ਚਾਰਲੀ ਕਰਕ ਕਤਲ ਮਾਮਲਾ: ਅਮਰੀਕੀ ਇਤਿਹਾਸ 'ਚ 4 ਰਾਸ਼ਟਰਪਤੀਆਂ ਸਣੇ ਹੋਰ ਕਿੰਨੇ ਸਿਆਸਤਦਾਨ ਦਾ ਹੋਇਆ ਕਤਲ

ਅਬ੍ਰਾਹਮ ਲਿੰਕਨ, 16ਵੇਂ ਅਮਰੀਕੀ ਰਾਸ਼ਟਰਪਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਿੰਕਨ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਦਾ ਕਤਲ ਕੀਤਾ ਗਿਆ ਸੀ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਭ ਤੋਂ ਨਜ਼ਦੀਕੀ ਸਿਆਸੀ ਸਹਿਯੋਗੀਆਂ ਵਿੱਚੋਂ ਇੱਕ ਚਾਰਲੀ ਕਰਕ ਦੇ ਕਾਤਲ ਦੀ ਅਮਰੀਕਾ ਵਿੱਚ ਵੱਡੇ ਪੱਧਰ 'ਤੇ ਭਾਲ਼ ਜਾਰੀ ਹੈ।

ਹਾਈ-ਪ੍ਰੋਫਾਈਲ ਰੂੜੀਵਾਦੀ ਕਾਰਕੁਨ ਚਾਰਲੀ ਕਰਕ ਬੁੱਧਵਾਰ ਨੂੰ ਯੂਟਾਹ ਦੀ ਇੱਕ ਯੂਨੀਵਰਸਿਟੀ ਵਿੱਚ ਬੋਲ ਰਹੇ ਸਨ ਜਦੋਂ ਉਨ੍ਹਾਂ ਦੀ ਗਰਦਨ ਵਿੱਚ ਇੱਕ ਗੋਲੀ ਲੱਗੀ ਅਤੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ।

ਕਾਤਲ ਦੀ ਪਛਾਣ ਅਤੇ ਉਦੇਸ਼ ਅਜੇ ਪਤਾ ਨਹੀਂ ਹੈ, ਪਰ ਰਾਸ਼ਟਰਪਤੀ ਅਤੇ ਯੂਟਾਹ ਸੂਬੇ ਦੇ ਗਵਰਨਰ ਦੋਵਾਂ ਨੇ ਇਸਨੂੰ ਸਿਆਸੀ ਹਿੰਸਾ ਨਾਲ ਜੋੜਿਆ ਹੈ।

ਕਰਕ 'ਤੇ ਹੋਈ ਇਹ ਗੋਲੀਬਾਰੀ ਅਮਰੀਕਾ ਵਿੱਚ ਹੁੰਦੀ ਬੰਦੂਕ ਹਿੰਸਾ ਨੂੰ ਇੱਕ ਵਾਰ ਫੇਰ ਉਜਾਗਰ ਕਰਦੀ ਹੈ ਅਤੇ ਸਿਆਸੀ ਤੌਰ 'ਤੇ ਪ੍ਰੇਰਿਤ ਕਤਲਾਂ ਦੀ ਇੱਕ ਲੰਬੀ ਲੜੀ ਵਿੱਚ ਇੱਕ ਨਵੇਂ ਕਿੱਸਾ ਬਣ ਸਕਦੀ ਹੈ।

ਆਓ ਹੁਣ ਅਮਰੀਕੀ ਇਤਿਹਾਸ ਵਿੱਚ ਹੋਏ ਕੁਝ ਉੱਚ-ਪ੍ਰੋਫਾਈਲ ਸਿਆਸੀ ਕਤਲਾਂ 'ਤੇ ਇੱਕ ਝਾਤ ਪਾਉਂਦੇ ਹਾਂ।

ਰਾਸ਼ਟਰਪਤੀਆਂ ਦੇ ਕਤਲ

ਅਬ੍ਰਾਹਮ ਲਿੰਕਨ, 16ਵੇਂ ਅਮਰੀਕੀ ਰਾਸ਼ਟਰਪਤੀ

ਅਬ੍ਰਾਹਮ ਲਿੰਕਨ, 16ਵੇਂ ਅਮਰੀਕੀ ਰਾਸ਼ਟਰਪਤੀ

ਤਸਵੀਰ ਸਰੋਤ, Kean Collection/Archive Photos/Getty Images

ਤਸਵੀਰ ਕੈਪਸ਼ਨ, ਲਿੰਕਨ ਨੂੰ 14 ਅਪ੍ਰੈਲ 1865 ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਅਗਲੀ ਸਵੇਰ 15 ਅਪ੍ਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ

ਲਿੰਕਨ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ਦੀ ਹੱਤਿਆ ਕੀਤੀ ਗਈ ਸੀ। ਉਨ੍ਹਾਂ ਨੂੰ 14 ਅਪ੍ਰੈਲ 1865 ਨੂੰ ਜਦੋਂ ਉਹ ਅਤੇ ਉਨ੍ਹਾਂ ਦੇ ਪਤਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਥੀਏਟਰ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਤਾਂ ਜੌਨ ਵਿਲਕਸ ਬੂਥ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।

ਲਿੰਕਨ ਦੀ ਮੌਤ ਅਗਲੀ ਸਵੇਰ 15 ਅਪ੍ਰੈਲ ਨੂੰ ਹੋਈ। ਸਿਆਹਫਾਮ ਲੋਕਾਂ ਦੇ ਅਧਿਕਾਰਾਂ ਲਈ ਉਨ੍ਹਾਂ ਦੇ ਸਮਰਥਨ ਨੂੰ ਉਨ੍ਹਾਂ ਦੇ ਕਤਲ ਦੇ ਪਿੱਛੇ ਇੱਕ ਕਾਰਨ ਦੱਸਿਆ ਗਿਆ।

ਕੁਝ ਦਿਨਾਂ ਬਾਅਦ ਵਰਜੀਨੀਆ ਵਿੱਚ ਬੂਥ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ।

ਜੇਮਜ਼ ਗਾਰਫੀਲਡ, 20ਵੇਂ ਅਮਰੀਕੀ ਰਾਸ਼ਟਰਪਤੀ

ਜੇਮਜ਼ ਗਾਰਫੀਲਡ, 20ਵੇਂ ਅਮਰੀਕੀ ਰਾਸ਼ਟਰਪਤੀ

ਤਸਵੀਰ ਸਰੋਤ, MPI/Getty Images

ਤਸਵੀਰ ਕੈਪਸ਼ਨ, ਗਾਰਫੀਲਡ ਵਾਸ਼ਿੰਗਟਨ ਡੀਸੀ ਦੇ ਇੱਕ ਰੇਲਵੇ ਸਟੇਸ਼ਨ 'ਤੋਂ ਲੰਘ ਰਹੇ ਸਨ ਜਦੋਂ ਉਨ੍ਹਾਂ ਨੂੰ ਚਾਰਲਸ ਗਿਟੋ ਨੇ ਗੋਲੀ ਮਾਰ ਦਿੱਤੀ ਸੀ

ਗਾਰਫੀਲਡ ਅਮਰੀਕਾ ਵਿੱਚ ਕਤਲ ਕੀਤੇ ਜਾਣ ਵਾਲੇ ਦੂਜੇ ਰਾਸ਼ਟਰਪਤੀ ਸਨ। ਉਹ 2 ਜੁਲਾਈ 1881 ਨੂੰ ਵਾਸ਼ਿੰਗਟਨ ਡੀਸੀ ਦੇ ਇੱਕ ਰੇਲਵੇ ਸਟੇਸ਼ਨ 'ਤੋਂ ਲੰਘ ਰਹੇ ਸਨ ਜਦੋਂ ਉਨ੍ਹਾਂ ਨੂੰ ਚਾਰਲਸ ਗਿਟੋ ਨੇ ਗੋਲੀ ਮਾਰ ਦਿੱਤੀ।

ਡਾਕਟਰ ਉਨ੍ਹਾਂ ਦੇ ਸਰੀਰ ਵਿੱਚ ਗੋਲੀ ਨਹੀਂ ਲੱਭ ਸਕੇ ਅਤੇ ਉਸੇ ਸਾਲ ਸਤੰਬਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਅਹੁਦੇ 'ਤੇ ਆਏ ਕੁਝ ਮਹੀਨੇ ਹੀ ਹੋਏ ਸਨ।

ਗਿਟੋ, ਜਿਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਦੱਸਿਆ ਗਿਆ ਸੀ, ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਅਤੇ ਜੂਨ 1882 ਵਿੱਚ ਫਾਂਸੀ ਦੇ ਦਿੱਤੀ ਗਈ।

ਅਮਰੀਕਾ ਦਾ ਇਤਿਹਾਸ

ਵਿਲੀਅਮ ਮੈਕਕਿਨਲੇ, 25ਵੇਂ ਅਮਰੀਕੀ ਰਾਸ਼ਟਰਪਤੀ

ਵਿਲੀਅਮ ਮੈਕਕਿਨਲੇ, 25ਵੇਂ ਅਮਰੀਕੀ ਰਾਸ਼ਟਰਪਤੀ

ਤਸਵੀਰ ਸਰੋਤ, MPI/Getty Images

ਤਸਵੀਰ ਕੈਪਸ਼ਨ, ਮੈਕਕਿਨਲੇ ਨੂੰ 6 ਸਤੰਬਰ 1901 ਨੂੰ ਗੋਲੀ ਮਾਰੀ ਗਈ ਸੀ ਅਤੇ ਗੋਲੀ ਦੇ ਜ਼ਖ਼ਮਾਂ ਕਾਰਨ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ

ਮੈਕਕਿਨਲੇ ਨੂੰ 6 ਸਤੰਬਰ 1901 ਨੂੰ ਨਿਊਯਾਰਕ ਦੇ ਬਫੇਲੋ ਵਿੱਚ ਇੱਕ ਭਾਸ਼ਣ ਦੌਰੇ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ ਅਤੇ ਕੁਝ ਦਿਨਾਂ ਬਾਅਦ ਗੋਲੀ ਦੇ ਜ਼ਖ਼ਮਾਂ ਕਾਰਨ ਹੋਣ ਵਾਲੀਆਂ ਪੇਚੀਦਗੀਆਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਸ ਹਮਲਾ ਇੱਕ ਅਰਾਜਕਤਾਵਾਦੀ ਲਿਓਨ ਕਜ਼ੋਲਗੋਸ ਨੇ ਕੀਤਾ ਸੀ।

ਕਜ਼ੋਲਗੋਸ ਨੂੰ ਦੋਸ਼ੀ ਪਾਇਆ ਗਿਆ ਅਤੇ ਅਕਤੂਬਰ 1901 ਵਿੱਚ ਫਾਂਸੀ ਦੇ ਦਿੱਤੀ ਗਈ।

ਜੌਨ ਐਫ ਕੈਨੇਡੀ, 35ਵੇਂ ਅਮਰੀਕੀ ਰਾਸ਼ਟਰਪਤੀ

ਜੌਨ ਐਫ ਕੈਨੇਡੀ, 35ਵੇਂ ਅਮਰੀਕੀ ਰਾਸ਼ਟਰਪਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੈਨੇਡੀ ਦਾ ਕਾਫ਼ਲਾ ਜਦੋਂ ਕੇਂਦਰੀ ਡੱਲਾਸ ਵਿੱਚੋਂ ਲੰਘ ਰਿਹਾ ਸੀ, ਉਸੇ ਸਮੇਂ ਉਨ੍ਹਾਂ 'ਤੇ ਗੋਲੀਆਂ ਚੱਲੀਆਂ ਸਨ

22 ਨਵੰਬਰ 1963 ਨੂੰ ਡੱਲਾਸ ਜਾਂਦੇ ਸਮੇਂ ਕੈਨੇਡੀ ਨੂੰ ਇੱਕ ਹਾਈ ਪਾਵਰਡ ਰਾਈਫਲ ਨਾਲ ਲੈਸ ਇੱਕ ਬੰਦੂਕਧਾਰੀ ਨੇ ਗੋਲੀ ਮਾਰ ਦਿੱਤੀ ਸੀ। ਜਿਸ ਵੇਲੇ ਰਾਸ਼ਟਰਪਤੀ ਦਾ ਕਾਫ਼ਲਾ ਕੇਂਦਰੀ ਡੱਲਾਸ ਵਿੱਚੋਂ ਲੰਘ ਰਿਹਾ ਸੀ, ਉਸੇ ਸਮੇਂ ਉਨ੍ਹਾਂ 'ਤੇ ਗੋਲੀਆਂ ਚੱਲੀਆਂ।

ਕੈਨੇਡੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਹੱਤਿਆ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਨੇ ਲੀ ਹਾਰਵੇ ਓਸਵਲਡ, ਇੱਕ ਸਾਬਕਾ ਮਰੀਨ ਨੂੰ ਗ੍ਰਿਫਤਾਰ ਕਰ ਲਿਆ ਸੀ।

ਦੋ ਦਿਨ ਬਾਅਦ ਓਸਵਲਡ ਨੂੰ ਪੁਲਿਸ ਹੈੱਡਕੁਆਰਟਰ ਤੋਂ ਇੱਕ ਕਾਉਂਟੀ ਜੇਲ੍ਹ ਲਿਜਾਇਆ ਜਾ ਰਿਹਾ ਸੀ ਜਦੋਂ ਡੱਲਾਸ ਨਾਈਟ ਕਲੱਬ ਦੇ ਮਾਲਕ ਜੈਕ ਰੂਬੀ ਨੇ ਉਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ।

ਰਾਸ਼ਟਰਪਤੀ ਉਮੀਦਵਾਰ

ਰਾਬਰਟ ਐਫ ਕੈਨੇਡੀ, ਡੈਮੋਕ੍ਰੇਟਿਕ ਸੈਨੇਟਰ

ਰਾਬਰਟ ਐਫ ਕੈਨੇਡੀ ਨਿਊਯਾਰਕ ਤੋਂ ਇੱਕ ਅਮਰੀਕੀ ਸੈਨੇਟਰ ਸਨ ਅਤੇ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੇ ਭਰਾ ਸਨ, ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਕੈਨੇਡੀ ਡੈਮੋਕ੍ਰੇਟਿਕ ਰਾਸ਼ਟਰਪਤੀ ਨਾਮਜ਼ਦਗੀ ਦੀ ਮੰਗ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 1968 ਦੇ ਕੈਲੀਫੋਰਨੀਆ ਪ੍ਰਾਇਮਰੀ ਜਿੱਤਣ ਲਈ ਆਪਣਾ ਜਿੱਤ ਭਾਸ਼ਣ ਦੇਣ ਤੋਂ ਕੁਝ ਪਲ ਬਾਅਦ ਲਾਸ ਐਂਜੇਲਸ ਦੇ ਇੱਕ ਹੋਟਲ ਵਿੱਚ ਮਾਰ ਦਿੱਤਾ ਗਿਆ।

ਗੋਲੀਬਾਰੀ ਕਰਨ ਵਾਲੇ ਸਿਰਹਾਨ ਨੂੰ ਫਰਸਟ ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ। ਫਿਰ ਉਸ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। 2023 ਵਿੱਚ ਰਿਹਾਈ ਲਈ ਉਨ੍ਹਾਂ ਦੀ ਤਾਜ਼ਾ ਪਟੀਸ਼ਨ ਰੱਦ ਹੋਣ ਤੋਂ ਬਾਅਦ ਸਿਰਹਾਨ ਅਜੇ ਵੀ ਜੇਲ੍ਹ ਵਿੱਚ ਹਨ।

ਨਾਗਰਿਕ ਅਧਿਕਾਰਾਂ ਦੇ ਆਗੂ

ਮਾਰਟਿਨ ਲੂਥਰ ਕਿੰਗ ਜੂਨੀਅਰ

ਮਾਰਟਿਨ ਲੂਥਰ ਕਿੰਗ ਜੂਨੀਅਰ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, 1968 ਵਿੱਚ ਕਤਲ ਕੀਤੇ ਜਾਣ ਤੋਂ ਪਹਿਲਾਂ ਡਾਕਟਰ ਮਾਰਟਿਨ ਲੂਥਰ ਕਿੰਗ ਪਹਿਲਾਂ ਕਈ ਜਾਨਲੇਵਾ ਹਮਲਿਆਂ ਦੀਆਂ ਕੋਸ਼ਿਸ਼ਾਂ ਤੋਂ ਬਚੇ ਸਨ, ਜਿਸ ਵਿੱਚ 1956 ਵਿੱਚ ਉਨ੍ਹਾਂ ਦੇ ਘਰ 'ਤੇ ਹੋਈ ਬੰਬਾਰੀ ਵੀ ਸ਼ਾਮਲ ਸੀ

ਸਿਆਹਫਾਮ ਨਾਗਰਿਕ ਅਧਿਕਾਰਾਂ ਦੇ ਆਗੂ ਡਾਕਟਰ ਮਾਰਟਿਨ ਲੂਥਰ ਕਿੰਗ ਨੂੰ 1968 ਵਿੱਚ ਟੈਨੇਸੀ ਦੇ ਮੈਮਫ਼ਿਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਮਾਰਟਿਨ ਘੱਟ ਤਨਖਾਹਾਂ ਅਤੇ ਮਾੜੀਆਂ ਕੰਮਕਾਜੀ ਸਥਿਤੀਆਂ ਦੇ ਖਿਲਾਫ਼ ਵਿਰੋਧ ਕਰ ਰਹੇ ਸਫਾਈ ਮੁਲਾਜ਼ਮਾਂ ਦੇ ਮਾਰਚ ਦੀ ਅਗਵਾਈ ਕਰਨ ਵਾਲੇ ਸਨ।

ਉਨ੍ਹਾਂ ਨੂੰ ਇੱਕ ਸਨਾਈਪਰ ਜੋ ਗੋਰਿਆਂ ਨੂੰ ਸਿਆਹਫਾਮ ਲੋਕਾਂ ਤੋਂ ਉੱਪਰ ਮੰਨਦਾ ਸੀ ਨੇ ਗੋਲੀ ਮਾਰੀ ਸੀ। ਹਮਲੇ ਦੇ ਸਮੇਂ ਮਾਰਟਿਨ ਇੱਕ ਹੋਟਲ ਦੀ ਬਾਲਕੋਨੀ ਵਿੱਚ ਖੜ੍ਹੇ ਸਨ। ਹਮਲੇ ਤੋਂ ਬਾਅਦ ਹੀ 39 ਸਾਲਾ ਮਾਰਟਿਨ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ।

ਡਾਕਟਰ ਮਾਰਟਿਨ ਲੂਥਰ ਕਿੰਗ ਪਹਿਲਾਂ ਕਈ ਜਾਨਲੇਵਾ ਹਮਲਿਆਂ ਦੀਆਂ ਕੋਸ਼ਿਸ਼ਾਂ ਤੋਂ ਬਚੇ ਸਨ, ਜਿਸ ਵਿੱਚ 1956 ਵਿੱਚ ਉਨ੍ਹਾਂ ਦੇ ਘਰ 'ਤੇ ਹੋਈ ਬੰਬਾਰੀ ਵੀ ਸ਼ਾਮਲ ਸੀ।

ਮੈਲਕਮ ਐਕਸ

ਮੈਲਕਮ ਐਕਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੈਲਕਮ ਐਕਸ ਨੂੰ 1965 ਵਿੱਚ ਨਿਊਯਾਰਕ ਸਿਟੀ ਦੇ ਇੱਕ ਬਾਲਰੂਮ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਸਾਹਮਣੇ ਹੀ ਗੋਲੀ ਮਾਰ ਦਿੱਤੀ ਗਈ ਸੀ

ਸਿਆਹਫਾਮ ਲੋਕਾਂ ਦੇ ਸਸ਼ਕਤੀਕਰਨ ਲਈ ਇੱਕ ਸ਼ਾਨਦਾਰ ਵਕੀਲ, ਮੈਲਕਮ ਐਕਸ ਨੂੰ 1965 ਵਿੱਚ ਨਿਊਯਾਰਕ ਸਿਟੀ ਦੇ ਇੱਕ ਬਾਲਰੂਮ ਵਿੱਚ ਉਨ੍ਹਾਂ ਦੇ ਪਰਿਵਾਰ ਦੇ ਸਾਹਮਣੇ ਹੀ ਗੋਲੀ ਮਾਰ ਦਿੱਤੀ ਗਈ ਸੀ। ਜਦੋਂ ਉਨ੍ਹਾਂ ਨੂੰ ਮਾਰਿਆ ਗਿਆ ਤਾਂ ਉਹ 39 ਸਾਲ ਦੇ ਸਨ।

ਉਹ ਕਈ ਸਾਲਾਂ ਤੱਕ ਨੇਸ਼ਨ ਆਫ਼ ਇਸਲਾਮ ਦੇ ਇੱਕ ਪ੍ਰਮੁੱਖ ਬੁਲਾਰੇ ਰਹੇ ਸਨ, ਜੋ ਸਿਆਹਫਾਮ ਅਮਰੀਕੀਆਂ ਲਈ ਵੱਖਵਾਦ ਦੀ ਵਕਾਲਤ ਕਰਦੇ ਸਨ ਪਰ ਬਾਅਦ ਵਿੱਚ ਉਨ੍ਹਾਂ ਦੇ ਵਿਚਾਰ ਹੋਰ ਉਦਾਰ ਹੋ ਗਏ।

ਮੁਹੰਮਦ ਅਜ਼ੀਜ਼, ਖਲੀਲ ਇਸਲਾਮ ਅਤੇ ਥਾਮਸ ਹੇਗਨ ਨੂੰ ਉਨ੍ਹਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਾਲ 2021 ਵਿੱਚ ਅਜ਼ੀਜ਼ ਅਤੇ ਇਸਲਾਮ ਦੀਆਂ ਸਜ਼ਾਵਾਂ ਰੱਦ ਕਰ ਦਿੱਤੀਆਂ ਗਈਆਂ ਸਨ।

ਹਾਲੀਆ ਕਤਲ ਅਤੇ ਕਤਲ ਦੀਆਂ ਕੋਸ਼ਿਸ਼ਾਂ

ਡੌਨਲਡ ਟਰੰਪ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਪਿਛਲੇ ਸਾਲ ਡੌਨਲਡ ਟਰੰਪ ਦੋ ਵਾਰ ਕਤਲ ਦੀਆਂ ਕੋਸ਼ਿਸ਼ਾਂ ਦਾ ਨਿਸ਼ਾਨਾ ਬਣੇ ਸਨ

ਹਾਲ ਹੀ ਵਿੱਚ, 14 ਜੂਨ 2025 ਨੂੰ ਮਿਨੀਸੋਟਾ ਵਿੱਚ ਦੋ ਡੈਮੋਕ੍ਰੇਟਿਕ ਰਾਜ ਵਿਧਾਇਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ "ਸਿਆਸੀ ਤੌਰ 'ਤੇ ਪ੍ਰੇਰਿਤ ਕਤਲ" ਦੀ ਕੋਸ਼ਿਸ਼ ਕਿਹਾ ਗਿਆ।

ਡੈਮੋਕ੍ਰੇਟਿਕ ਰਾਜ ਪ੍ਰਤੀਨਿਧੀ ਮੇਲਿਸਾ ਹੌਰਟਮੈਨ ਅਤੇ ਉਨ੍ਹਾਂ ਦੇ ਪਤੀ ਮਾਰਕ ਨੂੰ ਉਨ੍ਹਾਂ ਦੇ ਘਰ ਵਿੱਚ ਹੀ ਗੋਲੀ ਮਾਰ ਦਿੱਤੀ ਗਈ ਸੀ।

ਸਟੇਟ ਸੈਨੇਟਰ ਜੌਨ ਹਾਫਮੈਨ ਅਤੇ ਉਨ੍ਹਾਂ ਦੇ ਪਤਨੀ ਯਵੇਟ ਨੂੰ ਵੀ ਇੱਕ ਸੰਬੰਧਿਤ ਘਟਨਾ ਵਿੱਚ ਉਨ੍ਹਾਂ ਦੇ ਘਰ ਵਿੱਚ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਸਨ, ਪਰ ਉਹ ਹਮਲੇ 'ਚ ਬਚ ਗਏ।

ਪਿਛਲੇ ਸਾਲ ਡੌਨਲਡ ਟਰੰਪ ਦੋ ਵਾਰ ਕਤਲ ਦੀਆਂ ਕੋਸ਼ਿਸ਼ਾਂ ਦਾ ਨਿਸ਼ਾਨਾ ਬਣੇ ਸਨ।

ਬੀਬੀਸੀ ਉੱਤਰੀ ਅਮਰੀਕਾ ਦੇ ਪੱਤਰਕਾਰ ਐਂਥਨੀ ਜ਼ੁਰਚਰ ਦਾ ਕਹਿਣਾ ਹੈ ਕਿ ਜੁਲਾਈ 2024 ਵਿੱਚ ਪੈਨਸਿਲਵੇਨੀਆ ਦੇ ਬਟਲਰ ਵਿੱਚ ਇੱਕ ਰੈਲੀ ਦੌਰਾਨ ਉਨ੍ਹਾਂ 'ਤੇ ਹੋਇਆ ਹਮਲਾ, ਯੂਟਾਹ ਵਿੱਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਨਾਲ ਬਹੁਤ ਮਿਲਦਾ-ਜੁਲਦਾ ਸੀ - ਦੋਵੇਂ ਹਮਲੇ ਖੁਲ੍ਹੇ ਸਥਾਨਾਂ 'ਤੇ ਭੀੜ ਦੇ ਸਾਹਮਣੇ ਕੀਤੇ ਗਏ।

ਇਸੇ ਸਾਲ ਸਤੰਬਰ ਵਿੱਚ ਫਲੋਰੀਡਾ ਵਿੱਚ ਟਰੰਪ ਦੇ ਗੋਲਫ ਕੋਰਸ 'ਤੇ ਇੱਕ ਹੋਰ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਸੀਕ੍ਰੇਟ ਸਰਵਿਸ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ।

ਇਸ ਤੋਂ ਦੋ ਸਾਲ ਪਹਿਲਾਂ, ਇੱਕ ਹਮਲਾਵਰ ਹਥੌੜੇ ਦੇ ਨਾਲ ਉਸ ਸਮੇਂ ਦੀ ਹਾਊਸ ਸਪੀਕਰ ਨੈਨਸੀ ਪੇਲੋਸੀ, ਜੋ ਕਿ ਇੱਕ ਪ੍ਰਮੁੱਖ ਡੈਮੋਕ੍ਰੇਟ ਸਨ, ਦੇ ਘਰ ਵਿੱਚ ਦਾਖਲ ਹੋਇਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)