ਕੀ ਹਰਿਆਣਾ ਵਿੱਚ ਭਾਜਪਾ ਦੀ ਜਿੱਤ ’ਚ ਡੇਰਾ ਸੱਚਾ ਸੌਦਾ ਨੇ ਕੋਈ ਭੂਮਿਕਾ ਨਿਭਾਈ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਪਸ਼ਟ ਬਹੁਮਤ ਮਿਲ ਗਿਆ ਅਤੇ ਸੂਬੇ ਵਿੱਚ ਲਗਾਤਾਰ ਤੀਜੀ ਵਾਰ ਸਰਕਾਰ ਫਿਰ ਤੋਂ “ਕਮਲ” ਦੀ ਹੋਵੇਗੀ।

ਮੰਗਲਵਾਰ ਨੂੰ ਆਏ ਚੋਣ ਨਤੀਜਿਆਂ ਨੇ ਜਿੱਥੇ ਰਾਜਨੀਤਿਕ ਪਾਰਟੀਆਂ ਖ਼ਾਸ ਤੌਰ ਉੱਤੇ ਕਾਂਗਰਸ ਨੂੰ ਹੈਰਾਨ ਕੀਤਾ ਹੈ, ਉੱਥੇ ਹੀ ਸਿਆਸੀ ਪੰਡਿਤਾਂ ਦੀਆਂ ਭਵਿੱਖ ਬਾਣੀਆਂ ਨੂੰ ਵੀ ਖ਼ਾਰਜ ਕਰ ਦਿੱਤਾ ਹੈ।

ਐਗਜ਼ਿਟ ਪੋਲ ਸਰਵੇਖਣਾਂ ਵਿੱਚ ਕਾਂਗਰਸ ਨੂੰ ਵੱਡੀ ਜਿੱਤ ਮਿਲਦੀ ਦਿਖਾਈ ਦੇ ਰਹੀ ਸੀ ਅਤੇ ਕੁਝ ਸਰਵੇਖਣਾਂ ਵਿੱਚ ਤਾਂ ਕਾਂਗਰਸ ਨੂੰ 60 ਤੋਂ ਜ਼ਿਆਦਾ ਸੀਟਾਂ ਮਿਲਦੀਆਂ ਦਿਖਾਈਆਂ ਗਈਆਂ ਸਨ ਪਰ ਅਸਲ ਨਤੀਜੇ ਭਾਜਪਾ ਦੇ ਪੱਖ ਵਿੱਚ ਗਏ।

ਭਾਜਪਾ ਨੇ 48 ਸੀਟਾਂ, ਕਾਂਗਰਸ ਨੂੰ 37 ਅਤੇ 2 ਸੀਟਾਂ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਤਿੰਨ ਆਜ਼ਾਦ ਉਮੀਦਵਾਰ ਦੇ ਹਿੱਸੇ ਆਈਆਂ।

ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਉੱਤੇ ਰਿਹਾਈ ਦਾ ਭਾਜਪਾ ਨੂੰ ਸਿਆਸੀ ਤੌਰ ਉੱਤੇ ਕਿੰਨਾ ਫ਼ਾਇਦਾ ਹੋਇਆ ਇਹ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਇੱਕ ਅਹਿਮ ਮੁੱਦਾ ਬਣ ਗਿਆ ਹੈ।

ਦੂਜੇ ਪਾਸੇ ਇਨ੍ਹਾਂ ਚੋਣਾਂ ਵਿੱਚ ਡੇਰਾ ਮੁਖੀ ਦੀ ਜੇਲ੍ਹ ਦੇ ਜੇਲਰ ਰਹੇ ਸੁਨੀਲ ਸਤਪਾਲ ਸਾਂਗਵਾਨ, ਜੋ ਕਿ ਦਾਦਰੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਉੱਤੇ ਚੋਣ ਲੜੇ ਸਨ, ਵੀ ਜਿੱਤਣ ਵਿੱਚ ਕਾਮਯਾਬ ਰਹੇ ਹਨ।

ਯਾਦ ਰਹੇ ਕਿ ਸੁਨੀਲ ਸਾਂਗਵਾਨ ਦੇ ਹੁੰਦਿਆਂ ਗੁਰਮੀਤ ਰਾਮ ਰਹੀਮ ਕਈ ਵਾਰ ਜੇਲ੍ਹ ਤੋਂ ਬਾਹਰ ਆਏ ਅਤੇ ਉਨ੍ਹਾਂ ਕੁਝ ਸਮੇਂ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਦੇ ਕੇ ਭਾਜਪਾ ਦੇ ਨਾਲ ਆਪਣੀ ਸਿਆਸੀ ਪਾਰੀ ਖੇਡੀ ਹੈ।

ਚੋਣਾਂ ਤੋਂ ਸਿਰਫ਼ ਤਿੰਨ ਦਿਨ ਪਹਿਲਾਂ 2 ਅਕਤੂਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲੀ ਅਤੇ ਉਹ 3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਵਿੱਚ ਆਪਣੇ ਆਸ਼ਰਮ ਵਿੱਚ ਪਹੁੰਚ ਗਏ।

ਹਾਲਾਂਕਿ ਹਰਿਆਣਾ ਕਾਂਗਰਸ ਨੇ ਇਸ ਦਾ ਵਿਰੋਧ ਵੀ ਕੀਤਾ ਅਤੇ ਮਾਮਲਾ ਚੋਣ ਕਮਿਸ਼ਨ ਕੋਲ ਵੀ ਗਿਆ ਪਰ ਹੋਇਆ ਕੁਝ ਨਹੀਂ ਅਤੇ ਡੇਰਾ ਮੁਖੀ ਜੇਲ ਤੋਂ ਬਾਹਰ ਆ ਗਏ।

ਚੋਣਾਂ ਤੋਂ ਠੀਕ ਪਹਿਲਾਂ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਉਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਉੱਤੇ ਡੇਰਾ ਮੁਖੀ ਕਦੇ ਪੈਰੋਲ ਉੱਤੇ ਅਤੇ ਕਦੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਜੇਲ੍ਹ ਤੋਂ ਬਾਹਰ ਆਉਂਦੇ ਰਹੇ ਹਨ।

ਹਰਿਆਣਾ ਵਿੱਚ ਡੇਰੇ ਦਾ ਕੀ ਅਸਰ ਰਿਹਾ

ਹਾਲਾਂਕਿ ਡੇਰਾ ਮੁਖੀ ਨੇ ਕੋਈ ਵੀ ਕੋਈ ਜਨਤਕ ਭਾਸ਼ਣ ਨਹੀਂ ਦਿੱਤਾ ਪਰ ਸਿਆਸੀ ਮਾਹਿਰ ਮੰਨਦੇ ਹਨ ਕਿ ਭਾਜਪਾ ਨੂੰ ਮਿਲੀ ਜਿੱਤ ਦੇ ਕਈ ਕਾਰਨ ਹਨ ਅਤੇ ਇਹਨਾਂ ਵਿੱਚੋਂ ਇੱਕ ਕਾਰਨ ਡੇਰਾ ਹੈ।

ਉਂਜ ਚੋਣਾਂ ਤੋਂ ਪਹਿਲਾਂ ਡੇਰਾ ਦੇ ਪੈਰੋਕਾਰਾਂ ਨੇ ਆਪਣੀ ਤਾਕਤ ਦਾ ਅਹਿਸਾਸ ਸਿਆਸੀ ਪਾਰਟੀਆਂ ਨੂੰ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਰਾਮ ਰਹੀਮ ਦੀ ਪੈਰੋਲ ਤੋਂ ਪਹਿਲਾਂ ਵਾਲੇ ਹਫ਼ਤੇ ਵਿੱਚ, ਡੇਰਾ ਪੈਰੋਕਾਰਾਂ ਨੇ ਜ਼ਿਲ੍ਹਿਆਂ ਵਿੱਚ ਇਕੱਠ ਕਰਨੇ ਸ਼ੁਰੂ ਕਰ ਦਿੱਤੇ ਸੀ।

ਪਰ ਦੂਜੇ ਪਾਸੇ ਸਿਆਸੀ ਮਾਹਿਰ ਮੰਨਦੇ ਹਨ ਕਿ ਡੇਰਾ ਦਾ ਪ੍ਰਭਾਵ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਚੰਡੀਗੜ੍ਹ ਦੇ ਸੀਨੀਅਰ ਪੱਤਰਕਾਰ ਬਲਵੰਤ ਤਕਸ਼ਕ ਮੰਨਦੇ ਹਨ ਕਿ 2017 ਤੋਂ ਪਹਿਲਾਂ ਹਰਿਆਣਾ ਵਿੱਚ ਡੇਰਾ ਮੁਖੀ ਦਾ ਬਹੁਤ ਜਲਵਾ ਸੀ, ਹਰ ਰਾਜਨੀਤਿਕ ਪਾਰਟੀ ਦੇ ਆਗੂ ਡੇਰਾ ਮੁਖੀ ਦਾ ਅਸ਼ੀਰਵਾਦ ਲੈਣ ਦੇ ਲਈ ਉਨ੍ਹਾਂ ਨਾਲ ਮੁਲਾਕਾਤ ਕਰਦੇ ਸਨ।

ਪਰ ਵੱਖ ਵੱਖ ਮਾਮਲਿਆਂ ਵਿੱਚ ਡੇਰਾ ਮੁਖੀ ਨੂੰ ਸਜ਼ਾ ਹੋਣ ਤੋਂ ਬਾਅਦ ਜਦੋਂ ਉਹ ਜੇਲ੍ਹ ਚਲੇ ਗਏ ਤਾਂ ਉਨ੍ਹਾਂ ਦਾ ਪ੍ਰਭਾਵ ਵੀ ਘਟਦਾ ਗਿਆ।

ਬਲਵੰਤ ਤਕਸ਼ਕ ਮੁਤਾਬਕ, "ਅਕਸਰ ਰਾਜਨੀਤਿਕ ਪਾਰਟੀਆਂ ਚੋਣਾਂ ਜਿੱਤਣ ਦੇ ਲਈ ਹਰ ਦਾਅ ਪੇਚ ਖੇਡਦੀਆਂ ਹਨ ਅਤੇ ਇਹਨਾਂ ਵਿਚੋਂ ਇੱਕ ਡੇਰਾ ਮੁਖੀ ਦੀ ਪੈਰੋਲ ਹੈ। ਡੇਰਾ ਰਾਮ ਰਹੀਮ ਦਾ ਹੈੱਡਕੁਆਟਰ ਸਿਰਸਾ ਵਿੱਚ ਹੈ ਅਤੇ ਇਸ ਇਲਾਕੇ ਵਿੱਚ ਵਿਧਾਨ ਸਭਾ ਦੀਆਂ ਪੰਜ ਸੀਟਾਂ ( ਸਿਰਸਾ, ਐਲਨਾਬਾਦ, ਡੱਬਵਾਲੀ, ਕਾਲਾਂਵਾਲੀ ਅਤੇ ਰਾਣੀਆਂ) ਆਉਂਦੀਆਂ ਹਨ ਅਤੇ ਇਹਨਾਂ ਸਾਰੀਆਂ ਸੀਟਾਂ ਉੱਤੇ ਬੀਜੇਪੀ ਨੂੰ ਹਾਰ ਮਿਲੀ ਹੈ।"

ਬਲਵੰਤ ਤਕਸ਼ਕ ਨੇ ਦੱਸਿਆ ਜੇਕਰ ਪੈਰੋਲ ਨਾਲ ਥੋੜ੍ਹੀਆਂ ਵੋਟਾਂ ਭਾਜਪਾ ਨੂੰ ਮਿਲਦੀਆਂ ਵੀ ਹਨ ਤਾਂ ਇਹ ਇੰਨੀਆਂ ਜ਼ਿਆਦਾ ਨਹੀਂ ਹਨ ਕਿ ਇਸ ਨਾਲ ਭਾਜਪਾ ਨੂੰ ਜਿੱਤ ਮਿਲ ਸਕੇ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਬਲਵੰਤ ਤਕਸ਼ਕ ਨੇ ਆਖਿਆ ਕਿ ਹਰਿਆਣਾ ਵਿੱਚ ਭਾਜਪਾ ਦੀ ਜਿੱਤ ਦੇ ਕਈ ਫੈਕਟਰ ਹਨ ਅਤੇ ਉਨ੍ਹਾਂ ਵਿੱਚ ਇੱਕ ਫੈਕਟਰ ਡੇਰਾ ਹੈ। ਉਨ੍ਹਾਂ ਮੁਤਾਬਕ ਜਿੱਤ ਦਾ ਪੂਰਾ ਸਿਹਰਾ ਡੇਰੇ ਨੂੰ ਦੇਣਾ ਗ਼ਲਤ ਹੈ।

ਉਨ੍ਹਾਂ ਮੁਤਾਬਕ ਕਾਂਗਰਸ ਦੀ ਹਾਰ ਦੇ ਕਈ ਕਾਰਨ ਹਨ ਜਿੰਨਾ ਵਿੱਚ ਇੱਕ ਜ਼ਿਆਦਾ ਭਰੋਸਾ, ਕਿਰਨ ਚੌਧਰੀ ਦਾ ਭਾਜਪਾ ਵਿੱਚ ਜਾਣਾ ਜਿਸ ਕਾਰਨ ਕਾਂਗਰਸ ਨੂੰ ਰਿਵਾੜੀ, ਦਾਦਰੀ ਜ਼ਿਲ੍ਹੇ ਵਿੱਚ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕਾਂਗਰਸ ਦੀ ਆਪਸੀ ਫੁੱਟ ਕਾਰਨ ਉਸ ਨੂੰ ਅਸਫ਼ਲਤਾ ਮਿਲੀ।

ਇਸ ਤੋਂ ਇਲਾਵਾ ਭੁਪਿੰਦਰ ਸਿੰਘ ਹੁੱਡਾ ਦਾ ਗੜ ਸੋਨੀਪਤ, ਰੋਹਤਕ ਅਤੇ ਝੱਜਰ ਨੂੰ ਮੰਨਿਆ ਜਾਂਦਾ ਹੈ ਅਤੇ ਇਹਨਾਂ ਇਲਾਕਿਆਂ ਵਿੱਚ ਜਾਟ ਵੋਟਰਾਂ ਦਾ ਪ੍ਰਭਾਵ ਜ਼ਿਆਦਾ ਹੈ।

ਪਰ ਸੋਨੀਪਤ ਵਿੱਚ ਭਾਜਪਾ ਦਾ ਜਿੱਤਣਾ ਇਸ ਗੱਲ ਦਾ ਸੰਕੇਤ ਹੈ ਕਿ ਇੱਥੋਂ ਵੀ ਜਾਟ ਵੋਟਰਾਂ ਦਾ ਸਾਥ ਕਾਂਗਰਸ ਨੂੰ ਨਹੀਂ ਮਿਲਿਆ।

ਹਰਿਆਣਾ ਦੇ ਇੱਕ ਹੋਰ ਸੀਨੀਅਰ ਪੱਤਰਕਾਰ ਪ੍ਰਦੀਪ ਡਵਾਸ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਈ ਸੀਟਾਂ ਅਜਿਹੀਆਂ ਹਨ ਜਿੱਥੇ ਡੇਰਾ ਦਾ ਪ੍ਰਭਾਵ ਹੈ ਪਰ ਇਹ ਪ੍ਰਭਾਵ ਇੰਨਾ ਜ਼ਿਆਦਾ ਨਹੀਂ ਕਿ ਉੱਥੇ ਦੇ ਚੋਣ ਨਤੀਜਿਆਂ ਨੂੰ ਇਹ ਬਦਲ ਦੇਣ।

ਉਨ੍ਹਾਂ ਆਖਿਆ ਕਿ ਕਾਂਗਰਸ ਦੀ ਹਾਰ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਕਈ ਸੀਟਾਂ ਉੱਤੇ ਕਾਂਗਰਸ ਨੂੰ ਹਰਾਉਣ ਵਿੱਚ ਆਜ਼ਾਦ ਉਮੀਦਵਾਰਾਂ ਨੇ ਅਹਿਮ ਭੂਮਿਕਾ ਨਿਭਾਈ ਜਿਸ ਕਾਰਨ ਵੋਟਾਂ ਵੰਡੀਆਂ ਗਈਆਂ ਅਤੇ ਇਸ ਦਾ ਫ਼ਾਇਦਾ ਭਾਜਪਾ ਨੂੰ ਹੋਇਆ।

ਪ੍ਰਦੀਪ ਡਵਾਸ ਜਾਟ ਬਨਾਮ ਗ਼ੈਰ ਜਾਟ ਦੇ ਪ੍ਰਭਾਵ ਨੂੰ ਕਾਂਗਰਸ ਬਦਲਣ ਵਿੱਚ ਨਾਕਾਮਯਾਬ ਰਹੀ ਜਿਸ ਦਾ ਫ਼ਾਇਦਾ ਭਾਜਪਾ ਨੂੰ ਹੋਇਆ।

ਇਸ ਤੋਂ ਇਲਾਵਾ ਕਾਂਗਰਸ ਦਲਿਤਾਂ ਦੇ ਅਪਮਾਨ ਦੇ ਮੁੱਦੇ ਨੂੰ ਸਹੀਂ ਤਰੀਕੇ ਨਾਲ ਕਾਊਂਟਰ ਨਹੀਂ ਕਰ ਪਾਈ,ਕੁਮਾਰੀ ਸ਼ੈਲਜਾ ਦਾ ਚੋਣ ਪ੍ਰਚਾਰ ਤੋਂ ਦੂਰ ਰਹਿਣਾ ਦਾ ਕਾਰਨ ਵੀ ਕਾਂਗਰਸ ਲਈ ਨੁਕਸਾਨ ਦਾਇਕ ਸਾਬਤ ਹੋਇਆ।

ਕਦੋਂ-ਕਦੋਂ ਮਿਲੀ ਡੇਰਾ ਮੁਖੀ ਨੂੰ ਪੈਰੋਲ ਅਤੇ ਫਰਲੋ

  • 24 ਅਕਤੂਬਰ 2020: ਪਹਿਲੀ ਵਾਰ ਰਾਮ ਰਹੀਮ ਨੂੰ ਹਸਪਤਾਲ ਵਿੱਚ ਭਰਤੀ ਆਪਣੀ ਮਾਂ ਨੂੰ ਮਿਲਣ ਲਈ 1 ਦਿਨ ਦੀ ਪੈਰੋਲ ਮਿਲੀ।
  • 21 ਮਈ 2021: ਦੂਜੀ ਵਾਰ ਆਪਣੀ ਮਾਂ ਨੂੰ ਮਿਲਣ ਲਈ 12 ਘੰਟੇ ਦੀ ਪੈਰੋਲ ਮਿਲੀ।
  • 7 ਫਰਵਰੀ 2022: ਡੇਰਾ ਪ੍ਰਮੁੱਖ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ 21 ਦਿਨ ਦੀ ਫਰਲੋ ਮਿਲੀ। ਇਸ ਵੇਲੇ ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਸਨ।
  • 30 ਜੂਨ 2022: ਡੇਰਾ ਮੁਖੀ ਪੈਰੋਲ ਉੱਤੇ ਜੇਲ੍ਹ ਤੋਂ ਬਾਹਰ ਅਤੇ ਯੂ ਪੀ ਦੇ ਬਾਗਪਤ ਆਸ਼ਰਮ ਵਿੱਚ ਆਪਣਾ ਸਮਾਂ ਬਤੀਤ ਕੀਤਾ। 19 ਜੂਨ ਨੂੰ ਹਰਿਆਣਾ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਸਨ।
  • 14 ਅਕਤੂਬਰ 2022: ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ। ਇਸ ਦੌਰਾਨ ਉਸ ਨੇ ਬਾਗਪਤ ਆਸ਼ਰਮ ਤੋਂ ਵੀਡੀਓ ਵੀ ਜਾਰੀ ਕੀਤੀ। 3 ਨਵੰਬਰ ਨੂੰ ਆਦਮਪੁਰ ਦੀ ਜ਼ਿਮਨੀ ਚੋਣ ਸੀ।
  • 21 ਜਨਵਰੀ 2023: 6ਵੀਂ ਵਾਰ 40 ਦਿਨ ਦੀ ਪੈਰੋਲ ਮਿਲੀ। ਸ਼ਾਹ ਸਤਨਾਮ ਸਿੰਘ ਦੀ ਜੈਅੰਤੀ ਵਿੱਚ ਸ਼ਾਮਲ ਹੋਣ ਲਈ ਉਹ ਜੇਲ੍ਹ ਤੋਂ ਬਾਹਰ ਆਇਆ। ਹਰਿਆਣਾ ਵਿੱਚ ਪੰਚਾਇਤੀ ਚੋਣਾਂ ਸਨ।
  • 20 ਜੁਲਾਈ 2023: 7ਵੀਂ ਬਾਰ ਰਾਮ ਰਹੀਮ 30 ਦਿਨ ਦੀ ਪੈਰੋਲ ਉੱਤੇ ਜੇਲ੍ਹ ਤੋਂ ਬਾਹਰ ਆਏ। ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਪੰਚਾਇਤੀ ਚੋਣਾਂ ਸਨ।
  • 21 ਨਵੰਬਰ 2023: ਇੱਕ ਵਾਰ ਫਿਰ ਤੋਂ ਰਾਮ ਰਹੀਮ ਨੇ 21 ਦਿਨ ਦੀ ਫਰਲੋ 'ਤੇ ਜੇਲ੍ਹ ਤੋਂ ਬਾਹਰ ਆਏ। 25 ਨਵੰਬਰ ਨੂੰ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀ ਸੀ।
  • 19 ਜਨਵਰੀ 2024: 50 ਦਿਨ ਦੀ ਪੈਰੋਲ ਉੱਤੇ ਡੇਰਾ ਮੁਖੀ ਜੇਲ੍ਹ ਤੋਂ ਬਾਹਰ ਆਇਆ। ਇਸ ਸਮੇਂ ਲੋਕ ਸਭਾ ਚੋਣਾਂ ਦਾ ਦੇਸ਼ ਵਿੱਚ ਮਾਹੌਲ ਸੀ। ਲੋਕ ਸਭਾ ਚੋਣਾਂ ਸਨ।
  • 13 ਅਗਸਤ 2024 : ਹਾਈਕੋਰਟ ਨੇ 21 ਦਿਨ ਦੀ ਫਰਲੋ ਨੂੰ ਮਨਜ਼ੂਰੀ ਦਿੱਤੀ। 16 ਅਗਸਤ ਨੂੰ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋਇਆ ਸੀ।
  • ਇਸ ਵਾਰ ਫਿਰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ 2 ਅਕਤੂਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮਿਲੀ।

ਹਾਲਾਂਕਿ ਪੈਰੋਲ ਦੇ ਨਿਯਮਾਂ ਮੁਤਾਬਕ ਡੇਰਾ ਮੁਖੀ ਨੇ ਕਦੇ ਵੀ ਕੋਈ ਜਨਤਕ ਭਾਸ਼ਣ ਨਹੀਂ ਦਿੱਤਾ ਪਰ ਮਾਹਿਰ ਮੁਤਾਬਕ ਜ਼ਿਆਦਾ ਨਹੀਂ ਬਹੁਤ ਥੋੜ੍ਹਾ ਪ੍ਰਭਾਵ ਤਾਂ ਵੋਟਰਾਂ ਉੱਤੇ ਇਸ ਦਾ ਗਿਆ ਹੈ।

ਇਸ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਡੇਰਾ ਮੁਖੀ ਜਿੰਨੀ ਵਾਰ ਵੀ ਜੇਲ ਤੋਂ ਬਾਹਰ ਆਏ ਤਾਂ ਉਸ ਸਮੇਂ ਹਰਿਆਣਾ ਵਿੱਚ ਕਿਸੇ ਨਾ ਕਿਸੇ ਤਰਾਂ ਦੀਆਂ ਚੋਣਾਂ ਦਾ ਮਾਹੌਲ ਜਰੂਰ ਰਿਹਾ ਹੈ।

ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਡੇਰਾ ਮੁਖੀ ਕੁਝ ਸਮੇਂ ਲਈ ਜੇਲ ਤੋਂ ਬਾਹਰ ਆਏ ਸਨ।

ਹਾਸ਼ੀਏ ਉੱਤੇ ਗਈਆਂ ਦੂਜੀਆਂ ਪਾਰਟੀਆਂ

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਤੋਂ ਇਲਾਵਾ ਕਈ ਦੂਜੀਆਂ ਪਾਰਟੀਆਂ ਵੀ ਹਾਸ਼ੀਏ ਉੱਤੇ ਚਲੀਆਂ ਗਈਆਂ।

ਆਮ ਆਦਮੀ ਪਾਰਟੀ, ਜਿਹੜੀ ਇਕੱਲੇ ਤੌਰ ਉੱਤੇ ਚੋਣ ਮੈਦਾਨ ਵਿੱਚ ਉਤਰੀ ਸੀ, ਵਿਧਾਨ ਸਭਾ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਨਹੀਂ ਹੋ ਸਕੀ।

ਇਸੇ ਤਰਾਂ ਦੁਸ਼ਿਅੰਤ ਚੌਟਾਲਾ ਦੀ ਜੇਜੇਪੀ ਨੂੰ ਵੀ ਕੋਈ ਸੀਟ ਨਾ ਮਿਲ ਸਕੀ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ‘ਕਿੰਗ ਮੇਕਰ’ ਬਣ ਕੇ ਉੱਭਰੀ ਸੀ। ਇਨੈਲੋ ਅਤੇ ਆਜ਼ਾਦ ਉਮੀਦਵਾਰਾਂ ਨੂੰ ਕੁਝ ਸੀਟਾਂ ’ਤੇ ਸਫਲਤਾ ਹਾਸਲ ਹੋਈ ਹੈ ਪਰ ਇਨ੍ਹਾਂ ਦਾ ਪ੍ਰਭਾਵ ਵੀ ਘੱਟ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)