ਪਾਣੀ ਦੀਆਂ ਟੈਂਕੀਆਂ ਤੋਂ ਲੈ ਕੇ ਮੰਦਰ ਤੱਕ, 700 ਦੀ ਅਬਾਦੀ ਵਾਲਾ ਸਾਰਾ ਪਿੰਡ ਹੀ ਵਿਕ ਗਿਆ, ਆਖ਼ਰ ਕਿਵੇਂ

ਗਾਂਧੀਨਗਰ ਜ਼ਿਲ੍ਹੇ ਦਾ ਪਿੰਡ ਜੂਨਾ ਪਹਾੜੀਆ
ਤਸਵੀਰ ਕੈਪਸ਼ਨ, ਪਿੰਡ ਨੂੰ ਵੇਚੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ
    • ਲੇਖਕ, ਰੌਕਸੀ ਗਾਗਡੇਕਰ ਛਾਰਾ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

“ਸਾਡੇ ਪਿੰਡ ਵਿੱਚ ਸਾਡੇ ਘਰਾਂ ਤੋਂ ਲੈ ਕੇ ਮੰਦਰਾਂ, ਸਰਕਾਰੀ ਇਮਾਰਤਾਂ ਅਤੇ ਪਾਣੀ ਦੀਆਂ ਟੈਂਕੀਆਂ ਤੱਕ, ਸਭ ਕੁਝ ਰਾਤੋ ਰਾਤ ਵੇਚ ਦਿੱਤਾ ਗਿਆ ਹੈ।”

ਇਹ ਕਹਿਣਾ ਹੈ ਗਾਂਧੀਨਗਰ ਜ਼ਿਲ੍ਹੇ ਦੇ ਪਿੰਡ ਜੂਨਾ ਪਹਾੜੀਆ ਦੇ ਰਹਿਣ ਵਾਲੇ ਰਾਜੂ ਝਾਲਾਨਾ ਦਾ।

ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ੳੇੁਨ੍ਹਾਂ ਦਾ ਸਾਰਾ ਪਿੰਡ ਕਿਸੇ ਨਿੱਜੀ ਧਿਰ (ਪ੍ਰਾਈਵੇਟ ਪਾਰਟੀ) ਨੂੰ ਵੇਚ ਦਿੱਤਾ ਗਿਆ ਹੈ।

ਗੁਜਰਾਤ ਵਿੱਚ ਇਹ ਕਥਿਤ ਧੋਖਾਧੜ੍ਹੀ ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਦਾ ਇਹ ਇੱਕ ਅਨੋਖਾ ਮਾਮਲਾ ਹੈ।

ਇਸ ਪਿੰਡ ਦੀ ਆਬਾਦੀ 700 ਹੈ, ਇੱਥੇ 88 ਘਰ ਹਨ।

ਇਸ ਪਿੰਡ ਨੂੰ ਵੇਚੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।

ਜੇਕਰ ਤੁਸੀਂ ਇਸ ਪਿੰਡ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੱਥੋਂ ਦੇ ਪਿੰਡ ਵਾਸੀਆਂ ਨੂੰ ਚੰਗੀਆਂ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਇੱਥੇ ਵਧੇਰੇ ਘਰ ਪੱਕੇ ਹਨ, ਸੀਮਿੰਟ ਦੀਆਂ ਸੜਕਾਂ, ਪਾਣੀ ਦੀਆਂ ਟੈਂਕੀਆਂ, ਸੜਕਾਂ ਦੇ ਕਿਨਾਰੇ ਕਈ ਮੰਦਰ ਅਤੇ ਲਗਭਗ ਹਰ ਘਰ ਦੇ ਬਾਹਰ ਮੱਝਾਂ ਦੇ ਸ਼ੈੱਡ ਹਨ।

ਪਰ ਇਹ ਪਿੰਡ ਅਚਾਨਕ ਉਦੋਂ ਸੁਰਖੀਆਂ 'ਚ ਆਇਆ ਜਦੋਂ ਇਸ ਪਿੰਡ ਦੀ ਕਰੀਬ ਦੋ ਏਕੜ ਜ਼ਮੀਨ ਇਕ ਨਿੱਜੀ ਧਿਰ ਨੂੰ 2 ਕਰੋੜ ਰੁਪਏ 'ਚ ਵੇਚ ਦਿੱਤੀ ਗਈ।

ਕੀ ਹੈ ਸਾਰਾ ਪਿੰਡ ਵਿਕ ਰਿਹਾ ਹੈ

 ਪਿੰਡ ਦੇ ਲੋਕ
ਤਸਵੀਰ ਕੈਪਸ਼ਨ, ਪਿੰਡ ਦੇ ਲੋਕਾਂ ਦੇ ਲੋਕ ਹੁਣ ਅਦਾਲਤ ਵਿੱਚ ਜਾਣ ਦੀ ਤਿਆਰ ਕਰ ਰਹੇ ਹਨ

ਇਹ ਸੌਦਾ 13 ਜੂਨ, 2024 ਨੂੰ ਗਾਂਧੀਨਗਰ ਜ਼ਿਲ੍ਹੇ ਦੇ ਸਬ-ਰਜਿਸਟਰਾਰ ਦੇ ਦਫ਼ਤਰ ਵਿੱਚ ਦਰਜ ਕੀਤਾ ਗਿਆ ਸੀ।

ਹਾਲਾਂਕਿ, 13 ਜੁਲਾਈ, 2024 ਨੂੰ ਸਬ-ਰਜਿਸਟਰਾਰ ਵੱਲੋਂ ਜੂਨਾ ਪਹਾੜੀਆਂ ਪਿੰਡ ਨੂੰ ਵੇਚਣ ਵਾਲੇ 7 ਵਿਅਕਤੀਆਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਰਾਜੂ ਝਾਲਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਬ-ਰਜਿਸਟਰਾਰ ਨੇ ਇਕ ਸੌਦਾ ਦਰਜ ਕੀਤਾ ਹੈ, ਜਿਸ ਵਿਚ 6 ਵਿਅਕਤੀਆਂ ਨੇ ਆਪਣਾ ਪੂਰਾ ਪਿੰਡ ਰਾਜਕੋਟ ਦੇ ਇਕ ਬੰਦੇ ਨੂੰ ਵੇਚ ਦਿੱਤਾ ਹੈ ।

ਉਹ ਦੱਸਦੇ ਹਨ, "ਅਸੀਂ ਰਜਿਸਟਰਾਰ ਨੂੰ ਦੱਸਿਆ ਕਿ ਜ਼ਮੀਨ ਉੱਤੇ ਸਾਡਾ ਕਬਜ਼ਾ ਹੈ ਅਤੇ ਇਸ ਸੌਦੇ ਨੂੰ ਕਾਨੂੰਨੀ ਨਹੀਂ ਮੰਨਿਆ ਜਾ ਸਕਦਾ।ਇਸ ਲਈ ਸਬ-ਰਜਿਸਟਰਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।”

ਬੀਬੀਸੀ ਨੇ ਇਸ ਕੇਸ ਵਿੱਚ ਸਰਕਾਰੀ ਵਕੀਲ ਅਤੇ ਸਬ-ਰਜਿਸਟਰਾਰ ਵਿਸ਼ਾਲ ਚੌਧਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ।

ਹਾਲਾਂਕਿ ਉਪ-ਮੰਡਲ ਮੈਜਿਸਟ੍ਰੇਟ (ਐੱਸਡੀਐੱਮ) ਬ੍ਰਿਜੇਸ਼ ਮੋਰਿਆ ਨੇ ਬੀਬੀਸੀ ਨੂੰ ਦੱਸਿਆ, "ਪਿੰਡ ਪਹਿਲਾਂ ਮੇਸਵੋ ਨਦੀ ਦੇ ਕੰਢੇ 'ਤੇ ਸੀ, ਪਰ ਨਦੀ ਦਾ ਰੁਖ਼ ਬਦਲਣ ਜਾਣ ਕਾਰਨ ਪਿੰਡ ਨੂੰ ਇੱਕ ਨਵੀਂ ਥਾਂ ਉੱਤੇ ਟਰਾਂਸਫਰ ਕਰ ਦਿੱਤਾ ਗਿਆ। ਜੋ ਜ਼ਮੀਨੀ ਰਿਕਾਰਡ ਮੁਤਾਬਕ ਇਹ ਭੀਖਾਜੀ ਸੋਮਾਜੀ ਠਾਕੋਰ ਦੇ ਨਾਂ 'ਤੇ ਦਰਜ ਹੈ।”

ਇਸ ਜ਼ਮੀਨ ਦੇ 7/12 ਉਤਾਰੇ (ਜ਼ਮੀਨ ਦੀ ਮਾਲਕੀ ਦਾ ਦਾਅਵਾ ਕਰਨ ਲਈ ਇੱਕ ਕਾਨੂੰਨੀ ਦਸਤਾਵੇਜ਼) ਦੇ ਮੁਤਾਬਕ, ਜ਼ਮੀਨ ਦੀ ਮਲਕੀਅਤ ਭੀਖਾਜੀ ਠਾਕੋਰ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਚਲੀ ਗਈ।

ਮੌਜੂਦਾ ਐੱਫਆਈਆਰ ਵਿੱਚ ਛੇ ਮੁਲਜ਼ਮ ਭੀਖਾਜੀ ਠਾਕੋਰ ਦੇ ਵਾਰਸ ਹਨ, ਜਦੋਂ ਕਿ ਸੱਤਵਾਂ ਮੁਲਜ਼ਮ ਜ਼ਮੀਨ ਦਾ ਖਰੀਦਦਾਰ ਹੈ।

ਮੋਰਿਆ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਇਸ ਜ਼ਮੀਨ ਦੇ ਵਾਰਸਾਂ ਨੇ ਵੀ ਇਸ ਪਿੰਡ ਦੀ ਜ਼ਮੀਨ ਦੀ ਮਾਲਕੀ ਦਿਖਾ ਕੇ ਕਰਜ਼ਾ ਲਿਆ ਹੋਇਆ ਹੈ।

ਹਾਲਾਂਕਿ, ਇਸ ਜ਼ਮੀਨ ਦਾ ਸੌਦਾ ਹੁਣ ਦਰਜ ਕੀਤਾ ਗਿਆ ਹੈ।

ਇਸ ਲਈ ਸੌਦਾ ਰੱਦ ਕਰਨ ਦਾ ਅਧਿਕਾਰ ਸਿਰਫ਼ ਅਦਾਲਤ ਨੂੰ ਹੈ, ਮਾਲ ਅਫ਼ਸਰ ਦੇ ਦਫ਼ਤਰ ਨੂੰ ਨਹੀਂ।

ਮੋਰਿਆ ਨੇ ਕਿਹਾ, "ਅਸੀਂ 24 ਜੁਲਾਈ, 2024 ਨੂੰ ਕੇਸ ਦੀ ਅਗਲੀ ਸੁਣਵਾਈ ਵਿੱਚ ਸੌਦੇ ਨੂੰ ਰੱਦ ਕਰ ਦੇਵਾਂਗੇ।"

ਜ਼ਮੀਨ ਦਾ ਮਾਲਕ ਕੌਣ ਹੈ

ਜੂਨਾ ਪਹਾੜੀਆ
ਤਸਵੀਰ ਕੈਪਸ਼ਨ, ਗਾਂਧੀਨਗਰ ਜ਼ਿਲੇ ਦੇ ਦੇਹਗਾਮ 'ਚ ਸਰਵੇ ਨੰਬਰ 142 ਦੀ ਜ਼ਮੀਨ ਭੀਖਾਜੀ ਠਾਕੋਰ ਦੇ ਨਾਂ 'ਤੇ ਦਰਜ ਹੈ।

ਗਾਂਧੀਨਗਰ ਜ਼ਿਲੇ ਦੇ ਦੇਹਗਾਮ 'ਚ ਸਰਵੇ ਨੰਬਰ 142 ਦੀ ਜ਼ਮੀਨ ਭੀਖਾਜੀ ਠਾਕੋਰ ਦੇ ਨਾਂ 'ਤੇ ਦਰਜ ਹੈ।

ੳਨ੍ਹਾਂ ਨੇ ਇਹ ਜ਼ਮੀਨ 1987 ਵਿੱਚ ਰਾਮਾਜੀ ਪੂੰਜਾਜੀ, ਮੇਰਾਜੀ ਮੰਗਾਜੀ, ਵਿਰਾਜੀ ਧੂਲਾਜੀ ਅਤੇ ਜੇਸਾਂਗਜੀ ਪੂੰਜਾਜੀ ਨੂੰ 12,001 ਰੁਪਏ ਵਿੱਚ ਵੇਚ ਦਿੱਤੀ ਸੀ।

ਜਦੋਂ ਕਿ ਜ਼ਮੀਨ ਦਾ ਇੱਕ ਹਿੱਸਾ ਰਾਈਜਿੰਗਜੀ ਜਵਾਨਜੀ ਅਤੇ ਹੋਰਾਂ ਨੂੰ 11,000 ਰੁਪਏ ਤੋਂ 12,000 ਰੁਪਏ ਦੀ ਕੀਮਤ 'ਤੇ ਵੇਚਿਆ ਗਿਆ ਸੀ।

ਰਾਜੂ ਝਾਲਾ ਨੇ ਕਿਹਾ, “ਸਾਡੇ ਪੜਦਾਦਿਆਂ ਨੇ ਜ਼ਮੀਨ ਖਰੀਦੀ ਅਤੇ ਉਨ੍ਹਾਂ 'ਤੇ ਘਰ ਬਣਾਏ ਅਤੇ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਨਵੀਂ ਪੀੜ੍ਹੀ ਨੇ ਉਸੇ ਜ਼ਮੀਨ 'ਤੇ ਆਪਣੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ। ਅੱਜ ਇਸ ਜ਼ਮੀਨ 'ਤੇ 88 ਪਰਿਵਾਰ ਰਹਿੰਦੇ ਹਨ।”

ਭੀਖਾਜੀ ਠਾਕੋਰ ਦੇ ਚਾਰ ਬੱਚੇ ਸਨ – ਕਾਂਤਾਬੇਨ, ਕੋਕਿਲਾਬੇਨ, ਵਿਨੋਦਕੁਮਾਰ ਅਤੇ ਜਸੂਜੀ ਠਾਕੋਰ। ਐਫਆਈਆਰ ਵਿੱਚ ਜੱਸੂ ਜੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਹੋਰ ਤਿੰਨ ਕਥਿਤ ਦੋਸ਼ੀ ਪਾਲੀਭਾਨ ਜੱਸੂਜੀ, ਜੈੇਂਦਰ ਜੱਸੂਜੀ ਅਤੇ ਨੇਹਾਭਾਨ ਜੱਸੂਜੀ ਹਨ। ਇਹ ਸਾਰੇ ਜੱਸੂਜੀ ਦੇ ਬੱਚੇ ਅਤੇ ਭੀਖਾਜੀ ਦੀ ਤੀਜੀ ਪੀੜ੍ਹੀ ਦੇ ਵੰਸ਼ਜ ਹਨ।

ਦੂਜੀ ਪੀੜ੍ਹੀ ਦੇ ਜ਼ਮੀਨ ਖਰੀਦਦਾਰ ਰੰਗਤਸਿੰਘ ਝਾਲਾ ਨੇ ਕਿਹਾ, "ਸਾਡੇ ਕੋਲ ਵਿਕਰੀ ਡੀਡ ਸਮੇਤ ਸਾਰੇ ਦਸਤਾਵੇਜ਼ ਹਨ। ਇਹ ਇੱਕ ਸਰਕਾਰੀ ਪਿੰਡ ਹੈ, ਜਿੱਥੇ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਵੀ ਬਣਾਏ ਹਨ।"

ਜੂਨਾ ਪਹਾੜੀਆ
ਤਸਵੀਰ ਕੈਪਸ਼ਨ, ਇੱਥੇ ਵਧੇਰੇ ਘਰ ਪੱਕੇ ਹਨ, ਸੀਮਿੰਟ ਦੀਆਂ ਸੜਕਾਂ, ਪਾਣੀ ਦੀਆਂ ਟੈਂਕੀਆਂ, ਸੜਕਾਂ ਦੇ ਕਿਨਾਰੇ ਕਈ ਮੰਦਰ ਹਨ

ਪਿੰਡ ਕਿਵੇਂ ਵਿਕ ਗਿਆ

ਬੀਬੀਸੀ ਨਾਲ ਗੱਲ ਕਰਦੇ ਹੋਏ ਐੱਸਡੀਐੱਮ ਨੇ ਕਿਹਾ ਕਿ ਮਾਲ ਰਿਕਾਰਡ ਵਿੱਚ ਜ਼ਮੀਨ ਭੀਖਾਜੀ ਦੇ ਵੰਸ਼ਜਾਂ ਦੇ ਨਾਮ ਹੋਣ ਤੋਂ ਬਾਅਦ, ਉਨ੍ਹਾਂ ਨੇ ਰਾਜਕੋਟ ਦੇ ਜਸਦਣ ਦੇ ਰਹਿਣ ਵਾਲੇ ਅਲਪੇਸ਼ ਹੀਰਪਾਰਾ ਨੂੰ ਜ਼ਮੀਨ ਵੇਚ ਦਿੱਤੀ।

"ਉਨ੍ਹਾਂ ਨੇ ਜ਼ਮੀਨ ਦੀਆਂ ਝੂਠੀਆਂ ਫੋਟੋਆਂ ਪੇਸ਼ ਕੀਤੀਆਂ। ਉਸ ਨੇ ਖਾਲੀ ਜ਼ਮੀਨ ਦੀਆਂ ਤਸਵੀਰਾਂ ਨੂੰ ਅਸਲੀ ਜ਼ਮੀਨ ਵਜੋਂ ਪੇਸ਼ ਕੀਤਾ ਅਤੇ ਰਜਿਸਟਰਾਰ ਨੂੰ ਧੋਖਾ ਦਿੱਤਾ।"

ਬੀਬੀਸੀ ਨੇ ਹੀਰਪਾਰਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋ ਸਕਿਆ।

ਦੂਜੇ ਪਾਸੇ ਪਿੰਡ ਜੂਨਾ ਪਹਾੜੀਆ ਵਾਸੀਆਂ ਨੇ ਸਬ-ਰਜਿਸਟਰਾਰ ਦਫ਼ਤਰ 'ਤੇ ਜਾਅਲੀ ਫੋਟੋਆਂ ਦੇ ਆਧਾਰ 'ਤੇ ਜ਼ਮੀਨੀ ਸੌਦਿਆਂ ਦੀ ਰਜਿਸਟਰੀ ਕਰਨ ਅਤੇ ਧੋਖਾਧੜੀ ਦਾ ਪਤਾ ਲਗਾਉਣ 'ਚ ਨਾਕਾਮ ਰਹਿਣ ਦਾ ਇਲਜ਼ਾਮ ਲਾਇਆ।

ਵਰਨਣਯੋਗ ਹੈ ਕਿ ਰੈਵੇਨਿਊ ਐਕਟ ਅਨੁਸਾਰ ਜ਼ਮੀਨ ਦੇ ਲੈਣ-ਦੇਣ ਦੀ ਰਜਿਸਟਰੀ ਕਰਦੇ ਸਮੇਂ ਜਾਇਦਾਦ ਦੀ ਅਸਲ ਫੋਟੋ ਜਮ੍ਹਾਂ ਕਰਵਾਉਣੀ ਪੈਂਦੀ ਹੈ।

ਰਾਜੂ ਝਾਲਾ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਪਿੰਡ ਦਾ ਕੋਈ ਵਿਅਕਤੀ ਕਿਸੇ ਕੰਮ ਲਈ ਸਬ-ਰਜਿਸਟਰਾਰ ਦਫ਼ਤਰ ਗਿਆ ਤਾਂ ਪਤਾ ਲੱਗਾ ਕਿ ਸਾਡੇ ਪਿੰਡ ਨੂੰ ਵੇਚ ਦਿੱਤਾ ਗਿਆ ਸੀ। ਅਸੀਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸੇਲ ਡੀਡ 'ਤੇ ਝੂਠੀ ਫੋਟੋ ਦੇ ਆਧਾਰ 'ਤੇ ਦਸਤਖ਼ਤ ਕੀਤੇ ਗਏ ਸਨ।"

“ਅਸੀਂ ਅਧਿਕਾਰੀਆਂ ਨੂੰ ਦੱਸਿਆ ਕਿ ਸੌਦੇ 'ਤੇ ਦਸਤਖ਼ਤ ਕਰਨ ਵੇਲੇ ਜੋ ਫੋਟੋਆਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਸਨ, ਉਨ੍ਹਾਂ ਮੁਤਾਬਕ ਇਹ ਖਾਲੀ ਖੇਤ ਹੈ, ਪਰ ਅਸਲੀਅਤ 'ਚ ਸਰਵੇ ਨੰਬਰ 142 ਪਿੰਡ ਹੈ ਅਤੇ ਉਨ੍ਹਾਂ ਨਾਲ ਧੋਖਾ ਹੋਇਆ ਹੈ। ਹਾਲਾਂਕਿ, ਉਹ ਇਸ ਮਾਮਲੇ 'ਤੇ ਸਹਿਮਤ ਹੋ ਗਏ ਅਤੇ ਫਿਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।"

ਜੂਨਾ ਪਹਾੜੀਆ
ਤਸਵੀਰ ਕੈਪਸ਼ਨ, ਮਾਲ ਵਿਭਾਗ ਦਾ ਕਹਿਣਾ ਹੈ ਕਿ ਜ਼ਮੀਨ ਦੀ ਮਾਲਕੀ ਦਾ ਮਸਲਾ ਅਦਾਲਤ ਹੱਲ ਕਰੇਗੀ

ਹੁਣ ਪਿੰਡ ਵਾਲਿਆਂ ਦਾ ਕੀ ਹੋਵੇਗਾ

ਮੋਰਿਆ ਮੁਤਾਬਕ ਉਨ੍ਹਾਂ ਦੇ ਕੋਲ ਜ਼ਮੀਨ ਦਾ ਸੌਦਾ ਰੱਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਜਿਹਾ ਸਿਰਫ਼ ਮਾਲ ਅਦਾਲਤ ਹੀ ਕਰ ਸਕਦੀ ਹੈ।

ਉਹ ਕਹਿੰਦੇ ਸੀ, “ਸਾਨੂੰ ਨਿਵਾਸੀਆਂ ਤੋਂ ਇੱਕ ਪਟੀਸ਼ਨ ਮਿਲੀ ਹੈ ਅਤੇ ਕੇਸ ਦੀ ਸੁਣਵਾਈ ਹੋ ਰਹੀ ਹੈ। ਸੁਣਵਾਈ ਦੀ ਅਗਲੀ ਤਰੀਕ 24 ਜੁਲਾਈ, 2024 ਤੈਅ ਕੀਤੀ ਗਈ ਹੈ, ਜਿਸ ਦਿਨ ਅਸੀਂ ਸੌਦੇ ਨਾਲ ਸਬੰਧਤ ਸਾਰੇ ਲੈਣ-ਦੇਣ ਬੰਦ ਕਰ ਦੇਵਾਂਗੇ।”

ਪਿੰਡ ਦੇ ਇੱਕ ਹੋਰ ਵਸਨੀਕ ਭਰਤ ਝਾਲਾ ਨੇ ਕਿਹਾ, "ਅਸੀਂ ਇੱਕ ਵਕੀਲ ਨਾਲ ਸੰਪਰਕ ਕੀਤਾ ਹੈ ਅਤੇ ਜਲਦੀ ਹੀ ਕਾਨੂੰਨੀ ਕਾਰਵਾਈ ਲਈ ਅਦਾਲਤ ਵਿੱਚ ਅਰਜ਼ੀ ਦੇਵਾਂਗੇ।"

ਇਕ ਹੋਰ ਨਿਵਾਸੀ ਨੇ ਕਿਹਾ, "ਅਸੀਂ ਜ਼ਮੀਨ ਨੂੰ ਰਸਮੀ ਤੌਰ 'ਤੇ ਸਾਡੇ ਨਾਮ 'ਤੇ ਤਬਦੀਲ ਕਰਨ ਲਈ ਭੀਖਾਜੀ ਦੇ ਵੰਸ਼ਜ ਕੋਲ ਪਹੁੰਚ ਕੀਤੀ, ਪਰ ਉਨ੍ਹਾਂ ਨੇ ਕਦੇ ਵੀ ਸਾਡੀ ਬੇਨਤੀ ਦਾ ਜਵਾਬ ਨਹੀਂ ਦਿੱਤਾ ਅਤੇ ਜ਼ਮੀਨ ਨੂੰ ਕਿਸੇ ਤੀਜੀ ਧਿਰ ਨੂੰ ਵੇਚਣ ਦੀ ਕੋਸ਼ਿਸ਼ ਕੀਤੀ।"

ਰਾਜੂ ਝਾਲਾ ਨੇ ਕਿਹਾ, “ਅਸੀਂ ਪਹਿਲਾਂ ਹੀ ਰਜਿਸਟਰਾਰ ਦੇ ਦਫ਼ਤਰ ਵਿੱਚ ਅਰਜ਼ੀ ਦੇ ਚੁੱਕੇ ਹਾਂ ਅਤੇ ਜਲਦੀ ਹੀ ਅਦਾਲਤ ਵਿੱਚ ਅਰਜ਼ੀ ਦੇਵਾਂਗੇ।”

ਸਿਆਸੀ ਪ੍ਰਤੀਕਿਰਿਆ

ਬਲਰਾਜ ਸਿੰਘ ਚੌਹਾਨ

ਤਸਵੀਰ ਸਰੋਤ, FB/Balrajsinhchauhan

ਤਸਵੀਰ ਕੈਪਸ਼ਨ, ਭਾਜਪਾ ਵਿਧਾਇਕ ਬਲਰਾਜ ਸਿੰਘ ਚੌਹਾਨ ਨੇ ਕਿਹਾ ਮਸਲਾ ਜਲਦ ਹੱਲ ਹੋਵੇਗਾ

ਇਸ ਘਟਨਾ ਤੋਂ ਬਾਅਦ ਗੁਜਰਾਤ 'ਚ ਸਿਆਸੀ ਹੰਗਾਮਾ ਮਚ ਗਿਆ ਹੈ।

ਕਥਿਤ ਧੋਖਾਧੜੀ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 465, 467, 468, 471, ਅਤੇ 12 (ਬੀ) ਦੇ ਨਾਲ-ਨਾਲ ਰਜਿਸਟ੍ਰੇਸ਼ਨ ਐਕਟ ਦੀ ਧਾਰਾ 82 ਅਤੇ 83 ਤਹਿਤ ਕੇਸ ਦਰਜ ਕੀਤਾ ਹੈ।

ਜਗਦੀਸ਼ ਠਾਕੋਰ ਸਣੇ ਕਾਂਗਰਸੀ ਆਗੂਆਂ ਨੇ ਇਸ ਘਟਨਾ ਵਿੱਚ ਭਾਜਪਾ ਆਗੂਆਂ ਤੇ ਸਰਕਾਰੀ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ਹਨ।

ਜਗਦੀਸ਼ ਠਾਕੋਰ ਨੇ ਕਿਹਾ, "ਇਹ ਘਟਨਾ ਭਾਜਪਾ ਆਗੂਆਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਅਤੇ ਭ੍ਰਿਸ਼ਟਾਚਾਰ ਨੂੰ ਦਰਸਾਉਂਦੀ ਹੈ।”

“ਜੂਨਾ ਪਹਾੜੀਆਂ ਦੇ ਲੋਕਾਂ ਨਾਲ ਬੇਇਨਸਾਫ਼ੀ ਹੋਈ ਹੈ। ਇਸ ਕਾਰਨ ਉਹ ਹੁਣ ਅਨਿਸ਼ਚਿਤਤਾ ਅਤੇ ਉਜਾੜੇ ਦਾ ਸਾਹਮਣਾ ਕਰ ਰਹੇ ਹਨ। ਗੁਜਰਾਤ ਵਿੱਚ ਭ੍ਰਿਸ਼ਟਾਚਾਰ ਇਸ ਹੱਦ ਤੱਕ ਚੱਲਦਾ ਹੈ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ।”

ਦੂਜੇ ਪਾਸੇ ਦੇਹਗਾਮ ਤੋਂ ਭਾਜਪਾ ਵਿਧਾਇਕ ਬਲਰਾਜ ਸਿੰਘ ਚੌਹਾਨ ਨੇ ਇਨ੍ਹਾਂ ਇਲਜ਼ਾਮ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਮਸਲੇ ਨੂੰ ਜਲਦੀ ਹੱਲ ਕਰਨ ਅਤੇ ਪ੍ਰਭਾਵਿਤ ਪਿੰਡ ਵਾਸੀਆਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹੈ।

ਉਹ ਕਹਿੰਦੇ ਹਨ, "ਜਿਵੇਂ ਹੀ ਸਾਨੂੰ ਘਟਨਾ ਬਾਰੇ ਪਤਾ ਲੱਗਾ, ਅਸੀਂ ਤੁਰੰਤ ਕਾਰਵਾਈ ਕੀਤੀ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਮੈਂ ਜੂਨਾ ਪਹਾੜੀਆ ਪਿੰਡ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਜਲਦੀ ਹੀ ਜ਼ਮੀਨ ਵਾਪਸ ਉਨ੍ਹਾਂ ਦੇ ਨਾਂ ਕਰਵਾ ਦੇਣਗੇ। ਮੈਂ ਜ਼ਿਲ੍ਹਾ ਕਲੈਕਟਰ ਨਾਲ ਵੀ ਸੰਪਰਕ ਵਿੱਚ ਹਾਂ ਅਤੇ ਅਸੀਂ ਇਸ ਮੁੱਦੇ ਨੂੰ ਜਲਦੀ ਹੱਲ ਕਰ ਲਵਾਂਗੇ।”

ਜੂਨਾ ਪਹਾੜੀਆ ਵਿੱਚ ਹੋਈ ਇਸ ਅਨੋਖੀ ਘਟਨਾ ਨੂੰ ਲੈ ਕੇ ਪਿੰਡ ਵਾਸੀ ਚਿੰਤਤ ਹਨ।

ਹਾਲਾਂਕਿ ਪਿੰਡ ਵਾਸੀਆਂ ਨੂੰ ਆਸ ਹੈ ਕਿ ਇਹ ਝਗੜਾ ਜਲਦੀ ਹੱਲ ਹੋ ਜਾਵੇਗਾ ਅਤੇ ਉਹ ਆਪਣੇ ਘਰ ਅਤੇ ਭਾਈਚਾਰਕ ਵਿਰਾਸਤ ਨੂੰ ਸੰਭਾਲ ਸਕਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)