ਟਵਿੱਟਰ ਨੇ ਬਲੂ ਟਿਕ ਲਈ ਪੈਸੇ ਦੇਣ ਦੇ ਫੈਸਲੇ 'ਤੇ ਲਗਾਈ ਰੋਕ, ਇਹ ਹੈ ਕਾਰਨ

ਤਸਵੀਰ ਸਰੋਤ, Getty Images
ਟਵਿੱਟਰ ਨੇ ਬਲੂ ਟਿਕ ਦੇ ਲਈ 8 ਡਾਲਰ ਦੇ ਸਬਸਕ੍ਰਿਪਸ਼ਨ ਨੂੰ ਸ਼ੁੱਕਰਵਾਰ ਨੂੰ ਰੋਕ ਦਿੱਤਾ ਹੈ। ਇਲੋਨ ਮਸਕ ਵੱਲੋਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵੱਡੇ ਬਦਲਾਅ ਦਾ ਇੱਕ ਫੈਸਲਾ ਕੰਪਨੀ ਨੇ ਵਾਪਸ ਲੈ ਲਿਆ ਹੈ।
ਇਲੋਨ ਮਸਕ ਨੇ ਬਲੂ ਟਿਕ ਲਈ ਭੁਗਤਾਨ ਕਰਨ ਦਾ ਇੱਕ ਨਵਾਂ ਨਿਯਮ ਬਣਾਇਆ ਸੀ ਪਰ ਫਿਲਹਾਲ ਇਸ 'ਤੇ ਰੋਕ ਲਗਾ ਦਿੱਤੀ ਗਈ ਹੈ।
ਬਲੂ ਟਿਕ ਸਬਸਕ੍ਰਿਪਸ਼ਨ ਲਾਗੂ ਹੋਣ ਤੋਂ ਬਾਅਦ ਤੋਂ ਹੀ ਕਈ ਵੱਡੇ ਬ੍ਰਾਂਡਾਂ ਦੇ ਫ਼ਰਜ਼ੀ ਖਾਤੇ ਬਣ ਗਏ ਸਨ ਅਤੇ ਉਨ੍ਹਾਂ ਨੂੰ ਵੀ ਬਲੂ ਟਿਕ ਮਿਲ ਗਈ ਸੀ। ਜਿਸ ਨਾਲ ਉਹ ਕੰਪਨੀ ਦੇ ਅਸਲ ਖ਼ਾਤੇ ਹੋਣ ਦਾ ਭਰਮ ਦਿੰਦੇ ਸਨ।
ਅਜਿਹੇ ਹੀ ਇੱਕ ਮਾਮਲੇ ਵਿੱਚ ਏਲੀ ਲਿਲੀ ਨਾਮ ਦੀ ਇੱਕ ਕੰਪਨੀ ਦਾ ਫ਼ਰਜ਼ੀ ਖਾਤਾ ਬਣਾਇਆ ਗਿਆ ਸੀ ਜਿਸ ਤੋਂ ਟਵੀਟ ਕੀਤਾ ਗਿਆ, 'ਇੰਸੂਲਿਨ ਮੁਫ਼ਤ'।
ਇਸ ਬਾਰੇ ਟਵਿੱਟਰ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ, ਪਰ ਕੰਪਨੀ ਏਲੀ ਲਿਲੀ ਨੇ ਟਵੀਟ ਕੀਤਾ ਕਿ ''ਅਸੀਂ ਉਨ੍ਹਾਂ ਤੋਂ ਮੁਆਫ਼ੀ ਮੰਗਦੇ ਹਾਂ ਜਿਨ੍ਹਾਂ ਨੂੰ ਫ਼ਰਜ਼ੀ ਲਿਲੀ ਅਕਾਊਂਟ ਤੋਂ ਗਲਤ ਸੰਦੇਸ਼ ਮਿਲਿਆ ਹੈ।''

ਤਸਵੀਰ ਸਰੋਤ, Getty Images
ਵਧ ਗਈਆਂ ਹਨ ਚਿੰਤਾਵਾਂ
ਇਸ ਘਟਨਾ ਨਾਲ ਇਹ ਚਿੰਤਾਵਾਂ ਵਧ ਗਈਆਂ ਹਨ ਕਿ ਟਵਿੱਟਰ ਰਾਹੀਂ ਗ਼ਲਤ ਸੂਚਨਾਵਾਂ ਫੈਲਾਉਣ ਦੇ ਮਾਮਲੇ ਵਧ ਸਕਦੇ ਹਨ।
ਇਸ ਘਟਨਾ ਤੋਂ ਬਾਅਦ ਹੀ ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ 4 ਫੀਸਦ ਤੱਕ ਡਿੱਗ ਗਏ।
ਅਮਰੀਕਾ ਅਧਾਰਿਤ ਪੀਆਰ ਰਣਨੀਤੀਕਾਰ ਮੈਕਸ ਬਰਨਜ਼ ਨੇ ਦੱਸਿਆ ਕਿ ਉਨ੍ਹਾਂ ਨੇ ਅਸਲ ਏਅਰਲਾਈਨਜ਼ ਦੇ ਬਲੂ ਟਿਕ ਵਾਲੇ ਫ਼ਰਜ਼ੀ ਖਾਤੇ ਦੇਖੇ ਹਨ ਜਿਹੜੇ ਉਪਭੋਗਤਾਵਾਂ ਨਾਲ ਸੰਪਰਕ ਕਰ ਰਹੇ ਹਨ।
ਉਨ੍ਹਾਂ ਕਿਹਾ, ''ਜੇ ਕੋਈ ਅਸਲ ਯਾਤਰੀ ਦੀ ਟਿਕਟ ਦੀ ਜਾਣਕਾਰੀ ਲੈ ਕੇ ਉਸ ਦੀ ਫਲਾਈਟ ਰੱਦ ਕਰ ਦਿੰਦਾ ਹੈ ਜਾਂ ਉਨ੍ਹਾਂ ਦੇ ਕਰੈਡਿਟ ਕਾਰਡ ਦੀ ਜਾਣਕਾਰੀ ਲੈ ਕੇ ਪੈਸੇ ਖ਼ਰਚ ਕਰ ਦੇਵੇ? ਸਿਰਫ਼ ਇੱਕ ਵੱਡੀ ਘਟਨਾ ਵੀ ਕਾਫ਼ੀ ਹੋਵੇਗੀ ਅਤੇ ਉਪਭੋਗਤਾਵਾਂ ਨਾਲ ਸੰਪਰਕ ਦੇ ਲਈ ਟਵਿੱਟਰ ਦਾ ਇਸਤੇਮਾਲ ਕਰ ਰਹੀਆਂ ਸਾਰੀਆਂ ਏਅਰਲਾਈਨਜ਼ ਇਸ ਦਾ ਇਸਤੇਮਾਲ ਛੱਡ ਦੇਣਗੀਆਂ।''

- ਟਵਿੱਟਰ ਨੇ ਬਲੂ ਟਿੱਕ ਲਈ ਪੈਸੇ ਦੇਣ ਦੇ ਫੈਸਲੇ 'ਤੇ ਫਿਲਹਾਲ ਲਈ ਰੋਕ ਲਗਾ ਦਿੱਤੀ ਹੈ
- ਇਲੋਨ ਮਸਕ ਨੇ ਪਿਛਲੇ ਮਹੀਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿੱਟਰ ਨੂੰ ਖਰੀਦਿਆ ਹੈ
- ਜਿਸ ਤੋਂ ਬਾਅਦ ਉਨ੍ਹਾਂ ਨੇ ਬਲੂ ਟਿਕ ਲਈ ਲਗਭਗ 8 ਡਾਲਰ ਦਾ ਭੁਗਤਾਨ ਕਰਨ ਦਾ ਨਵਾਂ ਨਿਯਮ ਬਣਾਇਆ ਸੀ
- ਪਰ ਬਲੂ ਟਿਕ ਸਬਸਕ੍ਰਿਪਸ਼ਨ ਲਾਗੂ ਹੋਣ ਤੋਂ ਬਾਅਦ ਤੋਂ ਹੀ ਕਈ ਵੱਡੇ ਬ੍ਰਾਂਡਾਂ ਦੇ ਫ਼ਰਜ਼ੀ ਖਾਤੇ ਬਣ ਗਏ ਸਨ
- ਇਹ ਚਿੰਤਾਵਾਂ ਵਧ ਗਈਆਂ ਹਨ ਕਿ ਟਵਿੱਟਰ ਰਾਹੀਂ ਗਲਤ ਸੂਚਨਾਵਾਂ ਫੈਲਾਉਣ ਦੇ ਮਾਮਲੇ ਵਧ ਸਕਦੇ ਹਨ

ਇਲੋਨ ਮਸਕ ਨੇ ਪਿਛਲੇ ਮਹੀਨੇ 44 ਅਰਬ ਡਾਲਰ ਵਿੱਚ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿੱਟਰ ਨੂੰ ਖਰੀਦਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਵਿੱਚ ਕਈ ਬਦਲਾਅ ਕੀਤੇ ਹਨ।
ਟਵਿੱਟਰ ਤੋਂ ਲਗਭਗ 700 ਲੋਕਾਂ ਨੂੰ ਕੱਢਿਆ ਜਾ ਚੁੱਕਿਆ ਹੈ, ਜੋ ਕਿ ਕੰਪਨੀ ਦੇ ਅੱਧੇ ਸਟਾਫ ਦੇ ਬਰਾਬਰ ਸੀ।
ਕਰਮਚਾਰੀਆਂ ਨੂੰ ਪਹਿਲਾਂ ਉਨ੍ਹਾਂ ਦੀ ਈਮੇਲ 'ਤੇ ਚੇਤਾਵਨੀ ਦਿੱਤੀ ਗਈ ਸੀ, "ਅੱਗੇ ਦਾ ਰਸਤਾ ਮੁਸ਼ਕਿਲ ਹੈ ਅਤੇ ਸਫਲਤਾ ਲਈ ਜੀਅ ਤੋੜ ਮਿਹਨਤ ਦੀ ਲੋੜ ਹੋਵੇਗੀ। ਇਸ ਅਹਿਮ ਸਬਸਕ੍ਰਿਪਸ਼ਨ ਰੈਵੇਨਿਊ ਤੋਂ ਬਿਨਾਂ, ਇਸ ਆਰਥਿਕ ਮੰਦੀ ਵਿੱਚ ਟਵਿੱਟਰ ਦਾ ਟਿਕੇ ਰਹਿਣਾ ਮੁਸ਼ਕਲ ਹੋਵੇਗਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਡਿਜੀਟਲ ਇਸ਼ਤਿਹਾਰ ਬਾਜ਼ਾਰ 'ਚ ਗਿਰਾਵਟ ਕਾਰਨ ਕੰਪਨੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਕੰਪਨੀ ਦੀ ਦਿਸ਼ਾ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ, ਵੱਡੇ ਬ੍ਰਾਂਡਾਂ ਅਤੇ ਮਾਰਕੀਟਿੰਗ ਫਰਮਾਂ ਨੇ ਇਸ 'ਤੇ ਖਰਚ ਕਰਨਾ ਬੰਦ ਕਰ ਦਿੱਤਾ ਹੈ।
ਟਵਿੱਟਰ ਬਲੂ ਸਬਸਕ੍ਰਿਪਸ਼ਨ ਸੇਵਾ ਵਿੱਚ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 7.99 ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਲੂ ਟਿਕ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ ਸੀ।
ਟਵਿੱਟਰ ਦੇ ਇਸ ਕਦਮ ਨਾਲ ਫਰਜ਼ੀ ਖਾਤਿਆਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਟਵਿੱਟਰ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਸ ਨੇ ਅਜਿਹੇ ਵੱਡੇ ਬਦਲਾਅ ਕੀਤੇ ਹਨ।
ਮਾਰਕੀਟਿੰਗ ਕੰਪਨੀ ਐਮਐਮਏ ਗਲੋਬਲ ਦੇ ਪ੍ਰਧਾਨ ਲੂ ਪਾਸਕਲੀ ਨੇ ਟਵਿੱਟਰ 'ਤੇ ਲਿਖਿਆ ਕਿ ਇਲੋਨ ਮਸਕ ਨੂੰ ਨਵਾਂ ਮੁੱਖ ਕਾਰਜਕਾਰੀ (ਚੀਫ਼ ਐਗਜ਼ੀਕਿਊਟਿਵ) ਰੱਖਣ ਦੀ ਅਤੇ ਕੰਪਨੀ ਦੇ ਕੰਮਾਂ ਤੋਂ ਦੂਰ ਰਹਿਣ ਦੀ ਲੋੜ ਹੈ।
ਉਨ੍ਹਾਂ ਲਿਖਿਆ, "ਇਹ ਸਪੱਸ਼ਟ ਹੈ ਕਿ ਟਵਿੱਟਰ ਚਲਾਉਣ ਦੇ ਯੋਗ ਹੋਣਾ ਤੁਹਾਡੀਆਂ ਹੋਰ ਬਹੁਤ ਸਾਰੀਆਂ ਪ੍ਰਤਿਭਾਵਾਂ ਵਿੱਚੋਂ ਨਹੀਂ ਹੈ।"
ਇਲੋਨ ਮਸਕ ਨੇ ਇਹ ਵੀ ਕਿਹਾ ਹੈ ਕਿ ਬਿਨਾਂ ਕਿਸੇ ਸਪੱਸ਼ਟੀਕਰਨ ਦੇ ਟਵਿੱਟਰ 'ਤੇ ਬਣਾਏ ਗਏ ਪੈਰੋਡੀ ਖਾਤਿਆਂ(ਕਿਸੇ ਦਾ ਮਖੌਲ ਉਡਾਉਣ ਲਈ ਬਣਾਏ ਗਏ ਖਾਤੇ) ਨੂੰ ਬਿਨਾਂ ਕਿਸੇ ਚਿਤਾਵਨੀ ਦੇ ਪੱਕੇ ਤੌਰ 'ਤੇ ਬੰਦ ਕਰ ਦਿੱਤਾ ਜਾਵੇਗਾ।
ਨਿਨਟੇਂਡੋ ਅਤੇ ਬੀਪੀ ਵਰਗੇ ਕਈ ਫਰਜ਼ੀ ਬ੍ਰਾਂਡਾਂ ਦੇ ਖਾਤੇ ਵੀ ਬੰਦ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ:
ਸੁਰੱਖਿਆ ਕਰਮਚਾਰੀਆਂ ਦੀਆਂ ਨੌਕਰੀਆਂ ਗਈਆਂ
ਟਵਿੱਟਰ 'ਚ ਪ੍ਰਾਇਵੇਸੀ ਅਤੇ ਸੁਰੱਖਿਆ ਸਬੰਧੀ ਜ਼ਿੰਮੇਵਾਰੀਆਂ ਨੂੰ ਸੰਭਾਲਣ ਵਾਲੇ ਕਈ ਕਰਮਚਾਰੀਆਂ ਨੂੰ ਆਪਣੀਆਂ ਨੌਕਰੀਆਂ ਛੱਡਣੀਆਂ ਪਈਆਂ ਹਨ।
ਇਸ ਦੇ ਮੱਦੇਨਜ਼ਰ, ਯੂਐੱਸ ਫੈਡਰਲ ਟਰੇਡ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਬਹੁਤ ਚਿੰਤਾ ਨਾਲ ਟਵਿੱਟਰ 'ਤੇ ਨਜ਼ਰ ਰੱਖ ਰਿਹਾ ਹੈ।
ਕੰਪਨੀ ਦੇ ਟਰੱਸਟ ਅਤੇ ਸੁਰੱਖਿਆ ਮੁਖੀ ਯੋਲ ਰੋਥ ਨੇ ਅਸਤੀਫਾ ਦੇਣ ਤੋਂ ਇੱਕ ਦਿਨ ਪਹਿਲਾਂ ਹੀ ਇਸ਼ਤਿਹਾਰ ਦੇਣ ਵਾਲਿਆਂ ਲਈ ਇਲੋਨ ਮਸਕ ਦੀ ਕੰਟੈਂਟ ਮਾਡਰੇਸ਼ਨ ਨੀਤੀ ਦਾ ਬਚਾਅ ਕੀਤਾ ਸੀ।
ਇਸ ਤੋਂ ਬਾਅਦ ਵੀਰਵਾਰ ਨੂੰ ਯੋਲ ਰੋਥ ਨੇ ਟਵਿੱਟਰ 'ਤੇ ਆਪਣੇ ਬਾਇਓ 'ਚ ਲਿਖਿਆ, 'ਟਵਿੱਟਰ 'ਤੇ ਟਰੱਸਟ ਐਂਡ ਸੇਫਟੀ ਦੇ ਸਾਬਕਾ ਮੁਖੀ'।
ਇਲੋਨ ਮਸਕ ਦੁਆਰਾ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ, ਯੋਲ ਰੋਥ ਟਵਿੱਟਰ ਦੇ ਕੰਟੈਂਟ ਮਾਡਰੇਸ਼ਨ ਦਾ ਮੁੱਖ ਚਿਹਰਾ ਬਣ ਗਏ ਸਨ।
ਮਸਕ ਨੇ ਆਪ ਵੀ ਨੁਕਸਾਨਦੇਹ ਗਲਤ ਜਾਣਕਾਰੀ ਅਤੇ ਨਫ਼ਰਤ ਭਰੇ ਭਾਸ਼ਣ ਨਾਲ ਲੜਨ ਲਈ ਟਵਿੱਟਰ ਦੇ ਯਤਨਾਂ ਦਾ ਬਚਾਅ ਕਰਨ ਲਈ ਯੋਲ ਰੋਥ ਦੀ ਪ੍ਰਸ਼ੰਸਾ ਕੀਤੀ ਸੀ।

ਤਸਵੀਰ ਸਰੋਤ, Getty Images
ਤਕਨੀਕ ਐਡੀਟਰ ਜ਼ੋ ਕਲਾਇਨਮੈਨ ਦਾ ਵਿਸ਼ਲੇਸ਼ਣ
ਮੈਂ ਸੁਣਿਆ ਹੈ ਕਿ ਟਵਿੱਟਰ ਆਪਣੀ ਮੌਜੂਦਾ ਸਥਿਤੀ ਵਿੱਚ ਇੱਕ ਅਜਿਹੇ ਹਵਾਈ ਜਹਾਜ਼ ਵਰਗਾ ਹੈ ਜੋ ਬਿਨਾਂ ਪਾਇਲਟ ਦੇ ਅੱਧ ਵਿਚਕਾਰ ਉੱਡ ਰਿਹਾ ਹੈ।
ਟਰੱਸਟ ਅਤੇ ਸੁਰੱਖਿਆ ਦੇ ਮੁਖੀ, ਮੁੱਖ ਸੂਚਨਾ ਸੁਰੱਖਿਆ ਅਫਸਰ ਅਤੇ ਦੋਵੇਂ ਚੀਫ਼ ਪ੍ਰਾਈਵੇਸੀ ਮੁਖੀ ਅਤੇ ਕੰਪਲਾਇੰਸ ਅਫਸਰਾਂ ਦਾ ਅਚਾਨਕ ਚਲੇ ਜਾਣਾ ਇੱਕ ਨਾਟਕੀ ਤਬਦੀਲੀ ਹੈ।
ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਕਦੋਂ ਆਵੇਗਾ। ਕੰਪਨੀ ਵਿੱਚ ਅਸਥਿਰਤਾ ਬਣੀ ਹੋਈ ਹੈ ਅਤੇ ਨੌਕਰੀਆਂ ਵਿੱਚ ਵੱਡੀ ਕਟੌਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਸੁਰੱਖਿਆ ਦੇ ਨਜ਼ਰੀਏ ਤੋਂ, ਸਾਰੇ ਪ੍ਰਮੁੱਖ ਪਲੇਟਫਾਰਮਾਂ ਦੀ ਤਰ੍ਹਾਂ ਟਵਿੱਟਰ ਵੀ ਦੁਨੀਆਂ ਭਰ ਦੇ ਹੈਕਰਾਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ।
ਇਸਦਾ ਮਤਲਬ ਹੈ ਕਿ ਟਵਿੱਟਰ ਇਸ ਤੋਂ ਆਪਣਾ ਧਿਆਨ ਨਹੀਂ ਹਟਾ ਸਕਦਾ ਤੇ ਇਸ ਦੇ ਲਈ ਇਹ ਯਕੀਨੀ ਬਣਾਉਣਾ ਪਏਗਾ ਕਿ ਇਸ ਦਾ ਸਿਸਟਮ ਮਜ਼ਬੂਤ ਹੈ ਅਤੇ ਖ਼ਤਰਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਉਪਭੋਗਤਾਵਾਂ ਦੀ ਨਿੱਜਤਾ ਦੇ ਦ੍ਰਿਸ਼ਟੀਕੋਣ ਤੋਂ ਇਹ ਦੱਸਣ ਦੀ ਜ਼ਰੂਰਤ ਹੈ ਕਿ ਇਹ ਕਿੰਨਾ ਅਹਿਮ ਹੈ। ਇਸ ਵਿਚਕਾਰ ਅਮਰੀਕੀ ਏਜੰਸੀਆਂ ਵੀ ਇਸ ਪੂਰੇ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।
ਇਸ ਦੇ ਨਾਲ ਹੀ ਇਲੋਨ ਮਸਕ ਦਾ ਕਹਿਣਾ ਹੈ ਕਿ ਉਪਭੋਗਤਾਵਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਪਲੇਟਫਾਰਮ ਵਿੱਚ ਰੁਚੀ, ਹੁਣ ਤੱਕ ਦੀ ਸਭ ਤੋਂ ਵੱਧ ਹੈ। ਹਾਲਾਂਕਿ, ਇਹ ਸਾਬਤ ਕਰਨ ਲਈ ਸਾਡੇ ਕੋਲ ਸਿਰਫ਼ ਉਨ੍ਹਾਂ ਦੇ ਸ਼ਬਦ ਹੀ ਹਨ।
ਮੈਂ ਦੇਖ ਰਹੀ ਹਾਂ ਕਿ ਟਵਿੱਟਰ ਦੇ ਕਈ ਬਲੂ ਟਿਕ ਸਬਸਕ੍ਰਾਈਬਰਜ਼ ਨਵੀਂ 'ਬਲੂ ਟਿਕ' ਪ੍ਰਾਪਤ ਕਰਨ ਨਾਲ ਬਹੁਤ ਖੁਸ਼ ਹਨ। ਉਨ੍ਹਾਂ ਤੋਂ ਕੰਪਨੀ ਨੂੰ ਨਵੀਂ ਆਮਦਨ ਵੀ ਹੋ ਰਹੀ ਹੈ।
ਪਰ ਇਸ ਨਾਲ ਟਵਿੱਟਰ ਦੀ ਆਪਣੀ ਸਿਰਦਰਦੀ ਵਧ ਗਈ ਹੈ ਕਿਉਂਕਿ ਹੁਣ ਕੋਈ ਵੀ ਇਸ ਬਲੂ ਟਿਕ ਨੂੰ ਪ੍ਰਾਪਤ ਕਰ ਸਕਦਾ ਹੈ। ਜਦਕਿ ਹੁਣ ਤੱਕ ਇਹ ਨਿਸ਼ਾਨ ਕਿਸੇ ਦੇ ਅਸਲ ਖਾਤੇ ਦੀ ਪ੍ਰਮਾਣਿਕਤਾ ਵਜੋਂ ਵਰਤਿਆ ਜਾਂਦਾ ਸੀ।
ਇਲੋਨ ਮਸਕ ਨੇ ਇਹ ਵੀ ਕਿਹਾ ਹੈ ਕਿ ਕੰਪਨੀ ਦੇ ਦੀਵਾਲੀਆਪਨ ਦੇ ਸਵਾਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਸੀ, "ਟਵਿੱਟਰ ਇਸ ਸਮੇਂ ਇਸ ਵੱਲ ਜਾਂਦਾ ਜਾਪ ਰਿਹਾ ਹੈ, ਪਰ ਇਹ ਕਹਿਣਾ ਬਹੁਤ ਜਲਦੀ ਹੈ ਕਿ ਕੀ ਇਹ ਸਮੇਂ ਸਿਰ ਆਪਣੇ ਆਪ 'ਤੇ ਬ੍ਰੇਕ ਲਗਾ ਸਕਦਾ ਹੈ ਜਾਂ ਨਹੀਂ।"















