਤਕ ਕੀਤੀਆਂ ਗਈਆਂ ਤਿੰਨ ਚਾਰਜਸ਼ੀਟਾਂ ਵਿੱਚ 37 ਮੁਲਜ਼ਮਾਂ 'ਤੇ ਇਲਜ਼ਾਮ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਦੋ ਮੁਲਜ਼ਮ ਅਜਿਹੇ ਹਨ ਜੋ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਹੋਣ ਦੇ ਬਾਵਜੂਦ ਆਪਣੇ ਗਲੋਬਲ ਅਪਰਾਧਿਕ ਗਿਰੋਹ ਚਲਾ ਰਹੇ ਸਨ।
ਅਮਰੀਕਾ ਵਿੱਚ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਤਿੰਨ ਮੁਲਜ਼ਮਾਂ ਨੂੰ ਕੈਨੇਡਾ ਅਤੇ ਇੱਕ ਨੂੰ ਸਪੇਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੱਤ ਮੁਲਜ਼ਮ ਇਸ ਤਾਜ਼ਾ ਕਾਨੂੰਨੀ ਕਾਰਵਾਈ ਤੋਂ ਪਹਿਲਾਂ ਹੀ ਹਿਰਾਸਤ ਵਿੱਚ ਸਨ।
ਕਾਨੂੰਨੀ ਏਜੰਸੀਆਂ 10 ਭਗੌੜਿਆਂ ਦੀ ਭਾਲ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ ਸੱਤ ਅਮਰੀਕਾ, ਦੋ ਭਾਰਤ ਅਤੇ ਇੱਕ ਯੂਰਪ ਵਿੱਚ ਹੈ।
ਫ਼ਸਟ ਅਸਿਸਟੈਂਟ ਯੁਨਾਈਟਿਡ ਸਟੇਟਸ ਅਟਾਰਨੀ ਬਿਲ ਐਸੇਲੀ ਨੇ ਕਿਹਾ ਕਿ ਡਰ, ਨਸ਼ਾ ਅਤੇ ਹਿੰਸਾ ਫੈਲਾਉਣ ਵਾਲੇ ਕੌਮਾਂਤਰੀ ਅਪਰਾਧਿਕ ਗਿਰੋਹਾਂ ਨੂੰ ਕਾਨੂੰਨ ਦੀ ਪੂਰੀ ਤਾਕਤ ਅਤੇ ਫੈਡਰਲ ਸਰਕਾਰ ਦੇ ਦਬਾਅ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ, "ਇਨ੍ਹਾਂ ਬਦਮਾਸ਼ਾਂ ਲਈ ਕੋਈ ਸੁਰੱਖਿਅਤ ਥਾਂ ਨਹੀਂ ਹੈ।"
ਤਿੰਨ ਸਾਲ ਪਹਿਲਾਂ, 45 ਸਾਲਾ ਨਿੱਜਰ ਦਾ ਵੈਨਕੂਵਰ ਤੋਂ ਤਕਰੀਬਨ ਤੀਹ ਕਿੱਲੋਮੀਟਰ ਦੂਰ ਸਰੀ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ, ਉਨ੍ਹਾਂ ਦੀ ਗੱਡੀ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਉਹ ਇੱਕ ਪ੍ਰਮੁੱਖ ਵੱਖਵਾਦੀ ਸਿੱਖ ਲੀਡਰ ਸਨ ਅਤੇ ਖਾਲਿਸਤਾਨ ਦੀ ਸਿਰਜਣਾ ਲਈ ਜਨਤਕ ਮੁਹਿੰਮ ਚਲਾਉਂਦੇ ਸਨ।
ਫੈਡਰਲ ਵਕੀਲਾਂ ਨੇ ਭਾਰਤ ਦੇ ਪੰਜਾਬ ਨਾਲ ਸਬੰਧਤ ਲਾਰੈਂਸ ਬਿਸ਼ਨੋਈ ਅਤੇ ਸਤਿੰਦਰਜੀਤ ਉਰਫ਼ ਗੋਲਡੀ ਬਰਾੜ 'ਤੇ ਨਿੱਜਰ ਦੇ ਕਤਲ ਦਾ ਹੁਕਮ ਦੇਣ ਦੇ ਇਲਜ਼ਾਮ ਲਗਾਏ ਹਨ।
ਗੋਲਡੀ ਬਰਾੜ ਹਾਲੇ ਫਰਾਰ ਹੈ ਜਦਕਿ ਬਿਸ਼ਨੋਈ 2015 ਤੋਂ ਭਾਰਤੀ ਜੇਲ੍ਹ ਵਿੱਚ ਹੈ। ਐਫਬੀਆਈ ਨੇ ਗੋਲਡੀ ਬਰਾੜ ਨੂੰ ਵਾਂਟੇਡ ਦੱਸਦਿਆਂ ਸੂਚਨਾ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਕੈਨੇਡਾ ਨੇ ਪਿਛਲੇ ਸਾਲ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਜੱਥੇਬੰਦੀ ਵਜੋਂ ਸੂਚੀਬੱਧ ਕੀਤਾ ਸੀ ਜਿਸ ਨਾਲ ਫੈਡਰਲ ਸਰਕਾਰ ਨੂੰ ਦੇਸ਼ ਵਿੱਚ ਗਿਰੋਹ ਦੀ ਜਾਇਦਾਦ ਜ਼ਬਤ ਕਰਨ ਅਤੇ ਪੈਸੇ ਫ੍ਰੀਜ਼ ਕਰਨ ਦੀ ਇਜਾਜ਼ਤ ਮਿਲ ਗਈ ਸੀ।
2024 ਵਿੱਚ ਇਸ ਕਤਲ ਸਬੰਧੀ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਲਜ਼ਾਮ ਲਗਾਏ ਗਏ ਸਨ, ਜਿਸ ਨਾਲ ਭਾਰਤ-ਕੈਨੇਡਾ ਦਰਮਿਆਨ ਇੱਕ ਵੱਡਾ ਕੂਟਨੀਤਿਕ ਵਿਵਾਦ ਸ਼ੁਰੂ ਹੋ ਗਿਆ ਸੀ। ਉਹ ਹਾਲੇ ਵੀ ਮੁਕੱਦਮੇ ਦੀ ਉਡੀਕ ਕਰ ਰਹੇ ਹਨ।
ਮੰਗਲਵਾਰ ਨੂੰ ਵਕੀਲਾਂ ਨੇ ਇਲਜ਼ਾਮ ਲਗਾਇਆ ਕਿ ਬਿਸ਼ਨੋਈ ਗੈਂਗ ਨੇ ਪ੍ਰਮੁੱਖ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਅਤੇ ਭਾਈਚਾਰੇ ਦੇ ਲੋਕਾਂ ਤੋਂ ਫ਼ਿਰੌਤੀਆਂ ਮੰਗਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਬਿਸ਼ਨੋਈ, ਬਰਾੜ ਅਤੇ ਹੋਰ ਮੁਲਜ਼ਮਾਂ ਨੇ ਕੈਲੀਫੋਰਨੀਆ ਵਿੱਚ ਪੀੜਤਾਂ ਤੋਂ ਜਬਰਨ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਹਿਤ ਦਸੰਬਰ ਅਤੇ ਜਨਵਰੀ ਵਿੱਚ ਇੱਕ ਪੀੜਤ ਤੋਂ ਪੰਜ ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਸੀ।
ਜਾਂਚ ਏਜੰਸੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਤਕਰੀਬਨ ਇੱਕ ਹਜ਼ਾਰ ਕਿਲੋ ਕੋਕੀਨ, ਇੱਕ ਕਿਲੋ ਹੈਰੋਇਨ, 40 ਹਜ਼ਾਰ ਡਾਲਰ ਕੈਸ਼ ਅਤੇ 12 ਹਥਿਆਰ ਜ਼ਬਤ ਕੀਤੇ ਗਏ ਹਨ। ਇਸ ਕਾਰਵਾਈ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਸਬੰਧਤ ਵੱਡੀ ਬਰਾਮਦਗੀ ਸ਼ਾਮਲ ਹੈ।
ਇਸ ਜਾਂਚ ਵਿੱਚ ਐਫਬੀਆਈ, ਲਾਸ ਏਂਜਲਸ ਪੁਲਿਸ, ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਅਮਰੀਕੀ ਕਸਟਮਜ਼ ਅਤੇ ਬਾਰਡਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਢਾਂਡਾ ਸਮੇਤ ਹੋਰਾਂ 'ਤੇ ਕੀ ਇਲਜ਼ਾਮ ?
25 ਜੂਨ ਨੂੰ ਆਏ ਫੈਡਰਲ ਗ੍ਰੈਂਡ ਜਿਊਰੀ ਦੇ ਸੱਤ ਪੜਾਵੀ ਦੋਸ਼ ਪੱਤਰ ਵਿੱਚ 17 ਮੁਲਜ਼ਮਾਂ 'ਤੇ ਇੱਕ ਅਪਰਾਧਿਕ ਗਰੋਹ ਚਲਾਉਣ ਦੇ ਇਲਜ਼ਾਮ ਲਗਾਏ ਗਏ ਹਨ ਜੋ ਅਮਰੀਕਾ, ਕੈਨੇਡਾ ਸਮੇਤ ਦੁਨੀਆਂ ਭਰ ਵਿੱਚ ਸੁਪਾਰੀ ਦੇ ਕੇ ਕਤਲ ਕਰਵਾਉਣ, ਨਸ਼ਾ ਤਸਕਰੀ, ਅਗਵਾ, ਫ਼ਿਰੌਤੀ, ਹਥਿਆਰਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਹਨ।
ਇਸ ਚਾਰਜਸ਼ੀਟ ਵਿੱਚ ਜੱਗੂ ਭਗਵਾਨਪੁਰੀਆ ਉੱਤੇ ਵੀ ਇਲਜ਼ਾਮ ਲਗਾਏ ਗਏ ਹਨ। ਪੰਜਾਬ ਨਾਲ ਸਬੰਧਤ 38 ਸਾਲਾ ਜੱਗੂ ਭਗਵਾਨਪੁਰੀਆ ਭਾਰਤ ਦੀ ਇੱਕ ਜੇਲ੍ਹ ਵਿੱਚ ਬੰਦ ਗੈਂਗਸਟਰ ਹੈ ਜੋ ਪਹਿਲਾਂ ਬਿਸ਼ਨੋਈ ਦਾ ਸਾਥੀ ਸੀ ਪਰ ਬਾਅਦ ਵਿੱਚ ਉਸ ਦਾ ਵਿਰੋਧੀ ਬਣ ਗਿਆ ਅਤੇ ਉਸ ਨੇ ਪੰਜਾਬ ਵਿੱਚ ਆਪਣਾ ਵੱਖਰਾ ਗੈਂਗ ਬਣਾਇਆ।
ਰਿਪੋਰਟ ਮੁਤਾਬਕ ਭਗਵਾਨਪੁਰੀਆ ਗੈਂਗ ਇੱਕ ਕੌਮਾਂਤਰੀ ਅਪਰਾਧਿਕ ਗਿਰੋਹ ਵਜੋਂ ਕੰਮ ਕਰਦਾ ਹੈ ਜਿਸ ਦਾ ਹੈੱਡਕੁਆਟਰ ਭਾਰਤ ਵਿਚ ਹੈ। ਇਸ ਦੇ ਮੈਂਬਰ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਫੈਲੇ ਹੋਏ ਹਨ। ਇਸ ਗਿਰੋਹ ਵਿੱਚ ਦੁਨੀਆਂ ਭਰ ਵਿੱਚ ਹਜ਼ਾਰ ਤੋਂ ਵੱਧ ਮੈਂਬਰ ਸ਼ਾਮਲ ਹਨ। ਸਿਰਫ਼ ਅਮਰੀਕਾ ਵਿੱਚ ਹੀ ਇਸ ਦੇ ਸੌ ਤੋਂ ਵੱਧ ਮੈਂਬਰ ਅਤੇ ਸਾਥੀ ਹਨ।
ਆਪਣੀ ਤਾਕਤ ਵਧਾਉਣ ਲਈ ਇਸ ਗਰੋਹ ਨੇ ਭਾਰਤ ਵਿਚ ਪੁਲਿਸ ਅਧਿਕਾਰੀਆਂ ਨਾਲ ਭ੍ਰਿਸ਼ਟਾਚਾਰ ਕੀਤਾ ਅਤੇ ਭਾਈਵਾਲੀ ਕੀਤੀ ਇਸ ਭਾਈਵਾਲੀ ਵਿਚ ਫ਼ਿਰੌਤੀਆਂ ਦੀਆਂ ਯੋਜਨਾਵਾਂ ਵਿੱਚ ਮਦਦ ਲੈਣਾ ਵੀ ਸ਼ਾਮਲ ਸੀ। ਇਸ ਨੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਕਥਿਤ ਅਪਰਾਧਾਂ ਦੇ ਬਾਰੇ ਗਲਤ ਜਾਣਕਾਰੀ ਵੀ ਦਿੱਤੀ।
ਭਗਵਾਨਪੁਰੀਆ ਗੈਂਗ ਨੇ ਇਸ ਝੂਠੀ ਜਾਣਕਾਰੀ ਦੀ ਵਰਤੋਂ ਆਪਣੇ ਵਿਰੋਧੀਆਂ ਅਤੇ ਉਨ੍ਹਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਿਨ੍ਹਾਂ ਬਾਰੇ ਉਹ ਮਹਿਸੂਸ ਕਰਦੇ ਸੀ ਕਿ ਉਹ ਪੁਲਿਸ ਦਾ ਸਾਥ ਦੇ ਰਹੇ ਹਨ। ਇਸ ਕਾਰਨ ਅਕਸਰ ਭ੍ਰਿਸ਼ਟ ਪੁਲਿਸ ਅਧਿਕਾਰੀਆਂ ਵੱਲੋਂ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਅਪਰਾਧਿਕ ਕਾਰਵਾਈਆਂ ਅਤੇ ਫ਼ਿਰੌਤੀਆਂ ਦੀਆਂ ਸਾਜ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸੀ।
ਵੈਨਕੂਵਰ ਦੇ 57 ਸਾਲਾ ਰਵਿੰਦਰ ਸਿੰਘ ਢਾਂਡਾ ਉਰਫ਼ ਰੈਡੀ, ਰੌਲੈਕਸ, ਜੌਹਨ ਵਿਕ, ਸਰੀ ਦੇ 50 ਸਾਲਾ ਜਸਕਰਨ ਬਾਗੜੀ ਉਰਫ਼ ਬਾਬਾ, ਕਰੈਸਟਨ ਦੇ 43 ਸਾਲਾ ਗੁਰਤੇਜ ਸਿੰਘ ਸਮਾਘ ਉਰਫ਼ ਸਿੰਬਾ ਅਤੇ ਅੱਠ ਹੋਰ ਮੁਲਜ਼ਮਾਂ 'ਤੇ 23 ਜੂਨ ਨੂੰ ਆਏ ਇੱਕ ਅੱਠ ਪੜਾਵੀਂ ਵਾਲੇ ਦੋਸ਼ ਪੱਤਰ ਵਿੱਚ ਇਲਜ਼ਾਮ ਲਗਾਏ ਗਏ ਹਨ ਕਿ ਉਹ ਹਰ ਹਫਤੇ ਅਮਰੀਕਾ ਤੋਂ ਕੈਨੇਡਾ ਵਿੱਚ ਸੈਂਕੜੇ ਕਿਲੋ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਸਪਲਾਈ, ਤਸਕਰੀ ਅਤੇ ਵੰਡ ਕਰਦੇ ਹਨ।
ਦੋਸ਼ ਪੱਤਰ ਮੁਤਾਬਕ ਢਾਂਡਾ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਨਸ਼ਾ ਤਸਕਰੀ ਕਰਨ ਵਾਲੀਆਂ ਜਥੇਬੰਦੀਆਂ ਨੂੰ ਕੋਕੀਨ ਅਤੇ ਮੈਥਾਮਫੇਟਾਮਾਈਨ ਦੀ ਤਸਕਰੀ ਲਈ ਕੌਮਾਂਤਰੀ ਸੇਵਾਵਾਂ ਪ੍ਰਦਾਨ ਕਰਨ ਵਾਲਾ ਨੈਟਵਰਕ ਚਲਾਉਂਦਾ ਸੀ। ਉਹ ਇਨ੍ਹਾਂ ਜਥੇਬੰਦੀਆਂ ਨਾਲ ਟਰਾਂਸਪੋਰਟ ਕੀਮਤਾਂ ਅਤੇ ਲੌਜਿਸਟਿਕਸ ਬਾਰੇ ਗੱਲਬਾਤ ਕਰਦਾ ਸੀ ਅਤੇ ਨਸ਼ਿਆਂ ਦੀ ਸਟੋਰੇਜ ਅਤੇ ਸਪਲਾਈ ਦਾ ਕੰਮ ਅੱਗੇ ਠੇਕੇ 'ਤੇ ਦਿੰਦਾ ਸੀ।
ਕੋਕੀਨ ਅਤੇ ਮੈਥਾਮਫੇਟਾਮਾਈਨ ਨੂੰ ਲੁਕਾ ਕੇ ਲੰਬੀ ਦੂਰੀ ਵਾਲੀ ਸੈਮੀ ਟਰੱਕਾਂ ਜ਼ਰੀਏ ਗਰੇਟਰ ਲਾਸ ਏਂਜਲਸ ਖੇਤਰ ਤੋਂ ਯੂਐਸ-ਕੈਨੇਡਾ ਬਾਰਡਰ ਪਹੁੰਚਾਇਆ ਜਾਂਦਾ ਸੀ। ਕਈ ਵਾਰ ਖੇਤੀਬਾੜੀ ਵਾਲੇ ਟਰੱਕਾਂ ਵਿੱਚ ਕੈਨੇਡਾ ਭੇਜੇ ਜਾਣ ਵਾਲੇ ਨਸ਼ੇ ਲੁਕਾਏ ਜਾਂਦੇ ਸੀ।
ਦੱਸ ਦੇਈਏ ਕਿ ਇੱਕ ਦੋਸ਼ ਪੱਤਰ ਮਹਿਜ਼ ਇਲਜ਼ਾਮ ਲਗਾਏ ਗਏ ਹਨ। ਸਾਰੇ ਮੁਲਜ਼ਮਾਂ ਨੂੰ ਉਦੋਂ ਤੱਕ ਬੇਗੁਨਾਹ ਮੰਨਿਆ ਜਾਂਦਾ ਹੈ ਜਦੋਂ ਤੱਕ ਅਦਾਲਤ ਵਿੱਚ ਸ਼ੱਕ ਤੋਂ ਪਰ੍ਹੇ ਉਨ੍ਹਾਂ ਦਾ ਗੁਨਾਹ ਸਾਬਿਤ ਨਹੀਂ ਹੋ ਜਾਂਦਾ।
ਜੇਕਰ ਦੋਸ਼ ਸਾਬਿਤ ਹੁੰਦੇ ਹਨ ਤਾਂ ਕਈ ਮੁਲਜ਼ਮਾਂ ਨੂੰ ਫੈਡਰਲ ਜੇਲ੍ਹ ਵਿੱਚ 10 ਸਾਲ ਤੱਕ ਦੀ ਘੱਟੋ-ਘੱਟ ਲਾਜ਼ਮੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ