You’re viewing a text-only version of this website that uses less data. View the main version of the website including all images and videos.
ਗਣਤੰਤਰ ਦਿਵਸ ਮੌਕੇ ਪੰਜਾਬ ਤੇ ਹਰਿਆਣਾ ਵਿਚ ਮੁਜ਼ਾਹਰੇ: ਸਿੱਖ ਕੈਦੀਆਂ ਦੀ ਰਿਹਾਈ ਲਈ ਮੁਹਾਲੀ ਵਿਚ ਰੋਸ ਮਾਰਚ
ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ 74ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ।
ਦੇਸ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਤਿਰੰਗਾ ਲਹਿਰਾਉਣ ਤੋਂ ਬਾਅਦ ਭਾਰਤੀ ਫੌਜਾਂ ਅਤੇ ਅਰਧ ਸੈਨਿਕ ਬਲਾਂ ਤੋਂ ਸਲਾਮੀ ਲਈ।
ਦਿੱਲੀ ਦੇ ਕਰਤਵਯ ਪੱਧ ਉੱਤੇ ਚੱਲ ਰਹੇ ਕੌਮੀ ਸਮਾਗਮ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਤਦੁਲ ਫ਼ਤਿਹ ਅਲ-ਸੀਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ।
ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿਚ ਵਿਚ ਭਾਰਤ ਦੇ ਕੌਮੀ ਝੰਡੇ ਲਹਿਰਾਉਣ ਲਈ ਸਮਾਗਮ ਹੋਏ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਅਤੇ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜਲੰਧਰ ਵਿਚ ਝੰਡਾ ਲਹਿਰਾਇਆ।
ਇਸ ਨਾਲ ਹੀ ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਵਾਂ ਉੱਤੇ ਰੋਸ ਮੁਜ਼ਾਹਰੇ ਵੀ ਹੋਏ ਹਨ।
ਮੁਹਾਲੀ ਵਿਚ ਚੱਲ ਰਹੇ ਕੌਮੀ ਇਨਸਾਫ਼ ਮੋਰਚਾ ਨੇ ਰੋਸ ਮਾਰਚ ਕੱਢਿਆ , ਜਦਕਿ ਬਰਗਾੜੀ ਵਿਚ ਸਿਮਰਨਜੀਤ ਸਿੰਘ ਮਾਨ ਰੋਸ ਮਾਰਚ ਕੀਤਾ।
ਹਰਿਆਣਾ ਦੇ ਜੀਂਦ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਮਹਾਪੰਚਾਇਤ ਸੱਦੀ ਗਈ ਸੀ ਅਤੇ ਪਿਹੋਵਾ ਵਿਚ ਕੈਬਨਿਟ ਮੰਤਰੀ ਸੰਦੀਪ ਸਿੰਘ ਦਾ ਵਿਰੋਧ ਕਰਨ ਖ਼ਾਪ ਪੰਚਾਇਤਾਂ ਪਹੁੰਚੀਆਂ ਹੋਈਆਂ ਸਨ।
ਪਿਹੋਵਾ ਵਿਚ ਆਮ ਆਦਮੀ ਪਾਰਟੀ ਅਤੇ ਪਾਖ ਪੰਚਾਇਤਾਂ ਦੇ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ । ਭਾਵੇਂ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ।
ਜਲੰਧਰ ਦੇ ਲਤੀਫਪੁਰਾ ਵਿਚ ਉਜੜੇ ਲੋਕਾਂ ਨੇ ਰਾਜਪਾੁਲ ਦੇ ਸਮਾਗਮ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ।
ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕਿਹਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਚ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਲੋਕਾਂ ਨੂੰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੱਦਾ ਦਿੱਤਾ
ਮੁੱਖ ਮੰਤਰੀ ਦੇ ਕਰੀਬ 21 ਮਿੰਟ ਦੇ ਭਾਸ਼ਣ ਵਿਚ ਕਈ ਨੁਕਤਿਆਂ ਨੂੰ ਛੂਹਿਆ, ਉਨ੍ਹਾਂ ਕਿਹਾ –
- ਭਾਰਤ ਨੂੰ ਅਜ਼ਾਦ ਕਰਾਉਣ ਵਾਲੇ ਪੰਜਾਬੀ ਦੇਸ ਭਗਤਾਂ ਦੇ ਵਾਰਿਸ ਵਿਦੇਸ਼ਾਂ ਵਿਚ ਭੱਜ ਰਹੇ ਹਨ, ਉਨ੍ਹਾਂ ਨੂੰ ਪੰਜਾਬ ਵਿਚ ਹੀ ਰਹਿਣ ਦਾ ਮਾਹੌਲ ਦੇਣਾ ਹੈ
- ਪੰਜਾਬ ਸਰਕਾਰ ਨੇ ਪਹਿਲੇ 10 ਮਹੀਨੇ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾਈ, ਮੁਫ਼ਤ ਬਿਜਲੀ ਦਿੱਤੀ ਅਤੇ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀ ਦਿੱਤੀ
- ਸਰਕਾਰ ਘਰ ਜਾ ਕੇ ਬੁਢਾਪਾ ਪੈਨਸ਼ਨ ਦੇਣਾ ਸ਼ੁਰੂ ਕਰੇਗੀ, 400 ਮੁਹੱਲਾ ਕਲੀਨਿਕ ਸ਼ੁਰੂ ਹੋ ਰਹੇ, ਸਕੂਲ ਆਫ਼ ਐਮੀਨੈਸ਼ ਖੋਲ੍ਹ ਰਹੀ ਹੈ
- ਬਠਿੰਡਾ ਵਿਚ ਨਵਾਂ ਡਿਜੀਟਲ ਬੱਸ ਅੱਡਾ ਬਣੇਗਾ ਅਤੇ ਸ਼ਹਿਰ ਵਿਚ ਮੁਫ਼ਤ ਬਿਜਲਈ ਬੱਸਾਂ ਚੱਲਣਗੀਆਂ
- ਜਿਸ ਦਿਨ ਮੈਂ ਆਪਣੇ ਆਪਣੇ ਰਿਸ਼ਤੇਦਾਰ ਨੂੰ ਖੱਡਾਂ ਦਾ, ਬੱਸਾਂ ਦਾ ਜਾਂ ਸ਼ਰਾਬ ਦੇ ਠੇਕਾ ਦੁਆਉਣ ਲਈ ਫਾਇਲ ਉੱਤੇ ਦਸਤਖ਼ਤ ਕੀਤੇ ਸਮਝ ਲਿਓ ਮੈਂ ਆਪਣੇ ਡੈਂਥ ਵਾਰੰਟ ਉੱਤੇ ਦਸਤਖ਼ਤ ਕਰ ਦਿੱਤੇ
End of ਕਰਤਵਯ ਪੱਥ ਤੋਂ ਗਣਤੰਤਰ ਦਿਵਸ ਜਸ਼ਨਾਂ ਦਾ ਲਾਈਵ
ਗਣਤੰਤਰ ਦਿਵਸ ਮੌਕੇ, ਕਿਤੇ ਜਸ਼ਨ-ਕਿਤੇ ਮੁਜ਼ਾਹਰੇ
ਕੁਰੂਕੁਸ਼ਤੇਰ ਦੇ ਪਿਹੋਵਾ ਵਿੱਚ ਹਰਿਆਣਾ ਦੇ ਕਬਨਿਟ ਮੰਤਰੀ ਸੰਦੀਪ ਸਿੰਘ ਦਾ ਕਾਫੀ ਤਿੱਖਾ ਵਿਰੋਧ ਕੀਤਾ ਗਿਆ।
ਜਦੋਂ ਮੰਤਰੀ ਸਟੇਜ ਉੱਤੇ ਆਏ ਤੋਂ ਉਸ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੋਕ ਸਮਾਗਮ ਦੇ ਆਸਪਾਸ ਇਕੱਠੇ ਹੋ ਗਏ ਸਨ। ਇੱਕ ਔਰਤ ਉਨ੍ਹਾਂ ਦਾ ਵਿਰੋਧ ਕਰਦਿਆਂ ਮੰਚ ਤੱਕ ਪਹੁੰਚ ਗਈ।
ਪੁਲਿਸ ਵਲੋਂ ਉਨ੍ਹਾਂ ਨੂੰ ਜਬਦਸਤੀ ਚੁੱਕਕੇ ਉਥੋਂ ਹਟਾਏ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਇਸ ਦੌਰਾਨ ਕਈ ਹੋਰ ਮੁਜ਼ਹਾਰਾਕਾਰੀ ਵੀ ਸੰਦੀਪ ਸਿੰਘ ਦਾ ਵਿਰੋਧ ਕਰਦਿਆਂ ਪ੍ਰੋਗਰਾਮ ਵਾਲੀ ਥਾਂ ’ਤੇ ਪਹੁੰਚ ਗਏ ਸਨ।
ਖਾਪ ਪੰਚਾਇਆ ਨੇ ਪਹਿਲਾਂ ਹੀ ਵਿਰੋਧ ਕਰਨ ਤੇ ਤਿਰੰਗਾ ਨਾ ਲਿਹਰਾਉਣ ਦੇਣ ਦੀ ਗੱਲ ਆਖੀ ਗਈ ਸੀ।
ਪਿਹੋਵਾ ਵਿਚ ਲੋਕਾਂ ਦਾ ਰੋਸ ਮੁਜ਼ਾਹਰਾ ਕਾਫ਼ੀ ਦੇ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਸ਼ਹਿਰ ਵਿਚ ਪੁਲਿਸ ਨੇ ਲੋਕਾਂ ਨੂੰ ਮੰਚ ਵੱਲ ਜਾਣ ਤੋਂ ਰੋਕਿਆ।
ਜਦੋਂ ਲੋਕ ਬੈਰੀਕੇਡਿੰਗ ਪਾਰ ਕਰਕੇ ਅੱਗੇ ਵਧੇ ਤਾਂ ਪੁਲਿਸ ਨੇ ਇਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਜਿਹੜੀ ਮਹਿਲਾ ਮੰਚ ਤੱਕ ਪਹੁੰਚੀ ਸੀ, ਉਸ ਵੀ ਪੁਲਿਸ ਨੇ ਜਬਰੀ ਗੱਡੀ ਵਿਚ ਸੁੱਟ ਲਿਆ , ਪਰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।
ਰਿਹਾਈ ਤੋਂ ਬਾਅਦ ਇਸ ਮਹਿਲਾ ਨੇ ਕਿਹਾ ਕਿ ਜਿੱਥੇ ਵੀ ਸੰਦੀਪ ਸਿੰਘ ਜਾਣਗੇ ਉਹ ਉੱਥੇ ਜਾ ਕੇ ਆਪਣਾ ਰੋਸ ਪ੍ਰਗਟਾਏ ਗੀ।
ਜ਼ਿਕਰਯੋਗ ਹੈ ਇੱਕ ਮਹਿਲਾ ਜੂਨੀਅਰ ਕੋਚ ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ।
ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਉੱਤੇ ਪਿੱਛਾ ਕਰਨ, ਜਿਨਸੀ ਸ਼ੋਸ਼ਣ ਅਤੇ ਡਰਾਉਣ-ਧਮਕਾਉਣ ਦੇ ਇਲਜ਼ਾਮ ਹੇਠ ਇੱਕ ਐੱਫਆਈਆਰ ਦਰਜ ਕੀਤੀ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਖੇਡ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਸੰਦੀਪ ਸਿੰਘ ਨੇ ਇਸ ਘਟਨਾਕ੍ਰਮ ਨੂੰ ਸਾਜਿਸ਼ ਤਹਿਤ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਦੱਸਿਆ ਸੀ।
ਬੀਬੀਸੀ ਸਹਿਯੋਗੀ ਕਮਲ ਸੈਣੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਵਿਰੋਧ ਦੇ ਚਲਦਿਆਂ ਜਲਦ ਹੀ ਸਮਾਗਮ ਛੱਡਕੇ ਚਲੇ ਗਏ।
ਮੁਜ਼ਾਹਰਾਕਾਰੀ ਸੰਦੀਪ ਸਿੰਘ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਸੀ ਕਿ ਉਸ ਦੇ ਮੰਤਰੀ ਰਹਿੰਦਿਆਂ ਨਿਰਪੱਖ਼ ਜਾਂਚ ਨਹੀਂ ਹੋ ਸਕਦੀ।
ਜੀਂਦ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ
ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਜੀਂਦ ਵਿਚ ਇੱਕ ਵਿਸ਼ਾਲ ਮਹਾਪੰਚਾਇਤ ਕੀਤੀ ਗਈ। ਜਿਸ ਵਿਚ ਦੋਵਾਂ ਸੂਬਿਆਂ ਤੋਂ ਹਜ਼ਾਰਾ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ ਮੁਤਾਬਕ ਇਸ ਮਹਾਪੰਚਾਇਤ ਵਿਚ ਪੰਜਾਬ ਤੋਂ 20 ਅਤੇ ਹਰਿਆਣਾ ਤੋਂ 14 ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਅਤੇ ਉਨ੍ਹਾਂ ਦੇ ਆਗੂ ਸ਼ਾਮਲ ਹੋਏ।
ਇਸ ਮਹਾ ਪੰਚਾਇਤ ਵਿਚ ਮੁੱਖ ਮੰਗ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਕਾਨੂੰਨ ਬਣਾਉਣ ਦੀ ਸੀ, ਇਸ ਦੇ ਨਾਲ ਹੀ ਕਿਸਾਨ ਮੰਗ ਕਰ ਰਹੇ ਸਨ ਕਿ 3 ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਖਤਮ ਕਰਵਾਉਣ ਲਈ ਮੋਦੀ ਸਰਕਾਰ ਨੇ ਜੋ ਵਾਅਦਾ ਕੀਤਾ ਸੀ, ਕਿ ਕਿਸਾਨਾਂ ਉੱਤੋਂ ਅੰਦੋਲਨ ਦੌਰਾਨ ਦਰਜ ਕੇਸ ਵਾਪਸ ਹੋਣਗੇ, ਉਹ ਨਹੀਂ ਕੀਤੇ ਗਏ।
ਕਿਸਾਨਾਂ ਦਾ ਇਲਜ਼ਾਮ ਸੀ ਕਿ ਲਖੀਮਪੁਰ ਖੀਰੀ ਕਾਂਡ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਉੱਤੇ ਵੀ ਉਸ ਤਰ੍ਹਾਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਵੇਂ ਹੋਣੀ ਚਾਹੀਦੀ ਹੈ।
ਕਿਸਾਨ ਆਗੂਆਂ ਵਿੱਚ ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ ਅਤੇ ਦਰਸ਼ਨਪਾਲ ਸਣੇ ਸੰਯੁਕਤ ਮੋਰਚੇ ਦੇ ਕਈ ਆਗੂ ਹਾਜ਼ਰ ਸਨ।
ਕਿਸਾਨਾਂ ਨੇ ਕਿਹਾ ਕਿ 9 ਫਰਬਰੀ ਨੂੰ ਕੁਰੂਕਸ਼ੇਤਰ ਵਿਚ ਇੱਕ ਬੈਠਕ ਕਰਕੇ ਮਾਰਚ ਮਹੀਨੇ ਦੇ ਸੰਸਦੀ ਸੈਸ਼ਨ ਦੌਰਾਨ ਮਾਰਚ ਕਰਨ ਦੀ ਰੂਪਰੇਖਾ ਉਲੀਕਣਗੇ।
ਮਹਾਪੰਚਾਇਤ ਦੌਰਾਨ ਕਿਸਾਨਾਂ ਨੂੰ ਕਰਜ਼ ਹੇਠ ਦੱਬੇ ਕਿਸਾਨਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਖੁਦਕੁਸ਼ੀਆਂ ਕਰਨ ਤੋਂ ਰੋਕਣ ਲ਼ਈ ਕੋਸ਼ਿਸ਼ਾਂ ਕਰਨ ਦਾ ਵੀ ਸੱਦਾ ਦਿੱਤਾ ਗਿਆ।
ਜਲੰਧਰ ਪੁਲਿਸ ਤੇ ਮੁਜ਼ਾਹਰਾਕਾਰੀਆਂ ਦਰਮਿਆਨ ਧੱਕਾਮੁੱਕੀ
ਜਲੰਧਰ ਦੇ ਲਤੀਫ਼ਪੁਰਾ ਵਿੱਚ ਵੀ ਪੁਲਿਸ ਤੇ ਮੁਜ਼ਾਹਰਾ ਕਰ ਰਹੇ ਕਿਸਾਨ ਤੇ ਮਜ਼ਦੂਰ ਜੱਥੇਬੰਦੀਆਂ ਦੇ ਕਾਰਕੁਨਾਂ ਦਰਮਿਆਨ ਝੜਪ ਹੋਈ।
ਲਤੀਫ਼ਪੁਰਾ ਵਿੱਚ 9 ਦਸੰਬਰ ਨੂੰ ਕੁਝ ਘਰ ਨਜ਼ਾਇਜ ਦੱਸਦਿਆ ਪ੍ਰਸ਼ਾਸਨ ਵਲੋਂ ਢਾਹ ਦਿੱਤੇ ਗਏ ਹਨ।
ਲੋਕਾਂ ਦਾ ਇਲਜ਼ਾਮ ਸੀ ਕਿ ਪ੍ਰਸ਼ਾਸਨ ਦੀ ਕਾਰਵਾਈ ਇੰਨੀ ਤੇਜ਼ ਹੋਈ ਕਿ ਕਈ ਲੋਕਾਂ ਨੂੰ ਆਪਣੇ ਜ਼ਰੂਰੀ ਸਮਾਨ ਚੁੱਕਣ ਦਾ ਸਮਾਂ ਨਹੀਂ ਮਿਲਿਆ ਸੀ।
ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਮੁਤਾਬਕ ਅੱਜ ਪੰਜਾਬ ਦੇ ਰਾਜਪਾਲ ਬਣਵਾਲੀ ਲਾਲ ਪ੍ਰੋਹਿਤ ਸੂਬਾ ਪੱਧਰੀ ਸਮਾਗਮ ’ਚ ਝੰਡਾ ਲਹਿਰਾਉਣ ਲਈ ਜਲੰਧਰ ਪਹੁੰਚੇ ਸਨ।
ਇਸ ਮੌਕੇ ਲਤੀਫ਼ਪੁਰਾ ਵਿੱਚ ਲਗਾਤਾਰ ਚੱਲ ਰਹੇ ਧਰਨੇ ਦੇ ਮੁਜ਼ਾਹਰਾਕਾਰੀਆਂ ਨੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਦੀ ਕੋਸ਼ਿਸ਼ ਕੀਤੀ।
ਪੁਲਸ ਵਲੋਂ ਲਤੀਫ਼ ਪੁਰਾ ਦੇ ਚਾਰੋਂ ਪਾਸੇ ਕੀਤੀ ਗਈ ਬੇਰਿਕੇਡਿੰਗ ਨੂੰ ਤੋੜ ਕੇ ਜਦੋਂ ਮੁਜ਼ਾਹਰਾਕਾਰੀਆਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਉਸ ਸਮੇਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦਰਮਇਆਨ ਝੜਪ ਹੋਈ।
ਲਤੀਫ਼ਪੁਰਾ ਵਾਸੀਆਂ ਦੇ ਨਾਲ ਕਿਰਤੀ ਕਿਸਾਨ ਯੂਨੀਅਨ, ਇਸਤਰੀ ਜਾਗ੍ਰਤੀ ਮੰਚ ਦੇ ਕਾਰਕੁੰਨ ਵੀ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਸਨ।
ਇਸ ਮਾਮਲੇ ਵਿੱਚ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਸੀ ਕਿ ਗੁਰੂ ਤੇਗ ਬਹਾਦਰ ਨਗਰ ਵਿਕਾਸ ਸਕੀਮ ਤਹਿਤ 110 ਏਕੜ ਥਾਂ ਲਈ ਗਈ ਸੀ। ਲਤੀਫ਼ ਪੁਰ ਇਲਾਕਾ ਵੀ ਇੱਸੇ ਦਾ ਹਿੱਸਾ ਸੀ।
ਉਨ੍ਹਾਂ ਮੁਤਾਬਕ ਸਾਲ 1990 ਤੱਕ ਇੰਪਰੂਵਮੈਂਟ ਟਰੱਸਟ ਨੇ ਕੁਝ ਪਲਾਟ ਵੇਚੇ ਸਨ, ਇਸੇ ਦੌਰਾਨ ਕੁਝ ਪਲਾਟਾਂ ਉੱਤੇ ਕਬਜ਼ੇ ਹੋ ਗਏ ਸਨ। ਇਸ ਦੇ ਖਿਲਾਫ਼ ਜਿਨ੍ਹਾਂ ਲੋਕਾਂ ਨੂੰ ਇੰਪਰੂਵਮੈਂਟ ਟਰੱਸਟ ਨੇ ਪਲਾਟ ਵੇਚੇ ਸਨ, ਉਹ ਕਬਜਿਆਂ ਖਿਲਾਫ਼ ਅਦਾਲਤਾਂ ਵਿੱਚ ਗਏ।
ਸਾਲ 2012 ਵਿੱਚ ਹਾਈ ਕੋਰਟ ਦਾ ਫੈਸਲਾ ਗੈਰ-ਕਾਨੂੰਨੀ ਕਬਜ਼ੇ ਕਰਨ ਵਾਲਿਆਂ ਦੇ ਖਿਲਾਫ਼ ਆਇਆ। ਮਾਮਲਾ ਸੁਪਰੀਮ ਕੋਰਟ ਗਿਆ। ਉਥੋਂ ਵੀ ਹਾਈ ਕੋਰਟ ਦੇ ਫੈਸਲੇ ਨੂੰ ਸਹੀ ਦੱਸਿਆ ਗਿਆ।
ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਕੌਮੀ ਇਨਸਾਫ਼ ਮੋਰਚਾ ਨੇ ਮਾਰਚ ਕੱਢਿਆ
ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿਚ ਜਿੱਥੇ ਇੱਕ ਪਾਸੇ ਸਰਕਾਰੀ ਗਣਤੰਤਰ ਸਮਾਗਮ ਚੱਲ ਰਹੇ ਸਨ, ਉੱਥੇ ਦੂਜੇ ਪਾਸੇ ਹਜ਼ਾਰਾ ਲੋਕ ਮੁਹਾਲੀ ਦੀਆਂ ਸੜਕਾਂ ਉੱਤੇ ਰੋਸ ਮਾਰਚ ਕੱਢ ਰਹੇ ਸਨ।
ਸਿੱਖ ਕੈਦੀਆਂ ਦੀ ਰਿਹਾਈ ਲਈ ਚੱਲ ਰਹੇ ਮੁਹਾਲੀ ਵਿਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਦੇ ਸੱਦੇ ਉੱਤੇ ਇਹ ਮਾਰਚ ਕੱਢਿਆ ਗਿਆ।
ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਮਾਰਚ ਸ਼ਹਿਰ ਵਿਚ ਕਰੀਬ 16 ਕਿਲੋਮੀਟਰ ਘੁੰਮਿਆ।
ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਕਰੀਬ ਦੋ-ਢਾਈ ਦਹਾਕਿਆਂ ਤੋਂ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਲ਼ਈ ਰੋਸ ਮਾਰਚ ਵਿਚ ਸ਼ਾਮਲ ਲੋਕ ਨਾਅਰੇਬਾਜ਼ੀ ਕਰ ਰਹੇ ਸਨ।
ਮਾਰਚ ਵਾਲੀ ਥਾਂ ਉੱਤੇ ਹਾਜ਼ਰ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਇਸ ਮਾਰਚ ਦਾ ਨਜ਼ਾਰਾ ਦਿੱਲੀ ਬਾਰਡਰਾਂ ਉੱਤੇ ਚੱਲੇ ਕਿਸਾਨ ਅੰਦੋਲਨ ਵਰਗਾ ਸੀ।
ਮਾਰਚ ਵਿੱਚ ਆਏ ਲੋਕਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਹ ਸੰਘਰਸ਼ ਜਾਰੀ ਰੱਖਣਗੇ।
ਇਸ ਮਾਰਚ ਦੀ ਖਾਸ ਗੱਲ ਇਹ ਸੀ, ਇਸ ਤੋਂ ਸਿਆਸੀ ਪਾਰਟੀਆਂ ਦੂਰ ਸਨ, ਪਰ ਸਿੱਖ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ ਹੈ।