ਉਂਗਲਾਂ ਚਟਕਾਉਣਾ ਬਿਮਾਰੀ ਹੈ ਜਾਂ ਸ਼ੌਕ, ਇਸਦਾ ਸਿਹਤ 'ਤੇ ਕਿੰਨਾ ਪੈਂਦਾ ਹੈ ਅਸਰ

ਉਂਗਲਾਂ ਚਟਕਾਉਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਂਗਲਾਂ ਚਟਕਾਉਣ ਦੀ ਆਦਤ ਨੂੰ ਲੈਕੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਹਨ
    • ਲੇਖਕ, ਸੈਂਡੀ ਓਂਗ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਅਕਸਰ ਲੋਕ ਬੈਠੇ-ਬੈਠੇ ਬਿਨਾਂ ਕਾਰਨ ਹੀ ਉਂਗਲਾਂ ਚਟਕਾਉਣ ਲੱਗ ਜਾਂਦੇ ਹਨ। ਇਸ ਨਾਲ ਆਉਣ ਵਾਲੀ ਆਵਾਜ਼ ਵੀ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਸੰਤੁਸ਼ਟੀ ਦਿੰਦੀ ਹੈ।

ਪਰ ਉਂਗਲਾਂ ਚਟਕਾਉਣ ਦੀ ਆਦਤ ਨੂੰ ਲੈਕੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਖ਼ਾਸ ਕਰਕੇ ਇਹ ਕਿ ਅਜਿਹਾ ਕਰਨ ਨਾਲ ਆਰਥਰਾਈਟਿਸ ਹੋ ਸਕਦਾ ਹੈ।

ਪਰ ਕੀ ਵਾਕਈ ਉਂਗਲਾਂ ਚਟਕਾਉਣ ਨਾਲ ਜੋੜਾਂ ਨੂੰ ਕੋਈ ਸਥਾਈ ਨੁਕਸਾਨ ਪਹੁੰਚਦਾ ਹੈ?

ਇਸ ਸਬੰਧੀ ਡਾਕਟਰ ਡੋਨਾਲਡ ਉਂਗਰ ਨੇ ਇੱਕ ਪ੍ਰਯੋਗ ਕਰਕੇ ਦੇਖਿਆ।

ਦਰਅਸਲ, ਬਚਪਨ ਵਿੱਚ ਡੋਨਾਲਡ ਉਂਗਰ ਨੂੰ ਉਨ੍ਹਾਂ ਦੀ ਮਾਂ, ਮਾਸੀਆਂ ਅਤੇ ਬਾਅਦ ਵਿੱਚ ਉਨ੍ਹਾਂ ਦੀ ਸੱਸ ਨੇ ਚੇਤਾਵਨੀ ਦਿੱਤੀ ਸੀ ਕਿ ਲਗਾਤਾਰ ਉਂਗਲਾਂ ਚਟਕਾਉਣ ਨਾਲ ਆਰਥਰਾਈਟਿਸ ਹੋ ਸਕਦਾ ਹੈ।

ਉਨ੍ਹਾਂ ਨੂੰ ਗ਼ਲਤ ਸਾਬਿਤ ਕਰਨ ਦੇ ਪੱਕੇ ਇਰਾਦੇ ਨਾਲ ਉਨ੍ਹਾਂ ਨੇ 50 ਸਾਲਾਂ ਤੱਕ ਦਿਨ ਵਿੱਚ ਘੱਟੋ-ਘੱਟ ਦੋ ਵਾਰ ਆਪਣੇ ਖੱਬੇ ਹੱਥ ਦੀਆਂ ਉਂਗਲਾਂ ਚਟਕਾਈਆਂ।

ਕੁੱਲ ਮਿਲਾ ਕੇ ਲਗਭਗ 36 ਹਜ਼ਾਰ ਵਾਰ, ਜਦਕਿ ਸੱਜੇ ਹੱਥ ਨੂੰ ਬਿਲਕੁਲ ਨਹੀਂ ਛੇੜਿਆ।

1998 ਵਿੱਚ 72 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਇਸ ਕੋਸ਼ਿਸ਼ ਦਾ ਨਤੀਜਾ ਜਾਣਨ ਲਈ ਦੋਵੇਂ ਹੱਥਾਂ ਦਾ ਐਕਸ-ਰੇ ਕਰਵਾਇਆ।

ਉਨ੍ਹਾਂ ਨੇ ਪਾਇਆ ਕਿ "ਕਿਸੇ ਵੀ ਹੱਥ ਵਿੱਚ ਆਰਥਰਾਈਟਿਸ ਨਹੀਂ ਸੀ, ਦੋਵੇਂ ਹੱਥਾਂ ਵਿੱਚ ਕੋਈ ਸਪਸ਼ਟ ਅੰਤਰ ਵੀ ਨਹੀਂ ਸੀ।"

ਬੇਸ਼ੱਕ, ਇਹ ਸਿਰਫ਼ ਇੱਕ ਵਿਅਕਤੀ 'ਤੇ ਕੀਤਾ ਗਿਆ ਪ੍ਰਯੋਗ ਸੀ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਲਗਭਗ 20 ਤੋਂ 50 ਫ਼ੀਸਦੀ ਲੋਕ ਆਪਣੀਆਂ ਉਂਗਲਾਂ ਚਟਕਾਉਂਦੇ ਹਨ।

ਤਾਂ ਕੀ ਇਹ ਕੋਈ ਅਜਿਹੀ ਗੱਲ ਹੈ ਜਿਸ ਬਾਰੇ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ? ਕੀ ਹਰ ਪੌਪ, ਕਲਿੱਕ ਅਤੇ ਚਟਕਣ ਦੀ ਆਵਾਜ਼ ਨਾਲ ਕੋਈ ਸਥਾਈ ਨੁਕਸਾਨ ਹੋ ਸਕਦਾ ਹੈ?

ਕਿਉਂ ਆਉਂਦੀ ਹੈ ਆਵਾਜ਼

ਉਂਗਲਾਂ ਚਟਕਾਉਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਂਗਲਾਂ ਚਟਕਾਉਣ ਸਮੇਂ ਆਉਣ ਵਾਲੀ ਆਵਾਜ਼ ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਸੰਤੁਸ਼ਟੀ ਦਿੰਦੀ ਹੈ

ਕੁਝ ਲੋਕਾਂ ਲਈ ਉਂਗਲਾਂ ਚਟਕਾਉਣਾ ਬਸ ਇੱਕ ਬਿਨਾਂ ਸੋਚੇ-ਸਮਝੇ ਕੀਤੀ ਜਾਣ ਵਾਲੀ ਆਦਤ ਹੈ। ਕੁਝ ਲੋਕਾਂ ਨੂੰ ਆਪਣੇ ਜੋੜਾਂ ਨੂੰ ਚਟਕਾਉਣ ਨਾਲ ਮਿਲਣ ਵਾਲਾ ਅਹਿਸਾਸ ਪਸੰਦ ਆਉਂਦਾ ਹੈ।

ਪਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਕਾਇਰੋਪ੍ਰੈਕਟਿਕ ਐਡਜਸਟਮੈਂਟ ਵੀਡੀਓਜ਼ ਭਰੀਆਂ ਪਈਆਂ ਹਨ, ਜਿਨ੍ਹਾਂ ਨੂੰ ਦੇਖੋ ਤਾਂ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ 'ਚਟਕਣ' ਦੀ ਆਵਾਜ਼ ਸੁਣ ਕੇ ਮਜ਼ਾ ਆਉਂਦਾ ਹੈ।

ਜਦੋਂ ਅਸੀਂ ਆਪਣੇ ਜੋੜਾਂ ਨੂੰ ਚਟਕਾਉਂਦੇ ਹਾਂ, ਤਾਂ ਅਸਲ ਵਿੱਚ ਬਹੁਤ ਸਾਧਾਰਨ ਜਿਹੀ ਪ੍ਰਕਿਰਿਆ ਹੁੰਦੀ ਹੈ। ਜੋੜ ਉਹ ਜਗ੍ਹਾ ਹੈ ਜਿੱਥੇ ਦੋ ਹੱਡੀਆਂ ਮਿਲਦੀਆਂ ਹਨ।

ਸਾਡੀਆਂ ਉਂਗਲਾਂ ਦੇ ਪੋਰਾਂ, ਗਰਦਨ ਅਤੇ ਪਿੱਠ ਵਿੱਚ ਮੌਜੂਦ ਜੋੜ ਸਾਈਨੋਵਿਅਲ ਫ਼ਲੂਇਡ ਨਾਲ ਘਿਰੇ ਹੁੰਦੇ ਹਨ। ਇਹ ਅੰਡੇ ਦੀ ਸਫ਼ੈਦੀ ਵਰਗਾ ਪਦਾਰਥ ਹੁੰਦਾ ਹੈ ਜੋ ਲੁਬਰੀਕੈਂਟ ਦਾ ਕੰਮ ਕਰਦਾ ਹੈ।

ਜਦੋਂ ਤੁਸੀਂ ਜੋੜਾਂ ਨੂੰ ਚਟਕਾਉਣ ਲਈ ਉਨ੍ਹਾਂ ਨੂੰ ਘੁਮਾਉਂਦੇ, ਖਿੱਚਦੇ ਜਾਂ ਮੋੜਦੇ ਹੋ, ਤਾਂ ਜੋੜ ਦੇ ਅੰਦਰਲਾ ਗੈਪ ਕੁਝ ਸਮੇਂ ਲਈ ਵਧ ਜਾਂਦਾ ਹੈ।

ਇਸ ਨਾਲ ਸਾਈਨੋਵਿਅਲ ਫ਼ਲੂਇਡ ਦਾ ਦਬਾਅ ਘੱਟ ਹੋ ਜਾਂਦਾ ਹੈ। ਨਤੀਜੇ ਵਜੋਂ, ਫ਼ਲੂਇਡ ਵਿੱਚ ਘੁਲੀਆਂ ਹੋਈਆਂ ਗੈਸਾਂ ਬੁਲਬੁਲਿਆਂ ਦੇ ਰੂਪ ਵਿੱਚ ਬਾਹਰ ਨਿਕਲਣ ਲੱਗਦੀਆਂ ਹਨ।

ਜੋੜ ਚਟਕਣ ਦੀ ਆਵਾਜ਼ ਅਸਲ ਵਿੱਚ ਬਣੇ ਹੋਏ ਬੁਲਬੁਲਿਆਂ ਦੇ ਫੁੱਟਣ ਦੀ ਆਵਾਜ਼ ਹੁੰਦੀ ਹੈ।

ਹੈਰਾਨੀ ਦੀ ਗੱਲ ਹੈ ਕਿ ਇਹ 83 ਡੈਸੀਬਲ ਤੱਕ ਤੇਜ਼ ਹੋ ਸਕਦੀ ਹੈ।

ਇਹ ਲਗਭਗ ਓਨੀ ਹੀ ਤੇਜ਼ ਆਵਾਜ਼ ਹੈ ਜਿੰਨੀ 64 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘ ਰਹੇ ਡੀਜ਼ਲ ਵਾਲੇ ਟਰੱਕ ਦੀ ਹੁੰਦੀ ਹੈ।

ਜਦੋਂ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਡੇਵਿਸ ਦੇ ਵਿਗਿਆਨੀਆਂ ਨੇ ਅਲਟਰਾਸਾਊਂਡ ਦੀ ਵਰਤੋਂ ਕਰਕੇ ਚਟਕਾਏ ਜਾ ਰਹੇ ਜੋੜ ਨੂੰ ਦੇਖਿਆ, ਤਾਂ ਉਨ੍ਹਾਂ ਨੇ 'ਚਟਕਣ' ਦੇ ਉਸ ਪਲ ਨੂੰ ਸਕ੍ਰੀਨ 'ਤੇ ਪਟਾਕਿਆਂ ਦੇ ਫਟਣ ਵਰਗਾ ਦੱਸਿਆ।

ਨੁਕਸਾਨ ਨਾ ਪਹੁੰਚਾਉਣ ਵਾਲੀ ਆਦਤ

ਉਂਗਲਾਂ ਚਟਕਾਉਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਲਗਭਗ 20 ਤੋਂ 50 ਫ਼ੀਸਦੀ ਲੋਕ ਆਪਣੀਆਂ ਉਂਗਲਾਂ ਚਟਕਾਉਂਦੇ ਹਨ

ਬ੍ਰਿਟੇਨ ਵਿੱਚ ਮੈਨਚੈਸਟਰ ਯੂਨੀਵਰਸਿਟੀ ਦੇ ਰੂਮੈਟੋਲੋਜਿਸਟ ਕਿਮੇ ਹਾਇਰਿਚ ਕਹਿੰਦੇ ਹਨ ਕਿ ਭਾਵੇਂ ਇਸ ਵਿੱਚ ਆਵਾਜ਼ ਹੁੰਦੀ ਹੋਵੇ, ਪਰ ਜੋੜਾਂ ਦੇ ਚਟਕਣ ਦੀ ਆਵਾਜ਼ 'ਬਸ ਇੱਕ ਆਮ ਸਰੀਰਕ ਪ੍ਰਕਿਰਿਆ' ਹੈ।

ਪਰ ਕੀ ਆਮ ਹੋਣ ਦਾ ਮਤਲਬ ਹਮੇਸ਼ਾ ਨੁਕਸਾਨ ਨਾ ਪਹੁੰਚਾਉਣ ਵਾਲਾ ਹੁੰਦਾ ਹੈ?

ਅਮਰੀਕਾ ਦੇ ਮਿਸ਼ੀਗਨ ਵਿੱਚ ਆਪਣੀ ਪ੍ਰੈਕਟਿਸ ਕਰਨ ਵਾਲੇ ਨਿਊਰੋਸਰਜਨ ਜੇ ਜਗਨਾਥਨ ਕਹਿੰਦੇ ਹਨ, "ਜ਼ਾਹਿਰ ਹੈ, ਜੋੜਾਂ ਵਿੱਚ ਦਰਦ ਜਾਂ ਸੋਜ ਵਰਗੇ ਕੁਝ ਖ਼ਤਰੇ ਦੇ ਸੰਕੇਤ ਹੋ ਸਕਦੇ ਹਨ।"

ਉਨ੍ਹਾਂ ਨੇ ਅਜਿਹੇ ਮਰੀਜ਼ ਦੇਖੇ ਹਨ ਜਿਨ੍ਹਾਂ ਨੂੰ ਆਪਣੀ ਗਰਦਨ ਨੂੰ ਬਹੁਤ ਜ਼ੋਰ ਨਾਲ ਚਟਕਾਉਣ ਤੋਂ ਬਾਅਦ ਖਿਚਾਅ ਅਤੇ ਹੋਰ ਪਰੇਸ਼ਾਨੀਆਂ ਹੋਈਆਂ, ਅਜਿਹਾ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ।

ਜਗਨਾਥਨ ਕਹਿੰਦੇ ਹਨ, "ਆਮ ਤੌਰ 'ਤੇ ਜਦੋਂ ਤੁਹਾਨੂੰ ਆਪਣੇ ਜੋੜਾਂ ਨੂੰ ਚਟਕਾਉਣ ਦਾ ਮਨ ਕਰਦਾ ਹੈ, ਤਾਂ ਇਸ ਨੂੰ ਕਾਫ਼ੀ ਹੱਦ ਤੱਕ ਨੁਕਸਾਨ ਨਾ ਪਹੁੰਚਾਉਣ ਵਾਲਾ ਮੰਨਿਆ ਜਾਂਦਾ ਹੈ।"

ਕੁਝ ਲੋਕਾਂ ਨੂੰ ਹੁਣ ਵੀ ਚਿੰਤਾ ਹੁੰਦੀ ਹੈ ਕਿ ਉਂਗਲਾਂ ਨੂੰ ਜ਼ੋਰ ਨਾਲ ਚਟਕਾਉਣ ਨਾਲ ਉਨ੍ਹਾਂ ਦੀਆਂ ਉਂਗਲਾਂ ਆਪਣੀ ਜਗ੍ਹਾ ਤੋਂ ਹਟ ਸਕਦੀਆਂ ਹਨ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਬਹੁਤ ਜ਼ਿਆਦਾ ਜ਼ੋਰ ਲਗਾਉਂਦੇ ਹੋ ਜਾਂ ਉਂਗਲ ਨੂੰ ਇਸ ਤਰ੍ਹਾਂ ਝਟਕੇ ਨਾਲ ਖਿੱਚਦੇ ਹੋ ਕਿ ਉਹ ਗਲਤੀ ਨਾਲ ਆਪਣੇ ਜੋੜ ਤੋਂ ਵੱਖ ਹੋ ਜਾਵੇ।

ਅਤੇ ਅਸਲ ਵਿੱਚ ਅਜਿਹੇ ਮਾਮਲੇ ਸਾਹਮਣੇ ਆਏ ਹਨ। ਉਦਾਹਰਨ ਲਈ, ਸਾਲ 1999 ਵਿੱਚ ਫਿਲਾਡੈਲਫੀਆ ਦੇ ਇੱਕ ਹੈਂਡ ਸਰਜਨ ਨੇ ਦੱਸਿਆ ਕਿ ਕਿਵੇਂ ਦੋ ਮਰੀਜ਼ਾਂ ਦੀਆਂ ਉਂਗਲਾਂ ਵਿੱਚ ਮੋਚ ਆ ਗਈ ਕਿਉਂਕਿ ਉਹ ਉਸ ਸੰਤੁਸ਼ਟੀ ਦੇਣ ਵਾਲੀ ਚਟਕਣ ਦੀ ਆਵਾਜ਼ ਸੁਣਨ ਲਈ ਬਹੁਤ ਉਤਸੁਕ ਸਨ।

ਪਰ ਘੱਟ ਜ਼ੋਰ ਲਗਾਉਂਦੇ ਹੋਏ ਚਟਕਾਉਣ 'ਤੇ ਅਜਿਹੀਆਂ ਘਟਨਾਵਾਂ ਘੱਟ ਹੀ ਹੁੰਦੀਆਂ ਹਨ।

ਸਰੀਰ 'ਚ ਦਰਦ ਨਾਲ ਪਰੇਸ਼ਾਨ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਂਗਲਾਂ ਚਟਕਾਉਣ ਬਾਰੇ ਕੀਤੇ ਜਾਂਦੇ ਕਈ ਦਾਅਵਿਆਂ ਵਿਚੋਂ ਇੱਕ ਇਹ ਵੀ ਹੈ ਕਿ ਅਜਿਹਾ ਕਰਨ ਨਾਲ ਆਰਥਰਾਈਟਿਸ ਹੋ ਸਕਦਾ ਹੈ

ਹਾਲਾਂਕਿ, ਜੋ ਲੋਕ ਅਕਸਰ ਆਪਣੇ ਜੋੜਾਂ ਨੂੰ ਚਟਕਾਉਂਦੇ ਹਨ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਦੀ ਹੁੰਦੀ ਹੈ ਕਿ ਕਿਤੇ ਉਨ੍ਹਾਂ ਨੂੰ ਆਸਟਿਓਆਰਥਰਾਈਟਿਸ ਨਾ ਹੋ ਜਾਵੇ। ਇਹ ਆਰਥਰਾਈਟਿਸ ਦੀ ਸਭ ਤੋਂ ਆਮ ਕਿਸਮ ਹੈ ਜੋ ਕਾਰਟੀਲੇਜ ਦੇ ਘਸ ਜਾਣ ਨਾਲ ਹੁੰਦੀ ਹੈ।

ਕਾਰਟੀਲੇਜ ਉਹ ਪ੍ਰੋਟੈਕਟਿਵ ਟਿਸ਼ੂ ਹੈ ਜੋ ਜੋੜਾਂ ਵਿੱਚ ਹੱਡੀਆਂ ਨੂੰ ਪੈਡ ਵਾਂਗ ਸਹਾਰਾ ਦਿੰਦਾ ਹੈ।

ਹਾਇਰਿਚ ਕਹਿੰਦੇ ਹਨ, "ਮੇਰੇ ਕਲੀਨਿਕ ਵਿੱਚ ਅਤੇ ਡਿਨਰ ਟੇਬਲ 'ਤੇ ਵੀ ਬਹੁਤ ਸਾਰੇ ਲੋਕ ਮੈਨੂੰ ਇਸ ਬਾਰੇ ਪੁੱਛਦੇ ਹਨ। ਇਸ ਦਾ ਸਿੱਧਾ ਜਵਾਬ ਹੈ ਕਿ ਅਜਿਹਾ ਨਹੀਂ ਹੁੰਦਾ।"

ਕਈ ਅਧਿਐਨਾਂ ਨੇ ਇਸ ਪੁਰਾਣੀ ਧਾਰਨਾ ਨੂੰ ਗ਼ਲਤ ਸਾਬਿਤ ਕੀਤਾ ਹੈ। ਸਾਲ 1975 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਖੋਜਕਰਤਾਵਾਂ ਨੇ ਨਰਸਿੰਗ ਹੋਮ ਵਿੱਚ ਰਹਿਣ ਵਾਲੇ 28 ਲੋਕਾਂ 'ਤੇ ਅਧਿਐਨ ਕੀਤਾ ਅਤੇ ਪਾਇਆ ਕਿ ਜੋ ਲੋਕ ਅਕਸਰ ਆਪਣੀਆਂ ਉਂਗਲਾਂ ਚਟਕਾਉਂਦੇ ਸਨ, ਉਨ੍ਹਾਂ ਵਿੱਚ ਡੀਜਨਰੇਟਿਵ ਆਰਥਰਾਈਟਿਸ ਦੀ ਦਰ ਉਨ੍ਹਾਂ ਲੋਕਾਂ ਦੇ ਬਰਾਬਰ ਹੀ ਸੀ, ਜੋ ਅਜਿਹਾ ਨਹੀਂ ਕਰਦੇ ਸਨ।

ਹਾਲ ਹੀ ਵਿੱਚ ਹੋਈ ਇੱਕ ਰੈਟਰੋਸਪੈਕਟਿਵ ਅਧਿਐਨ ਵਿੱਚ ਆਸਟਿਓਆਰਥਰਾਈਟਿਸ ਦੇ 215 ਮਰੀਜ਼ਾਂ ਵਿੱਚ ਉਂਗਲਾਂ ਦੇ ਪੋਰ ਚਟਕਾਉਣ ਦੀ ਆਦਤ ਦੀ ਹਿਸਟਰੀ ਦੇਖੀ ਗਈ। ਉਨ੍ਹਾਂ ਦੀ ਤੁਲਨਾ ਅਜਿਹੇ ਲੋਕਾਂ ਨਾਲ ਕੀਤੀ ਗਈ, ਜਿਨ੍ਹਾਂ ਨੂੰ ਇਹ ਬਿਮਾਰੀ ਨਹੀਂ ਸੀ।

ਇਸ ਤੋਂ ਵੀ ਉਹੀ ਨਤੀਜਾ ਨਿੱਕਲਿਆ। ਕਿਸੇ ਵਿਅਕਤੀ ਨੇ ਜ਼ਿੰਦਗੀ ਭਰ ਕਿੰਨੀ ਵਾਰ ਅਤੇ ਕਿੰਨੇ ਸਮੇਂ ਤੱਕ ਉਂਗਲਾਂ ਚਟਕਾਈਆਂ, ਇਸ ਦਾ ਉਨ੍ਹਾਂ ਦੇ ਆਸਟਿਓਆਰਥਰਾਈਟਿਸ ਦੇ ਖ਼ਤਰੇ 'ਤੇ ਕੋਈ ਅਸਰ ਨਹੀਂ ਪਿਆ।

ਗ੍ਰਿਪ ਸਟ੍ਰੈਂਥ

ਉਂਗਲਾਂ ਚਟਕਾਉਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਡੀਆਂ ਉਂਗਲਾਂ ਦੇ ਪੋਰਾਂ, ਗਰਦਨ ਅਤੇ ਪਿੱਠ ਵਿੱਚ ਮੌਜੂਦ ਜੋੜ ਸਾਈਨੋਵਿਅਲ ਫ਼ਲੂਇਡ ਨਾਲ ਘਿਰੇ ਹੁੰਦੇ ਹਨ। ਜੋੜ ਚਟਕਣ ਦੀ ਆਵਾਜ਼ ਅਸਲ ਵਿੱਚ ਇਸੇ ਫ਼ਲੂਇਡ ਨਾਲ ਬਣੇ ਹੋਏ ਬੁਲਬੁਲਿਆਂ ਦੇ ਫੁੱਟਣ ਦੀ ਆਵਾਜ਼ ਹੁੰਦੀ ਹੈ

ਉਂਗਲਾਂ ਚਟਕਾਉਣ ਨਾਲ ਜੁੜਿਆ ਇੱਕ ਹੋਰ ਕਥਿਤ ਖ਼ਤਰਾ ਇਹ ਹੈ ਕਿ ਇਸ ਨਾਲ ਤੁਹਾਡੀ ਗ੍ਰਿਪ ਸਟ੍ਰੈਂਥ 'ਤੇ ਅਸਰ ਪੈਂਦਾ ਹੈ। ਇਹ ਸਿਹਤ ਦਾ ਇੱਕ ਅਹਿਮ ਪੈਮਾਨਾ ਹੈ ਜੋ ਦਿਲ ਦੀ ਬਿਮਾਰੀ, ਸੋਚਣ-ਸਮਝਣ ਦੀ ਸਮਰੱਥਾ ਵਿੱਚ ਕਮੀ, ਡਿਪ੍ਰੈਸ਼ਨ ਅਤੇ ਕੁਝ ਤਰ੍ਹਾਂ ਦੇ ਕੈਂਸਰ ਵਰਗੀਆਂ ਕਈ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੈ।

ਸਾਲ 1990 ਵਿੱਚ 74 ਅਜਿਹੇ ਲੋਕਾਂ 'ਤੇ ਇੱਕ ਅਧਿਐਨ ਕੀਤਾ ਗਿਆ, ਜੋ 18 ਤੋਂ 60 ਸਾਲਾਂ ਤੋਂ ਉਂਗਲਾਂ ਚਟਕਾ ਰਹੇ ਸਨ।

ਇਸ ਵਿੱਚ ਪਾਇਆ ਗਿਆ ਕਿ ਜੋ ਲੋਕ ਉਂਗਲਾਂ ਨਹੀਂ ਚਟਕਾਉਂਦੇ ਸਨ, ਉਨ੍ਹਾਂ ਦੀ ਤੁਲਨਾ ਵਿੱਚ ਇਨ੍ਹਾਂ ਲੋਕਾਂ ਦੇ ਹੱਥਾਂ ਦੀ ਪਕੜ ਕਮਜ਼ੋਰ ਸੀ ਅਤੇ ਹੱਥਾਂ ਵਿੱਚ ਸੋਜ ਜ਼ਿਆਦਾ ਸੀ।

ਪਰ 2017 ਵਿੱਚ ਇਨ੍ਹਾਂ ਨਤੀਜਿਆਂ ਨੂੰ ਗ਼ਲਤ ਸਾਬਿਤ ਕਰ ਦਿੱਤਾ ਗਿਆ। ਜਦੋਂ ਇੱਕ ਵੱਖਰੇ ਅਧਿਐਨ ਵਿੱਚ ਉਂਗਲਾਂ ਚਟਕਾਉਣ ਅਤੇ ਗ੍ਰਿਪ ਕਮਜ਼ੋਰ ਹੋਣ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ।

ਇਸ ਬਾਰੇ ਹੋਰ ਵੀ ਕਈ ਗਲਤਫਹਿਮੀਆਂ ਹਨ। ਪਰ ਹਾਇਰਿਚ ਦਾ ਕਹਿਣਾ ਹੈ ਕਿ ਇਹ ਸਾਰੀਆਂ ਗੱਲਾਂ ਗ਼ਲਤ ਹਨ। ਉੱਪਰ ਦੱਸਿਆ ਗਿਆ ਅਲਟਰਾਸਾਊਂਡ ਵਾਲਾ ਅਧਿਐਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਜਦੋਂ ਡਾਕਟਰਾਂ ਨੇ ਉਂਗਲਾਂ ਚਟਕਾਉਣ ਵਾਲੇ ਲੋਕਾਂ ਦੀ ਸਰੀਰਕ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੋਜ ਜਾਂ ਕੋਈ ਪਰੇਸ਼ਾਨੀ ਨਹੀਂ ਮਿਲੀ।

ਕੁਝ ਲੋਕਾਂ ਨੂੰ ਉਂਗਲਾਂ ਚਟਕਾਉਣ ਨਾਲ ਰਾਹਤ ਮਿਲ ਸਕਦੀ ਹੈ ਅਤੇ ਜੋੜਾਂ ਦੀ ਮੂਵਮੈਂਟ ਵਿੱਚ ਕੁਝ ਸਮੇਂ ਲਈ ਸੁਧਾਰ ਹੋ ਸਕਦਾ ਹੈ। ਇਸ ਨਾਲ ਜੋੜ ਖਿੱਚੇ ਜਾਂਦੇ ਹਨ ਅਤੇ ਜ਼ਿਆਦਾ ਰੇਂਜ ਵਿੱਚ ਘੁੰਮ ਸਕਦੇ ਹਨ।

ਉਂਗਲਾਂ ਚਟਕਾਉਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਿਰਾਂ ਦਾ ਕਹਿਣਾ ਹੈ ਕਿ ਉਂਗਲਾਂ ਚਟਕਾਉਣਾ ਜੋੜਾਂ ਲਈ ਨੁਕਸਾਨਦਾਇਕ ਨਹੀਂ ਹੈ

ਇੱਕ ਥਿਊਰੀ ਇਹ ਵੀ ਕਹਿੰਦੀ ਹੈ ਕਿ ਉਂਗਲਾਂ ਚਟਕਾਉਣ ਨਾਲ ਜੋੜ ਦੇ ਆਲੇ-ਦੁਆਲੇ ਦੀਆਂ ਨਰਵ ਐਂਡਿੰਗਜ਼ ਸਟਿਮੂਲੇਟ ਹੁੰਦੀਆਂ ਹਨ, ਜਿਸ ਨਾਲ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਰਿਲੈਕਸ ਹੁੰਦੀਆਂ ਹਨ, ਦਰਦ ਘੱਟ ਹੁੰਦਾ ਹੈ ਅਤੇ ਐਂਡੋਰਫਿਨ ਰਿਲੀਜ਼ ਹੁੰਦੇ ਹਨ। ਪਰ ਇਹ ਗੱਲ ਸਾਬਿਤ ਨਹੀਂ ਹੋਈ ਹੈ।

ਕਿਉਂਕਿ ਉਂਗਲਾਂ ਚਟਕਾਉਣਾ ਜ਼ਿਆਦਾਤਰ ਨੁਕਸਾਨਦਾਇਕ ਨਹੀਂ ਹੁੰਦਾ, ਇਸ ਲਈ ਇਸ ਨੂੰ ਬੰਦ ਕਰਨ ਜਾਂ ਅਜਿਹਾ ਨਾ ਕਰਨ ਦੀ ਕੋਈ ਖ਼ਾਸ ਵਜ੍ਹਾ ਨਹੀਂ ਹੈ।

ਫਿਰ ਵੀ ਜੇ ਤੁਸੀਂ ਇਸ ਨੂੰ ਬੰਦ ਚਾਹੁੰਦੇ ਹੋ ਤਾਂ ਜਗਨਾਥਨ ਸਲਾਹ ਦਿੰਦੇ ਹਨ ਕਿ ਕੌਗਨਿਟਿਵ ਥੈਰੇਪੀ ਵਰਗੀਆਂ ਤਕਨੀਕਾਂ ਨਾਲ ਆਪਣੇ ਆਪ ਨੂੰ ਤਿਆਰ ਕਰੋ, ਤਾਂ ਜੋ ਤੁਸੀਂ ਸਮਝ ਸਕੋ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਅਜਿਹੇ ਤਰੀਕੇ ਲੱਭ ਸਕੋ ਜਿਨ੍ਹਾਂ ਨਾਲ ਤੁਸੀਂ ਇਹ ਕਰਨ ਤੋਂ ਬਚ ਸਕੋ।

ਉਦਾਹਰਨ ਲਈ ਤੁਸੀਂ ਉਨ੍ਹਾਂ ਕਾਰਨਾਂ ਦਾ ਰਿਕਾਰਡ ਰੱਖ ਸਕਦੇ ਹੋ, ਜਿਨ੍ਹਾਂ ਕਰਕੇ ਤੁਸੀਂ ਉਂਗਲਾਂ ਚਟਕਾਉਂਦੇ ਹੋ। ਨਾਲ ਹੀ ਤੁਸੀਂ ਆਪਣੇ ਹੱਥਾਂ ਨੂੰ ਸਟ੍ਰੈੱਸ ਬਾਲ ਜਾਂ ਫਿਡਜੇਟ ਟੌਇਜ਼ ਵਿੱਚ ਵਿਅਸਤ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ।

ਕੁੱਲ ਮਿਲਾ ਕੇ, ਹਾਇਰਿਚ ਦਾ ਕਹਿਣਾ ਹੈ ਕਿ ਉਂਗਲਾਂ ਚਟਕਾਉਣਾ ਜੋੜਾਂ ਲਈ ਨੁਕਸਾਨਦਾਇਕ ਨਹੀਂ ਹੈ। ਉਹ ਅੱਗੇ ਕਹਿੰਦੇ ਹਨ ਕਿ ਇਸ ਨਾਲ ਸਿਰਫ਼ ਤੁਹਾਡੇ ਨਿੱਜੀ ਰਿਸ਼ਤਿਆਂ 'ਤੇ ਬੁਰਾ ਅਸਰ ਪੈ ਸਕਦਾ ਹੈ, ਜੇ ਤੁਹਾਡੀ ਉਂਗਲਾਂ ਚਟਕਾਉਣ ਦੀ ਆਦਤ ਤੁਹਾਡੇ ਦੋਸਤਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਲੱਗੇ ਤਾਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)