ਭਾਰਤ-ਸ਼੍ਰੀਲੰਕਾ ਟੀ 20 : ਸੂਰਿਆਕੁਮਾਰ ਯਾਦਵ ਨੇ 11 ਸਾਲ ਦੀ ਉ਼ਡੀਕ ਤੋਂ ਬਾਅਦ ਦਿਖਾਇਆ ਜਲਵਾ

ਤਸਵੀਰ ਸਰੋਤ, RANDY BROOKS
ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਖੇਡੀ ਜਾ ਰਹੀ ਟੀ20 ਸੀਰੀਜ਼ ਦਾ ਤੀਜਾ ਮੈਚ ਜਿੱਤ ਕੇ ਸੀਰੀਜ਼ ਕਬਜ਼ਾ ਲਈ ਹੈ ਪਰ ਇਸ ਜਿੱਤ ਤੋਂ ਵੀ ਜ਼ਿਆਦਾ ਚਰਚਾ ਜਿਨ੍ਹਾਂ ਦੀ ਹੋ ਰਹੀ ਹੈ, ਉਹ ਹਨ ਸੂਰਿਆਕੁਮਾਰ ਯਾਦਵ।
ਸੱਜੇ ਹੱਥ ਦੇ ਬੱਲੇਬਾਜ਼ ਸੂਰਿਆਕੁਮਾਰ ਨੇ ਸੀਰੀਜ਼ ਦੇ ਇਸ ਆਖ਼ਰੀ ਮੈਚ 'ਚ ਬਿਹਤਰੀਨ ਬੱਲੇਬਾਜ਼ੀ ਤੇ ਪ੍ਰਦਰਸ਼ਨ ਕਰਦੇ ਹੋਏ 51 ਗੇਂਦਾਂ 'ਤੇ ਨਾਬਾਦ 112 ਦੌੜਾਂ ਬਣਾਈਆਂ।
ਉਨ੍ਹਾਂ ਦੇ ਇਸ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੁੱਲ 228 ਦਾ ਮਜ਼ਬੂਤ ਟੀਚਾ ਖੜ੍ਹਾ ਕਰਨ 'ਚ ਕਾਮਯਾਬ ਹੋਈ, ਜਿਸ ਨੂੰ ਸ਼੍ਰੀਲੰਕਾ ਦੀ ਟੀਮ ਪੂਰਾ ਨਹੀਂ ਕਰ ਸਕੀ।
ਇਸ ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 17ਵੇਂ ਓਵਰ 'ਚ ਹੀ ਮਹਿਜ਼ 137 ਦੌੜਾਂ 'ਤੇ ਆਲ ਆਊਟ ਹੋ ਗਈ।
ਇਸ ਤਰ੍ਹਾਂ ਭਾਰਤੀ ਟੀਮ ਨੇ ਇਹ ਤੀਸਰਾ ਟੀ20, 91 ਦੌੜਾਂ ਨਾਲ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰ ਲਈ।
ਇਸ ਸੀਰੀਜ਼ ਦਾ ਪਹਿਲਾ ਮੈਚ ਵੀ ਭਾਰਤ ਦੀ ਹੀ ਝੋਲੀ ਆਇਆ ਸੀ, ਜਦਕਿ ਦੂਸਰੇ ਮੈਚ 'ਚ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।
ਖ਼ੈਰ, ਹੁਣ ਇੱਕ ਵਾਰ ਮੁੜ ਤੋਂ ਗੱਲ ਕਰਦੇ ਹਾਂ ਮੈਚ ਦੇ ਸਿਤਾਰੇ ਰਹੇ ਸੂਰਿਆਕੁਮਾਰ ਯਾਦਵ ਦੀ:

ਤਸਵੀਰ ਸਰੋਤ, Getty Images
ਟੀ20 'ਚ ਸਭ ਤੋਂ ਤੇਜ਼ ਸੈਂਕੜੇ ਵਾਲੇ ਦੂਜੇ ਬੱਲੇਬਾਜ਼
ਈਐੱਸਪੀਐੱਨ ਕ੍ਰਿਕਇੰਫ਼ੋ ਦੀ ਜਾਣਕਾਰੀ ਮੁਤਾਬਕ, ਇਸ ਮੈਚ 'ਚ ਨਾਬਾਦ ਸੈਂਕੜਾ ਜੜਨ ਤੋਂ ਬਾਅਦ ਸੂਰਿਆਕੁਮਾਰ ਯਾਦਵ, ਟੀ20 ਅੰਤਰਰਾਸ਼ਟਰੀ 'ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲੇ ਵਿਸ਼ਵ ਦੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ।
ਇਸ ਮਾਮਲੇ ਵਿੱਚ ਰੋਹਿਤ ਸ਼ਰਮਾ ਦਾ ਨਾਮ ਭਾਰਤੀ ਬੱਲੇਬਾਜਾਂ ਵਿੱਚ ਸਿਖ਼ਰ ਉੱਤੇ ਹੈ।
ਇਸ ਦੇ ਨਾਲ ਹੀ ਉਹ ਇਸ ਫਾਰਮੈਟ 'ਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੇ ਵੀ ਦੂਜੇ ਨੰਬਰ ਦੇ ਖਿਡਾਰੀ ਬਣ ਗਏ ਹਨ।
ਇੱਥੇ ਵੀ ਉਨ੍ਹਾਂ ਤੋਂ ਪਹਿਲਾਂ ਨੰਬਰ ਆਉਂਦਾ ਹੈ ਭਾਰਤ ਦੇ ਹੀ ਰੋਹਿਤ ਸ਼ਰਮਾ ਦਾ, ਜਿਨ੍ਹਾਂ ਨੇ 4 ਸੈਂਕੜੇ ਜੜੇ ਹਨ।
ਜਦਕਿ ਤੀਜੇ ਨੰਬਰ 'ਤੇ ਤਿੰਨ-ਤਿੰਨ ਸੈਕੜਿਆਂ ਨਾਲ ਆਸਟ੍ਰੇਲੀਆ ਦੇ ਗਲੇਨ ਮੈਕਸਵੈਲ, ਨਿਊਜ਼ੀਲੈਂਡ ਦੇ ਕੋਲਿਨ ਮੁਨਰੋ ਅਤੇ ਚੈਕ ਰਿਪਬਲਿਕ ਦੇ ਸਾਬਾਵੂਨ ਡਾਵਿਜ਼ੀ ਹਨ।
ਯਾਦਵ ਨੇ ਆਪਣੇ ਤਿੰਨੇ ਸੈਂਕੜੇ 50 ਗੇਂਦਾਂ ਤੋਂ ਵੀ ਘੱਟ ਗੇਂਦਾਂ 'ਚ ਪੂਰੇ ਕੀਤੇ ਹਨ।
ਉਨ੍ਹਾਂ ਦਾ ਪਹਿਲਾ ਸੈਂਕੜਾ 2022 'ਚ ਇੰਗਲੈਂਡ ਖ਼ਿਲਾਫ਼ ਸੀ (48 ਗੇਂਦਾਂ 'ਚ 100 ਦੌੜਾਂ) ਤੇ ਦੂਜਾ ਸੈਂਕੜਾ ਨਿਊਜ਼ੀਲੈਂਡ ਖ਼ਿਲਾਫ਼ ਸੀ (49 ਗੇਂਦਾਂ 'ਚ 100 ਦੌੜਾਂ)।
ਆਪਣਾ ਹਾਲੀਆ ਸੈਂਕੜਾ ਵੀ ਉਨ੍ਹਾਂ ਨੇ ਮਹਿਜ਼ 45 ਗੇਂਦਾਂ ਵਿੱਚ ਹੀ ਪੂਰਾ ਕਰ ਲਿਆ।

ਤਸਵੀਰ ਸਰੋਤ, Hannah Peters/Getty Images)
ਬੀਬੀਸੀ ਪੱਤਰਕਾਰ ਪਰਾਗ ਪਾਠਕ ਨੇ ਟੀ20 ਵਿਸ਼ਵ ਕੱਪ 2022 ਦੇ ਸਮੇਂ ਸੂਰਿਆਕੁਮਾਰ ਯਾਦਵ ਦੇ ਪ੍ਰਦਰਸ਼ਨ ਨੂੰ ਲੈ ਕੇ ਤੇ ਉਨ੍ਹਾਂ ਦੇ ਕ੍ਰਿਕਟ ਸਫ਼ਰ ਬਾਰੇ ਇੱਕ ਲੇਖ ਲਿਖਿਆ ਸੀ। ਉਸ ਲੇਖ ਦੀ ਮਦਦ ਰਾਹੀਂ ਜਾਣਦੇ ਹਾਂ ਭਾਰਤੀ ਟੀਮ ਦੇ ਇਸ ਬਿਹਤਰਨ ਖਿਡਾਰੀ ਬਾਰੇ:

- ਭਾਰਤ-ਸ਼੍ਰੀਲੰਕਾ ਟੀ20 ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਭਾਰਤ ਨੇ 91 ਦੌੜਾਂ ਨਾਲ ਜਿੱਤਿਆ
- 51 ਗੇਂਦਾਂ 'ਚ ਨਾਬਾਦ 112 ਦੌੜਾਂ ਬਣਾਉਣ ਵਾਲੇ ਸੂਰਿਆਕੁਮਾਰ ਯਾਦਵ ਚਮਕੇ
- ਇਸ ਪਾਰੀ 'ਚ ਉਨ੍ਹਾਂ 9 ਛੱਕੇ ਅਤੇ 7 ਚੌਕੇ ਜੜੇ ਤੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਮੈਨ ਆਫ਼ ਦੀ ਮੈਚ ਚੁਣਿਆ ਗਿਆ
- ਇਸ ਦੇ ਨਾਲ ਹੀ ਯਾਦਵ ਹੁਣ ਤੱਕ ਟੀ20 ਅੰਤਰਰਾਰਾਸ਼ਟਰੀ 'ਚ ਸਭ ਤੋਂ ਵੱਧ (3) ਸੈਂਕੜੇ ਬਣਾਉਣ ਵਾਲੇ ਦੂਜੇ ਖਿਡਾਰੀ ਬਣੇ
- ਉਨ੍ਹਾਂ ਨੇ ਟੀ20 ਅੰਤਰਰਾਰਾਸ਼ਟਰੀ ਆਪਣੇ ਤਿੰਨੇ ਸੈਂਕੜੇ 50 ਤੋਂ ਘੱਟ ਗੇਂਦਾਂ ਵਿੱਚ ਬਣਾਏ ਹਨ
- ਇਸ ਤੋਂ ਪਹਿਲਾਂ ਉਨ੍ਹਾਂ ਨੇ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਸੈਂਕੜੇ ਬਣਾਏ ਹਨ

11 ਸਾਲ ਦਾ ਇੰਤਜ਼ਾਰ, ਫਿਰ ਮਿਲਿਆ ਟੀਮ 'ਚ ਮੌਕਾ
ਇਸ ਸਮੇਂ ਭਾਰਤੀ ਟੀਮ ਦੇ ਸੁਪਰਹਿੱਟ ਬੱਲੇਬਾਜ਼ ਮੰਨੇ ਜਾ ਰਹੇ ਸੂਰਿਆਕੁਮਾਰ ਯਾਦਵ ਨੂੰ ਇੱਥੋਂ ਤੱਕ ਪਹੁੰਚਣ ਲਈ ਲੰਮਾ ਇੰਤਜ਼ਾਰ ਕਰਨਾ ਪਿਆ ਹੈ।
ਉਨ੍ਹਾਂ ਨੇ ਫਸਟ ਕਲਾਸ ਕ੍ਰਿਕਟ ਦੀ ਸ਼ੁਰੂਆਤ ਦਸੰਬਰ 2010 'ਚ ਕੀਤੀ ਜਦਕਿ ਭਾਰਤੀ ਟੀਮ ਲਈ ਖੇਡਣ ਦਾ ਮੌਕਾ ਉਨ੍ਹਾਂ ਨੂੰ ਮਾਰਚ 2021 'ਚ ਜਾ ਕੇ ਮਿਲਿਆ।
ਪਰ ਇਸ ਮੌਕੇ ਦਾ ਉਨ੍ਹਾਂ ਨੇ ਪੂਰਾ ਲਾਭ ਲਿਆ ਅਤੇ ਡੇਢ ਸਾਲ ਦੇ ਅੰਦਰ ਹੀ ਉਹ ਟੀ20 ਦੀ ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਹਨ।
ਯਾਦਵ ਨੂੰ ਭਾਵੇਂ ਕੇਕੇਆਰ ਤੋਂ ਮੁੰਬਈ ਇੰਡੀਅਨਜ਼ 'ਚ ਲਿਆਉਣਾ ਹੋਵੇ ਜਾਂ ਭਾਰਤੀ ਟੀਮ 'ਚ ਮੌਕੇ ਦੇਣਾ ਹੋਵੇ, ਇਸ ਸਭ 'ਚ ਰੋਹਿਤ ਸ਼ਰਮਾ ਦਾ ਖਾਸ ਯੋਗਦਾਨ ਰਿਹਾ ਹੈ।
ਯਾਦਵ ਆਪ ਮੀਡੀਆ ਦੇ ਸਾਹਮਣੇ ਕਹਿ ਚੁੱਕੇ ਹਨ ਕਿ 'ਜਦੋਂ ਮੈਂ ਰਣਜੀ ਦੀ ਸ਼ੁਰੂਆਤ ਕੀਤੀ, ਰੋਹਿਤ ਬੱਲੇਬਾਜ਼ੀ ਕਰ ਰਹੇ ਸਨ। ਉਦੋਂ ਤੋਂ ਹੁਣ ਤੱਕ ਉਨ੍ਹਾਂ ਦਾ ਹਮੇਸ਼ਾ ਸਾਥ ਦਿੱਤਾ ਹੈ।'

ਤਸਵੀਰ ਸਰੋਤ, Getty Images
ਡੇਬਿਊ ਮੈਚ 'ਚ ਦੀ ਛੱਕੇ ਨਾਲ ਸ਼ੁਰੂਆਤ
ਹਾਲਾਂਕਿ, ਸੂਰਿਆਕੁਮਾਰ ਯਾਦਵ ਨੂੰ ਆਪਣੇ ਪਹਿਲੇ ਮੈਚ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਪਰ ਉਨ੍ਹਾਂ ਨੇ ਦੂਜੇ ਮੈਚ, ਜਿਸ ਨੂੰ ਅਸਲ 'ਚ ਉਨ੍ਹਾਂ ਦਾ ਪਹਿਲਾ ਮੈਚ ਕਿਹਾ ਜਾ ਸਕਦਾ ਹੈ, ਵਿੱਚ ਕੁਝ ਅਜਿਹਾ ਕੀਤਾ ਕਿ ਕ੍ਰਿਕਟ ਪ੍ਰੇਮੀਆਂ ਤੋਂ ਮਾਹਰਾਂ ਤੱਕ ਸਾਰੇ ਹੈਰਾਨ ਰਹਿ ਗਏ।
ਦਰਅਸਲ, ਉਸ ਵੇਲੇ ਇੰਗਲੈਂਡ ਦੇ ਜ਼ੋਫ਼ਰਾ ਆਰਚਰ ਗੇਂਦਬਾਜ਼ੀ ਕਰ ਰਹੇ ਸਨ, ਜਿਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ।
ਪਹਿਲਾਂ ਆਰਚਰ ਦੀ ਗੇਂਦ 'ਤੇ ਓਪਨਰ ਬੱਲੇਬਾਜ਼ ਰਾਹੁਲ ਸ਼ਰਮਾ ਆਊਟ ਹੋਏ ਤੇ ਫਿਰ ਯਾਦਵ ਕ੍ਰੀਜ਼ 'ਤੇ ਆਏ ਤੇ ਆਉਂਦੇ ਹੀ ਯਾਦਵ ਨੇ ਆਰਚਰ ਦੀ ਪਹਿਲੀ ਹੀ ਗੇਂਦ 'ਤੇ ਛੱਕਾ ਜੜ ਦਿੱਤਾ।
ਉਨ੍ਹਾਂ ਦੇ ਇਸ ਸ਼ਾਟ ਲਈ ਉਨ੍ਹਾਂ ਨੂੰ ਖਾਸੀ ਪ੍ਰਸ਼ੰਸਾ ਮਿਲੀ।

ਤਸਵੀਰ ਸਰੋਤ, HANNAH PETERS, GETTY
ਆਈਪੀਐੱਲ ਵਿੱਚ ਵੀ ਚੰਗਾ ਰਿਹਾ ਪ੍ਰਦਰਸ਼ਨ
ਸੂਰਿਆ ਆਈਪੀਐੱਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਲਈ ਖੇਡੇ।
ਆਈਪੀਐੱਲ 'ਚ ਉਨ੍ਹਾਂ ਨੂੰ ਵੱਖ-ਵੱਂਖ ਥਾਵਾਂ 'ਤੇ ਖੇਡਣ ਦੇ ਮੌਕੇ ਮਿਲਦੇ ਰਹੇ।
ਆਈਪੀਐੱਲ 'ਚ ਪਹਿਲੀ ਵਾਰ ਯਾਦਵ ਨੂੰ ਉਸ ਵੇਲੇ ਖੇਡਣ ਦਾ ਮੌਕਾ ਮਿਲਿਆ ਜਦੋਂ ਅਪ੍ਰੈਲ 2012 'ਚ ਮੁੰਬਈ ਟੀਮ ਵੱਲੋਂ ਖੇਡ ਰਹੇ ਸਚਿਨ ਤੇਂਦੁਲਕਰ ਮੈਚ ਨਹੀਂ ਖੇਡ ਸਕੇ ਸਨ ਅਤੇ ਉਨ੍ਹਾਂ ਦੀ ਥਾਂ ਯਾਦਵ ਨੂੰ ਖੇਡਣ ਦਾ ਮੌਕਾ ਮਿਲਿਆ ਸੀ।
ਹਾਲਾਂਕਿ ਉਸ ਵੇਲੇ ਯਾਦਵ ਕੁਝ ਖਾਸ ਚੰਗਾ ਨਹੀਂ ਖੇਡ ਸਕੇ ਸਨ।
ਉਸ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਉਸ ਵੇਲੇ ਸਚਿਨ ਨੇ ਆਪ ਉਨ੍ਹਾਂ ਨੂੰ ਆਪਣੇ ਨਾਲ ਵਾਲੇ ਪਾਸੇ ਬੈਠਣ ਲਈ ਕਿਹਾ ਸੀ ਤੇ ਉਹ ਉਦੋਂ ਤੋਂ ਉੱਥੇ ਹੀ ਬੈਠੇ ਹਨ।

ਇਹ ਵੀ ਪੜ੍ਹੋ:

ਇੰਝ ਮਿਲਿਆ 'ਸਕਾਈ' ਨਾਮ
ਆਈਪੀਐੱਲ 'ਚ ਖੇਡਣ ਦੇ ਦੌਰਾਨ ਹੀ ਉਨ੍ਹਾਂ ਦਾ ਨਾਮ 'ਸਕਾਈ' ਪੈ ਗਿਆ।
ਦਰਅਸਲ, ਜਿਸ ਵੇਲੇ ਯਾਦਵ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡ ਰਹੇ ਸਨ, ਟੀਮ ਦੇ ਕਪਤਾਨ ਗੌਤਮ ਗੰਭੀਰ ਉਨ੍ਹਾਂ ਨੂੰ ਅਕਸਰ ਹੀ ਸਕਾਈ ਕਹਿ ਕੇ ਬੁਲਾਉਂਦੇ ਸਨ।
ਜਦੋਂ ਸੂਰਿਆਕੁਮਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਗੰਭੀਰ ਨੇ ਉਨ੍ਹਾਂ ਨੂੰ ਇਸ ਨਾਮ ਨਾਲ ਕਿਉਂ ਬੁਲਾਉਂਦੇ ਹਨ ਤਾਂ ਗੰਭੀਰ ਨੇ ਦੱਸਿਆ ਕਿ ਜੇ ਸੂਰਿਆਕੁਮਾਰ ਯਾਦਵ ਨਾਮ ਦੇ ਪਹਿਲੇ ਤਿੰਨ ਅੱਖਰਾਂ (ਐੱਸ-ਸੂਰਿਆ, ਕੇ-ਕੁਮਾਰ, ਵਾਈ-ਯਾਦਵ) ਨੂੰ ਜੋੜ ਦਿੱਤਾ ਜਾਵੇ ਤਾਂ 'ਸਕਾਈ' ਸ਼ਬਦ ਬਣ ਜਾਂਦਾ ਹੈ।

ਤਸਵੀਰ ਸਰੋਤ, THE INDIA TODAY GROUP
ਪਰਿਵਾਰ ਨੇ ਦਿੱਤਾ ਸਾਥ
ਸੂਰਿਆਕੁਮਾਰ ਯਾਦਵ ਦੇ ਪਰਿਵਾਰ 'ਚ ਉਨ੍ਹਾਂ ਦੇ ਪਤਨੀ, ਮਾਤਾ-ਪਿਤਾ ਅਤੇ ਭੈਣ ਹਨ। ਉਨ੍ਹਾਂ ਦੇ ਪਿਤਾ ਭਾਭਾ ਪਰਮਾਣੂ ਰਿਸਰਚ ਕੇਂਦਰ 'ਚ ਕਰਮਚਾਰੀ ਹਨ।
ਯਾਦਵ ਦੇ ਪਰਿਵਾਰ ਨੇ ਹਮੇਸ਼ਾ ਕ੍ਰਿਕਟ ਖੇਡਣ ਦੇ ਉਨ੍ਹਾਂ ਦੇ ਸੁਪਨੇ ਦਾ ਸਮਰਥਨ ਕੀਤਾ ਤੇ ਫਿਰ ਉਨ੍ਹਾਂ ਨੇ ਮੁੰਬਈ ਕ੍ਰਿਕੇਟ ਐਸੋਸੀਏਸ਼ਨ ਦੇ ਅੰਡਰ-15 ਤੇ ਅੰਡਰ-17 ਟੂਰਨਾਮੈਂਟ ਖੇਡਣੇ ਸ਼ੁਰੂ ਕਰ ਦਿੱਤੇ।
ਆਖਿਰਕਾਰ, ਮੁਹੱਲੇ 'ਚ ਟੈਨਿਸ ਬਾਲ ਵਾਲੀਆਂ ਨਿੱਕੀਆਂ-ਨਿੱਕੀਆਂ ਕ੍ਰਿਕਟ ਪ੍ਰਤੀਯੋਗਤਾਵਾਂ ਖੇਡਣ ਵਾਲੇ ਯਾਦਵ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਰਹੇ ਹਨ।
ਜਿਸ ਵੇਲੇ ਯਾਦਵ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦੀ ਤਿਆਰੀ ਤੇ ਇੰਤਜ਼ਾਰ 'ਚ ਸਨ, ਉਨ੍ਹਾਂ ਦੇ ਪਿਤਾ ਅਕਸਰ ਉਨ੍ਹਾਂ ਨੂੰ ਸਬਰ ਰੱਖਣ ਲਈ ਕਹਿੰਦੇ ਸਨ।
ਮੁੰਬਈ ਇੰਡੀਅਨਜ਼ ਨਾਲ ਖੇਡਣ ਦੌਰਾਨ, ਉਨ੍ਹਾਂ ਦੀ ਪਤਨੀ ਦੇਵੀਸ਼ਾ ਨੇ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ 'ਚ ਵੱਡਾ ਯੋਗਦਾਨ ਪਾਇਆ।
ਦੇਵੀਸ਼ਾ ਨੇ ਉਨ੍ਹਾਂ ਨੂੰ ਆਪਣੀ ਫਿਟਨੈਸ, ਬੈਟਿੰਗ, ਕੋਚਿੰਗ ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ, ਉਨ੍ਹਾਂ ਦੀਆਂ ਦੇਰ ਰਾਤ ਤੱਕ ਚੱਲਣ ਵਾਲੀਆਂ ਪਾਰਟੀਆਂ ਬੰਦ ਕਰਵਾਈਆਂ ਤੇ ਕੁਝ ਹੀ ਸਮੇਂ ਬਾਅਦ ਇਸ ਦਾ ਨਤੀਜਾ ਵੀ ਸਭ ਦੇ ਸਾਹਮਣੇ ਆ ਗਿਆ।

ਤਸਵੀਰ ਸਰੋਤ, @surya_14kumar
ਆਸਟ੍ਰੇਲੀਆ ਦਾ ਇਹ ਖਿਡਾਰੀ ਰਿਹਾ ਪ੍ਰੇਰਣਾ
ਸੂਰਿਆ ਕੁਮਾਰ ਜਿਸ ਵੇਲੇ ਭਾਰਤੀ ਟੀਮ 'ਚ ਥਾਂ ਬਣਾਉਣ ਲਈ ਕੜੀ ਮਿਹਨਤ ਕਰ ਰਹੇ ਸਨ, ਉਸ ਵੇਲੇ ਉਹ ਆਸਟ੍ਰੇਲੀਆ ਦੇ ਬਿਹਤਰੀਨ ਖਿਡਾਰੀ ਮਾਇਕ ਹਸੀ ਤੋਂ ਖਾਸੇ ਪ੍ਰਭਾਵਿਤ ਸਨ।
ਦਰਅਸਲ, ਮਾਇਕ ਹਸੀ ਦੀ ਕਹਾਣੀ ਵੀ ਸੂਰਿਆਕੁਮਾਰ ਯਾਦਵ ਵਰਗੀ ਹੀ ਰਹੀ ਹੈ।
ਹਸੀ ਨੂੰ ਵੀ ਆਸਟ੍ਰੇਲੀਆ ਟੀਮ 'ਚ ਖੇਡਣ ਲਈ 10 ਸਾਲ ਦਾ ਇੰਤਜ਼ਾਰ ਕਰਨਾ ਪਿਆ ਸੀ ਕਿਉਂਕਿ ਉਸ ਵੇਲੇ ਟੀਮ 'ਚ ਪਹਿਲਾਂ ਤੋਂ ਕਈ ਦਿੱਗਜ ਮੌਜੂਦ ਸਨ।
ਹਸੀ ਵਾਂਗ ਹੀ ਸੂਰਿਆਕੁਮਾਰ ਨੂੰ ਕੌਮੀ ਟੀਮ ਲਈ ਖੇਡਣ ਦਾ ਮੌਕਾ ਆਪਣੇ 30ਵਿਆਂ ਵਿੱਚ ਮਿਲਿਆ, ਜੋ ਕਿ ਖੇਡ ਜਗਤ ਵਿੱਚ ਕੋਈ ਸਾਧਾਰਨ ਗੱਲ ਨਹੀਂ ਹੈ।















