ਅਨਮੋਲ ਬਿਸ਼ਨੋਈ: ਅਮਰੀਕਾ ਵਿੱਚ ਗ੍ਰਿਫ਼ਤਾਰ ਤੇ ਲਾਰੈਂਸ ਬਿਸ਼ਨੋਈ ਦੇ ਭਰਾ ਬਾਰੇ ਕੀ-ਕੀ ਪਤਾ ਹੈ

ਅਨਮੋਲ ਬਿਸ਼ਨੋਈ

ਤਸਵੀਰ ਸਰੋਤ, NIA

    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਲਾਰੈਂਸ ਬਿਸ਼ਨੋਈ ਦੇ ਭਰਾ ਤੇ ਕਈ ਅਪਰਾਧਿਕ ਮਾਮਲਿਆਂ ਵਿੱਚ ਮੁਲਜ਼ਮ ਅਨਮੋਲ ਬਿਸ਼ਨੋਈ ਨੂੰ ਇਸ ਵੇਲੇ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਯੂਐੱਸ ਇਮੀਗਰੇਸ਼ਨ ਐਂਡ ਕਸਟਮਜ਼ ਇਨਫਰੋਸਮੈਂਟ ਦੀ ਵੈਬਸਾਈਟ ਮੁਤਾਬਕ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵੇਲੇ ਅਨਮੋਲ ਬਿਸ਼ਨੋਈ ਅਮਰੀਕਾ ਦੀ ਪੋਟਾਵੈਟੋਮੀ ਜੇਲ੍ਹ ਵਿੱਚ ਹਨ।

ਅਸਲ ਵਿੱਚ ਅਨਮੋਲ ਬਿਸ਼ਨੋਈ ਦੇ ਨਾਂ ਦੀ ਸਭ ਤੋਂ ਪਹਿਲਾਂ ਉਸ ਵੇਲੇ ਚਰਚਾ ਹੋਈ ਸੀ, ਜਦੋਂ 29 ਮਈ 2022 ਨੂੰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।

ਹਾਲ ਹੀ ਵਿੱਚ ਲੰਘੀ 13 ਅਕਤੂਬਰ ਨੂੰ ਮੁੰਬਈ ਵਿੱਚ ਐੱਨਸੀਪੀ ਨੇਤਾ ਬਾਬਾ ਸਦੀਕੀ ਦੇ ਕਤਲ ਤੋਂ ਬਾਅਦ ਵੀ ਅਨਮੋਲ ਬਿਸ਼ਨੋਈ ਦਾ ਨਾਂ ਸਾਹਮਣੇ ਆਇਆ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਵੱਲੋਂ ਵੀ ਅਨਮੋਲ ਬਿਸ਼ਨੋਈ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ਹੋਏ ਹਨ।

ਇਸੇ ਤਰ੍ਹਾਂ ਮੁੰਬਈ ਵਿੱਚ ਫ਼ਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨਾਮਜ਼ਦ ਕੀਤਾ ਹੈ।

ਕੌਣ ਹੈ ਅਨਮੋਲ ਬਿਸ਼ਨੋਈ

ਲਾਰੈਂਸ ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਨਮੋਲ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੈ

ਅਨਮੋਲ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਅਪਰਾਧ ਜਗਤ ਨਾਲ ਜੁੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਛੋਟਾ ਭਰਾ ਹੈ।

ਉਹ ਦੱਖਣੀ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਦੁਤਾਰ ਵਾਲੀ ਦਾ ਜੰਮਪਲ ਹੈ।

ਅਪਰਾਧ ਜਗਤ ਨਾਲ ਜੁੜਨ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਸਨ।

ਪਿੰਡ ਵਾਸੀਆਂ ਮੁਤਾਬਕ ਬਿਸ਼ਨੋਈ ਪਰਿਵਾਰ ਕੋਲ 110 ਏਕੜ ਆਪਣੀ ਜੱਦੀ ਜ਼ਮੀਨ ਹੈ ਅਤੇ ਉਨ੍ਹਾਂ ਦੇ ਪੁਰਖੇ ਹਾਲੇ ਵੀ ਖੇਤੀਬਾੜੀ ਕਰਦੇ ਹਨ।

ਬਿਸ਼ਨੋਈ ਪਰਿਵਾਰ ਦੇ ਮੈਂਬਰ ਰਮੇਸ਼ ਬਿਸ਼ਨੋਈ ਨੇ ਕੁਝ ਸਮਾਂ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਅਨਮੋਲ ਬਿਸ਼ਨੋਈ ਨੇ ਆਪਣੀ ਮੁੱਢਲੀ ਸਿੱਖਿਆ ਰਾਜਸਥਾਨ ਦੇ ਮਾਊਂਟ ਆਬੂ ਤੋਂ ਕੀਤੀ ਸੀ।

ਪਿੰਡ ਵਾਸੀ ਦੱਸਦੇ ਹਨ ਕਿ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਨਮੋਲ ਬਿਸ਼ਨੋਈ ਬਾਕਸਿੰਗ ਅਤੇ ਵਾਲੀਬਾਲ ਦਾ ਚੰਗਾ ਖਿਡਾਰੀ ਸੀ।

ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਉਚੇਰੀ ਪੜ੍ਹਾਈ ਲਈ ਚੰਡੀਗੜ੍ਹ ਵਿੱਚ ਗਿਆ ਸੀ ਅਤੇ ਇਸ ਮਗਰੋਂ ਉਹ ਗੈਂਗਸਟਰਾਂ ਦੇ ਕਾਫਲੇ ਵਿੱਚ ਕਿਵੇਂ ਦਾਖਲ ਹੋ ਗਿਆ, ਇਸ ਬਾਰੇ ਕੋਈ ਕੋਈ ਇਲਮ ਨਹੀਂ ਹੈ।

ਪਿੰਡ ਦੁਤਾਰ ਵਾਲੀ ਦੇ ਵਸਨੀਕ ਜੀਤੂ ਥਾਪਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਵੀ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨਾਲ ਵਾਲੀਬਾਲ ਖੇਡਦੇ ਰਹੇ ਹਨ।

ਉਨ੍ਹਾਂ ਦੱਸਿਆ, “ਪਿੰਡ ਵਿੱਚ ਰਹਿਣ ਸਮੇਂ ਇਹ ਦੋਵੇਂ ਭਰਾ ਹਮੇਸ਼ਾ ਹੀ ਹਿਰਨ ਨੂੰ ਮਾਰਨ ਤੋਂ ਰੋਕਣ ਅਤੇ ਦਰੱਖਤਾਂ ਦੀ ਕਟਾਈ ਰੋਕਣ ਲਈ ਤੱਤਪਰ ਰਹਿੰਦੇ ਸਨ।”

“ਪਿੰਡ ਦੇ ਵਿੱਚ ਰਹਿਣ ਸਮੇਂ ਅਪਰਾਧ ਦੀ ਦੁਨੀਆਂ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉਹ ਖੇਡਾਂ ਵੱਲ ਕਾਫ਼ੀ ਆਕਰਸ਼ਿਤ ਰਹਿੰਦੇ ਸਨ।”

ਅਨਮੋਲ ਬਿਸ਼ਨੋਈ ਖ਼ਿਲਾਫ਼ ਕਿਹੜੇ ਮਾਮਲੇ ਦਰਜ ਹਨ

ਐੱਨਆਈਏ

ਤਸਵੀਰ ਸਰੋਤ, NIA

ਤਸਵੀਰ ਕੈਪਸ਼ਨ, ਐੱਨਆਈਏ ਨੇ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਉਪਰ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ

ਕੈਲੀਫੋਰਨੀਆ ਵਿੱਚ ਅਨਮੋਲ ਬਿਸ਼ਨੋਈ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇੰਟਰਪੋਲ ਰਾਹੀਂ ਅਨਮੋਲ ਬਿਸ਼ਨੋਈ ਦੇ ਖ਼ਿਲਾਫ਼ “ਰੈਡ ਕਾਰਨਰ ਨੋਟਿਸ” ਜਾਰੀ ਕੀਤਾ ਹੈ।

ਪੁਲਿਸ ਰਿਕਾਰਡ ਮੁਤਾਬਕ ਅਨਮੋਲ ਬਿਸ਼ਨੋਈ ਖ਼ਿਲਾਫ਼ ਸਭ ਤੋਂ ਪਹਿਲਾ ਕੇਸ ਫਾਜ਼ਿਲਕਾ ਪੁਲਿਸ ਨੇ ਕਥਿਤ ਤੌਰ ’ਤੇ ਨਜਾਇਜ਼ ਹਥਿਆਰ ਰੱਖਣ ਦੇ ਸਬੰਧ ਵਿੱਚ ਦਰਜ ਕੀਤਾ ਸੀ।

ਇਸ ਤੋਂ ਬਾਅਦ ਸਾਲ 2022 ਵਿੱਚ ਉਹ ਪਹਿਲਾ ਮੌਕਾ ਸੀ, ਜਦੋਂ ਅਨਮੋਲ ਬਿਸ਼ਨੋਈ ਦਾ ਨਾਂ ਇੱਕ ਹਾਈ ਪ੍ਰੋਫ਼ਾਈਲ ਕਤਲ ਕੇਸ ਨਾਲ ਜੁੜਿਆ।

ਇਹ ਕਤਲ ਸੀ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ।

ਇਸੇ ਸਾਲ ਹੀ ਐੱਨਆਈਏ ਨੇ ਅਨਮੋਲ ਬਿਸ਼ਨੋਈ ਦੇ ਖ਼ਿਲਾਫ਼ ਦੋ ਹੋਰ ਮਾਮਲੇ ਦਰਜ ਕੀਤੇ ਸਨ, ਜਿਸ ਵਿੱਚ ਉਸ ਨੂੰ ਚਾਰਜਸ਼ੀਟ ਵੀ ਕੀਤਾ ਗਿਆ ਹੈ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਐੱਨਆਈਏ ਨੇ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਉਪਰ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ।

ਹੁਣ ਜਿਵੇਂ ਹੀ ਅਨਮੋਲ ਬਿਸ਼ਨੋਈ ਦੀ ਕੈਲੀਫੋਰਨੀਆ ਵਿੱਚ ਗ੍ਰਿਫਤਾਰੀ ਹੋਈ ਹੈ ਤਾਂ ਐੱਨਆਈਏ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸ਼ਾਰਪ ਸ਼ੂਟਰਾਂ ਦੀ ‘ਅਗਵਾਈ’

ਬਿਸ਼ਨੋਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਲਮਾਨ ਖਾਨ ਦੇ ਘਰ ਉੱਪਰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਨੇ ਦੋਵਾਂ ਭਰਾਵਾਂ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਖਿਲਾਫ਼ ਚਾਰਜਸ਼ੀਟ ਤਿਆਰ ਕੀਤੀ

ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਅਨਮੋਲ ਬਿਸ਼ਨੋਈ ਬਾਰੇ ਹਾਲ ਹੀ ਵਿਚ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਬਾਰੇ ਇਕ ਜਾਂਚ ਰਿਪੋਰਟ ਜਾਰੀ ਕੀਤੀ ਗਈ ਹੈ।

ਹਾਲ ਹੀ ਵਿੱਚ ਫ਼ਿਲਮ ਅਦਾਕਾਰ ਸਲਮਾਨ ਖਾਨ ਦੇ ਘਰ ਉੱਪਰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਨੇ ਦੋਵਾਂ ਭਰਾਵਾਂ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਖਿਲਾਫ਼ ਚਾਰਜਸ਼ੀਟ ਤਿਆਰ ਕੀਤੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਨਮੋਲ ਬਿਸ਼ਨੋਈ ਨੇਪਾਲ ਦੇ ਰਸਤੇ ਵਿਦੇਸ਼ ਦੌੜ ਗਿਆ ਸੀ।

ਮੁੰਬਈ ਦੀ ਸਪੈਸ਼ਲ ਕ੍ਰਾਈਮ ਬ੍ਰਾਂਚ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਐੱਨਸੀਪੀ ਨੇਤਾ ਬਾਬਾ ਸਦੀਕੀ ਦੇ ਕਤਲ ਤੋਂ ਕੁਝ ਸਮਾਂ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਅਨਮੋਲ ਬਿਸ਼ਨੋਈ ਨਾਲ ਗੱਲਬਾਤ ਕੀਤੀ ਸੀ।

ਪੁਲਿਸ ਮੁਤਾਬਕ ਅਪ੍ਰੈਲ 2024 ਵਿੱਚ ਸਲਮਾਨ ਖਾਨ ਦੇ ਘਰ ਉੱਪਰ ਫਾਇਰਿੰਗ ਕਰਨ ਦੇ ਨਿਰਦੇਸ਼ ਵੀ ਕਥਿਤ ਤੌਰ ਉਪਰ ਅਨਮੋਲ ਬਿਸ਼ਨੋਈ ਵੱਲੋਂ ਹੀ ਆਪਣੇ ਸ਼ੂਟਰਾਂ ਨੂੰ ਦਿੱਤੇ ਗਏ ਸਨ।

ਖੁਫ਼ੀਆ ਏਜੰਸੀਆਂ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅਨਮੋਲ ਬਿਸ਼ਨੋਈ ਆਪਣੇ ਵੱਡੇ ਭਰਾ ਲਾਰੈਂਸ ਬਿਸ਼ਨੋਈ ਦੇ ਅਪਰਾਧਿਕ ਪ੍ਰਭਾਵ ਕਾਰਨ ਹੀ ਗੈਂਗਸਟਰਾਂ ਵਿੱਚ ਸ਼ਾਮਲ ਹੋਇਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)