You’re viewing a text-only version of this website that uses less data. View the main version of the website including all images and videos.
ਇੰਜੀਨੀਅਰ ਕੁੜੀ ਦੇ ਹੱਥ-ਪੈਰ ਬੰਨੇ ਤੇ ਜ਼ਿੰਦਾ ਸਾੜਿਆ, ਪੁਲਿਸ ਜਾਂਚ ਵਿੱਚ ਇੱਕਪਾਸੜ ਪਿਆਰ ਕਰਨ ਵਾਲੇ ਟ੍ਰਾਂਸਮੇਲ ਨਾਲ ਜੁੜੇ ਤਾਰ
ਤਮਿਲਨਾਡੂ ਦੀ ਰਾਜਧਾਨੀ ਚੇੱਨਈ ਤੋਂ ਇੱਕ 24 ਸਾਲਾ ਸਾਫਟਵੇਅਰ ਇੰਜੀਨੀਅਰ ਕੁੜੀ ਦੇ ਕਤਲ ਦਾ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ।
ਔਰਤ ਦੀ ਪਛਾਣ ਨੰਦਿਨੀ ਵਜੋਂ ਹੋਈ ਹੈ, ਜੋ ਮਦੁਰਾਈ ਜ਼ਿਲ੍ਹੇ ਦੀ ਰਹਿਣ ਵਾਲੀ ਸੀ।
ਚੇੱਨਈ ਦੇ ਆਈਟੀ ਕੋਰੀਡੋਰ ਨੇੜੇ ਪੋਨਮਰ ਇਲਾਕੇ 'ਚ ਸ਼ਨੀਵਾਰ ਰਾਤ ਨੰਦਿਨੀ ਅੱਧ ਸੜੀ ਹਾਲਤ 'ਚ ਮਿਲੀ, ਉਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨੰਦਿਨੀ ਦੇ ਬੁਆਏਫ੍ਰੈਂਡ ਰਹਿ ਚੁੱਕੇ ਵੈਤਰੀਮਾਰਨ ਕਥਿਤ ਤੌਰ 'ਤੇ ਇਸ ਘਿਨਾਉਣੇ ਅਪਰਾਧ ਲਈ ਜ਼ਿੰਮੇਵਾਰ ਹਨ।
ਵੇਤਰੀਮਾਰਨ ਨੰਦਿਨੀ ਦਾ ਸਕੂਲ ਤੋਂ ਹੀ ਦੋਸਤ ਸੀ ਅਤੇ ਉਹ ਸਕੂਲ ਵੇਲੇ ਤੋਂ ਹੀ ਉਸ ਨੂੰ ਪਿਆਰ ਕਰਦਾ ਸੀ ਪਰ ਬਾਅਦ ਵਿਚ ਉਸ ਦੀ ਪਛਾਣ ਟਰਾਂਸ ਮੇਲ ਵਜੋਂ ਹੋਈ।
ਇਸ ਘਟਨਾ ਸਬੰਧੀ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਤੋਂ ਇੱਕਪਾਸੜ ਪਿਆਰ, ਈਰਖਾ ਅਤੇ ਆਖ਼ਰਕਾਰ ਇੱਕ ਭਿਆਨਕ ਅਪਰਾਧ ਬਾਰੇ ਪਤਾ ਲੱਗਦਾ ਹੈ। ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਆਖ਼ਰ ਕੀ ਹੋਇਆ?
ਨੰਦਿਨੀ ਪੇਸ਼ੇ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਸੀ ਅਤੇ ਥੋਰਈਪੱਕਮ ਇਲਾਕੇ ਵਿੱਚ ਇੱਕ ਨਿੱਜੀ ਸਾਫਟਵੇਅਰ ਕੰਪਨੀ ਵਿੱਚ ਕੰਮ ਕਰਦੀ ਸੀ। ਉਹ ਪਿਛਲੇ ਅੱਠ ਮਹੀਨਿਆਂ ਤੋਂ ਚੇੱਨਈ ਵਿੱਚ ਰਹਿ ਰਹੀ ਸੀ।
ਸਥਾਨਕ ਲੋਕਾਂ ਨੂੰ ਨੰਦਿਨੀ ਸੁੰਨਸਾਨ ਜਗ੍ਹਾ 'ਤੇ ਸੜ੍ਹੀ ਹੋਈ ਹਾਲਤ 'ਚ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਵਧੇਰੇ ਝੁਲਸ ਜਾਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਕਤਲ ਦੀ ਜਾਂਚ ਦੌਰਾਨ, ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਇੱਕ ਮੋਬਾਈਲ ਫੋਨ ਮਿਲਿਆ ਹੈ, ਜਿਸ ਤੋਂ ਬਾਅਦ ਘਟਨਾ ਦੇ ਮੁੱਖ ਮੁਲਜ਼ਮ ਵੇਤਰੀਮਾਰਨ ਦੀ ਪਛਾਣ ਕੀਤੀ ਗਈ।
ਸਕੂਲ ਦੇ ਦਿਨਾਂ ਦੌਰਾਨ, ਵੇਤਰੀਮਾਰਨ ਨੂੰ ਪੰਡੀ ਮਹੇਸ਼ਵਰੀ (ਔਰਤ) ਵਜੋਂ ਜਾਣਿਆ ਜਾਂਦਾ ਸੀ ਅਤੇ ਸਕੂਲ ਵਿੱਚ ਨੰਦਿਨੀ ਦੀ ਸਹੇਲੀ ਸੀ।
ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਨੰਦਿਨੀ ਅਤੇ ਮਹੇਸ਼ਵਰੀ ਸਕੂਲ ਦੇ ਦਿਨਾਂ ਤੋਂ ਹੀ ਚੰਗੇ ਦੋਸਤ ਸਨ।
ਸਕੂਲ ਛੱਡਣ ਤੋਂ ਕਈ ਸਾਲਾਂ ਬਾਅਦ, ਮਹੇਸ਼ਵਰੀ ਨੇ ਆਪਣਾ ਲਿੰਗ ਬਦਲਵਾ ਲਿਆ ਅਤੇ ਟਰਾਂਸਮੇਲ ਬਣ ਗਈ। ਉਸ ਨੇ ਆਪਣਾ ਨਾਮ ਬਦਲ ਕੇ ਵੇਤਰੀਮਾਰਨ ਰੱਖ ਲਿਆ।
ਜਾਂਚ ਵਿੱਚ ਕੀ ਪਤਾ ਲੱਗਾ
ਵੇਤਰੀਮਾਰਨ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੌਰਾਨ ਇਸ ਘਿਨਾਉਣੇ ਕਤਲ ਦੇ ਪਿੱਛੇ ਦਾ ਮਕਸਦ ਸਾਹਮਣੇ ਆਇਆ।
ਪੁਲਿਸ ਮੁਤਾਬਕ ਵੇਤਰੀਮਾਰਨ ਨੇ ਮੰਨਿਆ ਹੈ ਕਿ ਉਹ ਅਤੇ ਨੰਦਿਨੀ ਕਦੇ ਪਿਆਰ ਵਿੱਚ ਸਨ।
ਪਰ ਉਨ੍ਹਾਂ ਦਾ ਰਿਸ਼ਤਾ ਉਦੋਂ ਵਿਗੜਨਾ ਸ਼ੁਰੂ ਹੋ ਗਿਆ ਜਦੋਂ ਵੇਤਰੀਮਾਰਨ ਨੇ ਦੇਖਿਆ ਕਿ ਨੰਦਿਨੀ ਹੁਣ ਉਸ ਤੋਂ ਦੂਰੀ ਬਣਾ ਰਹੀ ਹੈ ਅਤੇ ਹੋਰ ਲੋਕਾਂ ਦੇ ਨੇੜੇ ਹੋ ਰਹੀ ਹੈ।
ਪੁਲਿਸ ਮੁਤਾਬਕ ਧੋਖਾ ਖਾਣ ਦੇ ਡਰ ਅਤੇ ਈਰਖਾ ਕਾਰਨ ਵੇਤਰੀਮਾਰਨ ਨੇ ਨੰਦਨੀ ਦੀ ਜਾਨ ਲੈਣ ਦੀ ਯੋਜਨਾ ਬਣਾਈ।
ਨੰਦਿਨੀ ਦੇ ਜਨਮਦਿਨ ਦੇ ਬਹਾਨੇ ਵੇਤਰੀਮਾਰਨ ਉਸ ਨੂੰ ਇਕ ਸੁੰਨਸਾਨ ਇਲਾਕੇ ਵਿਚ ਲੈ ਗਿਆ। ਉਸ ਨੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਅਤੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ।
ਉਨ੍ਹਾਂ ਨੇ ਪਹਿਲਾਂ ਨੰਦਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਫਿਰ ਉਸ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਵੇਤਰੀਮਾਰਨ ਨੂੰ ਹਿਰਾਸਤ 'ਚ ਲੈ ਕੇ ਉਸ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਔਰਤਾਂ ਦੀ ਸੁਰੱਖਿਆ 'ਤੇ ਉੱਠ ਰਹੇ ਹਨ ਸਵਾਲ
ਇਸ ਦੁਖਦਾਈ ਘਟਨਾ ਨੇ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਵੱਲੋਂ ਕਿਸੇ ਨੂੰ ਨਕਾਰਨ ਤੋਂ ਬਾਅਦ ਹੋਣ ਵਾਲੀ ਹਿੰਸਾ ਬਾਰੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਨਾਰੀਵਾਦੀ ਖੋਜ ਮਾਹਿਰ ਨਿਵੇਦਿਤਾ ਲੁਈਸ ਦਾ ਮੰਨਣਾ ਹੈ, "ਪਿੱਤਾ ਪੁਰਖੀ ਮਾਨਸਿਕਤਾ ਵਿੱਚ, ਔਰਤਾਂ ਨੂੰ ਆਪਣੀਆਂ ਇੱਛਾਵਾਂ ਨੂੰ ਪ੍ਰਗਟ ਕਰਨ ਅਤੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਨ ਲਈ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਅਕਸਰ ਹਿੰਸਕ ਪ੍ਰਤੀਕਰਮਾਂ ਤੱਕ ਪਹੁੰਚ ਜਾਂਦੀਆਂ ਹਨ।"
ਨਿਵੇਦਿਤਾ ਲੁਈਸ ਦੱਸਦੀ ਹੈ ਕਿ ਔਰਤਾਂ ਨੂੰ ਜਦੋਂ-ਜਦੋਂ ਆਰਥਿਕ ਅਜ਼ਾਦੀ ਅਤੇ ਆਪਣੀਆਂ ਇੱਛਾਵਾਂ ਨੂੰ ਪ੍ਰਗਟ ਕਰਨ ਦੀ ਹਿੰਮਤ ਮਿਲਦੀ ਹੈ, ਤਾਂ ਉਦੋਂ-ਉਦੋਂ ਪਿਤਾ-ਪੁਰਖੀ ਪ੍ਰਣਾਲੀ ਲਈ ਸੱਟ ਬਣ ਜਾਂਦੀ ਹੈ।
ਉਹ ਕਹਿੰਦੀ ਹੈ, "ਦਬਦਬਾ ਕਾਇਮ ਰੱਖਣ ਲਈ ਪੁਰਸ਼ ਸਮਾਜ ਦੇ ਅੰਦਰ ਬਦਲਾਅ ਦੀ ਪ੍ਰਤੀਕਿਰਿਆ ਵਿੱਚ ਹਿੰਸਾ ਦਾ ਸਹਾਰਾ ਲੈ ਸਕਦੇ ਹਨ।"
"ਨੰਦਿਨੀ ਅਤੇ ਵੇਤਰੀਮਾਰਨ ਨਾਲ ਜੁੜੀ ਘਟਨਾ ਦੁਖਦਾਈ ਤੌਰ 'ਤੇ ਜ਼ਹਿਰੀਲੇ ਮਰਦਾਨਗੀ ਦੇ ਨਤੀਜਿਆਂ ਅਤੇ ਇੱਕਪਾਸੜ ਪਿਆਰ ਦੇ ਕਾਲੇ ਪੱਖ ਦੀ ਉਦਾਹਰਨ ਨੂੰ ਦਿਖਾਉਂਦੀ ਹੈ।"