‘ਹੁਣ ਡੱਬ ’ਚ ਹਥਿਆਰ ਰੱਖਣ ਦਾ ਟ੍ਰੈਂਡ ਬਣ ਗਿਆ ਤੇ ਹਰ ਦੂਜੇ ਗਾਣੇ ’ਚ ਅਫ਼ੀਮ ਦਾ ਜ਼ਿਕਰ ਹੈ’

‘ਹੁਣ ਡੱਬ ’ਚ ਹਥਿਆਰ ਰੱਖਣ ਦਾ ਟ੍ਰੈਂਡ ਬਣ ਗਿਆ ਤੇ ਹਰ ਦੂਜੇ ਗਾਣੇ ’ਚ ਅਫ਼ੀਮ ਦਾ ਜ਼ਿਕਰ ਹੈ’
ਪ੍ਰਕਾਸ਼ਿਤ

ਮਨਿੰਦਰ ਬੁੱਟਰ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਨਾਮੀ ਚਿਹਰਾ ਹਨ, ਉਨ੍ਹਾਂ ਨੂੰ ਬਤੌਰ ਗਾਇਕ ਅਤੇ ਗੀਤਕਾਰ ਜਾਣਿਆ ਜਾਂਦਾ ਹੈ।

ਪੰਜਾਬ ਦੇ ਜਗਰਾਓਂ ਜ਼ਿਲ੍ਹੇ ਨਾਲ ਤਾਲੁਕ ਰੱਖਣ ਵਾਲੇ ਮਨਿੰਦਰ ਨੇ ਪਹਿਲੀ ਵਾਰ ਛੋਟੀ ਉਮਰੇ ਸਕੂਲ ਵਿੱਚ ਗੀਤ ਗਾਇਆ ਸੀ। ਇਹ ਉਹੀ ਸਕੂਲ ਸੀ ਜਿਸ ਵਿੱਚ ਮਨਿੰਦਰ ਦੀ ਮਾਂ ਪੜ੍ਹਾਉਂਦੇ ਸਨ।

ਲੰਘੇ ਲਗਭਗ ਇੱਕ ਦਹਾਕੇ ਤੋਂ ਪੰਜਾਬੀ ਮਨੋਰੰਜਨ ਜਗਤ ਵਿੱਚ ਸਰਗਰਮ ਮਨਿੰਦਰ ਨੇ ਕਈ ਗੀਤ ਗਾਏ ਹਨ ਜੋ ਕਾਫ਼ੀ ਮਕਬੂਲ ਹੋਏ ਹਨ।

ਉਨ੍ਹਾਂ ਦੇ ਗਾਏ ਪੰਜਾਬੀ ਗੀਤ ‘ਸਖੀਆਂ’ ਦੀ ਮਕਬੂਲੀਅਤ ਨੂੰ ਹਿੰਦੀ ਸਿਨੇਮਾ ਨੇ ਵੀ ਕੈਸ਼ ਕੀਤਾ ਅਤੇ ਇਹ ਗੀਤ ਅਦਾਕਾਰ ਅਕਸ਼ੇ ਕੁਮਾਰ ਦੀ ਹਿੰਦੀ ਫ਼ਿਲਮ ‘ਬੈੱਲ ਬੋਟਮ’ ਵਿੱਚ ਰੀਮੇਕ ਹੋ ਕੇ ਆਇਆ ਸੀ।

ਮਨਿੰਦਰ ਦੱਸਦੇ ਹਨ ਕਿ ਇਸ ਸੰਦਰਭ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਬਤੌਰ ਕਲਾਕਾਰ ਵੀ ਦਾਇਰਾ ਵਧਿਆ।

ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਉਨ੍ਹਾਂ ਦੇ ਗੀਤ ਆ ਚੁੱਕੇ ਹਨ। ਹਾਲਾਂਕਿ ਫ਼ਿਲਮਾਂ ਵਿੱਚ ਬਤੌਰ ਅਦਾਕਾਰ ਆਉਣ ਬਾਰੇ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਸ ਕੰਮ ਲਈ ਅਜੇ ਤਿਆਰ ਨਹੀਂ ਹਨ। ਮਨਿੰਦਰ ਮੁਤਾਬਕ ਉਨ੍ਹਾਂ ਨੂੰ ਕਈ ਫ਼ਿਲਮਾਂ ਦੇ ਆਫ਼ਰ ਵੀ ਹਨ ਪਰ ਅਜੇ ਇਸ ਲਈ ਸਮਾਂ ਸਟੀਕ ਨਹੀਂ ਹੈ।

ਪੰਜਾਬ ਐਂਟਰਟੇਨਮੈਂਟ ਇੰਡਸਟਰੀ ਦੀ ਤ੍ਰਾਸਦੀ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ ਕੁਝ ਲੋਕਾਂ ਕੋਲ ਕੰਮ ਹੀ ਕੰਮ ਹੈ ਅਤੇ ਕਈਆਂ ਕੋਲ ਕੰਮ ਨਹੀਂ ਹੈ।

ਹਾਲ ਹੀ ਵਿੱਚ ਪੰਜਾਬ ਸਰਕਾਰ ਦੀਆਂ ਆਈਆਂ ਹਦਾਇਤਾਂ ਮੁਤਾਬਕ ਹਿੰਸਾ ਅਤੇ ਹਥਿਆਰਾਂ ਦੀ ਸ਼ਲਾਘਾ ਕਰਦੇ ਗੀਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਮਨਿੰਦਰ ਕਹਿੰਦੇ ਹਨ ਕਿ ਇਹ ਰੁਝਾਨ ਇੰਡਸਟਰੀ ਵਿੱਚ ਕਾਫ਼ੀ ਵਧਿਆ ਹੈ ਅਤੇ ਇਸ ਦੇ ਨਾਲ ਹੀ ਮਨਿੰਦਰ ਇਹ ਵੀ ਕਹਿੰਦੇ ਹਨ ਕਿ ਹੁਣ ਤਾਂ ਹਰ ਦੂਜੇ ਗਾਣੇ ਵਿੱਚ ਅਫ਼ੀਮ ਦਾ ਜ਼ਿਕਰ ਹੁੰਦਾ ਹੈ।

ਬੀਬੀਸੀ ਪੰਜਾਬੀ ਨਾਲ ਇਸ ਖ਼ਾਸ ਗੱਲਬਾਤ ਦੌਰਾਨ ਮਨਿੰਦਰ ਬੁੱਟਰ ਨੇ ਆਪਣੇ ਸਫ਼ਰ, ਪੰਜਾਬੀ ਮਨੋਰੰਜਨ ਇੰਡਸਟਰੀ ਦੇ ਮੌਜੂਦਾ ਹਾਲ, ਗੀਤਾਂ ਵਿੱਚ ਨਸ਼ੇ ਅਤੇ ਹਥਿਆਰਾਂ ਦੇ ਜ਼ਿਕਰ ਤੋਂ ਇਲਾਵਾ ਫ਼ਿਲਮਾਂ ਅਤੇ ਹੋਰ ਪਹਿਲੂਆਂ ਬਾਰੇ ਆਪਣੇ ਵਿਚਾਰ ਰੱਖੇ ਹਨ।

(ਰਿਪੋਰਟ – ਸੁਨੀਲ ਕਟਾਰੀਆ,  ਸ਼ੂਟ – ਰਾਜਨ ਪਪਨੇਜਾ, ਦੇਵੇਸ਼ ਸਿੰਘ,  ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)