ਜੈਸ਼ੰਕਰ: ਸੰਸਾਰ 'ਚ ਭਾਰਤ ਦੀ ਮਜ਼ਬੂਤ ਅਵਾਜ਼ ਜਾਂ ਹਮਲਾਵਰ ਰੁਖ਼ ਦੇਸ ਚ ਪ੍ਰਸਿੱਧੀ ਦਾ ਤਰੀਕਾ?

ਤਸਵੀਰ ਸਰੋਤ, Getty Images
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਭਾਰਤ ਦਾ ਮੰਨਣਾ ਹੈ ਕਿ ਯੂਕਰੇਨ ਯੁੱਧ ਨੇ ਦੁਨੀਆ ਨੂੰ ਹੋਰ ਵੰਡ ਦਿੱਤਾ ਹੈ ਅਤੇ ਪੱਛਮੀ ਦੇਸ਼ਾਂ ਦੀ ਬਣਾਈ ਹੋਈ ਵਿਸ਼ਵ ਵਿਵਸਥਾ ਵਿੱਚ ਵੱਡੇ ਪੱਧਰ ’ਤੇ ਬਦਲਾਅ ਦੀ ਜ਼ਰੂਰਤ ਹੈ।
ਪਰ ਇਹ ਖਰੀ ਗੱਲ ਅਮਰੀਕਾ ਵਰਗੇ ਤਾਕਤਵਰ ਦੇਸ਼ ਨੂੰ ਕੌਣ ਕਹੇ?
ਚੀਨ ਇਹ ਗੱਲ ਖੁੱਲ੍ਹ ਕੇ ਕਹਿੰਦਾ ਰਿਹਾ ਹੈ ਅਤੇ ਖ਼ੁਦ ਨੂੰ ਵਿਕਾਸਸ਼ੀਲ ਦੇਸ਼ਾਂ ਦਾ ਆਗੂ ਕਹਿਣ ਵਾਲੇ ਭਾਰਤ ਨੇ ਵੀ ਇਹ ਜ਼ਿੰਮੇਵਾਰੀ ਆਪਣੇ ਉੱਪਰ ਲੈ ਲਈ ਹੈ।
ਅੱਜ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਸੁਬਰਾਮਨੀਅਮ ਜੈਸ਼ੰਕਰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਉੱਭਰੇ ਹਨ, ਜੋ ਵਿਕਾਸਸ਼ੀਲ ਦੇਸ਼ਾਂ ਦੀ ਸੋਚ ਨੂੰ ਬਿਨਾਂ ਕਿਸੇ ਝਿਜਕ ਦੇ ਬਹੁਤ ਸੰਜਮ ਭਰੇ ਸ਼ਬਦਾਂ ਵਿੱਚ ਪ੍ਰਗਟ ਕਰ ਰਹੇ ਹਨ।
ਭਾਰਤੀ ਪੱਖ ਦਾ ਦਾਅਵਾ ਹੈ ਕਿ ਜੈਸ਼ੰਕਰ ਇਹ ਕੰਮ ਬਾਖ਼ੂਬੀ ਕਰ ਰਹੇ ਹਨ। ਭਾਰਤ ’ਤੇ ਉਸ ਦੇ ਸ਼ਕਤੀਸ਼ਾਲੀ ਪੱਛਮੀ ਭਾਈਵਾਲ ਦੇਸ਼ਾਂ ਦਾ ਭਾਰੀ ਦਬਾਅ ਹੈ ਕਿ ਉਹ ਰੂਸ ਨਾਲ ਆਪਣੇ ਰਿਸ਼ਤੇ ਤੋੜ ਲਵੇ। ਇਸ ਸੰਘਰਸ਼ ਵਿੱਚ ਪੱਛਮੀ ਖੇਮੇ ਨਾਲ ਮਿਲ ਜਾਵੇ, ਪਰ ਭਾਰਤ ਨੇ ਅਜਿਹਾ ਨਹੀਂ ਕੀਤਾ।
ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਯੁੱਧ ਵਿੱਚ ‘ਕਿਸੇ ਵੀ ਪੱਖ ਦਾ ਸਮਰਥਨ ਨਹੀਂ ਕਰੇਗਾ’।

ਤਸਵੀਰ ਸਰੋਤ, Getty Images
ਭਾਰਤ ਦੇ ਆਤਮ ਵਿਸ਼ਵਾਸ ਦਾ ਚਿਹਰਾ ਬਣੇ ਜੈਸ਼ੰਕਰ
ਭਾਰਤ ਨੇ ਦੁਨੀਆ ਦੇ ਦਬਾਅ ਦਾ ਮੁਕਾਬਲਾ ਕਰਨ ਵਿੱਚ ਇਹ ਜੋ ਨਵਾਂ ਆਤਮਵਿਸ਼ਵਾਸ ਦਿਖਾਇਆ ਹੈ, ਉਸ ਦਾ ਸਭ ਤੋਂ ਵੱਡਾ ਚਿਹਰਾ ਜੈਸ਼ੰਕਰ ਹੀ ਹਨ।
ਵਿਦੇਸ਼ ਮੰਤਰੀ ਜੈਸ਼ੰਕਰ ਦੀ ਭਾਰਤ ਵਿੱਚ ਵਧਦੀ ਹਰਮਨਪਿਆਰਤਾ ਦੀ ਸਭ ਤੋਂ ਵੱਡੀ ਵਜ੍ਹਾ ਇਹੀ ਹੈ ਕਿ ਲੋਕ ਦੇਖ ਰਹੇ ਹਨ ਕਿ ਉਹ ਅਮਰੀਕਾ ਅਤੇ ਯੂਰਪੀ ਸੰਘ ਵਰਗੀਆਂ ਦੁਨੀਆ ਦੀਆਂ ਵੱਡੀਆਂ ਤਾਕਤਾਂ ਦੇ ਸਾਹਮਣੇ ਖੜ੍ਹੇ ਹਨ।
ਜੈਸ਼ੰਕਰ ਦੇ ਬਿਆਨ ਨਿਡਰ, ਤਿੱਖੇ ਅਤੇ ਕੁਝ ਲੋਕਾਂ ਦੀ ਨਜ਼ਰ ਵਿੱਚ ਚਿੜਾਉਣ ਵਾਲੇ ਰਹੇ ਹਨ।
ਹਾਲ ਹੀ ਦੇ ਸਾਲਾਂ ਵਿੱਚ ਲੋਕਤੰਤਰ ਦੀ ਰੇਟਿੰਗ ਕਰਨ ਵਾਲੀਆਂ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਸੰਸਥਾਵਾਂ, ਭਾਰਤ ਦੇ ਲੋਕਤੰਤਰ ਵਿੱਚ ਗਿਰਾਵਟ ਅਤੇ ਘੱਟਗਿਣਤੀਆਂ ਨਾਲ ਹੋ ਰਹੇ ਵਤੀਰੇ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੀਆਂ ਹਨ।
ਇਨ੍ਹਾਂ ਚਿੰਤਾਵਾਂ ਨੂੰ ਲੈ ਕੇ ਜੈਸ਼ੰਕਰ ਦਾ ਰੁਖ਼ ਬੇਹੱਦ ਹਮਲਾਵਰ ਰਿਹਾ ਹੈ।
ਉਨ੍ਹਾਂ ਨੇ ਕਿਹਾ, ‘‘ਇਹ ਤਾਂ ਪਖੰਡ ਹੈ। ਦੁਨੀਆ ਵਿੱਚ ਕੁਝ ਲੋਕ ਅਜਿਹੇ ਹਨ, ਜਿਨ੍ਹਾਂ ਨੇ ਅਜਿਹੇ ਸਰਟੀਫਿਕੇਟ ਜਾਰੀ ਕਰਨ ਲਈ ਆਪਣੇ ਆਪ ਨੂੰ ਠੇਕੇਦਾਰ ਬਣਾ ਰੱਖਿਆ ਹੈ।’’
‘‘ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਰਹੇ ਹਨ ਕਿ ਭਾਰਤ ਹੁਣ ਉਨ੍ਹਾਂ ਦੀ ਸਹਿਮਤੀ ਦਾ ਚਾਹਵਾਨ ਨਹੀਂ ਹੈ।’’
ਜੈਸ਼ੰਕਰ ਦੇ ਇਸ ਬਿਆਨ ਵਿੱਚ ਹੈਰਾਨ ਕਰਨ ਵਾਲੀ ਬਸ ਇੱਕ ਹੀ ਗੱਲ ਸੀ। ਉਨ੍ਹਾਂ ਦਾ ਇਹ ਤਿੱਖਾ ਬਿਆਨ ਕੂਟਨੀਤਕ ਮੁਹਾਵਰਿਆਂ ਦੀ ਚਾਸ਼ਨੀ ਵਿੱਚ ਘੋਲ ਕੇ ਨਹੀਂ ਦਿੱਤਾ ਗਿਆ ਸੀ।
ਸਪੱਸ਼ਟ ਹੈ, ਜੈਸ਼ੰਕਰ ਨੂੰ ਇਹ ਪਤਾ ਹੈ ਕਿ ਭਾਰਤ ਦੇ ਆਮ ਲੋਕ ਵੀ ਆਪਣੇ ਦੇਸ਼ ਦੀ ਆਲੋਚਨਾ ਦਾ ਜਵਾਬ ਇਸੀ ਜ਼ੁਬਾਨ ਵਿੱਚ ਦਿੰਦੇ।
ਅਜਿਹੇ ਬਿਆਨਾਂ ਨੇ ਜੈਸ਼ੰਕਰ ਨੂੰ ਆਮ ਭਾਰਤੀਆਂ ਅਤੇ ਖ਼ਾਸ ਤੌਰ ’ਤੇ ਰਾਸ਼ਟਰਵਾਦੀਆਂ ਦੀ ਨਜ਼ਰ ਵਿੱਚ ਹੀਰੋ ਬਣਾ ਦਿੱਤਾ ਹੈ।
ਇਸ ਸਾਲ ਜਨਵਰੀ ਵਿੱਚ ਜਦੋਂ ਪੱਛਮੀ ਮੀਡੀਆ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ‘ਹਿੰਦੂ ਰਾਸ਼ਟਰਵਾਦੀ ਸਰਕਾਰ’ ਕਿਹਾ ਤਾਂ ਜੈਸ਼ੰਕਰ ਨੇ ਇਸ ਦਾ ਤਿੱਖਾ ਜਵਾਬ ਦਿੱਤਾ ਸੀ।
ਉਦੋਂ ਉਨ੍ਹਾਂ ਨੇ ਕਿਹਾ ਸੀ, ‘‘ਜੇਕਰ ਤੁਸੀਂ ਵਿਦੇਸ਼ਾਂ ਦੇ ਅਖ਼ਬਾਰ ਪੜ੍ਹੋ ਤਾਂ ਉਹ ਹਿੰਦੂ ਰਾਸ਼ਟਰਵਾਦੀ ਸਰਕਾਰ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਅਮਰੀਕਾ ਜਾਂ ਯੂਰਪ ਵਿੱਚ ਉਹ ਈਸਾਈ ਰਾਸ਼ਟਰਵਾਦੀ ਨਹੀਂ ਕਹਿੰਦੇ। ਅਜਿਹੇ ਜੁਮਲੇ ਤਾਂ ਉਹ ਖ਼ਾਸ ਤੌਰ ’ਤੇ ਸਾਡੇ ਲੋਕਾਂ ਲਈ ਬਚਾ ਕੇ ਰੱਖਦੇ ਹਨ।’’

ਤਸਵੀਰ ਸਰੋਤ, Getty Images
ਜੈਸ਼ੰਕਰ ਦਾ ਹਮਲਾਵਰ ਰਵੱਈਆ
ਰਾਜਨੀਤਿਕ ਅਤੇ ਵਿਦੇਸ਼ ਮਾਮਲਿਆਂ ਦੇ ਜਾਣਕਾਰ ਡਾਕਟਰ ਸੁਵਰੋਕਮਲ ਦੱਤਾ ਕਹਿੰਦੇ ਹਨ ਕਿ ਉਹ ਪੱਛਮੀ ਦੇਸ਼ਾਂ ਪ੍ਰਤੀ ਜੈਸ਼ੰਕਰ ਦੇ ਹਮਲਾਵਰ ਰਵੱਈਏ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ।
ਡਾਕਟਰ ਸੁਵਰੋਕਮਲ ਕਹਿੰਦੇ ਹਨ, ‘‘ਜਦੋਂ ਦੁਨੀਆ ਦੇ ਦੇਸ਼ਾਂ ਅਤੇ ਖ਼ਾਸ ਤੌਰ ’ਤੇ ਪੱਛਮੀ ਦੇਸ਼ਾਂ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਜੈਸ਼ੰਕਰ ਦੀ ਨਜ਼ਰ ਵਿੱਚ ਭਾਰਤ ਦੇ ਹਿੱਤ ਸਰਵਉੱਚ ਹੁੰਦੇ ਹਨ। ਯੂਕਰੇਨ ਦੇ ਮੌਜੂਦਾ ਸੰਕਟ ਦੇ ਦੌਰਾਨ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਉਨ੍ਹਾਂ ਨੇ ਜਿਸ ਤਰ੍ਹਾਂ ਪੱਛਮੀ ਦੇਸ਼ਾਂ ਨੂੰ ਜਵਾਬ ਦਿੱਤਾ, ਉਸ ਨਾਲ ਉਹ ਭਾਰਤ ਵਿੱਚ ਬੇਹੱਦ ਹਰਮਨਪਿਆਰੇ ਹੋ ਗਏ ਹਨ।’’
ਹਾਲਾਂਕਿ, ‘ਮੋਦੀਜ਼ ਇੰਡੀਆ: ਹਿੰਦੂ ਨੈਸ਼ਨਲਿਜ਼ਮ ਐਂਡ ਦਿ ਰਾਈਜ਼ ਆਫ਼ ਏਥਨਿਕ ਡੈਮੋਕਰੇਸੀ’ ਦੇ ਲੇਖਕ ਅਤੇ ਲੰਡਨ ਵਿੱਚ ਕਿੰਗਜ ਕਾਲਜ ਦੇ ਪ੍ਰੋਫੈਸਰ ਕ੍ਰਿਸਟੋਫ ਜੈਫਰਲੋ ਤਰਕ ਦਿੰਦੇ ਹਨ ਕਿ ‘ਜੈਸ਼ੰਕਰ ਦਾ ਤੌਰ ਤਰੀਕਾ, ਇੱਕ ਹਰਮਨਪਿਆਰੇ ਰਾਸ਼ਟਰਵਾਦੀ ਦਾ ਹੈ ਅਤੇ ਉਹ ਇਹ ਗੱਲਾਂ ਆਪਣੇ ਦੇਸ਼ ਦੀ ਜਨਤਾ ਦਾ ਦਿਲ ਜਿੱਤਣ ਲਈ ਕਰਦੇ ਹਨ।’’

ਤਸਵੀਰ ਸਰੋਤ, Getty Images
ਕ੍ਰਿਸਟੋਫ ਜੈਫਰਲੋ ਕਹਿੰਦੇ ਹਨ, ‘‘ਜਿਸ ਤਰ੍ਹਾਂ ਜੈਸ਼ੰਕਰ ਪੱਛਮੀ ਦੇਸ਼ਾਂ ਬਾਰੇ ਗੱਲ ਕਰਦੇ ਹਨ, ਉਸ ਦਾ ਅਸਲ ਮਕਸਦ ਘਰੇਲੂ ਪੱਧਰ ’ਤੇ ਆਪਣੀਆਂ ਗੱਲਾਂ ਦਾ ਅਸਰ ਛੱਡਣਾ ਹੁੰਦਾ ਹੈ। ਉਨ੍ਹਾਂ ਦੇ ਇਸ ਹਮਲਾਵਰ ਰਵੱਈਏ ਦੀ ਵੱਡੀ ਵਜ੍ਹਾ ਇਹੀ ਹੈ, ਪਰ ਇਹ ਰਵੱਈਆ ਕੋਈ ਨਵਾਂ ਨਹੀਂ ਹੈ।’’
ਉਹ ਕਹਿੰਦੇ ਹਨ, ‘‘ਅੱਜ ਦੁਨੀਆ ਦੇ ਬਹੁਤ ਸਾਰੇ ਰਾਸ਼ਟਰਵਾਦੀ ਨੇਤਾ ਅਜਿਹੀ ਹੀ ਜ਼ੁਬਾਨ ਬੋਲਦੇ ਹਨ। ਤੁਰਕੀ ਦੇ ਅਰਦੋਆਨ ਵੀ ਇਸੀ ਅੰਦਾਜ਼ ਵਿੱਚ ਬੋਲਦੇ ਹਨ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਬਾਰਨ ਵੀ ਇਸੀ ਤਰ੍ਹਾਂ ਦੇ ਜੁਮਲੇ ਵਰਤਦੇ ਹਨ।’’
‘‘ਇਹ ਸਭ ਆਪਣੇ ਦੇਸ਼ ਦੀ ਜਨਤਾ ਨੂੰ ਲੁਭਾਉਣ ਲਈ ਇਹ ਤਰੀਕਾ ਅਖ਼ਤਿਆਰ ਕਰਦੇ ਹਨ। ਆਮ ਜਨਤਾ ਨੂੰ ਵਿਅੰਗ ਭਰੀ ਅਤੇ ਬੇਬਾਕ ਭਾਸ਼ਾ ਪਸੰਦ ਆਉਂਦੀ ਹੈ।’’
ਲੰਡਨ ਦੀ ਯੂਨੀਵਰਸਿਟੀ ਆਫ ਵੈਸਟਮਿੰਸਟਰ ਵਿੱਚ ਸੈਂਟਰ ਫਾਰ ਦਿ ਸਟੱਫੀ ਆਫ ਡੈਮੋਕਰੇਸੀ ਦੀ ਡਾਇਰੈਕਟਰ ਪ੍ਰੋਫੈਸਰ ਨਿਤਾਸ਼ਾ ਕੌਲ ਕਹਿੰਦੀ ਹੈ, ‘‘ਭਾਰਤ ਅਤੇ ਪੱਛਮੀ ਦੇਸ਼ਾਂ ਵਿਚਕਾਰ ਵਿਚੋਲਗੀ ਦੇ ਰੂਪ ਵਿੱਚ ਜੈਸ਼ੰਕਰ ਬਹੁਤ ਸਾਵਧਾਨੀ ਅਤੇ ਹੁਸ਼ਿਆਰੀ ਨਾਲ ਰਿਵਰਸ ਇੰਜਨੀਅਰਿੰਗ ਦੀ ਵਰਤੋਂ ਕਰ ਰਹੇ ਹਨ।’’
‘‘ਉਹ ਅਜਿਹੀਆਂ ਦਲੀਲਾਂ ਦੀ ਵਰਤੋਂ ਕਰਦੇ ਹਨ ਜੋ ਅਸਲ ਵਿੱਚ ਪ੍ਰਗਤੀਸ਼ੀਲ ਲੱਗਦੀਆਂ ਹਨ, ਪਰ ਉਹ ਪੁਰਾਣੇ ਜ਼ਮਾਨੇ ਅਤੇ ਦੇਸੀ ਰਵੱਈਏ ਨੂੰ ਜਾਇਜ਼ ਠਹਿਰਾਉਣ ਲਈ ਉਨ੍ਹਾਂ ਹੀ ਦਲੀਲਾਂ ਦੀ ਵਰਤੋਂ ਕਰਦੇ ਹਨ।’’
ਨਿਤਾਸ਼ਾ ਕੌਲ ਕਹਿੰਦੀ ਹੈ ਕਿ ਪੱਛਮ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਜੈਸ਼ੰਕਰ ਦੀ ਪੱਛਮੀ ਦੇਸ਼ਾਂ ਦੇ ਬਸਤੀਵਾਦੀ ਇਤਿਹਾਸ ਦੀ ਆਲੋਚਨਾ ਦਾ ਸਮਰਥਨ ਕਰਨਗੇ। ਪਰ ਉਹ ਉਨ੍ਹਾਂ ਦਲੀਲਾਂ ਦਾ ਪ੍ਰਯੋਗ ਆਪਣੇ ਦੇਸ਼ ਦੀ ਜਨਤਾ ਨੂੰ ਲੁਭਾਉਣ ਲਈ ਵੀ ਕਰਦੇ ਹਨ, ਜੋ ਪੱਛਮੀ ਦੇਸ਼ਾਂ ਦੀਆਂ ਪੁਰਾਣੀਆਂ ਕਰਤੂਤਾਂ ਦੀਆਂ ਆਲੋਚਕ ਹਨ।
ਦੋਸਤ ਅਤੇ ਦੁਸ਼ਮਣ ਦੇਸ਼ ਕਿਸ ਤਰ੍ਹਾਂ ਦੇਖਦੇ ਹਨ?
ਪ੍ਰੋਫੈਸਰ ਹੁਆਂਗ ਯੁਨਸੌਂਗ, ਚੀਨ ਦੇ ਚੇਂਗਡੂ ਸ਼ਹਿਰ ਵਿੱਚ ਸਿਚੂਆਨ ਯੂਨੀਵਰਸਿਟੀ ਦੇ ਸਕੂਲ ਆਫ ਇੰਟਰਨੈਸ਼ਨਲ ਸਟੱਡੀਜ਼ ਦੇ ਐਸੋਸੀਏਟ ਡੀਨ ਹਨ। ਜੈਸ਼ੰਕਰ, ਚੀਨ ਵਿੱਚ ਭਾਰਤ ਦੇ ਸਭ ਤੋਂ ਲੰਬੇ ਕਾਰਜਕਾਲ ਵਾਲੇ ਰਾਜਦੂਤ ਰਹੇ ਸਨ।
ਪ੍ਰੋਫੈਸਰ ਹੁਆਂਗ ਕਹਿੰਦੇ ਹਨ, ‘‘ਚੀਨ ਦੇ ਬੌਧਿਕ ਅਤੇ ਰਣਨੀਤਕ ਹਲਕਿਆਂ ਵਿੱਚ ਕੁਝ ਲੋਕ ਹਨ ਜੋ ਜੈਸ਼ੰਕਰ ਤੋਂ ਜਾਣੂ ਹਨ। ਉਹ ਜੈਸ਼ੰਕਰ ਦਾ ਇੱਕ ਅਜਿਹੇ ਯਥਾਰਥਵਾਦੀ ਸਿਆਸਤਦਾਨ ਵਜੋਂ ਸਤਿਕਾਰ ਕਰਦੇ ਹਨ ਜੋ ਸਖ਼ਤ ਮਿਜ਼ਾਜ, ਚਲਾਕ ਅਤੇ ਦਲੇਰ ਹੈ।’’
‘‘ਉਹ ਆਪਣੇ ਕੂਟਨੀਤਕ ਹੁਨਰ ਵਿੱਚ ਸ਼ਾਂਤ ਅਤੇ ਤੇਜ਼ ਦਿਮਾਗ਼ ਵਾਲੇ ਵੀ ਹਨ। ਉਨ੍ਹਾਂ ਦਾ ਜ਼ਹਿਨ ਹਮੇਸ਼ਾ ਇਸ ਗੱਲ ਨੂੰ ਲੈ ਕੇ ਸੁਚੇਤ ਰਹਿੰਦਾ ਹੈ ਕਿ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ਨੂੰ ਕਿਵੇਂ ਬਰਕਰਾਰ ਰੱਖਿਆ ਜਾਵੇ।’’
ਪ੍ਰੋਫੈਸਰ ਨਿਤਾਸ਼ਾ ਕੌਲ ਦਾ ਕਹਿਣਾ ਹੈ, ‘‘ਨਿਸ਼ਚਤ ਤੌਰ ’ਤੇ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਮਨੁੱਖੀ ਅਧਿਕਾਰਾਂ ਦੇ ਨਾਂ ’ਤੇ ਦੂਜੇ ਦੇਸ਼ਾਂ ਵਿੱਚ ਦਖਲਅੰਦਾਜ਼ੀ ਤੋਂ ਲੈ ਕੇ ਲੋਕਤੰਤਰ ਨੂੰ ਪ੍ਰੋਤਸਾਹਨ ਦੇਣ ਦੇ ਨਾਂ ’ਤੇ ਪੱਛਮੀ ਦੇਸ਼ ਪਖੰਡੀ ਰਵੱਈਆ ਅਪਣਾਉਂਦੇ ਆਏ ਹਨ।’’
ਪਰ ਉਹ ਇਹ ਵੀ ਕਹਿੰਦੀ ਹੈ ਕਿ ਪੱਛਮੀ ਦੇਸ਼ਾਂ ਪ੍ਰਤੀ ਜੈਸ਼ੰਕਰ ਦੇ ਬਿਆਨ ਅਤੇ ਜੁਮਲੇ, ‘‘ਅਸਲ ਵਿੱਚ ਨੈਤਿਕਤਾ ਦਾ ਜਾਮਾ ਪਹਿਨਾ ਕੇ ਪੇਸ਼ ਕੀਤੀ ਗਈ ਚਲਾਕੀ ਹੈ।’’
ਉਹ ਕਹਿੰਦੇ ਹਨ, ‘‘ਮੈਂ ਜੋ ਕੰਮ ਕੀਤਾ ਹੈ, ਉਸ ਵਿੱਚ ਇਸ ਨੂੰ ਬਸਤੀਵਾਦ ਦੇ ਜ਼ਖਮ ਨੂੰ ਨੈਤਿਕਤਾ ਦਾ ਹਥਿਆਰ ਬਣਾ ਕੇ ਉਸ ਨੂੰ ਪੱਛਮ ਦੇ ਖਿਲਾਫ਼ ਵਰਤਣ ਦੀ ਤਰ੍ਹਾਂ ਦੇਖਿਆ ਹੈ। ਇਹ ਸਵਦੇਸ਼ੀ ਹਮਲਾਵਰ ਰੁਖ ਅਤੇ ਹੰਕਾਰ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।’’

ਤਸਵੀਰ ਸਰੋਤ, Getty Images
‘‘ਮੈਨੂੰ ਲੱਗਦਾ ਹੈ ਕਿ ਜੈਸ਼ੰਕਰ ਅੱਜ ਜੋ ਕੁਝ ਕਰ ਰਹੇ ਹਨ, ਅਤੇ ਭਾਰਤ ਦੀ ਵਿਦੇਸ਼ ਨੀਤੀ ਦਾ ਜੋ ਮੌਜੂਦਾ ਸਿਧਾਂਤ ਹੈ, ਉਸ ਦਾ ਮਕਸਦ ਜੈਸ਼ੰਕਰ ਵਰਗੇ ਚਿਹਰਿਆਂ ਦੀ ਮਦਦ ਨਾਲ ਪੱਛਮੀ ਦੇਸ਼ਾਂ ਨੂੰ ਉਨ੍ਹਾਂ ਦੇ ਇਤਿਹਾਸ ਅਤੇ ਮਾਨਵਤਾ ਦੇ ਹਵਾਲੇ ਨਾਲ ਕਟਹਿਰੇ ਵਿੱਚ ਖੜ੍ਹਾ ਕਰਨਾ ਹੈ। ਰੂਸ ਅਤੇ ਯੂਕਰੇਨ ਦਾ ਯੁੱਧ ਇਸ ਦੀ ਮਿਸਾਲ ਹੈ।’’
ਪ੍ਰੋਫੈਸਰ ਨਿਤਾਸ਼ਾ ਕੌਲ ਕਹਿੰਦੇ ਹਨ ਕਿ ਪੱਛਮੀ ਦੇਸ਼ਾਂ ਨੂੰ ਆਮ ਤੌਰ ’ਤੇ ਜੈਸ਼ੰਕਰ ਦੀਆਂ ਇਨ੍ਹਾਂ ਤਿੱਖੀਆਂ ਤਕਰੀਰਾਂ ਦਾ ਅੰਦਾਜ਼ਾ ਹੈ। ਪਰ ਜਦੋਂ ਉਹ ਇਸ ਦੀ ਤੁਲਨਾ ਆਪਣੀ ਮੁੱਖ ਚੁਣੌਤੀ ਚੀਨ ਨਾਲ ਕਰਦੇ ਹਨ, ਤਾਂ ਉਨ੍ਹਾਂ ਨੂੰ ਜੈਸ਼ੰਕਰ ਦੇ ਬਿਆਨ ਘੱਟ ਬੁਰੇ ਲੱਗਦੇ ਹਨ।
ਉਹ ਕਹਿੰਦੀ ਹੈ, ‘‘ਜੈਸ਼ੰਕਰ ਦਾ ਇਹ ਦਾਅ ਪ੍ਰਭਾਵਸ਼ਾਲੀ ਹੈ ਕਿਉਂਕਿ ਸਪੱਸ਼ਟ ਤੌਰ ’ਤੇ ਕਹੀਏ ਤਾਂ ਇਸ ਵਿੱਚ ਚੀਨ ਭਾਰਤ ਦਾ ਸਭ ਤੋਂ ਵੱਡਾ ਭਾਈਵਾਲ ਹੈ।’’
‘‘ਪੱਛਮੀ ਦੇਸ਼ਾਂ ਦੇ ਜਾਣਕਾਰ ਜੋ ਜੈਸ਼ੰਕਰ ਦੇ ਇਨ੍ਹਾਂ ਬਿਆਨਾਂ ਦੇ ਪਿੱਛੇ ਦੀ ਸੱਚਾਈ ਜਾਣਦੇ ਹਨ, ਉਹ ਇਹੀ ਮੰਨਦੇ ਹਨ ਕਿ ਚੀਨ ਦੀ ਤੁਲਨਾ ਵਿੱਚ ਉਨ੍ਹਾਂ ਲਈ ਭਾਰਤ ਕੋਈ ਖ਼ਾਸ ਖ਼ਤਰਾ ਨਹੀਂ ਹੈ।’’
ਦੂਜੇ ਪਾਸੇ ਪ੍ਰੋਫੈਸਰ ਕ੍ਰਿਸਟੋਫ ਜੈਫਰਲੋ ਇਹ ਮੰਨਦੇ ਹਨ ਕਿ ਜੈਸ਼ੰਕਰ ਦੇ ਇਨ੍ਹਾਂ ਦਲੇਰਾਨਾ ਬਿਆਨਾਂ ਅਤੇ ਭਾਸ਼ਣਾਂ ਦੀ ਜੜ੍ਹ ਉਨ੍ਹਾਂ ਦੇ ਇਸ ਯਕੀਨ ਵਿੱਚ ਹੈ, ਜਿਸ ਮੁਤਾਬਿਕ ਉਹ ਇਹ ਮੰਨਦੇ ਹਨ ਕਿ ਪੱਛਮੀ ਦੇਸ਼ਾਂ ਦੇ ਦਬਦਲੇ ਵਾਲੀ ਵਿਸ਼ਵ ਵਿਵਸਥਾ ਬਦਲ ਰਹੀ ਹੈ।
ਆਪਣੀ ਕਿਤਾਬ ‘ਦਿ ਇੰਡੀਆ ਵੇਅ: ਸਟਰੈਟਜ਼ੀਸ ਫਾਰ ਐਨ ਅਨਸਰਟੇਨ ਵਰਲਡ’ (2020) ਵਿੱਚ ਜੈਸ਼ੰਕਰ ਨੇ ਵਾਰ-ਵਾਰ ਇਸ ਦਾ ਹਵਾਲਾ ਦਿੱਤਾ ਹੈ।
ਉਨ੍ਹਾਂ ਨੇ ਲਿਖਿਆ ਹੈ, ‘‘ਅੱਜ ਸਾਡੇ ਸਾਹਮਣੇ ਅਜਿਹਾ ਬਦਲਾਅ ਆ ਰਿਹਾ ਹੈ, ਜਿਸ ਨੂੰ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ।’’
ਪ੍ਰੋਫੈਸਰ ਜੈਫਰਲੋ ਦਲੀਲ ਦਿੰਦੇ ਹਨ, ‘‘ਇਹ ਇਸ਼ਾਰਾ ਦੁਨੀਆ ਵਿੱਚ ਸੱਤਾ ਦੀ ਧੁਰੀ ਦੇ ਖਿਸਕਣ ਵੱਲ ਹੈ। ਅੱਜ ਉੱਭਰਦੇ ਹੋਏ ਦੇਸ਼ ਹਕੀਕਤ ਬਿਆਨ ਕਰਨ ਦਾ ਸਾਹਸ ਕਰ ਸਕਦੇ ਹਨ।’’
‘‘ਪੱਛਮੀ ਦੇਸ਼ ਪਖੰਡ ਕਰਦੇ ਹਨ। ਜੇਕਰ ਤੁਸੀਂ ਖ਼ੁਦ ਅਨੈਤਿਕ ਕੰਮ ਕਰਦੇ ਹੋ, ਤਾਂ ਫਿਰ ਤੁਸੀਂ ਦੂਜਿਆਂ ਨੂੰ ਨੈਤਿਕਤਾ ’ਤੇ ਭਾਸ਼ਣ ਨਹੀਂ ਸੁਣਾ ਸਕਦੇ।’’

ਐੱਸ ਜੈਸ਼ੰਕਰ ਦਾ ਸਫ਼ਰਨਾਮਾ
- 1977 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਲ ਹੋਏ।
- 1985-1988 ਦੇ ਵਿਚਕਾਰ ਮਾਸਕੋ ਵਿੱਚ ਭਾਰਤੀ ਦੂਤਾਵਾਸ ਵਿੱਚ ਤਾਇਨਾਤ।
- 1990-1993 ਵਿਚਕਾਰ ਟੋਕੀਓ ਦੇ ਭਾਰਤੀ ਦੂਤਾਵਾਸ ਵਿੱਚ ਡਿਪਟੀ ਬਣਾਏ ਗਏ।
- 1993-1995 ਵਿੱਚ ਵਿਦੇਸ਼ ਮੰਤਰਾਲੇ ਵਿੱਚ ਡਾਇਰੈਕਟ ਬਣੇ। (ਪੂਰਬੀ ਏਸ਼ੀਆ)
- 1995-1998 ਦੇ ਦੌਰਾਨ ਵਿਦੇਸ਼ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ। (ਅਮਰੀਕਾ)
- 2000-2004 ਵਿੱਚ ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨਰ ਬਣਾਇਆ ਗਿਆ।
- 2007-2009 ਵਿੱਚ ਵਿਦੇਸ਼ ਮੰਤਰਾਲੇ ਵਿੱਚ ਵਧੀਕ ਸਕੱਤਰ ਬਣੇ ਅਤੇ ਅਮਰੀਕਾ-ਭਾਰਤ ਨਾਗਰਿਕ ਪਰਮਾਣੂ ਸਮਝੌਤੇ ਵਿੱਚ ਭਾਰਤ ਦੀ ਅਗਵਾਈ ਕੀਤੀ।
- 2009-2013 ਤੱਕ ਚੀਨ ਵਿੱਚ ਭਾਰਤ ਦੇ ਰਾਜਦੂਤ ਰਹੇ ਅਤੇ ਦੋਵੇਂ ਦੇਸ਼ਾਂ ਦੇ ਰਿਸ਼ਤੇ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ।
- 2013-2015 ਦੇ ਵਿਚਕਾਰ ਅਮਰੀਕਾ ਵਿੱਚ ਭਾਰਤੀ ਰਾਜਦੂਤ ਰਹੇ ਅਤੇ ਉਨ੍ਹਾਂ ਨੂੰ ਮੋਦੀ ਦੀ ਨਿਊਯਾਰਕ ਰੈਲੀ ਦੇ ਪ੍ਰਮੁੱਖ ਆਰਕੀਟੈਕਟ ਮੰਨਿਆ ਜਾਂਦਾ ਹੈ।
- 2015-2018 ਦੇ ਵਿਚਕਾਰ ਭਾਰਤ ਦੇ ਵਿਦੇਸ਼ ਸਕੱਤਰ ਰਹਿੰਦੇ ਹੋਏ ਪੈਰਿਸ ਵਾਤਾਵਰਨ ਸਮਝੌਤੇ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ।
- 2019 ਵਿੱਚ ਵਿਦੇਸ਼ ਮੰਤਰੀ ਬਣੇ ਅਤੇ ਉਨ੍ਹਾਂ ਨੇ ਭਾਰਤੀ ਕੂਟਨੀਤੀ ਦਾ ਹੋਰ ਪ੍ਰਸਾਰ ਕਰਨ ’ਤੇ ਧਿਆਨ ਦਿੱਤਾ।

ਜੈਸ਼ੰਕਰ ਦੀ ਤਰੱਕੀ
ਮੋਦੀ ਸਰਕਾਰ ਦੇ ਅੰਦਰ ਇਹ ਸੋਚ ਹੈ ਕਿ ਮੰਤਰੀ ਮੰਡਲ ਵਿੱਚ ਜੈਸ਼ੰਕਰ ਦੇ ਸਿਤਾਰੇ ਬੁਲੰਦੀ ’ਤੇ ਹਨ। ਖ਼ਾਸ ਤੌਰ ’ਤੇ ਜੈਸ਼ੰਕਰ ਨੇ ਜਿਸ ਤਰ੍ਹਾਂ ਨਾਲ ਯੂਕਰੇਨ ਯੁੱਧ ਅਤੇ ਰੂਸ ਤੋਂ ਤੇਲ ਖਰੀਦਣ ਦੇ ਮਸਲਿਆਂ ਨੂੰ ਸੰਭਾਲਿਆ ਹੈ, ਉਸ ਨਾਲ ਉਨ੍ਹਾਂ ਦੀ ਪ੍ਰਸਿੱਧੀ ਵਧੀ ਹੈ।
ਜੈਸ਼ੰਕਰ ਦੇ ਸਮਰਥਕ ਇਹ ਮੰਨਦੇ ਹਨ ਕਿ ਮੋਦੀ ਦੇ ਮੰਤਰੀ ਮੰਡਲ ਵਿੱਚ ਉਹ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਮੰਤਰੀਆਂ ਵਿੱਚ ਸ਼ਾਮਲ ਹੁੰਦੇ ਹਨ।
ਡਾਕਟਰ ਸੁਵਰੋਕਮਲ ਦੱਤਾ ਕਹਿੰਦੇ ਹਨ, ‘‘ਵਿਦੇਸ਼ ਮੰਤਰੀ ਦੇ ਤੌਰ ’ਤੇ ਮੈਂ ਉਨ੍ਹਾਂ ਨੂੰ ਮਰਹੂਮ ਸੁਸ਼ਮਾ ਸਵਰਾਜ ਦੇ ਦਰਜੇ ’ਤੇ ਰੱਖਦਾ ਹਾਂ। ਵਿਦੇਸ਼ ਮੰਤਰੀ ਦੇ ਤੌਰ ’ਤੇ ਮੇਰੇ ਲਈ ਤਾਂ ਡਾਕਟਰ ਐੱਸ ਜੈਸ਼ੰਕਰ ਦੀਆਂ ਉਪਲੱਬਧੀਆਂ ਪੰਡਿਤ ਜਵਾਹਰਲਾਲ ਨਹਿਰੂ ਤੋਂ ਵੀ ਕਿਧਰੇ ਜ਼ਿਆਦਾ ਵੱਡੀਆਂ ਹਨ।’’
ਨਿਸ਼ਚਤ ਰੂਪ ਨਾਲ ਇਹ ਬਹੁਤ ਵੱਡਾ ਦਾਅਵਾ ਹੈ, ਪਰ ਭਾਰਤ ਦੇ ਵਿਦੇਸ਼ ਮੰਤਰੀ ਬਣਨ ਤੱਕ ਦਾ ਜੈਸ਼ੰਕਰ ਦਾ ਸਫ਼ਰ ਨਿਸ਼ਚਤ ਰੂਪ ਨਾਲ ਕਿਸੇ ਪੇਸ਼ੇਵਰ ਡਿਪਲੋਮੈਟ ਦੀ ਕਾਮਯਾਬੀ ਦੀ ਕਮਾਲ ਦੀ ਮਿਸਾਲ ਹੈ।

ਤਸਵੀਰ ਸਰੋਤ, Getty Images
1955 ਵਿੱਚ ਦਿੱਲੀ ਵਿੱਚ ਪੈਦਾ ਹੋਏ ਜੈਸ਼ੰਕਰ ਸਰਕਾਰੀ ਅਧਿਕਾਰੀਆਂ ਦੇ ਇੱਕ ਵੱਕਾਰੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਕੇ. ਸੁਬਰਾਮਨੀਅਮ ਇੱਕ ਉੱਘੇ ਨੌਕਰਸ਼ਾਹ ਸਨ।
ਜੈਸ਼ੰਕਰ ਨੇ ਅੰਤਰਾਸ਼ਟਰੀ ਸਬੰਧਾਂ ਵਿੱਚ ਡਾਕਟਰੇਟ ਦੀ ਡਿਗਰੀ ਦਿੱਲੀ ਦੀ ਮਸ਼ਹੂਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਲਈ ਸੀ।
ਉਸ ਦੌਰ ਦੇ ਉਨ੍ਹਾਂ ਦੇ ਸਾਥੀ ਇਹ ਮੰਨਦੇ ਹਨ ਕਿ ਉਹ ਇੱਕ ਖੁੱਲ੍ਹੇ ਵਿਚਾਰਾਂ ਵਾਲੇ ਉਦਾਰਵਾਦੀ ਇਨਸਾਨ ਹਨ, ਜੋ ਪੱਛਮੀ ਲੋਕਤੰਤਰ ਵਿੱਚ ਯਕੀਨ ਰੱਖਦੇ ਹਨ।
ਜੈਸ਼ੰਕਰ ਨੇ ਡਿਪਲੋਮੈਟ ਦੇ ਤੌਰ ’ਤੇ ਆਪਣੇ ਸਫ਼ਰ ਦੀ ਸ਼ੁਰੂਆਤ 1977 ਵਿੱਚ ਕੀਤੀ ਸੀ ਅਤੇ ਉਨ੍ਹਾਂ ਨੇ ਕਈ ਦੇਸ਼ਾਂ ਵਿੱਚ ਡਿਪਲੋਮੈਟ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦਿੱਤੀਆਂ।
ਅਮਰੀਕਾ ਵਿੱਚ ਭਾਰਤ ਦੇ ਰਾਜਦੂਤ (2013-2015) ਦੇ ਤੌਰ ’ਤੇ ਜੈਸ਼ੰਕਰ ਨੇ ਅਮਰੀਕਾ ਦੇ ਨੀਤੀ ਨਿਰਮਾਤਾਵਾਂ ਨਾਲ ਨਜ਼ਦੀਕੀ ਤਾਲਮੇਲ ਨਾਲ ਕੰਮ ਕਰਦੇ ਹੋਏ ਉਸ ਦੇ ਨਾਲ ਭਾਰਤ ਦੇ ਆਰਥਿਕ ਰਿਸ਼ਤਿਆਂ ਨੂੰ ਵਿਸਥਾਰ ਦਿੱਤਾ ਸੀ।
ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਵਿਚਕਾਰ ਮਜ਼ਬੂਤ ਰਣਨੀਤਕ ਭਾਈਵਾਲੀ ਵਿਕਸਤ ਕਰਨ ਵਿੱਚ ਵੀ ਕਾਫ਼ੀ ਅਹਿਮ ਭੂਮਿਕਾ ਨਿਭਾਈ ਸੀ।
ਹਾਲਾਂਕਿ ਵਿਦੇਸ਼ ਨੀਤੀ ਦੇ ਜਾਣਕਾਰ ਇਹ ਕਹਿੰਦੇ ਹਨ ਕਿ ਅਸਲ ਵਿੱਚ ਉਨ੍ਹਾਂ ਦੇ ਵਿਚਾਰਕ ਸਫ਼ਰ ਵਿੱਚ ਇੱਕ ਅਹਿਮ ਮੋੜ ਉਦੋਂ ਆਇਆ ਸੀ, ਜਦੋਂ 2009 ਤੋਂ 2013 ਦੇ ਵਿਚਕਾਰ ਉਹ ਚੀਨ ਵਿੱਚ ਭਾਰਤ ਦੇ ਰਾਜਦੂਤ ਸਨ।
ਨਰਿੰਦਰ ਮੋਦੀ ਨਾਲ ਪਹਿਲੀ ਮੁਲਾਕਾਤ

ਤਸਵੀਰ ਸਰੋਤ, Getty Images
ਸਾਲ 2011 ਵਿੱਚ ਉਹ ਪਹਿਲੀ ਵਾਰ ਨਰਿੰਦਰ ਮੋਦੀ ਨੂੰ ਮਿਲੇ ਸਨ, ਜੋ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਚੀਨ ਦੇ ਦੌਰੇ ’ਤੇ ਗਏ ਸਨ।
ਹਾਲ ਹੀ ਵਿੱਚ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਜੈਸ਼ੰਕਰ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਸੀ, ‘‘ਮੈਂ ਪਹਿਲੀ ਬਾਰ ਉਨ੍ਹਾਂ (ਨਰਿੰਦਰ ਮੋਦੀ) ਨੂੰ 2011 ਵਿੱਚ ਚੀਨ ਵਿੱਚ ਮਿਲਿਆ ਸੀ। ਉਹ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਚੀਨ ਦੇ ਦੌਰੇ ’ਤੇ ਆਏ ਸਨ। ਉਦੋਂ ਉਨ੍ਹਾਂ ਨੇ ਮੇਰੇ ’ਤੇ ਗਹਿਰੀ ਛਾਪ ਛੱਡੀ ਸੀ।’’
‘‘2011 ਤੱਕ ਮੈਂ ਬਹੁਤ ਸਾਰੇ ਮੁੱਖ ਮੰਤਰੀਆਂ ਨੂੰ ਅਜਿਹੇ ਦੌਰਿਆਂ ’ਤੇ ਆਉਂਦੇ ਹੋਏ ਦੇਖ ਚੁੱਕਿਆ ਸੀ, ਪਰ ਮੈਂ ਕਿਸੇ ਨੂੰ ਵੀ ਇੰਨੀ ਜ਼ਬਰਦਸਤ ਤਿਆਰੀ ਨਾਲ ਦੌਰਾ ਕਰਦੇ ਨਹੀਂ ਦੇਖਿਆ ਸੀ।’’
ਜੈਸ਼ੰਕਰ ਦਾ ਵਿਚਾਰਕ ਸਫ਼ਰ
ਜਦੋਂ ਤੱਕ 2014 ਵਿੱਚ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ, ਉਦੋਂ ਤੱਕ ਜੈਸ਼ੰਕਰ ਦੀ ਨਿਯੁਕਤੀ ਅਮਰੀਕਾ ਵਿੱਚ ਭਾਰਤੀ ਰਾਜਦੂਤ ਦੇ ਤੌਰ ’ਤੇ ਹੋ ਚੁੱਕੀ ਸੀ।
ਆਲੋਚਕ ਕਹਿੰਦੇ ਹਨ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਜੈਸ਼ੰਕਰ ਦੇ ਵਿਚਾਰਾਂ ਵਿੱਚ ਬਦਲਾਅ ਦਾ ਨਤੀਜਾ ਸੀ ਜਾਂ ਨਹੀਂ, ਪਰ ਜਦੋਂ ਸਤੰਬਰ 2014 ਵਿੱਚ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦੇ ਤੌਰ ’ਤੇ ਪਹਿਲੀ ਵਾਰ ਅਮਰੀਕਾ ਗਏ ਤਾਂ ਜੈਸ਼ੰਕਰ ਨਾਲ ਉਨ੍ਹਾਂ ਦਾ ਬਿਹਤਰੀਨ ਤਾਲਮੇਲ ਦਿਖਿਆ।
ਰਾਜਦੂਤ ਦੇ ਤੌਰ ’ਤੇ ਜੈਸ਼ੰਕਰ ਨੇ ਨਰਿੰਦਰ ਮੋਦੀ ਦੇ ਇਸ ਪਹਿਲੇ ਅਮਰੀਕੀ ਦੌਰੇ ਦੀ ਤਿਆਰੀ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ।
ਨਿਊਯਾਰਕ ਦੇ ਮੈਡੀਸਨ ਸਕਵਾਇਰ ਗਾਰਡਨ ਵਿੱਚ ‘ਹਾਉਡੀ ਮੋਦੀ’ ਹੋਇਆ, ਜਿਸ ਦੀ ਕਾਫ਼ੀ ਚਰਚਾ ਹੋਈ।
ਖ਼ੁਦ ਜੈਸ਼ੰਕਰ ਨੇ ਪਿਛਲੇ ਸਾਲ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ, ‘‘ਮੈਡੀਸਨ ਸਕਵਾਇਰ ਦੇ ਪ੍ਰੋਗਰਾਮ ਦੇ ਦੌਰਾਨ ਮੈਂ ਅਮਰੀਕਾ ਵਿੱਚ ਭਾਰਤ ਦਾ ਰਾਜਦੂਤ ਸੀ। ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਉਹ ਪ੍ਰੋਗਰਾਮ ਇੱਕ ਇਤਿਹਾਸਕ ਪ੍ਰੋਗਰਾਮ ਸੀ।’’
ਜਦੋਂ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਿਦੇਸ਼ ਸਕੱਤਰ (2015-2018) ਨਿਯੁਕਤ ਕੀਤਾ ਤਾਂ ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਆਕਾਰ ਦੇਣ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕੀਤੀ।
ਖ਼ਾਸ ਤੌਰ ’ਤੇ ‘ਨਿਯਮਾਂ ’ਤੇ ਆਧਾਰਿਤ ਵਿਸ਼ਵ ਵਿਵਸਥਾ’ ਨੂੰ ਲੈ ਕੇ ਭਾਰਤ ਦਾ ਨਜ਼ਰੀਆ ਘੜਨ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ।

ਤਸਵੀਰ ਸਰੋਤ, Getty Images
ਜੈਸ਼ੰਕਰ ਕਹਿੰਦੇ ਹਨ ਕਿ ਵਿਦੇਸ਼ ਸਕੱਤਰ ਦੇ ਤੌਰ ’ਤੇ ਉਨ੍ਹਾਂ ਨੇ ਨਰਿੰਦਰ ਮੋਦੀ ਨਾਲ ਵਿਦੇਸ਼ ਦੇ ਬਹੁਤ ਸਾਰੇ ਦੌਰੇ ਕੀਤੇ।
ਹਾਲਾਂਕਿ ਜੈਸ਼ੰਕਰ ’ਤੇ ਇਹ ਵੀ ਦੋਸ਼ ਲੱਗੇ ਕਿ ਉਨ੍ਹਾਂ ਨੇ ਵਿਦੇਸ਼ ਸੇਵਾ ਦੇ ਅਧਿਕਾਰੀ ਦੇ ਦਾਇਰੇ ਵਿੱਚ ਰਹਿਣ ਦੀ ਬਜਾਏ ਆਪਣੇ ਸਿਆਸੀ ਆਕਾ ਦੀ ਖਿਦਮਤ ਕੁਝ ਜ਼ਿਆਦਾ ਹੀ ਕੀਤੀ।
2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਜੈਸ਼ੰਕਰ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਤਾਂ ਉਹ ਵਿਦੇਸ਼ ਸਕੱਤਰ ਪਦ ਤੋਂ ਰਿਟਾਇਰ ਹੋ ਕੇ ਆਪਣੀ ਨਵੀਂ ਜ਼ਿੰਦਗੀ ਦੀ ਤਿਆਰੀ ਕਰ ਰਹੇ ਸਨ।
ਵਿਦੇਸ਼ ਨੀਤੀ ਦੇ ਜਾਣਕਾਰ ਕਹਿੰਦੇ ਹਨ ਕਿ ਕਿਸੇ ਰਿਟਾਇਰ ਹੋ ਚੁੱਕੇ ਵਿਦੇਸ਼ ਸਕੱਤਰ ਨੂੰ ਸਿੱਧਾ ਕੈਬਨਿਟ ਮੰਤਰੀ ਬਣਾਉਣਾ ਹੈਰਾਨੀਜਨਕ ਫੈਸਲਾ ਸੀ।
ਏਐੱਨਆਈ ਨੂੰ ਹਾਲ ਹੀ ਵਿੱਚ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਜੈਸ਼ੰਕਰ ਨੇ ਮੰਨਿਆ ਸੀ ਕਿ ਉਨ੍ਹਾਂ ਨੂੰ ਇਸ ਦੀ ਕੋਈ ਉਮੀਦ ਨਹੀਂ ਸੀ।
ਇੱਕ ਇੰਟਰਵਿਊ ਵਿੱਚ ਜੈਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪ੍ਰਸਤਾਵ ਸਵੀਕਾਰ ਕਰਨ ਤੋਂ ਪਹਿਲਾਂ ਇੱਕ ਮਹੀਨੇ ਤੱਕ ਸੋਚ-ਵਿਚਾਰ ਕੀਤਾ ਅਤੇ ਆਖਿਰ ਵਿੱਚ ਉਨ੍ਹਾਂ ਨੇ ਵਿਦੇਸ਼ ਮੰਤਰੀ ਬਣਨ ਤੋਂ ਪਹਿਲਾਂ ਰਸਮੀ ਰੂਪ ਨਾਲ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਲਈ।
ਜਦੋਂ ਉਨ੍ਹਾਂ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਗਈ ਤਾਂ ਇੱਕ ਵੱਡੇ ਅਖ਼ਬਾਰ ਨੇ ਹੈੱਡਲਾਈਨ ਵਿੱਚ ਲਿਖਿਆ, ‘‘ਮੋਦੀ ਦੇ ਸੰਕਟਮੋਚਕ ਨੂੰ ਚੁਕਾਈ ਗਈ ਕੈਬਨਿਟ ਮੰਤਰੀ ਦੀ ਸਹੁੰ।’’
ਇਹ ਕਹਿਣਾ ਬੇਮਾਇਨੇ ਹੋਵੇਗਾ ਕਿ ਮੋਦੀ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਦਾ ਭਰਪੂਰ ਇਨਾਮ ਦਿੱਤਾ ਗਿਆ। ਚਾਰ ਸਾਲ ਬਾਅਦ ਉਹ ਮੋਦੀ ਮੰਤਰੀ ਮੰਡਲ ਦੇ ਸਭ ਤੋਂ ਅਹਿਮ ਚਿਹਰਿਆਂ ਵਿੱਚੋਂ ਇੱਕ ਬਣ ਕੇ ਉੱਭਰੇ ਹਨ।
ਉਨ੍ਹਾਂ ਦੇ ਵਿਰੋਧੀ ਇਹ ਮੰਨਦੇ ਹਨ ਕਿ ਇੱਕ ਸਮੇਂ ਉਦਾਰਵਾਦੀ ਸੋਚ ਰੱਖਣ ਵਾਲੇ ਜੈਸ਼ੰਕਰ ਨੇ ਚੋਲਾ ਬਦਲ ਲਿਆ ਹੈ।

ਤਸਵੀਰ ਸਰੋਤ, Getty Images
ਕੀ ਜੈਸ਼ੰਕਰ ਦੀ ਵਿਦੇਸ਼ ਨੀਤੀ ਦਾ ਸਿਧਾਂਤ ਤਰਕਪੂਰਨ ਹੈ?
ਜੈਸ਼ੰਕਰ ਦੀ ਕਿਤਾਬ ਦੇ ਮੁਤਾਬਿਕ, ਉਨ੍ਹਾਂ ਦੀ ਵਿਦੇਸ਼ ਨੀਤੀ ਤਿੰਨ ਸਿਧਾਂਤਾਂ ’ਤੇ ਟਿਕੀ ਹੈ:
- ਗੱਠਜੋੜ ਤੋਂ ਪਰਹੇਜ਼: ਉਹ ਗੱਠਜੋੜਾਂ ਤੋਂ ਜ਼ਿਆਦਾ ਸਾਂਝੀਦਾਰੀ ਵਿੱਚ ਯਕੀਨ ਰੱਖਦੇ ਹਨ। ਉਹ ਬਹੁਲਤਾਵਾਦ ਜਾਂ ਬਹੁਪੱਖੀ ਰਾਜਨੀਤੀ ਦੀ ਵਕਾਲਤ ਕਰਦੇ ਹਨ।
- ਉਹ ਬਹੁਧਰੁਵੀ ਦੁਨੀਆ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਵਿਸ਼ਵ ਵਿਵਸਥਾਵਿੱਚ ਮੌਜੂਦ ਸੰਘਰਸ਼ਾਂ ਦਾ ਲਾਭ ਉਠਾਉਣਾ ਚਾਹੁੰਦੇ ਹਨ।
- ਉਹ ਵਿਰੋਧਾਭਾਸਾਂ ਨੂੰ ਸਵੀਕਾਰ ਕਰਦੇ ਹਨ ਜੋ ਇਨ੍ਹਾਂ ਦੋਵਾਂ ਗੱਲਾਂ ਦੇ ਨਤੀਜੇ ਵਿੱਚ ਪੈਦਾ ਹੁੰਦੇ ਹਨ।
ਜੈਸ਼ੰਕਰ ਦੀ ਕਿਤਾਬ 2020 ਵਿੱਚ ਪ੍ਰਕਾਸ਼ਿਤ ਹੋਈ ਸੀ। ਉਸ ਦੇ ਬਾਅਦ ਬਹੁਤ ਕੁਝ ਬਦਲ ਚੁੱਕਿਆ ਹੈ।
ਕੀ ਜੈਸ਼ੰਕਰ ਹੁਣ ਵੀ ਇਨ੍ਹਾਂ ਸਿਧਾਂਤਾਂ ਦਾ ਪਾਲਣ ਕਰਦੇ ਹਨ?
ਪ੍ਰੋਫੈਸਰ ਜੈਫਰਲੋ ਕਹਿੰਦੇ ਹਨ ਕਿ ਵਿਰੋਧਾਭਾਸਾਂ ਦਾ ਹਮੇਸ਼ਾ ਲਾਭ ਉਠਾਉਣਾ ਸੰਭਵ ਨਹੀਂ ਹੁੰਦਾ, ‘‘ਚੀਨ ਹਿਮਾਲਿਆ ਦੀਆਂ ਚੋਟੀਆਂ ’ਤੇ ਘੁਸਪੈਠ ਕਰ ਰਿਹਾ ਹੈ, ਫਿਰ ਵੀ ਭਾਰਤ ਬ੍ਰਿਕਸ ਵਰਗੇ ਮੰਚਾਂ ’ਤੇ ਚੀਨ ਪ੍ਰਤੀ ਚੰਗਾ ਵਿਵਹਾਰ ਕਰਦਾ ਰਹੇ, ਇਹ ਕਦੋਂ ਤੱਕ ਚੱਲ ਸਕਦਾ ਹੈ।’’
‘‘ਜੇਕਰ ਚੀਨ ਹਮਲਾਵਰ ਬਣਿਆ ਰਹਿੰਦਾ ਹੈ ਤਾਂ ਫਿਰ ਭਾਰਤ ਨੂੰ ਫੈਸਲਾਕੁਨ ਰੂਪ ਨਾਲ ਪੱਛਮ ਵੱਲ ਝੁਕਣਾ ਹੀ ਪਵੇਗਾ। ਕੋਈ ਹੋਰ ਵਿਕਲਪ ਹੈ ਨਹੀਂ। ਹੁਣ ਰੂਸ ਵੀ ਇੱਕ ਵਿਕਲਪ ਨਹੀਂ ਰਿਹਾ ਕਿਉਂਕਿ ਰੂਸ ਅਤੇ ਚੀਨ ਲਗਾਤਾਰ ਨਜ਼ਦੀਕ ਹੁੰਦੇ ਜਾ ਰਹੇ ਹਨ।’’
ਦੋ-ਧਰੁਵੀ ਹੁੰਦੀ ਦੁਨੀਆ ਦੇ ਇੱਕ ਧਰੁਵ ਦੇ ਤੌਰ ’ਤੇ ਚੀਨ ਦਾ ਉਭਾਰ, ਭਾਰਤ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ, ਪਰ ਇਸ ਗੱਲ ਤੋਂ ਅਮਰੀਕਾ ਵੀ ਪਰੇਸ਼ਾਨ ਹੈ।
ਇਹੀ ਵਜ੍ਹਾ ਹੈ ਕਿ ਭਾਰਤ ਅਤੇ ਜੈਸ਼ੰਕਰ ਹਮਲਾਵਰ ਹੋ ਕੇ ਮਜ਼ਬੂਤੀ ਨਾਲ ਆਪਣੀ ਗੱਲ ਕਹਿਣ ਦਾ ਸਾਹਸ ਕਰ ਸਕਦੇ ਹਨ।

ਤਸਵੀਰ ਸਰੋਤ, Getty Images
ਪਰ ਪ੍ਰੋਫੈਸਰ ਜੈਫਰਲੋ ਕਹਿੰਦੇ ਹਨ ਕਿ ਅੱਜ ਭਾਰਤ ਖ਼ੁਦ ਨੂੰ ਜਿਸ ਮਹੱਤਵਪੂਰਨ ਸਥਿਤੀ ਵਿੱਚ ਦੇਖ ਰਿਹਾ ਹੈ, ਉਹ ਹਾਲਾਤ ਜ਼ਿਆਦਾ ਲੰਬੇ ਸਮੇਂ ਤੱਕ ਰਹਿਣ ਵਾਲੇ ਨਹੀਂ ਹਨ।
ਉਹ ਕਹਿੰਦੇ ਹਨ, ‘‘ਅੱਜ ਦੀ ਤਰੀਕ ਵਿੱਚ ਹਰ ਕੋਈ ਭਾਰਤ ਨੂੰ ਇਸ ਉਮੀਦ ਵਿੱਚ ਲੁਭਾਉਣ ਵਿੱਚ ਲੱਗਿਆ ਹੋਇਆ ਹੈ ਕਿ ਉਹ ਉਨ੍ਹਾਂ ਵੱਲ ਆ ਜਾਵੇ। ਤੁਸੀਂ ਅਮਰੀਕਾ ਤੋਂ ਪੁੱਛੋ ਤਾਂ ਉਹ ਇਹੀ ਚਾਹੁੰਦਾ ਹੈ।’’
‘‘ਜੇਕਰ ਤੁਸੀਂ ਰੂਸ ਜਾਓ, ਤਾਂ ਉਨ੍ਹਾਂ ਦੀ ਸੋਚ ਵੀ ਇਹੀ ਨਜ਼ਰ ਆਉਂਦੀ ਹੈ। ਦੁਨੀਆ ਜ਼ਿਆਦਾ ਤੋਂ ਜ਼ਿਆਦਾ ਦੋ- ਧਰੁਵੀ ਹੁੰਦੀ ਜਾ ਰਹੀ ਹੈ। ਅਜਿਹਾ ਸਮਾਂ ਆ ਸਕਦਾ ਹੈ ਕਿ ਤੁਸੀਂ ਆਪਣੀ ਨਿਰਪੱਖਤਾ ਕਾਇਮ ਨਾ ਰੱਖ ਸਕੋ।’’
‘‘ਸੱਚ ਤਾਂ ਇਹ ਹੈ ਕਿ ਜੈਸ਼ੰਕਰ ਇਹ ਮੰਨਦੇ ਹਨ ਕਿ ਚੀਨ ਨਾਲ ਮਿਲ ਕੇ ਭਾਰਤ ਇੱਕੀਵੀਂ ਸਦੀ ਨੂੰ ਏਸ਼ੀਆ ਦੀ ਸਦੀ ਬਣਾ ਸਕਦਾ ਹੈ। ਉਹ ਆਪਣੀ ਕਿਤਾਬ ਵਿੱਚ ਵੀ ਇਸੇ ਵਿਚਾਰ ਨੂੰ ਅੱਗੇ ਵਧਾਉਂਦੇ ਹਨ।’’
‘‘ਜਿਸ ਨੇ ਵੀ ਜੈਸ਼ੰਕਰ ਦੀ ਕਿਤਾਬ ਪੜ੍ਹੀ ਹੋਵੇ, ਉਸ ਨੂੰ ਇਹ ਪਤਾ ਹੋਵੇਗਾ ਕਿ ਉਹ ਚੀਨ ਦੀ ਤੇਜ਼ੀ ਨਾਲ ਤਰੱਕੀ ਦੇ ਕਾਇਲ ਹਨ। ਉਹ ਚਾਹੁੰਦੇ ਹਨ ਕਿ ਭਾਰਤ ਵੀ ਚੀਨ ਤੋਂ ਸਿੱਖਿਆ ਲਵੇ।’’
ਅੰਤਰ-ਵਿਰੋਧ
ਚੀਨ ਦੇ ਵਿਦਵਾਨ ਪ੍ਰੋਫੈਸਰ ਹੁਆਂਗ ਯੁਨਸੌਂਗ ਦਲੀਲ ਦਿੰਦੇ ਹਨ, ‘‘ਜੈਸ਼ੰਕਰ ਦਾ ਚੀਨ ਅਤੇ ਭਾਰਤ ਦਾ ਮਿਲ ਕੇ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਬਣਾਉਣ ਦਾ ਸੁਝਾਅ, ਉਨ੍ਹਾਂ ਦੀ ਹਮਲਾਵਰ ਨੀਤੀ ਅਤੇ ਚੀਨ ਪ੍ਰਤੀ ਉਨ੍ਹਾਂ ਦੇ ਰਵੱਈਏ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦਾ ਹੈ।’’
ਪ੍ਰੋਫੈਸਰ ਹੁਆਂਗ ਇਸ ਦੀ ਵਜ੍ਹਾ ਦੱਸਦੇ ਹੋਏ ਕਹਿੰਦੇ ਹਨ, ‘‘ਚੀਨ ਅਤੇ ਭਾਰਤ ਦੋ ਅਲੱਗ-ਅਲੱਗ ਪੂਰਬੀ ਸੱਭਿਅਤਾਵਾਂ ਹਨ ਜੋ ਇੱਕ ਦੂਜੇ ਤੋਂ ਬਿਲਕੁਲ ਅਲੱਗ ਸੱਭਿਆਚਾਰਾਂ ਅਤੇ ਭੂਗੋਲਿਕ ਖੇਤਰਾਂ ਵਿੱਚ ਵਿਕਸਤ ਹੋਈਆਂ ਹਨ। ਇਤਿਹਾਸ ਵਿੱਚ ਬਹੁਤ ਹੀ ਸੀਮਤ ਸਮੇਂ ਲਈ ਇਨ੍ਹਾਂ ਦੀ ਹਾਰ ਹੋਈ ਹੈ।’’
ਉਹ ਕਹਿੰਦੇ ਹਨ, ‘‘1980 ਦੇ ਦਹਾਕੇ ਵਿੱਚ ਇੱਕ ਏਸ਼ੀਆਈ ਸਦੀ ਦੇ ਜਿਸ ਨਜ਼ਰੀਏ ਨੂੰ ਸਾਡੇ ਨੇਤਾਵਾਂ ਨੇ ਪ੍ਰਗਟ ਕੀਤਾ ਸੀ, ਉਹ ਸਾਡੇ ਦੋਵੇਂ ਹੀ ਦੇਸ਼ਾਂ ਦੇ ਵਿਕਾਸ ਅਤੇ ਖੁਸ਼ਹਾਲੀ ਦੀਆਂ ਖਹਾਇਸ਼ਾਂ ਨਾਲ ਨਜ਼ਦੀਕ ਤੋਂ ਜੁੜਿਆ ਹੋਇਆ ਸੀ।’’
‘‘ਹਾਲਾਕਿ, ਅੱਜ ਤੇਜ਼ੀ ਨਾਲ ਉੱਭਰਦੇ ਰਾਸ਼ਟਰਵਾਦ ਅਤੇ ਗਲਤ ਰਣਨੀਤਕ ਫੈਸਲਿਆਂ ਨੇ ਭਾਰਤ ਅਤੇ ਚੀਨ ਵਿਚਕਾਰ ਮਤਭੇਦਾਂ ਅਤੇ ਵਿਵਾਦਾਂ ਨੂੰ ਵਧਾਉਣ ਦਾ ਹੀ ਕੰਮ ਕੀਤਾ ਹੈ।’’

ਤਸਵੀਰ ਸਰੋਤ, Getty Images
ਪ੍ਰੋਫੈਸਰ ਹੁਆਂਗ ਕਹਿੰਦੇ ਹਨ, ‘‘ਅੱਜ ਦੋਵੇਂ ਦੇਸ਼ਾਂ ਦੇ ਰਿਸ਼ਤੇ ਰਣਨੀਤਕ ਸਾਂਝੀਦਾਰੀ ਤੋਂ ਘਟ ਕੇ ਦੁਸ਼ਮਣ ਗੁਆਂਢੀ ਵਾਲੇ ਹੋ ਗਏ ਹਨ। ਦੋਸਤਾਨਾ ਰਿਸ਼ਤਿਆਂ ਦੀ ਜਗ੍ਹਾ ਹੁਣ ਦੁਸ਼ਮਣੀ ਅਤੇ ਬੇਰੁਖੀ ਨੇ ਲੈ ਲਈ ਹੈ।’’
ਪ੍ਰੋਫੈਸਰ ਜੈਫਰਲੋ ਵੀ ਭਾਰਤ ਅਤੇ ਚੀਨ ਦੇ ਨਜ਼ਦੀਕੀ ਸਹਿਯੋਗ ਨਾਲ ਏਸ਼ੀਆਈ ਸਦੀ ਨੂੰ ਆਕਾਰ ਦੇਣ ਦੇ ਜੈਸ਼ੰਕਰ ਦੇ ਵਿਚਾਰ ਦੇ ਕਾਇਲ ਨਹੀਂ ਹਨ। ਉਹ ਇਸ ਨੂੰ ਬਹੁਤ ਦੂਰ ਦੀ ਗੱਲ ਮੰਨਦੇ ਹਨ।
ਪ੍ਰੋਫੈਸਰ ਜੈਫਰਲੋ ਕਈ ਸਵਾਲ ਚੁੱਕਦੇ ਹਨ, ‘‘ਆਖਿਰ ਚੀਨ ਕਿਸ ਤਰ੍ਹਾਂ ਭਾਰਤ ਦੀ ਮਦਦ ਕਰ ਸਕਦਾ ਹੈ? ਪੱਛਮੀ ਦੇਸ਼ਾਂ ਨੂੰ ਉਨ੍ਹਾਂ ਦੀ ਸ਼ਕਤੀਸ਼ਾਲੀ ਹੈਸੀਅਤ ਤੋਂ ਹਟਾਉਣ ਵਿੱਚ ਭਾਰਤ, ਕਿਸ ਤਰ੍ਹਾਂ ਨਾਲ ਚੀਨ ਦੀ ਮਦਦ ਕਰੇਗਾ?’’
‘‘ਬੇਸ਼ੱਕ ਪੱਛਮੀ ਦੇਸ਼ਾਂ ਦੀ ਪਕੜ ਕਮਜ਼ੋਰ ਹੋ ਵੀ ਜਾਵੇ, ਪਰ ਉਦੋਂ ਉਨ੍ਹਾਂ ਦੀ ਜਗ੍ਹਾ ਕੌਣ ਸ਼ਕਤੀਸ਼ਾਲੀ ਬਣੇਗਾ। ਜਵਾਬ ਹੈ-ਚੀਨ। ਜੇਕਰ ਅਜਿਹਾ ਹੈ ਤਾਂ ਭਾਰਤ ਚੀਨ ਨੂੰ ਦੁਨੀਆ ਦਾ ਨਵਾਂ ਦਾਦਾ ਬਣਾਉਣ ਵਿੱਚ ਮਦਦ ਕਿਉਂ ਕਰੇ?’’
ਪ੍ਰੋਫੈਸਰ ਜੈਫਰਲੋ ਕਹਿੰਦੇ ਹਨ, ‘‘ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਸਾਹਮਣੇ ਦੋ ਤਰ੍ਹਾਂ ਦੀਆਂ ਚੁਣੌਤੀਆਂ ਹੋ ਸਕਦੀਆਂ ਹਨ। ਸਿਰਫ਼ ਇਸ ਲਈ ਨਹੀਂ ਕਿ ਦੁਨੀਆ ਫਿਰ ਤੋਂ ਦੋ ਖੇਮਿਆਂ ਵਿੱਚ ਵੰਡਣ ਜਾ ਰਹੀ ਹੈ, ਬਲਕਿ ਵਿਕਾਸਸ਼ੀਲ ਦੇਸ਼ਾਂ ਦੇ ਵਿਚਕਾਰ ਵੀ ਭਾਰਤ ਚੀਨ ਤੋਂ ਪਿੱਛੇ ਰਹਿ ਜਾਵੇਗਾ ਕਿਉਂਕਿ ਇੱਕ ਵੱਡੀ ਤਾਕਤ ਬਣਨ ਲਈ ਤੁਹਾਡੇ ਕੋਲ ਸਰੋਤ ਹੋਣੇ ਚਾਹੀਦੇ ਹਨ।’’
ਡਾਕਟਰ ਸੁਵਰੋਕਮਲ ਦੱਤਾ, ਜੈਸ਼ੰਕਰ ਦੇ ਉਸ ਸਿਧਾਂਤ ’ਤੇ ਭਰੋਸਾ ਕਰਦੇ ਹਨ ਕਿ ਚੀਨ ਅਤੇ ਭਾਰਤ ਮਿਲ ਕੇ ਇੱਕ ਏਸ਼ੀਆਈ ਸਦੀ ਦਾ ਨਿਰਮਾਣ ਕਰ ਸਕਦੇ ਹਨ। ਪਰ ਉਹ ਚਾਹੁੰਦੇ ਹਨ ਕਿ ‘ਪਹਿਲਾਂ ਚੀਨ ਆਪਣੀਆਂ ਹਰਕਤਾਂ ਸੁਧਾਰੇ।’’
ਉਹ ਕਹਿੰਦੇ ਹਨ, ‘‘ਨਿਸ਼ਚਤ ਰੂਪ ਨਾਲ ਦੋ ਵਿਸ਼ਾਲ ਏਸ਼ੀਆਈ ਤਾਕਤਾਂ ਮਿਲ ਕੇ ਏਸ਼ੀਆਈ ਸਦੀ ਦੇ ਸੁਪਨੇ ਨੂੰ ਹਕੀਕਤ ਵਿੱਚ ਤਬਦੀਲ ਕਰ ਸਕਦੀਆਂ ਹਨ। ਇਹ ਗੱਲ ਸੰਭਵ ਅਤੇ ਤਰਕਪੂਰਨ ਵੀ ਹੈ, ਪਰ ਸ਼ਰਤ ਇਹ ਹੈ ਕਿ ਚੀਨ ਆਪਣੇ ਭਾਰਤ ਵਿਰੋਧੀ ਦੁਰਸਾਹਸ ’ਤੇ ਲਗਾਮ ਲਗਾਵੇ।’’

ਤਸਵੀਰ ਸਰੋਤ, Getty Images
ਕਿੰਨੇ ਕਾਮਯਾਬ ਹਨ ਜੈਸ਼ੰਕਰ?
ਇੱਕ ਵੱਡੇ ਰਾਜਨੇਤਾ, ਜਿਨ੍ਹਾਂ ਕੋਲ ਵਿਦੇਸ਼ ਵਿੱਚ ਭਾਰਤ ਦੇ ਦੋਸਤ ਅਤੇ ਦੁਸ਼ਮਣ ਦੇਸ਼ਾਂ ਨਾਲ ਨਜਿੱਠਣ ਦਾ ਲੰਬਾ ਤਜਰਬਾ ਰਿਹਾ ਹੈ, ਉਹ ਇਹ ਮੰਨਦੇ ਹਨ ਕਿ ਭਾਰਤ ਦਾ ਪ੍ਰਭਾਵ ਸੀਮਤ ਹੋਇਆ ਹੈ।
ਉਹ ਕਹਿੰਦੇ ਹਨ, ‘‘ਜੇਕਰ ਤੁਸੀਂ ਸਾਊਦੀ ਅਰਬ ਤੋਂ ਚੀਨ ਤੱਕ ਇੱਕ ਲੰਬੀ ਲਾਈਨ ਖਿੱਚੋ ਤਾਂ ਉਸ ਦੇ ਪੱਛਮ ਦਾ ਹਰ ਇਲਾਕਾ ਹੁਣ ਚੀਨ, ਰੂਸ, ਸਾਊਦੀ ਅਰਬ ਅਤੇ ਈਰਾਨ ਦੀ ਧੁਰੀ ਦੇ ਖੇਮੇ ਵਿੱਚ ਹੈ।’’
‘‘ਅਸੀਂ ਹਾਸ਼ੀਏ ’ਤੇ ਖੜ੍ਹੇ ਹਾਂ ਅਤੇ ਦੂਜੇ ਦਰਜੇ ਦੇ ਖਿਡਾਰੀ ਬਣ ਕੇ ਰਹਿ ਗਏ ਹਾਂ। ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਜੋ ਕੁਝ ਹਾਸਲ ਕੀਤਾ ਸੀ, ਉਸ ਵਿੱਚ ਇੰਨੀ ਭਾਰੀ ਗਿਰਾਵਟ ਅਸੀਂ ਪਹਿਲਾਂ ਤਾਂ ਕਦੇ ਨਹੀਂ ਦੇਖੀ।’’
ਚੀਨ ਦੇ ਮੁਕਾਬਲੇ ਵੀ ਭਾਰਤ ਦੁਨੀਆ ਵਿੱਚ ਪੱਛੜਦਾ ਜਾ ਰਿਹਾ ਹੈ।
ਹਾਲ ਹੀ ਵਿੱਚ ਸਾਊਦੀ ਅਰਬ ਅਤੇ ਈਰਾਨ ਨੇ ਜਦੋਂ ਦੁਸ਼ਮਣੀ ਖਤਮ ਕਰਕੇ ਕੂਟਨੀਤਕ ਰਿਸ਼ਤੇ ਬਹਾਲ ਕੀਤੇ ਤਾਂ ਵਿਚੋਲਗੀ ਦੀ ਭੂਮਿਕਾ ਚੀਨ ਨੇ ਨਿਭਾਈ ਸੀ ਜਦੋਂ ਕਿ ਸਾਊਦੀ ਅਰਬ ਅਤੇ ਈਰਾਨ, ਦੋਵੇਂ ਹੀ ਦੇਸ਼ਾਂ ਨੂੰ ਭਾਰਤ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ।
ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਜੈਸ਼ੰਕਰ ਤੋਂ ਜ਼ਿਆਦਾ ਚੀਨ ਦੀ ਸਮਝ ਰੱਖਣ ਵਾਲਾ ਕੋਈ ਦੂਜਾ ਪੇਸ਼ੇਵਰ ਡਿਪਲੋਮੈਟ ਨਹੀਂ ਹੈ।
ਇਸੀ ਤਰ੍ਹਾਂ ਮੋਦੀ ਵਰਗਾ ਕੋਈ ਦੂਜਾ ਸਿਆਸਤਦਾਨ ਵੀ ਨਹੀਂ, ਜਿਸ ਨੇ ਨੌਂ ਵਾਰ ਚੀਨ ਦਾ ਦੌਰਾ ਕੀਤਾ ਹੋਵੇ। ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ’ਤੇ ਅਤੇ ਪੰਜ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ।
ਇਨ੍ਹਾਂ ਦੋਵਾਂ ਤੋਂ ਉਮੀਦ ਸੀ ਕਿ ਉਹ ਚੀਨ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਨੂੰ ਘੱਟ ਕਰਨਗੇ।
ਪਰ ਅਜਿਹਾ ਲੱਗਦਾ ਹੈ ਕਿ ਇਸ ਰਿਸ਼ਤੇ ਵਿੱਚ ਤਣਾਅ ਤਾਂ ਹੋਰ ਵਧ ਹੀ ਗਿਆ ਹੈ, ਸ਼ਾਂਤੀ ਸਮਝੌਤੇ ਦੀ ਉਮੀਦ ਵੀ ਫਿਲਹਾਲ ਦਿਖਾਈ ਨਹੀਂ ਦੇ ਰਹੀ ਹੈ।












