ਗੁਰਮੀਤ ਰਾਮ ਰਹੀਮ: ਰਣਜੀਤ ਕਤਲ ਕੇਸ 'ਚੋਂ ਡੇਰਾ ਮੁਖੀ ਕਿਸ ਅਧਾਰ ਉੱਤੇ ਬਰੀ ਹੋਏ, ਮੁਲਜ਼ਮਾਂ ਦੇ ਵਕੀਲ ਦਾ ਦਾਅਵਾ

ਤਸਵੀਰ ਸਰੋਤ, Getty Images
ਪੰਜਾਬ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਗੁੁਰਮੀਤ ਰਾਮ ਰਹੀਮ ਨੂੰ 22 ਸਾਲ ਪੁਰਾਣੇ ਰਣਜੀਤ ਸਿੰਘ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।
ਹਾਈਕੋਰਟ ਨੇ ਗੁਰਮੀਤ ਰਾਮ ਰਹੀਮ ਸਣੇ ਪੰਜ ਹੋਰ ਜਣਿਆਂ ਨੂੰ ਬਰੀ ਕੀਤਾ ਹੈ।
ਰਣਜੀਤ ਸਿੰਘ ਦਾ ਕਤਲ 10 ਜੁਲਾਈ 2002 ਨੂੰ ਹੋਇਆ ਸੀ। ਉਹ ਡੇਰੇ ਦਾ ਪ੍ਰਬੰਧਕ ਸੀ ਅਤੇ ਇਸ ਮਾਮਲੇ ਵਿੱਚ ਸੀਬੀਆਈ ਦੀ ਅਦਾਲਤ ਨੇ ਡੇਰਾ ਮੁਖੀ ਸਣੇ 5 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਸੀ।
ਹਾਈਕੋਰਟ ਨੇ ਇਸੇ ਫੈਸਲੇ ਨੂੰ ਪਲਟਦਿਆਂ ਹੁਣ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।
ਗੁਰਮੀਤ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਉਨ੍ਹਾਂ ਨੂੰ ਇਸ ਮਾਮਲੇ ਵਿੱਚ 18 ਅਕਤੂਬਰ 2021 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਦਸੰਬਰ 2021 ਵਿੱਚ ਡੇਰਾ ਮੁਖੀ ਨੇ ਆਪਣੀ ਸਜ਼ਾ ਦੇ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ਸੀ।
ਇਸ ਕੇਸ ਵਿੱਚ ਗੁਰਮੀਤ ਰਾਮ ਰਹੀਮ ਦੇ ਨਾਲ ਕ੍ਰਿਸ਼ਨ ਲਾਲ, ਅਵਤਾਰ ਸਿੰਘ, ਸਬਦਿਲ ਸਿੰਘ, ਅਤੇ ਜਸਵੀਰ ਸਿੰਘ ਨੂੰ ਵੀ ਸਜ਼ਾ ਹੋਈ ਸੀ।
ਅਗਸਤ 2017 ਵਿੱਚ ਗੁਰਮੀਤ ਰਾਮ ਰਹੀਮ ਨੂੰ ਦੋ ਔਰਤਾਂ ਦੇ ਬਲਾਤਕਾਰ ਦੇ ਮਾਮਲੇ ਵਿੱਚ 20 ਸਾਲ ਦੀ ਸਜ਼ਾ ਹੋਈ ਸੀ।ਜੇਲ੍ਹ ਹੋਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਮਿਲ ਚੁੱਕੀ ਹੈ।
ਗੁਰਮੀਤ ਰਾਮ ਰਹੀਮ ਨੂੰ ਜਨਵਰੀ 2019 ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਵਿੱਚ ਵੀ ਸੀਬੀਆਈ ਦੀ ਸਪੈਸ਼ਲ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ
ਡੇਰੇ ਦੇ ਵਕੀਲ ਨੇ ਕੀ ਕਿਹਾ
ਗੁਰਮੀਤ ਰਾਮ ਰਹੀਮ ਦੇ ਵਕੀਲ ਜਤਿੰਦਰ ਖੁਰਾਣਾ ਨੇ ਕਿਹਾ, "ਇਹ 2021 ਦਾ ਮਾਮਲਾ ਸੀ ਇਸ 'ਤੇ ਸੁਣਵਾਈ ਹੋ ਚੁੱਕੀ ਸੀ ਹਾਈਕੋਰਟ ਨੇ ਆਪਣੇ ਫ਼ੈਸਲੇ ਵਿੱਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਿਆ ਹੈ ਅਸੀਂ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਾਂ।"
ਸਬਦਿਲ ਸਿੰਘ ਦੇ ਵਕੀਲ ਮਹਿੰਦਰ ਸਿੰਘ ਜੋਸ਼ੀ ਨੇ ਅਦਾਲਤੀ ਸੁਣਵਾਈ ਬਾਰੇ ਦੱਸਿਆ, "ਇਸ ਕੇਸ ਵਿੱਚ ਵਰਤਿਆ ਗਿਆ ਕੋਈ ਹਥਿਆਰ ਜਾਂ ਭੱਜਣ ਲਈ ਵਰਤੀ ਗਈ ਕਾਰ ਦੇ ਨਾਲ-ਨਾਲ ਜਿਨ੍ਹਾਂ ਚਾਰ ਜਣਿਆਂ ਉੱਤ ਹਮਲੇ ਦੇੇ ਇਲਜ਼ਾਮ ਲੱਗੇ ਉਨ੍ਹਾਂ ਵਿੱਚੋਂ ਦੋ ਨਹੀਂ ਮਿਲੇ।"
ਉਨ੍ਹਾਂ ਨੇ ਕਿਹਾ, "ਇਸ ਮਾਮਲੇ ਵਿੱਚ ਸਬੂਤਾਂ ਦੇ ਸ਼ੱਕੀ ਹੋਣ, ਗਵਾਹਾਂ ਦੀ ਹਾਜ਼ਰੀ ਸਾਬਤ ਨਾ ਹੋਣ, ਵਾਰਦਾਤ ਵਿੱਚ ਵਰਤੇ ਗਏ ਹਥਿਆਰ ਦੀ ਬਰਾਮਦਗੀ ਸਾਬਤ ਨਾ ਹੋਣ ਜਿਹੀਆਂ ਕਮੀਆਂ ਸਨ।"
ਰਣਜੀਤ ਸਿੰਘ ਦੇ ਪਰਿਵਾਰ ਨੇ ਕੀ ਕਿਹਾ

ਤਸਵੀਰ ਸਰੋਤ, Kamal Saini/BBC
ਰਣਜੀਤ ਸਿੰਘ ਦੇ ਜੀਜਾ ਪ੍ਰਭੂ ਦਿਆਲ ਨੇ ਕਿਹਾ ਕਿ ਹਾਈਕੋਰਟ ਦਾ ਫ਼ੈਸਲਾ ਉਨ੍ਹਾਂ ਦੀਆਂ ਇੱਛਾਵਾਂ ਦੇ ਮੁਤਾਬਕ ਨਹੀਂ ਹੈ।
ਉਨ੍ਹਾਂ ਕਿਹਾ, "ਸਾਨੂੰ ਨਿਆਂਪਾਲਿਕਾ 'ਤੇ ਭਰੋਸਾ ਹੈ, ਸੀਬੀਆਈ ਨੇ ਸਾਨੂੰ ਨਿਆਂ ਦਿੱਤਾ ਸੀ, ਅਸੀਂ ਪੰਜਾਬ ਹਰਿਆਣਾ ਹਾਈਕੋਰਟ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਜਾਵਾਂਗੇ, ਅਤੇ ਨਿਆਂ ਦੀ ਲੜਾਈ ਮਰਦੇ ਦਮ ਤੱਕ ਲੜਾਂਗੇ।"
ਸਿਆਸੀ ਅਸਰ ਕੀ ਹੋ ਸਕਦਾ ਹੈ?
ਹਾਲ ਹੀ ਵਿੱਚ ਗੁਰਮੀਤ ਰਾਮ ਰਹੀਮ ਦੇ ਨੇੜਲੇ ਰਿਸ਼ਤੇਦਾਰ ਅਤੇ ਸਾਬਕਾ ਕਾਂਗਰਸੀ ਐੱਮਐੱਲਏ ਹਰਮਿੰਦਰ ਜੱਸੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਬੀਬੀਸੀ ਨਾਲ ਗੱਲ ਕਰਦਿਆਂ, ਸੀਨੀਅਰ ਪੱਤਰਕਾਰ ਹਿਤੇਂਦਰ ਰਾਓ ਨੇ ਦੱਸਿਆ ਕਿ ਡੇਰਾ ਮੁਖੀ ਪਹਿਲਾਂ ਹੀ ਬਲਾਤਕਾਰ ਕੇਸ ਵਿੱਚ 20 ਸਾਲ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਵਿੱਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਦਾ ਗੁਰਮੀਤ ਰਾਮ ਰਹੀਮ ਦੀ ਮੌਜੂਦਾ ਸਥਿਤੀ ਉੱਤੇ ਕੋਈ ਅਸਰ ਨਹੀਂ ਹੋਵੇਗਾ।
ਅਦਾਲਤ ਦੇ ਹੁਕਮਾਂ ਮੁਤਾਬਕ ਇਹ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ।
ਇਸ ਫ਼ੈਸਲੇ ਕੀ ਅਸਰ ਹੋਵੇਗਾ, ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ, "ਇਹ ਫ਼ੈਸਲਾ ਡੇਰਾ ਪ੍ਰੇਮੀਆਂ ਲਈ ਬੱਸ ਇੱਕ ਉਮੀਦ ਦੀ ਕਿਰਨ ਜਗਾਵੇਗਾ।
ਉਨ੍ਹਾਂ ਕਿਹਾ ਡੇਰਾ ਸਿਰਸਾ ਦਾ ਮੁੱਖ ਕੇਂਦਰ ਹਰਿਆਣਾ ਦੇ ਸਿਰਸਾ ਵਿੱਚ ਹੈ, ਹਰਿਆਣਾ ਵਿੱਚ ਚੋਣਾਂ ਨਿੱਬੜ ਚੁੱਕੀਆਂ ਹਨ।
ਉਹ ਕਹਿੰਦੇ ਹਨ, "ਮੈਂ ਨਹੀਂ ਸੋਚਦਾ ਇਕ ਇਸ ਘਟਨਾ ਦਾ ਕੋਈ ਸਿਆਸੀ ਪ੍ਰਭਾਵ ਪਵੇਗਾ।"
ਉਹ ਕਹਿੰਦੇ ਹਨ, "ਅਜਿਹਾ ਲੱਗ ਸਕਦਾ ਹੈ ਕਿ ਡੇਰਾ ਪ੍ਰੇਮੀ ਕਿਸੇ ਇੱਕ ਪਾਰਟੀ ਨੂੰ ਸਮਰਥਨ ਦਿੰਦੇ ਹਨ, ਪਰ ਪੰਜਾਬ ਵਿੱਚ ਅਜਿਹੀ ਵੀ ਵੱਡੀ ਆਬਾਦੀ ਹੈ ਜੋ ਕਿ ਡੇਰਾ ਵਿਰੋਧੀ ਹੈ, ਅਜਿਹੇ ਵਿੱਚ ਇਹ ਕਿਸੇ ਵੀ ਹਾਲਾਤ ਵਿੱਚ ਫਾਇਦੇਮੰਦ ਨਹੀਂ ਹੋਵੇਗਾ।"

ਤਸਵੀਰ ਸਰੋਤ, Getty Images
ਕੀ ਸੀ ਰਣਜੀਤ ਕਤਲ ਕੇਸ
ਜਦੋਂ ਰਣਜੀਤ ਸਿੰਘ ਕਤਲ ਕੇਸ ਡੇਰਾ ਮੁਖੀ ਨੂੰ ਸਜਾ ਸੁਣਾਈ ਗਈ ਸੀ, ਉਦੋਂ ਕੇਸ ਦਾ ਘਟਨਾਕ੍ਰਮ ਸਮਝਣ ਲਈ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨਾਲ ਗੱਲਬਾਤ ਕੀਤੀ ਸੀ।
ਉਨ੍ਹਾਂ ਨੇ ਇਸ ਕੇਸ ਦਾ ਪਿਛੋਕੜ ਦੱਸਿਆ ਸੀ।
''ਮਈ 2002 ਵਿੱਚ ਗੁੰਮਨਾਮ ਚਿੱਠੀ ਆਈ ਸੀ, ਜਿਸ ਬਾਰੇ ਡੇਰੇ ਵਾਲਿਆਂ ਨੂੰ ਸ਼ੱਕ ਸੀ ਕਿ ਇਸ ਪਿੱਛੇ ਰਣਜੀਤ ਸਿੰਘ ਦਾ ਹੱਥ ਹੈ।''
ਰਣਜੀਤ ਸਿੰਘ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ।
''ਡੇਰੇ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਇਹ ਚਿੱਠੀ ਆਪਣੀ ਭੈਣ ਤੋਂ ਲਿਖਵਾਈ ਹੈ। ਜਿਸ ਕਾਰਨ ਰਣਜੀਤ ਸਿੰਘ ਨੂੰ ਧਮਕਾਇਆ ਗਿਆ।''
ਉਨ੍ਹਾਂ ਦੱਸਿਆ ਸੀ ਕਿ ਫਿਰ ਰਣਜੀਤ ਸਿੰਘ ਉੱਪਰ ਦਬਾਅ ਪਾਇਆ ਗਿਆ ਕਿ ਉਹ ਡੇਰੇ ਵਿੱਚ ਆ ਕੇ ਗੁਰਮੀਤ ਰਾਮ ਰਹੀਮ ਤੋਂ ਮੁਆਫ਼ੀ ਮੰਗੇ, 'ਨਹੀਂ ਤਾਂ ਨਤੀਜਾ ਭੁਗਤਣ ਲਈ ਤਿਆਰ ਰਹੇ।'
ਉਨ੍ਹਾਂ ਦੱਸਿਆ ਸੀ ''ਜਦੋਂ ਉਹ ਨਹੀ ਆਏ ਤਾਂ 10 ਜੁਲਾਈ 2002 ਨੂੰ ਉਨ੍ਹਾਂ ਦੇ ਪਿੰਡ (ਖਾਨਪੁਰ ਕੋਹਲੀਆਂ) ਵਿੱਚ ਉਨ੍ਹਾਂ ਦਾ ਕਤਲ ਹੋ ਗਿਆ ਸੀ।''

ਤਸਵੀਰ ਸਰੋਤ, PRABHU DAYAL/BBC
ਉਨ੍ਹਾਂ ਅੱਗੇ ਦੱਸਿਆ, ''ਮਾਮਲਾ ਡੇਰੇ ਨਾਲ ਜੁੜਿਆ ਹੋਣ ਕਾਰਨ ਪੀੜਤ ਪਰਿਵਾਰ ਨੂੰ ਕਾਫ਼ੀ ਦੇਰ ਇਨਸਾਫ਼ ਨਹੀਂ ਮਿਲਿਆ। ਉਸ ਤੋਂ ਬਾਅਦ ਜਦੋਂ ਪੱਤਰਕਾਰ ਰਾਮ ਚੰਦਰ ਛਤਰਪਤੀ ਉੱਪਰ 24 ਅਕਤੂਬਰ 2002 ਨੂੰ ਹਮਲਾ ਹੋਇਆ ਉਸ ਮਾਮਲੇ ਵਿੱਚ ਵੀ ਪੁਲਿਸ ਕਾਰਵਾਈ ਗੁਰਮੀਤ ਰਾਮ ਰਹੀਮ ਦੇ ਖ਼ਿਲਾਫ਼ ਨਹੀਂ ਕੀਤੀ ਗਈ।''
''24 ਅਕਤੂਬਰ, 2002 ਨੂੰ ਸਿਰਸਾ ਤੋਂ ਛਪਦੇ 'ਪੂਰਾ ਸੱਚ' ਨਾਂ ਦੇ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।''
''ਛਤਰਪਤੀ ਪਰਿਵਾਰ ਨੇ ਜਨਵਰੀ 2003 ਵਿੱਚ ਹਾਈ ਕੋਰਟ ਵਿੱਚ ਸੀਬੀਆਈ ਦੀ ਜਾਂਚ ਲਈ ਪਟੀਸ਼ਨ ਕੀਤੀ।''
''ਉਸ ਦੌਰਾਨ ਹੀ ਰਣਜੀਤ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਵੀ ਆਪਣੇ ਬੇਟੇ ਦੇ ਕਤਲ ਦੀ ਸੀਬੀਆਈ ਜਾਂਚ ਲਈ ਇੱਕ ਪਟੀਸ਼ਨ ਅਦਾਲਤ ਵਿੱਚ ਪਾਈ।''
''ਪਟੀਸ਼ਨ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਮੇਰੇ ਬੇਟੇ ਦਾ ਕਤਲ ਡੇਰਾ ਮੁਖੀ ਦੇ ਇਸ਼ਾਰੇ 'ਤੇ ਕੀਤਾ ਗਿਆ ਅਤੇ ਪੁਲਿਸ ਨੇ ਇਸ ਦੀ ਜਾਂਚ ਨਹੀਂ ਕੀਤੀ।''
''ਉਸ ਤੋਂ ਬਾਅਦ ਅੰਸ਼ੁਲ ਛਤੱਰਪਤੀ ਅਤੇ ਜੋਗਿੰਦਰ ਸਿੰਘ ਵੱਲੋਂ ਮੂਵ ਕੀਤੀਆਂ ਗੀਆਂ ਦੋਵੇਂ ਪਟੀਸ਼ਨਾਂ ਨੂੰ ਹਾਈ ਕੋਰਟ ਨੇ ਜੋੜ ਦਿੱਤਾ ਅਤੇ ਸਾਂਝੀ ਸੁਣਵਾਈ ਕੀਤੀ।''
''10 ਨਵੰਬਰ 2003 ਨੂੰ ਰਣਜੀਤ ਸਿੰਘ ਕਤਲ ਕੇਸ ਅਤੇ ਛਤੱਰਪਤੀ ਕਤਲ ਕੇਸ ਦੋਵਾਂ ਮਾਮਲਿਆਂ ਵਿੱਚ ਹਾਈਕੋਰਟ ਨੇ ਸੀਬੀਆਈ ਜਾਂਚ ਦੇ ਹੁਕਮ ਸੁਣਾਏ।''
ਡੇਰਾ ਸੱਚਾ ਸੌਦਾ ਅਤੇ ਇਸ ਨਾਲ ਜੁੜੇ ਵਿਵਾਦ
ਡੇਰਾ ਸੱਚਾ ਸੌਦਾ ਦਾ ਨਾਮ ਪੰਜਾਬ ਵਿੱਚ ਕਈ ਵਿਵਾਦਾਂ ਨਾਲ ਜੁੜਦਾ ਰਿਹਾ ਹੈ।
ਸਾਲ 2007 ਬਠਿੰਡਾ ਦੇ ਸਲਾਬਤਪੁਰਾ ਵਿਚਲੇ ਡੇਰੇ ਵਿੱਚ ਹੋਏ ਇੱਕ ਸਮਾਗਮ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਸਵਾਂਗ(ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਲਗਾਉਣ) ਦੇ ਇਲਜ਼ਾਮ ਲੱਗੇ ਸਨ।
ਇਸ ਤੋਂ ਬਾਅਦ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ ਹਿੰਸਾ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ।
ਸਾਲ 2015 ਵਿੱਚ ਫਰੀਦਕੋਟ ਵਿਚਲੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਅਤੇ ਇਸ ਮਗਰੋਂ ਬਰਗਾੜੀ ਵਿੱਚ ਹੋਈ ਬੇਅਦਬੀ ਦੇ ਮਾਮਲਿਆਂ ਵਿੱਚ ਵੀ ਡੇਰੇ ਨਾਲ ਸਬੰਧਤ ਲੋਕਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਸਨ।
ਇਸ ਮਗਰੋਂ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖ ਸੰਗਠਨਾਂ ਦੌਰਾਨ ਟਕਰਾਅ ਦੀ ਸਥਿਤੀ ਬਣ ਗਈ ਸੀ।
ਡੇਰਾ ਸੱਚਾ ਸੌਦਾ ਦੇ ਸਮਰਥਕ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ।












