ਪੁੰਛ ਹਮਲਾ: ਦਿਹਾੜੀਦਾਰ ਪਿਤਾ ਦੇ ਮੋਢਿਆਂ 'ਤੇ ਭਾਰ ਛੱਡ ਤੁਰ ਗਿਆ ਸੇਵਕ ਸਿੰਘ, ਜਵਾਨ ਕੁਲਵੰਤ ਦੇ ਪਿਤਾ ਕਾਰਗਿੱਲ 'ਚ ਮਾਰੇ ਗਏ ਸਨ

ਤਸਵੀਰ ਸਰੋਤ, Surinder Mann/bbc
ਜੰਮੂ-ਕਸ਼ਮੀਰ ਦੇ ਪੁੰਛ 'ਚ 20 ਅਪ੍ਰੈਲ ਨੂੰ ਫੌਜ ਦੀ ਗੱਡੀ 'ਚ ਅੱਗ ਲੱਗਣ ਕਾਰਨ ਪੰਜ ਫੌਜੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 4 ਪੰਜਾਬ ਨਾਲ ਸੰਬਧਤ ਹਨ।
ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਫੌਜ ਦੀ ਇਸ ਗੱਡੀ ਉੱਤੇ ਦਹਿਸ਼ਤਗਰਦਾਂ ਨੇ ਹੈਂਡ ਗ੍ਰੇਨੇਡ ਸੁੱਟਿਆ ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ।
ਇਸ ਹਮਲੇ ਵਿੱਚ ਰਾਸ਼ਟਰੀ ਰਾਇਫਲ ਦੇ 5 ਫੌਜੀਆਂ ਦੀ ਮੌਤ ਹੋ ਗਈ ਅਤੇ ਇੱਕ ਜਖ਼ਮੀ ਹੋ ਗਿਆ।
ਜਦੋਂ ਇਹ ਹਾਦਸਾ ਵਾਪਰਿਆਂ ਉਸ ਵੇਲੇ ਭਾਰਤੀ ਫੌਜ ਦੀ ਇਹ ਗੱਡੀ ਭਿੰਬੇਰ ਗਲੀ ਤੋਂ ਸੰਗਿਓਟ ਵੱਲ ਜਾ ਰਹੀ ਸੀ।

ਤਸਵੀਰ ਸਰੋਤ, ANI
ਭਾਰਤੀ ਫੌਜ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਮਰਨ ਵਾਲਿਆਂ ਦੇ ਨਾਮ ਦੱਸੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਟਵੀਟ ਵਿੱਚ ਲਿਖਿਆ ਹੈ, "ਜਨਰਲ ਮਨੋਜ ਪਾਂਡੇ, ਸੀਓਏਐੱਸ ਅਤੇ ਫੌਜ ਦੇ ਸਾਰੇ ਰੈਂਕ, ਭਾਰਤੀ ਫੌਜ ਦੇ 5 ਬਹਾਦੁਰਾਂ, ਹਵਲਦਾਰ ਮਨਦੀਪ ਸਿੰਘ, ਲਾਂਸ ਨਾਇਕ ਦੇਬਾਸ਼ੀਸ਼ ਬਸਵਾਲ, ਲਾਂਸ ਨਾਇਕ ਕੁਲਵੰਤ ਸਿੰਘ, ਸਿਪਾਹੀ ਹਰਕ੍ਰਿਸ਼ਨ ਸਿੰਘ ਅਤੇ ਸਿਪਾਹੀ ਸੇਵਕ ਸਿੰਘ, ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਪੁੰਛ ਸੈਕਟਰ ਵਿੱਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ।"

ਤਸਵੀਰ ਸਰੋਤ, Twitter
ਮਰਨ ਵਾਲਿਆਂ ਵਿੱਚ ਹਵਲਦਾਰ ਮਨਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਕਲਾਂ ਦੇ ਰਹਿਣ ਵਾਲੇ ਸਨ।
ਲਾਂਸ ਨਾਇਕ ਕੁਲਵੰਤ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਤੋਂ ਸਨ ਅਤੇ ਸਿਪਾਹੀ ਸੇਵਕ ਸਿੰਘ ਬਠਿੰਡਾ ਵਿੱਚ ਪੈਂਦੇ ਤਲਵੰਡੀ ਸਾਬੋ ਦੇ ਪਿੰਡ ਬੱਗਾ ਦੇ ਰਹਿਣ ਵਾਲੇ ਸਨ।
ਇਸ ਹਮਲੇ ਵਿੱਚ ਮਾਰਿਆ ਗਿਆ ਪੰਜਵਾਂ ਫੌਜੀ ਲਾਂਸ ਨਾਇਕ ਦੇਬਾਸ਼ੀਸ਼ ਓਡੀਸ਼ਾ ਦੇ ਪੁਰੀ ਦੇ ਰਹਿਣ ਵਾਲੇ ਸਨ।
ਸਿਪਾਹੀ ਹਰਕ੍ਰਿਸ਼ਨ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਸਨ।
ਸਿਪਾਹੀ ਹਰਕ੍ਰਿਸ਼ਨ ਸਿੰਘ ਦੋ ਸਾਲ ਦੀ ਬੇਟੀ ਤੇ ਗਰਭਵਤੀ ਪਤਨੀ ਪਿੱਛੇ ਛੱਡ ਗਏ

ਤਸਵੀਰ ਸਰੋਤ, Gurpreet Singh Chawla/bbc
ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ ਮੁਤਾਬਕ, 27 ਸਾਲਾ ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਇਫਲਸ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਮੰਗਲ ਸਿੰਘ ਹੈ ਅਤੇ ਉਹ ਭਾਰਤੀ ਫੌਜ 'ਚੋਂ ਰਿਟਾਇਰਡ ਹਨ।
ਉਨ੍ਹਾਂ ਦੇ ਪਿੰਡ ਤਲਵੰਡੀ ਭਰਥ ਖ਼ਬਰ ਪਹੁੰਚਦਿਆਂ ਹੀ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ।
ਹਰਕ੍ਰਿਸ਼ਨ ਫਰਵਰੀ ਮਹੀਨੇ 'ਚ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ 'ਤੇ ਗਏ ਸਨ।
ਹਰਕ੍ਰਿਸ਼ਨ ਸਿੰਘ ਦੇ ਪਿਤਾ ਮੰਗਲ ਸਿੰਘ ਜੋ ਖੁਦ ਭਾਰਤੀ ਫੌਜ 'ਚੋਂ ਰਿਟਾਇਰਡ ਹਨ ਅਤੇ ਉਨ੍ਹਾਂ ਦੇ ਚਾਚਾ ਮਨਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇਹ ਚੌਥੀ ਪੀੜੀ ਹੈ ਜੋ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਹੀ ਹੈ।
ਪਿਤਾ ਨੇ ਦੱਸਿਆ, "ਕੱਲ੍ਹ ਇਸ ਹਮਲੇ ਤੋਂ ਪਹਿਲਾ ਹਰਕ੍ਰਿਸ਼ਨ ਨੇ ਘਰ ਵੀਡੀਓ ਕਾਲ ਕਰ ਸਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਅਤੇ ਉਹ ਰੋਜ਼ਾਨਾ ਤਿੰਨ ਟਾਈਮ ਫੋਨ ਕਰ ਹਾਲ ਪੁੱਛਦਾ ਸੀ ਅਤੇ ਇਹ ਪੁੱਛਦਾ ਸੀ ਕਿ "ਰੋਟੀ ਖਾ ਲਈ ਹੈ" ਬੀਤੇ ਕੱਲ ਵੀ ਜਦ ਫੋਨ ਆਇਆ ਤਾ ਹਾਸੇ ਮਜ਼ਾਕ ਨਾਲ ਗੱਲਬਾਤ ਕਰਦਾ ਰਿਹਾ ਲੇਕਿਨ ਮੁੜ ਉਸ ਦਾ ਫੋਨ ਨਹੀਂ ਲੱਗਾ।"
ਮਾਂ ਪਿਆਰ ਕੌਰ ਨੇ ਕਿਹਾ, "ਛੋਟਾ ਅਤੇ ਲਾਡਲਾ ਪੁੱਤ ਸੀ ਅਤੇ ਛੋਟੇ ਹੁੰਦੇ ਤੋਂ ਦਲੇਰ ਸੀ ਅਤੇ ਹਮੇਸ਼ਾ ਆਖਦਾ ਸੀ ਕਿ ਫੌਜ ਵਿੱਚ ਨੌਕਰੀ ਕਰਨੀ ਹੈ ਅਤੇ ਆਪਣੀ ਮਰਜ਼ੀ ਨਾਲ ਫੌਜ ਵਿੱਚ ਭਰਤੀ ਹੋਇਆ ਸੀ।"
ਹਰਕ੍ਰਿਸ਼ਨ ਦੀ ਪਤਨੀ ਦਲਜੀਤ ਕੌਰ ਦਾ ਕਹਿਣਾ ਹੈ, "ਬਹੁਤ ਖੁਸ਼ ਸੀ ਅਸੀਂ ਆਪਣੀ ਜ਼ਿੰਦਗੀ ਨੂੰ ਲੈ ਕੇ ਸਾਨੂੰ ਇਹ ਕਦੇ ਨਹੀਂ ਪਤਾ ਸੀ ਇਹ ਵੀ ਹੋ ਜਾਣਾ ਹੈ। ਬਹੁਤ ਲੰਬੀ ਉਮਰ ਦੇ ਸੁਪਨੇ ਸਨ ਚਾਅ ਸਨ ਸਭ ਖ਼ਤਮ ਹੋ ਗਏ।"

ਤਸਵੀਰ ਸਰੋਤ, Gurpreet Singh Chawla/BBC
ਹਰਕਿਸ਼ਨ ਸਿੰਘ ਨੇ ਪਿੰਡ ਦੇ ਹੀ ਸਕੂਲ ਤੋਂ 8 ਵੀ ਤੱਕ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਨੇੜਲੇ ਪਿੰਡ ਤੋਂ 12 ਜਮਾਤ ਪਾਸ ਕਰ ਕੇ 2017 ਵਿੱਚ ਫੌਜ ਭਰਤੀ ਹੋਇਆ ਸੀ।
ਅਕਸਰ ਸਕੂਲ ਦੇ ਅਧਿਆਪਕ ਉਨ੍ਹਾਂ ਦੀ ਸਿਫਤ ਕਰਦੇ ਅਤੇ ਉਨ੍ਹਾਂ ਦਾ ਅੱਜ ਤੱਕ ਵੀ ਸਕੂਲ ਨਾਲ ਬਹੁਤ ਲਗਾਅ ਸੀ ਅਤੇ ਜਦ ਵੀ ਛੁਟੀ ਆਉਂਦਾ ਤਾਂ ਆਪਣੇ ਟੀਚਰਾਂ ਨੂੰ ਮਿਲਣ ਜਾਂਦਾ।
ਉਨ੍ਹਾਂ ਦਾ ਸਕੂਲ ਨਾਲ ਬਹੁਤ ਲਗਾਅ ਸੀ ਸਰਕਾਰੀ ਸਕੂਲ ਦੀ ਅਧਿਆਪਕ ਸੁਖਵਿੰਦਰ ਕੌਰ ਦੱਸਦੇ ਹਨ ਕਿ ਹਰਕ੍ਰਿਸ਼ਨ ਸਿੰਘ ਉਨ੍ਹਾਂ ਦਾ ਵਿਦਿਆਰਥੀ ਸੀ ਅਤੇ ਉਹ ਇਕ ਹੋਣਹਾਰ ਅਤੇ ਖੇਡਾਂ ਵਿੱਚ ਵੀ ਅਵੱਲ ਰਹਿਣ ਵਾਲਾ ਬੱਚਾ ਸੀ।
ਲਾਂਸ ਨਾਇਕ ਕੁਲਵੰਤ ਸਿੰਘ ਦੇ ਪਿਤਾ ਕਾਰਗਿਲ ਵਿੱਚ ਮਾਰੇ ਗਏ ਸਨ

ਤਸਵੀਰ ਸਰੋਤ, Surinder Maan/BBC
ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਭਾਰਤੀ ਫੌਜ ਦੇ ਜਵਾਨ ਕੁਲਵੰਤ ਸਿੰਘ ਦੀ ਇੱਕ ਹਮਲੇ ਵਿੱਚ ਮੌਤ ਹੋਣ ਤੋਂ ਬਾਅਦ ਉਨਾਂ ਦੇ ਘਰ ਮਾਤਮ ਦਾ ਮਾਹੌਲ ਪਸਰ ਗਿਆ ਹੈ।
ਕੁਲਵੰਤ ਸਿੰਘ ਦੇ ਤਾਇਆ ਮੰਦਰ ਸਿੰਘ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਰਿੰਦਰ ਮਾਨ ਨੂੰ ਦੱਸਿਆ ਕਿ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਦੀ ਜੰਗ ਦੌਰਾਨ ਮਾਰੇ ਗਏ ਸਨ।
ਉਨ੍ਹਾਂ ਨੇ ਦੱਸਿਆ ਕਿ ਕੁਲਵੰਤ ਸਿੰਘ 14 ਸਾਲ ਪਹਿਲਾਂ ਇੰਡੀਅਨ ਆਰਮੀ ਵਿੱਚ ਭਰਤੀ ਹੋਇਆ ਸੀ।
ਕਰੀਬ ਦੋ ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਗਏ ਸੀ।

ਤਸਵੀਰ ਸਰੋਤ, Surinder Mann/BBC
ਦਿਹਾੜੀਦਾਰ ਕਾਮੇ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਭਰਾ ਸੀ ਫੌਜੀ ਸੇਵਕ ਸਿੰਘ
ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਘਾ ਦੇ ਜੰਮਪਲ ਫੌਜੀ ਸੇਵਕ ਸਿੰਘ ਸਾਲ 2018 ਵਿੱਚ ਫੌਜ ਵਿੱਚ ਭਰਤੀ ਹੋਏ ਸਨ ਅਤੇ 20 ਦਿਨ ਪਹਿਲਾਂ ਹੀ ਛੁੱਟੀ ਕੱਟ ਗਏ ਡਿਊਟੀ 'ਤੇ ਗਏ ਸਨ।
ਉਨ੍ਹਾਂ ਦੇ ਪਿਤਾ ਚਰਨਾ ਸਿੰਘ ਨੇ ਦੱਸਿਆ ਕਿ ਸੇਵਕ ਸਿੰਘ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।
ਜਿਵੇਂ ਹੀ ਪਰਿਵਾਰ ਨੂੰ ਸੇਵਕ ਸਿੰਘ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।
ਸੇਵਕ ਸਿੰਘ ਦੇ ਹਮਜਮਾਤੀ ਕਹਿੰਦੇ ਹਨ ਕਿ ਉਨ੍ਹਾਂ ਨੇ ਇੱਕ ਸਾਊ ਨੌਜਵਾਨ ਗਵਾ ਲਿਆ ਹੈ।
ਦਲਿਤ ਪਰਿਵਾਰ ਨਾਲ ਸਬੰਧਤ ਸੇਵਕ ਸਿੰਘ ਦੇ ਪਿਤਾ ਚਰਨਾ ਸਿੰਘ ਦਿਹਾੜੀਦਾਰ ਕਾਮੇ ਹਨ।
ਫੌਜ ਵਿੱਚ ਭਰਤੀ ਹੋਣ ਤੋਂ ਪਹਿਲਾਂ ਸੇਵਕ ਸਿੰਘ ਨੂੰ ਟ੍ਰੇਨਿੰਗ ਦੇਣ ਵਾਲੇ ਕੋਚ ਗੁਰਜੰਟ ਸਿੰਘ ਆਪਣੀ ਗੱਲ ਕਹਿੰਦੇ ਭਾਵੁਕ ਹੋ ਜਾਂਦੇ ਹਨ।

ਤਸਵੀਰ ਸਰੋਤ, Surinder Mann
ਉਹ ਕਹਿੰਦੇ ਹਨ ਕਿ ਸੇਵਕ ਸਿੰਘ ਵਰਗੇ ਮੇਹਨਤੀ ਨੌਜਵਾਨ ਘੱਟ ਹੀ ਦੇਖਣ ਨੂੰ ਮਿਲਦੇ ਹਨ।
ਸੇਵਕ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ।
ਸੇਵਕ ਸਿੰਘ ਦੇ ਨਾਲ ਪੜ੍ਹਾਈ ਕਰਨ ਤੇ ਖੇਡਣ ਵਾਲੇ ਪਿੰਡ ਬਾਘਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਦਿਨ ਸੇਵਕ ਸਿੰਘ ਫੌਜ ਵਿੱਚ ਭਰਤੀ ਹੋਇਆ ਸੀ, ਉਸ ਦਿਨ ਪਰਿਵਾਰ ਦੇ ਨਾਲ ਨਾਲ ਸਮੁੱਚੇ ਪਿੰਡ ਵਾਸੀਆਂ ਨੇ ਖੁਸ਼ੀ ਮਨਾਈ ਸੀ।
ਉਹ ਕਹਿੰਦੇ ਹਨ, "ਸੇਵਕ ਸਿੰਘ ਪਹਿਲਾਂ ਸਕੂਲ ਜਾਂਦਾ ਸੀ ਤੇ ਫਿਰ ਪ੍ਰੈਕਟਿਸ ਕਰਦਾ ਸੀ। ਛੁੱਟੀ ਵਾਲੇ ਦਿਨ ਉਹ ਆਪਣੇ ਪਿਤਾ ਨਾਲ ਦਿਹਾੜੀ ਕਰਨ ਜਾਂਦਾ ਸੀ।”

ਤਸਵੀਰ ਸਰੋਤ, Surinder Mann/BBC
ਮਨਦੀਪ ਸਿੰਘ-ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਸੀ

ਤਸਵੀਰ ਸਰੋਤ, Gurminder Grewal/bbc
ਲੁਧਿਆਣਾ ਦੇ 39 ਸਾਲ ਹੌਲਦਾਰ ਮਨਦੀਪ ਸਿੰਘ ਬਾਰ੍ਹਵੀ ਪਾਸ ਹਨ।
ਹੌਲਦਾਰ ਮਨਦੀਪ ਸਿੰਘ ਦੇ ਸ਼ਹੀਦ ਹੋਣ ਦੀ ਪੁਸ਼ਟੀ ਫ਼ੌਜ ਵੱਲੋਂ ਉਨ੍ਹਾਂ ਦੇ ਘਰ ’ਚ ਫੋਨ ਕਰਕੇ ਦਿੱਤੀ ਗਈ।
ਮਨਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਸੀ। ਸ਼ਹੀਦ ਮਨਦੀਪ ਸਿੰਘ ਆਪਣੀ ਮਾਂ, ਪਤਨੀ ਅਤੇ ਛੋਟੇ-ਛੋਟੇ ਧੀ-ਪੁੱਤ, ਭਰਾਵਾਂ ਸਣੇ ਹੱਸਦੇ-ਵੱਸਦੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਹੈ। ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਹੈ।

ਮੁੱਖ ਗੱਲਾਂ
- ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਭਾਰਤੀ ਫੌਜ ਦੀ ਗੱਡੀ ਨੂੰ ਅੱਗ ਲੱਗਣ ਕਾਰਨ 5 ਜਵਾਨਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 4 ਪੰਜਾਬ ਨਾਲ ਸੰਬਧਤ ਸਨ।
- ਫੌਜ ਦੇ ਬਿਆਨ ਮੁਤਾਬਕ ਦਹਿਸ਼ਤਗਰਦਾਂ ਨੇ ਦੁਪਹਿਰ ਕਰੀਬ 3 ਵਜੇ ਗੱਡੀ 'ਤੇ ਹੈਂਡ ਗ੍ਰਨੇਡ ਸੁੱਟਿਆ, ਜਿਸ ਕਾਰਨ ਅੱਗ ਲੱਗ ਗਈ।
- ਹਮਲੇ ਵਿੱਚ ਮਾਰੇ ਗਏ ਨੌਜਵਾਨਾਂ ਵਿੱਚ ਹੌਲਦਾਰ ਮਨਦੀਪ ਸਿੰਘ, ਲਾਂਸ ਨਾਇਕ ਦੇਬਾਸ਼ੀਸ਼ ਬਸਵਾਲ, ਲਾਂਸ ਨਾਇਕ ਕੁਲਵੰਤ ਸਿੰਘ, ਸਿਪਾਹੀ ਹਰਕ੍ਰਿਸ਼ਨ ਸਿੰਘ ਅਤੇ ਸਿਪਾਹੀ ਸੇਵਕ ਸਿੰਘ ਸ਼ਾਮਿਲ ਹਨ।
- ਗੁਰਦਾਸਪੁਰ ਦੇ ਰਹਿਣ ਵਾਲੇ 27 ਸਾਲਾ ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਇਫਲਸ ਵਿੱਚ ਸੇਵਾ ਨਿਭਾ ਰਹੇ ਸਨ।
- ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਕੁਲਵੰਤ ਸਿੰਘ ਦੇ ਪਿਤਾ ਕਾਰਗਿਲ ਵਿੱਚ ਮਾਰੇ ਗਏ ਸਨ।
- ਲੁਧਿਆਣਾ ਦੇ 39 ਸਾਲ ਹੌਲਦਾਰ ਮਨਦੀਪ ਸਿੰਘ ਕੁਝ ਹੀ ਦਿਨ ਪਹਿਲਾਂ ਛੁੱਟੀ ਕੱਟ ਕੇ ਗਏ ਸਨ।
- ਤਲਵੰਡੀ ਸਾਬੋ ਦੇ ਗੁਰਸੇਵਕ ਸਿੰਘ ਸਾਲ 2018 ਵਿੱਚ ਫੌਜ ਵਿੱਚ ਭਰਤੀ ਹੋਏ ਸਨ।
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਰੇ ਗਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਭਗਵੰਤ ਮਾਨ ਨੇ ਸ਼ਰਧਾਂਜਲੀ ਦਿੱਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਮਲੇ ਵਿੱਚ ਮਾਰੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਇੱਟ ਟਵੀਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ, "ਰਾਸ਼ਟਰੀ ਰਾਈਫਲਜ ਦੇ ਪੰਜ ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਵਿੱਚ ਸ਼ਹੀਦ, ਸਰਹੱਦਾਂ ਦੇ ਰਖਵਾਲੇ ਅਮਰ ਰਹਿਣ। ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ, ਪ੍ਰਣਾਮ ਸ਼ਹੀਦਾਂ ਨੂੰ।"

ਤਸਵੀਰ ਸਰੋਤ, Twitter
ਇਸ ਤੋਂ ਪਹਿਲਾਂ ਬੀਤੇ ਦਿਨ ਫੌਜ ਨੇ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਸ ਘਟਨਾ ਪਿੱਛੇ ਕੱਟੜਪੰਥੀਆਂ ਦਾ ਹੱਥ ਹੈ।
ਫੌਜ ਦੇ ਉੱਤਰੀ ਕਮਾਨ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਮੁਤਾਬਕ, "ਅਤਿਵਾਦੀਆਂ ਨੇ ਦੁਪਹਿਰ ਕਰੀਬ 3 ਵਜੇ ਵਾਹਨ 'ਤੇ ਹੈਂਡ ਗ੍ਰਨੇਡ ਸੁੱਟਿਆ, ਜਿਸ ਕਾਰਨ ਅੱਗ ਲੱਗ ਸਕਦੀ ਹੈ।"
ਇਸ ਹਾਦਸੇ ਵਿੱਚ ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਸੀ। ਇਨ੍ਹਾਂ ਜਵਾਨਾਂ ਨੂੰ ਇਲਾਕੇ 'ਚ ਕੱਟੜਪੰਥੀਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਤੈਨਾਤ ਕੀਤਾ ਗਿਆ ਸੀ।
ਫੌਜ ਮੁਤਾਬਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਇੱਕ ਹੋਰ ਫੌਜੀ ਦਾ ਰਾਜੌਰੀ ਦੇ ਫੌਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਫਿਲਹਾਲ ਹਮਲਾਵਰਾਂ ਦੀ ਭਾਲ ਜਾਰੀ ਹੈ।
ਰਾਸ਼ਟਰੀ ਰਾਈਫਲਜ਼ ਦਾ ਇਤਿਹਾਸ ਕੀ ਹੈ
ਰਾਸ਼ਟਰੀ ਰਾਈਫ਼ਲਜ਼ ਭਾਰਤੀ ਫ਼ੌਜ ਦੀ ਇੱਕ ਉੱਚ ਸਿਖਲਾਈ ਪ੍ਰਾਪਤ ਖਾੜਕੂ ਵਿਰੋਧੀ ਫੋਰਸ ਹੈ। ਇਹ 1990 ਵਿੱਚ ਜੰਮੂ ਅਤੇ ਕਸ਼ਮੀਰ ਵਿੱਚ ਖਾੜਕੂਵਾਦ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਸੀ।
ਇਹ ਇੱਕ ਅਰਧ ਸੈਨਿਕ ਬਲ ਨਹੀਂ ਹੈ ਬਲਕਿ ਭਾਰਤੀ ਫ਼ੌਜ ਦੀ ਇੱਕ ਵਿਸ਼ੇਸ਼ ਯੂਨਿਟ ਹੈ ਜੋ ਜੰਮੂ ਅਤੇ ਕਸ਼ਮੀਰ ਵਿੱਚ ਕਾਉਂਟਰ-ਇਨਸਰਜੈਂਸੀ ਕਾਰਵਾਈਆਂ ਲਈ ਸਿਖਲਾਈ ਪ੍ਰਾਪਤ ਹੈ।
ਇਸ ਫੋਰਸ ਵਿੱਚ ਭਾਰਤੀ ਫ਼ੌਜ ਦੀਆਂ ਵੱਖ-ਵੱਖ ਰੈਜੀਮੈਂਟਾਂ ਦੇ ਸੈਨਿਕ ਸ਼ਾਮਲ ਹੁੰਦੇ ਹਨ ਅਤੇ ਇਸ ਦਾ ਮੁੱਖ ਦਫ਼ਤਰ ਜੰਮੂ ਅਤੇ ਕਸ਼ਮੀਰ ਵਿੱਚ ਹੈ। ਰਾਸ਼ਟਰੀ ਰਾਈਫਲਜ਼ ਨੇ ਰਾਜ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਅਤੇ ਖਾੜਕੂਆਂ ਵਿਰੁਧ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਭਾਰਤ ਸਰਕਾਰ ਵੱਲੋਂ ਮੁਸੀਬਤਾਂ ਦੇ ਸਾਹਮਣੇ ਇਸ ਦੀ ਬਹਾਦਰੀ ਅਤੇ ਵਚਨਬੱਧਤਾ ਲਈ ਕਈ ਵਾਰ ਇਸ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਰਾਸ਼ਟਰੀ ਰਾਈਫਲਜ਼ ਜੰਮੂ-ਕਸ਼ਮੀਰ ਵਿੱਚ ਕਈ ਸਫ਼ਲ ਕਾਰਵਾਈਆਂ ਵਿੱਚ ਸ਼ਾਮਲ ਰਹੀ ਹੈ, ਜਿਨ੍ਹਾਂ ਵਿੱਚ ਖਾੜਕੂਆਂ ਦਾ ਖ਼ਾਤਮਾ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਅਤੇ ਸ਼ੱਕੀਆਂ ਨੂੰ ਫੜਨਾ ਸ਼ਾਮਲ ਹੈ।
ਇਹ ਫੋਰਸ ਰਾਜ ਵਿੱਚ ਸਥਾਨਕ ਆਬਾਦੀ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਵੀ ਸਰਗਰਮ ਰਹੀ ਹੈ, ਜਿਵੇਂ ਕਿ ਮੈਡੀਕਲ ਕੈਂਪ, ਸਕੂਲ ਅਤੇ ਹੋਰ ਭਾਈਚਾਰਕ ਭਲਾਈ ਪ੍ਰੋਜੈਕਟ।
ਕਈ ਅਰਧ ਸੈਨਿਕ ਬਲ ਗ੍ਰਹਿ ਮੰਤਰਾਲੇ ਦੁਆਰਾ ਫੰਡ ਕੀਤੇ ਜਾਂਦੇ ਹਨ ਤੇ ਅਜਿਹਾ ਮੰਨਿਆ ਜਾਂਦਾ ਸੀ ਕਿ ਰਾਸ਼ਟਰੀ ਰਾਈਫ਼ਲਜ਼ ਨੂੰ ਵੀ ਉਹੀ ਫ਼ੰਡ ਕਰੇਗੀ ਪਰ ਇਸ ਨੂੰ ਰੱਖਿਆ ਮੰਤਰਾਲੇ ਵੱਲੋਂ ਫੰਡ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਖਾੜਕੂ ਵਿਰੋਧੀ ਕਾਰਵਾਈਆਂ ਵਿਚ ਉਨ੍ਹਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈ ਜੋ ਬਹੁਤ ਚੰਗੀ ਤਰਾਂ ਸਿਖਲਾਈ ਪ੍ਰਾਪਤ ਹੋਣ ਅਤੇ ਚੰਗੀ ਤਰ੍ਹਾਂ ਲੈਸ ਹੋਣ। ਰਾਸ਼ਟਰੀ ਰਾਈਫਲਜ਼ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਨਿਯਮਤ ਭਾਰਤੀ ਫ਼ੌਜ ਨੂੰ ਖਾੜਕੂ ਵਿਰੋਧੀ ਕਾਰਵਾਈਆਂ ਲਈ ਇਸਤੇਮਾਲ ਕਰਨ ਦੀ ਲੋੜ ਨਾ ਪਵੇ, ਜਿਸ ਨਾਲ ਭਾਰਤੀ ਫੌਜ ਨੂੰ ਘੁਸਪੈਠ ਵਿਰੋਧੀ ਅਤੇ ਸਰਹੱਦੀ ਰੱਖਿਆ ਦਾ ਆਪਣਾ ਕੰਮ ਕਰਨ ਤੋਂ ਨਹੀਂ ਭਟਕਣਾ ਪਿਆ।
ਰੱਖਿਆ ਮੰਤਰਾਲੇ ਦੀ ਇੱਕ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ, “ਰਾਸ਼ਟਰੀ ਰਾਈਫਲਜ਼ (ਆਰਆਰ) ਨੇ ਪਿਛਲੇ ਸਾਲਾਂ ਵਿੱਚ ਜੰਮੂ-ਕਸ਼ਮੀਰ ਵਿੱਚ ਫ਼ੌਜ ਅਤੇ ਕੇਂਦਰੀ ਅਰਧ ਸੈਨਿਕ ਬਲਾਂ ਦੇ ਕੰਮ ਦੀ ਪੂਰਤੀ ਕੀਤੀ ਹੈ। ਸਿਵਲ ਅਥਾਰਟੀਆਂ ਨੂੰ ਇਸ ਦੀ ਸਹਾਇਤਾ ਅਤੇ ਕਾਨੂੰਨ ਅਤੇ ਵਿਵਸਥਾ ਦੀ ਭੂਮਿਕਾ ਨੂੰ ਬਣਾਈ ਰੱਖਣ ਦਾ ਵੀ ਮਹੱਤਵਪੂਰਨ ਪ੍ਰਭਾਵ ਪਿਆ ਹੈ।"
ਰਾਸ਼ਟਰੀ ਰਾਈਫਲਜ਼ ਨੂੰ ਜੰਮੂ-ਕਸ਼ਮੀਰ ਵਿੱਚ ਕਥਿਤ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਕੁਝ ਹਿੱਸਿਆਂ ਤੋਂ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਹਾਲਾਂਕਿ ਫੋਰਸ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਕਾਨੂੰਨ ਦੇ ਢਾਂਚੇ ਦੇ ਅੰਦਰ ਕੰਮ ਕਰਦੀ ਹੈ ਅਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਦੀ ਪਾਲਣਾ ਕਰਦੀ ਹੈ।












