You’re viewing a text-only version of this website that uses less data. View the main version of the website including all images and videos.
ਨੋਬਲ ਪੁਰਸਕਾਰ ਜੇਤੂ ਨੇ ਭਾਰਤ ਦੀ ਸਿੱਖਿਆ ਪ੍ਰਣਾਲੀ 'ਤੇ ਚੁੱਕੇ ਸਵਾਲ, ਜਾਣੋ ਅਧਿਆਪਕਾਂ ਨੂੰ ਕੀ ਦਿੱਤੀ ਸਲਾਹ
- ਲੇਖਕ, ਅਰਸ਼ਦੀਪ ਅਰਸ਼ੀ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
“ਮੈਂ ਚਾਹਾਂਗਾ ਕਿ ਭਾਰਤ ਵਿੱਚ ਹੋਰ ਵਧੇਰੇ ਬਰਾਬਰਤਾ ਹੋਵੇ।” ਇਹ ਕਹਿਣਾ ਹੈ 78 ਸਾਲਾ ਡੱਚ ਸਿਧਾਂਤਕ ਭੌਤਿਕ ਵਿਗਿਆਨੀ ਹੈਰਾਰਦ ਅਟੌਫਟ ਦਾ, ਜੋ ਚੰਡੀਗੜ੍ਹ ਯੂਨੀਵਰਸਿਟੀ ਦੇ ਚੌਥੇ ਗਲੋਬਲ ਐਜੂਕੇਸ਼ਨ ਸਮਿਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
1999 ਵਿੱਚ ਨੋਬੇਲ ਪੁਰਸਕਾਰ ਜੇਤੂ ਹੋਫਟ ਭਾਰਤ ਪਹਿਲਾਂ ਕਈ ਵਾਰ ਆ ਚੁੱਕੇ ਹਨ ਪਰ ਚੰਡੀਗੜ੍ਹ ਵਿੱਚ ਇਹ ਉਨ੍ਹਾਂ ਦਾ ਪਹਿਲਾ ਦੌਰਾ ਸੀ।
ਅਟੌਫਟ ਨੇ ਕਿਹਾ, “ਚੰਡੀਗੜ੍ਹ ਵਰਗੇ ਮਾਡਰਨ ਸ਼ਹਿਰ ’ਚ ਵੀ ਬਹੁਤ ਗ਼ਰੀਬੀ ਦੇਖਣ ਨੂੰ ਮਿਲਦੀ ਹੈ। ਇਹ ਨਹੀਂ ਹੋਣੀ ਚਾਹੀਦੀ। ਸਮਾਜ ਉਸ ਪਾਸੇ ਜਾਵੇ ਜਿੱਥੇ ਸਮਾਜ ਵਿੱਚ ਗ਼ਰੀਬੀ ਨਾ ਹੋਵੇ। ਜੇ ਲੋਕਾਂ ਨੂੰ ਭਰ-ਪੇਟ ਖਾਣਾ, ਚੰਗੀ ਸਿੱਖਿਆ ਨਾ ਮਿਲੇ ਤਾਂ ਇਹ ਚੰਗੀ ਗੱਲ ਨਹੀਂ।”
ਅਟੌਫਟ ਨੇ ਜ਼ੋਰ ਦਿੰਦਿਆਂ ਕਿਹਾ, "ਭਾਰਤ ਲਈ ਬਰਾਬਰੀ ਉਨ੍ਹਾਂ ਦਾ ਸੁਪਨਾ ਹੈ।"
ਅਟੌਫਟ ਨੂੰ 1999 ਵਿੱਚ ਆਪਣੇ ਥੀਸਿਸ ਸਲਾਹਕਾਰ ਮਾਰਟੀਨਸ ਜੇ. ਜੀ. ਵੈਲਟਮੈਨ ਨਾਲ ‘ਇਲੈਕਟ੍ਰੋਵੀਕ ਪਰਸਪਰ ਕ੍ਰਿਆਵਾਂ ਦੀ ਕੁਆਂਟਮ ਬਣਤਰ ਨੂੰ ਸਪੱਸ਼ਟ ਕਰਨ’ ਲਈ ਭੌਤਿਕ ਵਿਗਿਆਨ ਵਿੱਚ ਨੋਬੇਲ ਪੁਰਸਕਾਰ ਮਿਲਿਆ ਸੀ।
ਉਨ੍ਹਾਂ ਦੀ ਖੋਜ ਅੱਗੇ ਆਉਣ ਵਾਲੇ ਸਿਧਾਤਾਂ ਦੇ ਲਈ ਬੁਨਿਆਦ ਮੰਨੀ ਜਾਂਦੀ ਹੈ ਅਤੇ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਨੂੰ 20ਵੀਂ ਸਦੀ ਦੇ ਸਭ ਤੋਂ ਵੱਡੇ ਨਾਵਾਂ ਵਿੱਚ ਗਿਣਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪੜਦਾਦਾ ਫਰਿਟਜ਼ ਜ਼ਰਨੀਕੇ ਨੂੰ ਵੀ 1953 ਵਿੱਚ ਆਪਣੀ ਖੋਜ ਲਈ ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਮਿਲਿਆ ਸੀ।
ਉਹ ਉਨ੍ਹਾਂ ਕੁਝ ਕੁ ਵਿਗਿਆਨੀਆਂ ਵਿੱਚੋਂ ਸਨ ਜਿਨ੍ਹਾਂ ਕੋਲ ਆਪਣੀ ਖੋਜ ਦਾ ਸਿਰਫ਼ ਸਿਧਾਂਤਕ ਵਿਚਾਰ ਨਹੀਂ ਸੀ ਸਗੋਂ ਆਪਣੇ ਹੱਥੀਂ ਉਹ ਚੀਜ਼ ਬਣਾ ਵੀ ਸਕਦੇ ਸਨ। ਉਹ ਇੱਕ ਨਵੀਂ ਤਰ੍ਹਾਂ ਦਾ ਮਾਈਕਰੋਸਕੋਪ ਬਣਾ ਰਹੇ ਸਨ ਤੇ ਉਹ ਮਾਈਕਰੋਸਕੋਪ ਸਜੀਵ ਚੀਜ਼ਾਂ ਨੂੰ ਦੇਖਣ ਦੇ ਲਈ ਪਹਿਲਾਂ ਬਣੇ ਮਾਈਕਰੋਸਕੋਪ ਤੋਂ ਬਿਹਤਰ ਸੀ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਅਟੌਫਟ ਨੇ ਦੱਸਿਆ ਕਿ ਇਸ ਮਾਈਕਰੋਸਕੋਪ ਨੂੰ ਬਣਾਉਣ ਲਈ ਜ਼ਰਨੀਕੇ ਨੂੰ ਨਵੀਂ ਤਰ੍ਹਾਂ ਦਾ ਲੈਂਜ਼ ਚਾਹੀਦਾ ਸੀ, ਜਿਸ ਲਈ ਉਹ ਇੱਕ ਲੈਂਜ਼ ਬਣਾਉਣ ਵਾਲੀ ਕੰਪਨੀ ਕੋਲ ਗਏ। ਪਰ ਕੰਪਨੀ ਵਾਲਿਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ।
ਵਿਗਿਆਨ ʼਚ ਕਿਵੇਂ ਰੁਚੀ ਜਾਗੀ
ਉਨ੍ਹਾਂ ਨੇ ਦੱਸਿਆ, “ਜ਼ਰਨੀਕੇ ਨੇ ਫਿਰ ਆਪ ਹੀ ਉਹ ਲੈਂਜ਼ ਤਿਆਰ ਕੀਤਾ ਅਤੇ ਫੇਜ਼-ਕੰਟਰਾਸਟ ਮਾਈਕਰੋਸਕੋਪ ਬਣਾਇਆ ਜਿਸ ਜ਼ਰੀਏ ਬਿਨ੍ਹਾਂ ਰੰਗ ਪਾਏ ਸਜੀਵ ਸੈੱਲਾਂ ਨੂੰ ਵੇਖਿਆ ਜਾ ਸਕਿਆ।"
ਨੀਦਰਲੈਂਡ ਦੀ ਊਤਰੈਖ਼ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਟੌਫਟ ਦੇ ਇੱਕ ਚਾਚਾ ਨੀਕੋ ਵਾਨ ਕੈਂਪੇਨ ਵੀ ਉੱਥੇ ਸਿਧਾਂਤਕ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਰਹੇ ਹਨ।
ਅਟੌਫਟ ਦਾ ਕਹਿਣਾ ਹੈ ਕਿ ਘਰ ਵਿੱਚ ਭੌਤਿਕ ਵਿਗਿਆਨੀ ਹੋਣ ਕਰਕੇ ਹੀ ਸ਼ਾਇਦ ਉਨ੍ਹਾਂ ਦਾ ਝੁਕਾਅ ਵਿਗਿਆਨ ਵੱਲ ਜ਼ਿਆਦਾ ਰਿਹਾ। ਹਾਲਾਂਕਿ, ਉਹ ਦੱਸਦੇ ਹਨ ਕਿ ਉਹ 3 ਸਾਲ ਦੀ ਉਮਰ ਤੋਂ ਹੀ ਵਿਗਿਆਨ ਵਿੱਚ ਰੁਚੀ ਰੱਖਦੇ ਸਨ।
ਉਨ੍ਹਾਂ ਦੱਸਿਆ, “ਜਦ ਮੈਂ 3 ਸਾਲ ਦਾ ਸੀ ਤਾਂ ਮੈਨੂੰ ਪਹੀਏ ਦੀ ਖੋਜ ਨੇ ਬਹੁਤ ਪ੍ਰਭਾਵਿਤ ਕੀਤਾ। ਇਹ ਕੁਦਰਤ ਵਿੱਚ ਨਹੀਂ ਮਿਲਦਾ, ਇਸ ਦੀ ਕਾਢ ਮਨੁੱਖ ਨੇ ਕੱਢੀ। ਮੈਂ ਸੋਚਿਆ ਕਿ ਮੈਂ ਵੱਡਾ ਹੋ ਕੇ ਪਹੀਏ ਵਰਗਾ, ਉਸ ਤੋਂ ਬਿਹਤਰ ਕੁਝ ਬਣਾਵਾਂਗਾ। ਅਜਿਹਾ ਕੁਝ, ਜੋ ਉੱਡ ਸਕੇ! ਮੈਂ ਸਪੇਸਸ਼ਿਪ ਬਣਾਉਣ ਦਾ ਵੀ ਸੋਚਿਆ।”
ਹਾਲਾਂਕਿ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ।
ਉਹ ਅੱਗੇ ਦੱਸਦੇ ਹਨ, “ਇਸ ਕਰਕੇ ਮੈਂ ਫੋਰਸਾਂ ਨੂੰ ਸਮਝਣਾ ਚਾਹਿਆ, ਉਹ ਕਿਵੇਂ ਕੰਮ ਕਰਦੀਆਂ ਹਨ ਤੇ ਸਾਡੀ ਜਾਣਕਾਰੀ ਹੋਰਨਾਂ ਤੋਂ ਕਿਵੇਂ ਵਧ ਸਕਦੀ ਹੈ ਤੇ ਸਮਾਜ ਲਈ ਕੰਮ ਆਉਣ ਵਾਲੀਆਂ ਨਵੀਆਂ ਚੀਜ਼ਾਂ ਕਿਵੇਂ ਬਣਾਈਆਂ ਜਾ ਸਕਦੀਆਂ ਹਨ।”
ਜਦ ਉਹ 8 ਸਾਲ ਦੇ ਸਨ ਤਾਂ ਉਨ੍ਹਾਂ ਦੇ ਅਧਿਆਪਕ ਨੇ ਪੁੱਛਿਆ ਕਿ ਉਹ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹਨ। ਅਟੌਫਟ ਨੇ ਜਵਾਬ ਦਿੱਤਾ, “ਉਹ ਵਿਅਕਤੀ ਜੋ ਸਭ ਕੁਝ ਜਾਣਦਾ ਹੋਵੇ।”
ਬੀਬੀਸੀ ਨਾਲ ਗੱਲਬਾਤ ਕਰਦਿਆਂ ਅਟੌਫਟ ਨੇ ਦੱਸਿਆ ਕਿ ਉਹ ਕਹਿਣਾ ਤਾਂ ਵਿਗਿਆਨੀ ਜਾਂ ਪ੍ਰੋਫੈਸਰ ਚਾਹੁੰਦੇ ਸਨ, ਪਰ ਉਸ ਵੇਲੇ ਇਹ ਲਫ਼ਜ਼ ਉਨ੍ਹਾਂ ਦੇ ਦਿਮਾਗ਼ ਵਿੱਚ ਨਹੀਂ ਆਏ।
ਕੀ ਹੁਣ ਉਹ ਸਭ ਜਾਣ ਗਏ ਹਨ? ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਸਭ ਕੁਝ ਜਾਣਨ ਦੇ ਨੇੜੇ ਵੀ ਨਹੀਂ ਸਨ।
ਉਹ ਆਖਦੇ ਹਨ, “ਮਨੁੱਖ ਅਜੇ ਸਾਰਾ ਕੁਝ ਜਾਣਨ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ। ਅਜੇ ਬਹੁਤ ਕੁਝ ਖੋਜਣ ਵਾਲਾ ਰਹਿੰਦਾ ਹੈ, ਕੁਦਰਤ ਨੂੰ ਸਮਝ ਪਾਉਣ ਤੋਂ ਅਸੀਂ ਅਜੇ ਬੇਹੱਦ ਦੂਰ ਹਾਂ।"
ਉਨ੍ਹਾਂ ਕਿਹਾ ਕਿ ਨਹੀਂ ਲਗਦਾ ਕਿ ਮਨੁੱਖ ਕਦੇ ਕੁਦਰਤ ਬਾਰੇ ਸਾਰਾ ਕੁਝ ਹੀ ਜਾਣ ਪਾਉਣਗੇ।
ਅਟੌਫਟ ਨੇ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਡਾਲਟਨ ਲਾਈਸੀਅਮ ਨਾਂ ਦੇ ਸਕੂਲ ਵਿੱਚ ਪੜ੍ਹਾਈ ਕੀਤੀ, ਜਿੱਥੇ ਡਾਲਟਨ ਪਲਾਨ ਦੇ ਵਿਚਾਰਾਂ ਨੂੰ ਲਾਗੂ ਕੀਤਾ ਜਾਂਦਾ ਸੀ। ਇਸ ਦੇ ਤਹਿਤ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਉੱਤੇ ਕੰਮ ਹੁੰਦਾ ਹੈ।
ਅਜਿਹਾ ਸਕੂਲ ਜਿੱਥੇ ਵਿਦਿਆਰਥੀ ਦਾ ਹੁਨਰ ਕੀ ਹੈ ਤੇ ਸਮਾਜ ਦੀ ਲੋੜ ਕੀ ਹੈ, ਦੋਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ!
ਅਧਿਆਪਕਾਂ ਨੂੰ ਸਲਾਹ
ਸਿੱਖਿਆ ਕਿਹੋ-ਜਿਹੀ ਹੋਵੇ, ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਅਟੌਫਟ ਨੇ ਕਿਹਾ, “ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਆਜ਼ਾਦ ਤੌਰ ’ਤੇ ਸੋਚਣ ਲਈ ਉਤਸ਼ਾਹਤ ਕਰਨ। ਆਪਣੇ ਸਵਾਲ ਆਪ ਤਿਆਰ ਕਰਨ ਤੇ ਉਨ੍ਹਾਂ ਦੇ ਉੱਤਰ ਲੱਭਣ ਲਈ ਉਤਸ਼ਾਹਤ ਕਰਨ। ਕੋਈ ਹੋਰ ਤੁਹਾਨੂੰ ਇਹ ਨਾ ਦੱਸੇ ਕਿ ਕੀ ਪੁੱਛਣਾ ਹੈ ਤੇ ਉੱਤਰ ਕੀ ਦੇਣਾ ਹੈ।”
ਉਨ੍ਹਾਂ ਕਿਹਾ ਕਿ ਸਿਰਫ਼ ਕਿਤਾਬਾਂ ਵਿੱਚੋਂ ਜਵਾਬ ਦੱਸਣ ਦਾ ਪੜ੍ਹਾਉਣ ਦਾ ਤਰੀਕਾ ਸਹੀ ਨਹੀਂ।
ਉਨ੍ਹਾਂ ਨੇ ਕੱਚ ਦੀ ਉਦਾਹਰਨ ਦਿੱਤੀ। “ਜੇ ਤੁਸੀਂ ਕੱਚ ਵਿੱਚੋਂ ਚੀਜ਼ਾਂ ਦੇਖੋ ਤਾਂ ਉਹ ਹੋਰ ਤਰ੍ਹਾਂ ਨਜ਼ਰ ਆਉਣਗੀਆਂ। ਜੇ ਉਸ ਵਿੱਚ ਪਾਣੀ ਹੋਵੇ ਤਾਂ ਚੀਜ਼ਾਂ ਹੋਰ ਤਰ੍ਹਾਂ ਨਜ਼ਰ ਆਉਣਗੀਆਂ।”
ਜਦੋਂ ਅਧਿਆਪਕ ਬੱਚਿਆਂ ਨੂੰ ਪੁੱਛਦਾ ਹੈ ਕਿ ਅਜਿਹਾ ਕਿਉਂ ਹੈ? ਤੇ ਵਿਦਿਆਰਥੀਆਂ ਨੂੰ ਨਹੀਂ ਪਤਾ ਕਿ ਅਜਿਹਾ ਕਿਉਂ ਹੈ? ਤਾਂ ਅਧਿਆਪਕ ਕਹਿੰਦਾ ਹੈ ਕਿ ਜੇ ਤੁਸੀਂ ਸੋਚੋ ਕਿ ਰੌਸ਼ਨੀ ਵਿੱਚ ਗਲਾਸ ਕਿਵੇਂ ਕੰਮ ਕਰਦਾ ਹੈ, ਇਹੋ ਜਿਹਾ ਸਵਾਲ ਤੁਹਾਨੂੰ ਸੋਚਣਾ ਪਵੇਗਾ। ਜੇ ਸਮਝ ਨਹੀਂ ਆਉਂਦਾ ਤਾਂ ਸਵਾਲ ਨੂੰ ਬਦਲ ਕੇ ਪੁੱਛੋ। ਅਟੌਫਟ ਨੇ ਸਵਾਲ ਕਿਹੋ-ਜਿਹੇ ਹੋਣ, ਇਸ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ।
ਅਟੌਫਟ ਨੇ ਕਿਹਾ, “ਗਲਾਸ (ਕੱਚ) ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੀ ਵਸਤੂ ਹੈ। ਤੇ ਜੇ ਤੁਹਾਨੂੰ ਪਤਾ ਹੋਵੇ ਕਿ ਗਲਾਸ (ਕੱਚ) ਕਿਵੇਂ ਕੰਮ ਕਰਦਾ ਹੈ ਤਾਂ ਤੁਹਾਡੇ ਲਈ ਇਹ ਮਦਦਗਾਰ ਹੋਵੇਗਾ।"
"ਹੋ ਸਕਦਾ ਹੈ ਕਿ ਗਲਾਸ ਨੂੰ ਬਣਾਉਣ ਜਾਂ ਵਰਤਣ ਜ਼ਰੀਏ ਤੁਸੀਂ ਪੈਸੇ ਵੀ ਕਮਾ ਸਕੋ। ਇਹ ਸਿਰਫ਼ ਇੱਕ ਉਦਾਹਰਨ ਹੈ ਪਰ ਅਧਿਆਪਕ ਦੇ ਤੌਰ ’ਤੇ ਅਜਿਹੀਆਂ ਹੋਰ ਉਦਾਹਰਨਾਂ ਦੇ ਕੇ ਤੁਸੀਂ ਸਿਖਾ ਸਕਦੇ ਹੋ ਕਿ ਸਵਾਲ ਕਿਵੇਂ ਕੀਤੇ ਜਾਣ।”
“ਤੁਹਾਡੀ ਕਲਪਨਾ ਅਜਿਹੀ ਹੋਣੀ ਚਾਹੀਦੀ ਹੈ ਕਿ ਤੁਸੀਂ ਸੋਚ ਸਕੋ ਕਿ ਕੀ-ਕੀ ਹੋ ਸਕਦਾ ਹੈ। ਅਧਿਆਪਕ ਦੇ ਤੌਰ ’ਤੇ ਮੈਂ ਵਿਦਿਆਰਥੀ ਦੀ ਕਲਪਨਾ ਨੂੰ ਉਤਸ਼ਾਹਤ ਕਰਨਾ ਚਾਹਾਂਗਾ ਤਾਂ ਕਿ ਉਹ ਸਵਾਲ ਪੁੱਛ ਸਕਣ ਜੋ ਅਜੇ ਤੱਕ ਪੁੱਛੇ ਨਹੀਂ ਗਏ। ਇਸ ਕਰਕੇ ਵਿਸ਼ਿਆਂ ਨੂੰ ਦਿਲਚਸਪ ਤੇ ਸਮਝ ਆਉਣ ਵਾਲੇ ਬਣਾਓ।”
ਵਿਗਿਆਨਕ ਦੁਨੀਆਂ ਵਿੱਚ ਭਾਰਤ ਨੂੰ ਪ੍ਰਭਾਵਸ਼ਾਲੀ ਮੰਨਦਿਆਂ ਅਟੌਫਟ ਨੇ ਕਿਹਾ, “ਵਿਗਿਆਨਕ ਦੁਨੀਆ ਵਿੱਚ ਭਾਰਤ ਬਹੁਤ ਮਜ਼ਬੂਤ ਹੈ। ਪੁਲਾੜ ਵਿੱਚ ਪੁਲਾੜ-ਯੰਤਰ ਭੇਜ ਰਿਹਾ ਹੈ। ਇਹ ਤਾਕਤਵਰ ਦੇਸ਼ ਬਣ ਰਿਹਾ ਹੈ, ਪਰ ਹੋਰ ਬਿਹਤਰ ਹੋ ਸਕਦਾ ਹੈ। ਜੇ ਹੋਰ ਤਰਕਸ਼ੀਲ ਲੋਕ ਹੋਣ ਤਾਂ ਵਿਗਿਆਨ ਲਈ ਹੋਰ ਚੰਗਾ ਹੋਵੇਗਾ। ਮੈਨੂੰ ਲਗਦਾ ਹੈ ਕਿ ਉਸ ਪਾਸੇ ਵੱਲ ਕਦਮ ਵਧਾਏ ਜਾ ਰਹੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ