ਦਲਜੀਤ ਕੌਰ: ਧਰਮਿੰਦਰ, ਗੁਰਦਾਸ ਮਾਨ ਨਾਲ ਕੰਮ ਕਰਨ ਵਾਲੀ ਅਦਾਕਾਰਾ ਦਾ ਗੁੰਮਨਾਮ ਅੰਤ

ਵੀਡੀਓ ਕੈਪਸ਼ਨ, ਦਲਜੀਤ ਕੌਰ: ਧਰਮਿੰਦਰ, ਗੁਰਦਾਸ ਮਾਨ ਨਾਲ ਕੰਮ ਕਰਨ ਵਾਲੀ ਅਦਾਕਾਰਾ ਦਾ ਗੁੰਮਨਾਮ ਅੰਤ
    • ਲੇਖਕ, ਮਨਦੀਪ ਸਿੰਘ ਸਿੱਧੂ
    • ਰੋਲ, ਬੀਬੀਸੀ ਲਈ
  • ਪ੍ਰਕਾਸ਼ਿਤ

ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ, ਜਿਨ੍ਹਾਂ ਨੇ 80ਵੇਂ ਦਹਾਕੇ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ, ਨੇ ਲੰਬੀ ਬਿਮਾਰੀ ਤੋਂ ਬਾਅਦ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

ਅੱਸੀ ਨੱਬੇ ਦਾ ਦਹਾਕਾ ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ’ਤੇ ਲੈ ਜਾਣ ਦਾ ਦੌਰ ਸੀ। ਇਸ ਦੌਰ ਵਿੱਚ ਆਪਣੀ ਛਾਪ ਛੱਡਣ ਵਾਲੀਆਂ ਅਦਾਕਾਰਾਵਾਂ ਵਿੱਚ ਦਲਜੀਤ ਕੌਰ ਸ਼ੁਮਾਰ ਸਨ।

ਉਨ੍ਹਾਂ ਨੇ ਪੰਜਾਬੀ ਦੇ ਨਾਲ-ਨਾਲ ਕਈ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਪਰਿਵਾਰਕ ਪਿਛੋਕੜ

ਦਲਜੀਤ ਕੌਰ ਉਰਫ਼ ਦਲਜੀਤ ਕੌਰ ਖੰਗੂੜਾ ਦੀ ਪੈਦਾਇਸ਼ ਮਾਰਚ 1953 ਵਿੱਚ ਪੱਛਮੀ ਬੰਗਾਲ ਦੇ ਸ਼ਹਿਰ ਸਿਲੀਗੁੜੀ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਈ।

ਦਲਜੀਤ ਕੌਰ ਦਾ ਪਿਛਲਾ ਪਿੰਡ ਐਤੀਆਣਾ (ਕਸਬਾ ਸੁਧਾਰ), ਜ਼ਿਲ੍ਹਾ ਲੁਧਿਆਣਾ ਸੀ। ਉਨ੍ਹਾਂ ਦੇ ਪਿਤਾ ਦਾਰਜਲਿੰਗ ਦੇ ਬਹੁਤ ਵੱਡੇ ਕਾਰੋਬਾਰੀ ਸਨ।

ਦਲਜੀਤ ਨੇ ਕਾਨਵੈਂਟ ਸਕੂਲ ਦਾਰਜੀਲਿੰਗ ਤੋਂ ਸਕੂਲੀ ਪੜ੍ਹਾਈ ਮੁਕੰਮਲ ਕੀਤੀ ਅਤੇ ਦਿੱਲੀ ਦੇ ਲੇਡੀ ਸ੍ਰੀਰਾਮ ਕਾਲਜ ਤੋਂ ਗਰੈਜੂਏਸ਼ਨ ਕੀਤੀ।

ਸਕੂਲ ਟਾਈਮ ਤੋਂ ਹੀ ਖੇਡਾਂ ਤੇ ਅਦਾਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਦਲਜੀਤ ਕੌਰ ਨੇ ਪੂਨਾ ਇੰਸਟੀਚਿਊਟ ਆਫ਼ ਫ਼ਿਲਮ ਸਟੱਡੀਜ਼ ਤੋਂ ਐਕਟਿੰਗ ਦਾ ਡਿਪਲੋਮਾ ਕੀਤਾ।

ਅਦਾਕਾਰਾ ਦਲਜੀਤ ਕੌਰ

  • ਦਲਜੀਤ ਕੌਰ ਦਾ ਜਨਮ 1953 ਵਿਚ ਪੱਛਮੀ ਬੰਗਾਲ ਦੇ ਸ਼ਹਿਰ ਸਿਲੀਗੁੜੀ ਵਿੱਚ ਹੋਇਆ
  • 1976 ਵਿੱਚ ਪੰਜਾਬੀ ਫ਼ਿਲਮ ‘ਦਾਜ’ ਤੋਂ ਪੰਜਾਬੀ ਫ਼ਿਲਮ ਤੋਂ ਅਦਾਕਾਰੀ ਦਾ ਸਫ਼ਰ ਸ਼ੁਰੂ ਕੀਤਾ
  • ਗੁਰਦਾਸ ਮਾਨ ਤੇ ਵਰਿੰਦਰ ਗੁਗੂ ਗਿੱਲ ਵਰਗੇ ਕਲਾਕਾਰ ਨਾਲ ਕੀਤਾ ਕੰਮ
  • ਹਿੰਦੀ ਫ਼ਿਲਮਾਂ ਵਿੱਚ ਸਫ਼ਲਤਾ ਹਾਸਲ ਨਾ ਕਰ ਸਕੇ
  • ਪਤੀ ਦੀ ਮੌਤ ਤੋਂ ਬਾਅਦ ਲੰਬੀ ਬਿਮਾਰੀ ਨਾਲ ਜੂਝਦਿਆਂ ਹੋਈ 69 ਸਾਲ ਦੀ ਉਮਰ ਵਿੱਚ ਹੋਈ ਮੌਤ

ਅਦਾਕਾਰੀ ਦੀ ਸ਼ੁਰੂਆਤ

ਦਲਜੀਤ ਕੌਰ ਨੂੰ ਪੰਜਾਬੀ ਫ਼ਿਲਮਾਂ ’ਚ ਇੰਦਰਜੀਤ ਸਿੰਘ ਹਸਨਪੁਰੀ ਲੈ ਕੇ ਆਏ।

ਜਦੋਂ ਇੰਦਰਜੀਤ ਹਸਨਪੁਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਸ ਦੇ ਬੈਨਰ ਹੇਠ ਧਰਮ ਕੁਮਾਰ ਦੀ ਨਿਰਦੇਸ਼ਨ ਵਿੱਚ ਪੰਜਾਬੀ ਫ਼ਿਲਮ ‘ਦਾਜ’ (1976) ਬਣਾਈ ਤਾਂ ਦਲਜੀਤ ਕੌਰ ਨੂੰ ਨਵੀਂ ਅਦਾਕਾਰਾ ਵਜੋਂ ਸ਼ੁਰੂਆਤ ਕਰਵਾਈ।

ਦਲਜੀਤ ਕੌਰ

ਤਸਵੀਰ ਸਰੋਤ, MANDEEP SINGH SIDHU

ਫ਼ਿਲਮਸਾਜ਼ ਤੇ ਗੀਤਕਾਰ ਹਸਨਪੁਰੀ ਦੀ ਦਾਜ ਪ੍ਰਥਾ ’ਤੇ ਆਧਾਰਿਤ ਇਸ ਫ਼ਿਲਮ ਵਿੱਚ ਦਲਜੀਤ ਕੌਰ ਨੇ ਚਰਚਿਤ ਅਦਾਕਾਰ ਮਨਮੋਹਨ ਕ੍ਰਿਸ਼ਨ (ਚੌਧਰੀ) ਦੀ ਧੀ ‘ਲਾਜੋ’ ਦਾ ਕਿਰਦਾਰ ਨਿਭਾਇਆ।

ਇਸ ਵਿੱਚ ਦਲਜੀਤ ਕੌਰ ਨਾਲ ਧੀਰਕ ਕੁਮਾਰ ਨੇ ਸਹਿ-ਅਦਾਕਾਰ ਵਜੋਂ ਭੂਮਿਕਾ ਨਿਭਾਈ।

ਐੱਸ. ਮੋਹਿੰਦਰ ਦੇ ਪੁਰਅਸਰ ਸੰਗੀਤ ਵਿੱਚ ਦਲਜੀਤ ਕੌਰ ਤੇ ਧੀਰਜ ਕੁਮਾਰ ’ਤੇ ਫ਼ਿਲਮਾਏ ਗੀਤ ‘ਮੈਨੂੰ ਦੇ ਕੇ ਟਕੇ ਦਾ ਛੱਲਾ’ ‘ਨੀ ਕੁੜੀਏ ਤੂੰ ਪਿਆਰ ਨਾ ਪਾਵੀਂ’ (ਨਰਿੰਦਰ ਬੀਬਾ, ਮੀਨੂੰ ਪ੍ਰਸ਼ੋਤਮ), ‘ਸੋਹਣਿਓ ਮੱਖਣੋ ਮਲਾਈ ਦੇ ਡੋਨਿਓ ਤੇ ਖੋਏ ਦੇ ਪੇੜਿਓ’ (ਮੁਹੰਮਦ ਰਫ਼ੀ, ਨਰਿੰਦਰ ਬੀਬਾ) ਤੇ ਭੰਗੜਾ ਗੀਤ ‘ਓ ਗੋਰੇ ਰੰਗ ਨੇ ਸਦਾ ਨਈਓ ਰਹਿਣਾ’ (ਮਹਿੰਦਰ ਕਪੂਰ, ਸ਼ਮਸ਼ਾਦ ਬੇਗਮ) ਨੇ ਹੱਦ ਦਰਜਾ ਮਕਬੂਲੀਅਤ ਹਾਸਿਲ ਕੀਤੀ।

BBC

ਇਹ ਵੀ ਪੜ੍ਹੋ-

BBC

ਧਰਮਿੰਦਰ ਨਾਲ ਕੀਤੀ ਅਦਾਕਾਰੀ ਤੇ ਹਿੰਦੀ ਫ਼ਿਲਮਾਂ ਦਾ ਸਫ਼ਰ

ਦਲਜੀਤ ਕੌਰ ਦੀ ਪਹਿਲੀ ਫ਼ਿਲਮ ਹਿੰਦੀ ਵਿੱਚ ਵੀ ਡੱਬ ਕੀਤੀ ਗਈ।

ਹਿੰਦੀ ਵਿੱਚ ਇਹ ਫ਼ਿਲਮ ਲੁਧਿਆਣਾ ਫ਼ਿਲਮਸ, ਬੰਬਈ ਦੇ ਬੈਨਰ ਹੇਠ ‘ਦਹੇਜ’ (1981) ਦੇ ਸਿਰਲੇਖ ਹੇਠ ਡੱਬ ਹੋਈ। ਦਲਜੀਤ ਕੌਰ ਦੀ ਦੂਜੀ ਪੰਜਾਬੀ ਫ਼ਿਲਮ ਅਮਰ ਫ਼ਿਲਮਸ, ਬੰਬੇ ਦੀ ਬੀ. ਐੱਸ. ਸ਼ਾਦ (ਬੂਟਾ ਸਿੰਘ ਸ਼ਾਦ) ਦੀ ਕਹਾਣੀ ਤੇ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗਿੱਧਾ’ (1978) ਸੀ।

ਇਸ ਫ਼ਿਲਮ ਵਿੱਚ ਦਲਜੀਤ ਕੌਰ ਨੇ ਧਰਮਿੰਦਰ ਨਾਲ ਅਦਾਕਾਰੀ ਕੀਤੀ।

ਇਹ ਫ਼ਿਲਮ ਹਿੰਦੀ ਵਿੱਚ ‘ਜ਼ਖ਼ਮੀ ਦਿਲ’ ਸਿਰਲੇਖ ਹੇਠ ਡੱਬ ਕੀਤੀ ਗਈ।

ਵਰਿੰਦਰ ਵਲੋਂ ਬਣਾਈ ਗਈ ਫ਼ਿਮਲ ‘ਬਟਵਾਰਾ’ (1983) ਵਿੱਚ ਦਲਜੀਤ ਕੌਰ ਨੂੰ ਮੁੱਖ ਭੂਮਿਕਾ ਮਿਲੀ।

ਦਲਜੀਤ ਕੌਰ

ਤਸਵੀਰ ਸਰੋਤ, GURDAS MAAN/INSTAGRAM

ਤਸਵੀਰ ਕੈਪਸ਼ਨ, ਗਾਇਕ ਤੇ ਅਦਾਕਾਰ ਗੁਰਦਾਸ ਮਾਨ

ਗੁਰਦਾਸ ਮਾਨ ਨਾਲ ਫ਼ਿਲਮਾਂ

ਦਲਜੀਤ ਕੌਰ ਅਸੀਵਿਆਂ ਵਿੱਚ ਗੁਰਦਾਸ ਮਾਨ ਦੀ ਮਕਬੂਲ ਫ਼ਿਲਮ ‘ਮਾਮਲਾ ਗੜਬੜ ਹੈ’ ਵਿੱਚ ਇੱਕ ਵੱਖਰੇ ਕਿਰਦਾਰ ਵਿੱਚ ਨਜ਼ਰ ਆਏ। ਉਨ੍ਹਾਂ ਨੇ ਇੱਕ ਨਵੇਂ ਜ਼ਮਾਨੇ ਦੀ ਹਾਂਮੀ ਭਰਦੀ ਕੁੜੀ ‘ਕਿੱਟੀ’ ਦਾ ਕਿਰਦਾਰ  ਨਿਭਾਇਆ।

ਦਲਜੀਤ ਕੌਰ ਤੇ ਗੁਰਦਾਸ ਮਾਨ ’ਤੇ ਫ਼ਿਲਮਾਏ ਗੀਤ ‘ਦਿਲ ਦਾ ਮਾਮਲਾ ਹੈ’ ਜਿਸ ਨੂੰ ਸਵਿਤਾ ਸਾਥੀ ਤੇ ਗੁਰਦਾਸ ਮਾਨ ਵਲੋਂ ਹੀ ਗਾਇਆ ਗਿਆ ਸੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।

ਉਨ੍ਹਾਂ ਨੇ ਗੁਰਦਾਸ ਮਾਨ ਦੀ ਫ਼ਿਲਮ ‘ਕੀ ਬਣੂੰ ਦੁਨੀਆ ਦਾ’ ਵਿੱਚ ਵੀ ਭੂਮਿਕਾ ਨਿਭਾਈ।

ਉਨ੍ਹਾਂ ਨੇ ਵਰਿੰਦਰ ਨਾਲ ਵੀ ਫ਼ਿਲਮਾਂ ਕੀਤੀਆਂ। ਅਦਾਕਾਰ ਵਰਿੰਦਰ ਨਾਲ ਉਨ੍ਹਾਂ ਦੀ ਫ਼ਿਲਮ ‘ਵੈਰੀ ਜੱਟ’ ਵਿੱਚ ਦੋਵਾਂ ਨੂੰ ਜੋੜੀ ਵਜੋਂ ਪਸੰਦ ਕੀਤਾ ਗਿਆ।

ਦਲਜੀਤ ਕੌਰ

ਤਸਵੀਰ ਸਰੋਤ, SATISH KAUL

ਤਸਵੀਰ ਕੈਪਸ਼ਨ, ਮਰਹੂਮ ਅਦਾਕਾਰ ਸਤੀਸ਼ ਕੌਲ

90ਵੇਂ ਦਹਾਕੇ ਵਿੱਚ ਅਦਾਕਾਰੀ ਦੀਆਂ ਸਿਖ਼ਰਾਂ ਨੂੰ ਛੂਹਿਆ

90 ਦੇ ਦਹਾਕੇ ਵਿੱਚ ਦਲਜੀਤ ਕੌਰ ਦੀ ਪੰਜਾਬੀ ਫ਼ਿਲਮਾਂ ਵਿੱਚ ਸ਼ਮੂਲੀਅਤ ਵਧੀ। ਇਸ ਦਹਾਕੇ ਦੀਆਂ ਮਕਬੂਲ ਹੋਈਆਂ ਵੱਡੀ ਗਿਣਤੀ ਫ਼ਿਲਮਾਂ ਵਿੱਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।

ਰਵਿੰਦਰ ਰਵੀ ਨਿਰਦੇਸ਼ਿਤ ਐਕਸ਼ਨ ਫ਼ਿਲਮ ‘ਅਣਖ ਜੱਟਾਂ ਦੀ’ (1990) ਵਿੱਚ ਦਲਜੀਤ ਕੌਰ ਪਹਿਲੀ ਵਾਰ ਗੁੱਗੂ ਗਿੱਲ ਦੇ ਸਨਮੁੱਖ ‘ਮੁੱਖੋ’ ਦਾ ਕਿਰਦਾਰ ਨਿਭਾ ਰਹੇ ਸਨ।

‘ਜੱਟ ਦਾ ਗੰਡਾਸਾ’ ਫ਼ਿਮਲ ਵਿੱਚ ਦਲਜੀਤ ਕੌਰ ਤੇ ਸਤੀਸ਼ ਕੌਲ ਦੀ ਜੋੜੀ ਨੂੰ ਲੋਕਾਂ ਵਲੋਂ ਪਸੰਦ ਕੀਤਾ ਗਿਆ।

90 ਦੇ ਦਹਾਕੇ ਤੋਂ ਬਾਅਦ ਦਲਜੀਤ ਕੌਰ ਨੇ ਪੰਜਾਬੀ ਫ਼ਿਲਮਾਂ ਵਿੱਚ ਸਿਰਫ਼ ਚਰਿੱਤਰ ਕਿਰਦਾਰ ਹੀ ਨਿਭਾਏ।

ਜਿਨ੍ਹਾਂ ਵਿਚ ‘ਮਾਹੌਲ ਠੀਕ ਹੈ’ (1999) ‘ਜੀ ਆਇਆਂ ਨੂੰ’ (2002), ‘ਸੱਜਣਾ ਵੇ ਸੱਜਣਾ’ (2007), ‘ਹੀਰ ਰਾਂਝਾ ਏ ਟਰੂ ਲਵ ਸਟੋਰੀ’ (2009), ‘ਸਿੰਘ ਵਰਸਿਸ ਕੌਰ’, ‘ਪੰਜਾਬ ਬੋਲਦਾ’ (2013),  ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’, ‘ਦਿਲ ਪਰਦੇਸੀ ਹੋ ਗਿਆ’ (2013) ਆਦਿ ਤੋਂ ਇਲਾਵਾ ਆਖ਼ਰੀ ਪੰਜਾਬੀ ਫ਼ਿਲਮ ‘ਦੇਸੀ ਮੁੰਡੇ’ (2014) ਦੇ ਨਾਮ ਖ਼ਾਸ ਹਨ।

ਦਲਜੀਤ ਕੌਰ

ਤਸਵੀਰ ਸਰੋਤ, MANDEEP SINGH SIDHU

ਤਸਵੀਰ ਕੈਪਸ਼ਨ, ਦਲਜੀਤ ਕੌਰ ਤੇ ਧੀਰਜ ਕੁਮਾਰ ਨੇ ਕੀ ਫ਼ਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ

ਹਿੰਦੀ ਫ਼ਿਲਮਾਂ ਵਿੱਚ ਪਰਵਾਨ ਨਾ ਚੜਨਾ

ਪੰਜਾਬੀ ਫ਼ਿਲਮਾਂ ਤੋਂ ਇਲਾਵਾ ਦਲਜੀਤ ਕੌਰ ਨੇ ਹਿੰਦੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਪਰ ਜੋ ਮਕਬੂਲੀਅਤ ਉਨ੍ਹਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਕੇ ਹਾਸਿਲ ਹੋਈ ਸੀ, ਉਹ ਉੱਥੇ ਨਾ ਮਿਲੀ।

ਦਲਜੀਤ ਕੌਰ ਦੀ ਬਤੌਰ ਅਦਾਕਾਰਾ ਪਹਿਲੀ ਹਿੰਦੀ ਫਿਲਮ ‘ਯਾਰੀ ਦੁਸ਼ਮਣੀ’ ਸੀ। ਇਹ ਫ਼ਿਲਮ 1980 ਵਿੱਚ ਰੀਲੀਜ਼ ਹੋਈ।

ਇਸ ਤੋਂ ਬਾਅਦ ‘ਧਨ ਦੌਲਤ’, ‘ਪਾਂਚ ਕੈਦੀ’, ‘ਵਿਦੇਸ਼’ ‘ਅੰਮ੍ਰਿਤ’, ‘ਕਬਰਿਸਤਾਨ’, ‘ਖ਼ਰੀਦਾਰ’ ਤੇ ‘ਵੰਸ਼’ ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਗ਼ਮਗੀਨ ਅੰਤ

ਦਲਜੀਤ ਕੌਰ ਦਾ ਵਿਆਹ ਪੰਜਾਬੀ ਫ਼ਿਲਮਾਂ ਦੇ ਫ਼ਿਲਮਸਾਜ਼ ਗਜ਼ ਦਿਓਲ ਉਰਫ਼ ਹਰਮਿੰਦਰ ਸਿੰਘ ਦਿਓਲ ਨਾਲ ਹੋਇਆ। ਲੰਬੀ ਬਿਮਾਰੀ ਤੋਂ ਬਾਅਦ ਹਰਮਿੰਦਰ ਮੌਤ ਹੋ ਗਈ ਸੀ।

ਪਤੀ ਦੀ ਮੌਤ ਤੋਂ ਬਾਅਦ ਦਲਜੀਤ ਕੌਰ ਬੁਰੀ ਤਰ੍ਹਾਂ ਟੁੱਟ ਗਏ ਸਨ। ਅਜਿਹੇ ਹਾਲਾਤ ਨਾਲ ਦੋ-ਚਾਰ ਹੁੰਦਿਆਂ ਉਹ ਡਿਮੇਂਸ਼ੀਆ (ਦਿਮਾਗੀ ਕਮਜ਼ੋਰੀ) ਨਾਮੀ ਬਿਮਾਰੀ ਤੋਂ ਪੀੜਿਤ ਹੋ ਗਏ।

ਦਲਜੀਤ ਕੌਰ ਆਪਣੇ ਪਿਛਲੇ ਸਾਲਾਂ ਵਿੱਚ ਮੁੰਬਈ ਨੂੰ ਛੱਡ ਕੇ ਪੰਜਾਬ ਆ ਵਸੇ।

ਉਹ ਆਪਣੇ ਰਿਸ਼ਤੇਦਾਰਾਂ ਕੋਲ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਗੁਰੂਸਰ ਸੁਧਾਰ ਰਹਿਣ ਲੱਗੇ।

ਆਪਣੇ ਆਖ਼ਰੀ ਦਿਨਾਂ ਵਿੱਚ ਦਲਜੀਤ ਕੌਰ ਮੁਕੰਮਲ ਤੌਰ ’ਤੇ ਆਪਣੀ ਯਾਦਾਸ਼ਤ ਗਵਾ ਚੁੱਕੇ ਸਨ।

ਉਨ੍ਹਾਂ ਨੂੰ ਚਾਹੁਣ ਵਾਲੇ ਤੇ ਸਹਿ-ਕਲਾਕਾਰਰ ਉਨ੍ਹਾਂ ਨੂੰ ਮਿਲਣ  ਜਾਂਦੇ ਰਹਿੰਦੇ ਸਨ।

ਓੜਕ ਦੁੱਖਾਂ ਨਾਲ ਲੜਦੀ-ਘੁਲਦੀ ਪੰਜਾਬੀ ਸਿਨਮਾ ਦੀ ਇਹ ਖ਼ੂਬਸੂਰਤ ਤੇ ਹਰਦਿਲ ਅਜ਼ੀਜ਼ ਅਦਾਕਾਰਾ 17 ਨਵੰਬਰ 2022 ਨੂੰ 69 ਸਾਲਾਂ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਈ।

(ਮਨਦੀਪ ਸਿੰਘ ਸਿੱਧੂ ਪੰਜਾਬੀ ਫਿਲਮਾਂ ਦੇ ਖੋਜਕਾਰ, ਲੇਖਕ ਤੇ ਪੱਤਰਕਾਰ ਹਨ)

BBC
BBC

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)