ਮਾਹਵਾਰੀ ਵੇਲੇ ਖਿਡਾਰਨਾਂ ਕਿਵੇਂ ਟਰੇਨਿੰਗ ਕਰਦੀਆਂ ਹਨ, ਕਿਹੜੀਆਂ ਮੁਸ਼ਕਲਾਂ ਉਨ੍ਹਾਂ ਨੂੰ ਆਉਂਦੀਆਂ ਹਨ

ਖੇਡ

ਤਸਵੀਰ ਸਰੋਤ, Getty Images

    • ਲੇਖਕ, ਜਾਨ੍ਹਵੀ ਮੂਲੇ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ

"ਮਾਊਂਟ ਐਵਰੇਸਟ ਦੀ ਚੜ੍ਹਾਈ ਸਰ ਕਰਨ ਤੋਂ ਬਾਅਦ ਮੈਂ ਥੱਲੇ ਉੱਤਰ ਹੀ ਰਹੀ ਸੀ, ਹਾਲੇ 8,000 ਮੀਟਰ ਉੱਤੇ ਸੀ ਜਦੋਂ ਮੈਨੂੰ ਮਾਹਵਾਰੀ ਸ਼ੁਰੂ ਹੋ ਗਈ।"

ਅੱਠ ਹਜ਼ਾਰ ਮੀਟਰ ਉੱਚੀਆਂ ਪੰਜ ਚੋਟੀਆਂ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਪਰਬਤਾਰੋਹੀ ਪ੍ਰਿਅੰਕਾ ਮੋਹਿਤੇ ਨੇ ਆਪਣਾ ਤਜੁਰਬਾ ਸਾਂਝਾ ਕਰਦੇ ਹੋਏ ਇਹ ਗੱਲ ਕਹੀ ਹੈ।

ਪ੍ਰਿਅੰਕਾ ਕਹਿੰਦੇ ਹਨ, "ਮੈਂ ਥੱਕੀ ਹੋਈ ਸੀ, ਆਕਸੀਜਨ ਦੇ ਨਾਲ ਤਕਰੀਬਨ ਅੱਠ ਘੰਟੇ ਤੱਕ ਉੱਪਰ ਚੜ੍ਹਾਈ ਕੀਤੀ, ਮੇਰੇ ਪੀਰੀਅਡਜ਼ 10 ਦਿਨਾਂ ਬਾਅਦ ਆਉਣ ਵਾਲੇ ਸੀ, ਪਰ ਹੋ ਸਕਦਾ ਹੈ ਕਿ ਥਕਾਨ ਜਾਂ ਖ਼ਰਾਬ ਮੌਸਮ ਦੇ ਕਾਰਨ ਇਹ ਪਹਿਲਾਂ ਹੀ ਸ਼ੁਰੂ ਹੋ ਗਏ ਹੋਣ, ਮੈਂ ਇਸ ਲਈ ਤਿਆਰ ਨਹੀਂ ਸੀ, ਮੈਂ ਟਿਸ਼ੂ ਪੇਪਰ ਨੂੰ ਪੈਡ ਵਾਂਗ ਤਕਰੀਬਨ ਦੋ ਦਿਨ ਤੱਕ ਵਰਤਿਆ।"

ਅਸੀਂ ਪ੍ਰਿਅੰਕਾ ਕੋਲੋਂ ਉਨ੍ਹਾਂ ਦੇ ਤਜੁਰਬੇ ਬਾਰੇ ਪੁੱਛਿਆ ਕਿਉਂਕਿ ਫੀਫਾ ਵੁਮੈਨ ਵਰਲਡ ਕੱਪ ਦੇ ਕਾਰਨ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਖਿਡਾਰਨਾਂ ਆਪਣੇ ਪੀਰੀਅਡਸ ਦੇ ਦਿਨਾਂ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਦੀਆਂ ਹਨ।

ਇਸ ਟੂਰਨਾਮੈਂਟ ਤੋਂ ਥੋੜ੍ਹੀ ਦੇਰ ਪਹਿਲਾਂ ਨਿਊਜ਼ੀਲੈਂਡ ਦੀ ਫੁੱਟਬਾਲ ਟੀਮ ਨੇ ਆਪਣੀ ਜਰਸੀ ਬਦਲ ਦਿੱਤੀ ਅਤੇ ਪੀਰੀਅਡਸ ਨਾਲ ਸੰਬੰਧਤ ਚਿੱਟੇ ਰੰਗ ਦੇ ਕੱਪੜਿਆਂ ਦੇ ਤਣਾਅ ਤੋਂ ਬਚਣ ਲਈ ਉਨ੍ਹਾਂ ਨੇ ਨੀਲੇ ਰੰਗ ਦੀ ਵਰਦੀ ਚੁਣੀ।

ਇਸੇ ਕਾਰਨ ਹੀ ਵਿੰਬਲਡਨ ਵਿੱਚ ਵੀ ਹਾਲ ਹੀ ਵਿੱਚ ਨਿਯਮਾਂ ਵਿੱਚ ਛੋਟ ਦਿੱਤੀ ਗਈ ਕਿ ਟੈਨਿਸ ਖਿਡਾਰਨਾਂ ਰੰਗਦਾਰ ਅੰਡਰਸ਼ਾਰਟਸ ਪਾ ਸਕਦੀਆਂ ਹਨ।

ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀ ਹੈ ਕਿ ਪੀਰੀਅਡਸ ਦੇ ਸਮੇਂ ਖਿਡਾਰਨਾਂ ਖੇਡਦੀਆਂ ਹਨ ਅਤੇ ਕੁਝ ਨੇ ਤਾਂ ਪੀਰੀਅਡਸ ਦੇ ਦਿਨਾਂ ਦੌਰਾਨ ਵੱਡੀਆਂ ਜਿੱਤਾਂ ਵੀ ਹਾਸਲ ਕੀਤੀਆਂ ਹਨ।

ਵੇਟਲਿਫਟਰ ਮੀਰਾਬਾਈ ਚਾਨੂ ਨੇ ਟੋਕੀੳ 2020 ਵਿੱਚ ਸਿਲਵਰ ਮੈਡਲ ਜਿੱੱਤਿਆ ਸੀ, ਉਸ ਵੇਲੇ ਉਹ ਪੀਡੀਅਡਸ ਵਿੱਚ ਸਨ ਅਤੇ ਬਾਅਦ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਬਿਹਤਰ ਪ੍ਰਦਰਸ਼ਨ ਲਈ ਕਿਵੇਂ ਮਾਨਸਿਕ ਅਤੇ ਸਰੀਰਕ ਤਿਆਰੀ ਕੀਤੀ ਸੀ।

ਖਿਡਾਰਨਾਂ ਲਈ ਮਾਹਵਾਰੀ ਇੱਕ ਵੱਡੀ ਚੁਣੌਤੀ ਹੁੰਦੀ ਹੈ, ਹਾਲਾਂਕਿ ਇਸ ਵਿਸ਼ੇ ਉੱਤੇ ਬਹੁਤ ਲੋਕ ਗੱਲ ਨਹੀਂ ਕਰਦੇ।

ਕਿਸੇ ਹੋਰ ਔਰਤ ਵਾਂਗ ਹੀ ਖਿਡਾਰਨਾਂ ਦੇ ਸਰੀਰ ਵਿੱਚ ਵੀ ਬਦਲਾਅ ਦੇ ਕਈ ਪੜਾਅ ਹੁੰਦੇ ਹਨ।

ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਉਹ ਕਿਵੇਂ ਇਨ੍ਹਾਂ ਤਬਦੀਲੀਆਂ ਨਾਲ ਤਾਲਮੇਲ ਬਿਠਾਉਂਦੀਆਂ ਹਨ ਅਤੇ ਪੀਰੀਅਡਸ ਦੇ ਸਮੇਂ ਟ੍ਰੇਨਿੰਗ ਕਰਦੀਆਂ ਹਨ।

ਲਾਈਨ
ਲਾਈਨ

ਪੀਰੀਅਡਸ ਦੇ ਸਮੇਂ ਖੇਡਣਾ ਔਖਾ ਹੁੰਦਾ ਹੈ?

ਖੇਡ

ਤਸਵੀਰ ਸਰੋਤ, Getty Images

ਪੀਰੀਅਡਸ ਦੌਰਾਨ ਖਿਡਾਰਨਾਂ ਨੂੰ ਮੂਡ ਸਵਿੰਗ, ਢਿੱਡ ’ਚ ਦਰਦ, ਪਿੱਠ ਦਰਦ, ਪੈਰ ਵਿੱਚ ਦਰਦ, ਉਲਟੀ, ਥਕਾਨ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਾਕੀ ਖਿਡਾਰਨਾਂ ਇਸ ਸਭ ਦੇ ਲਈ ਕਦੇ-ਕਦਾਈ ਦਰਦ ਘਟਾਉਣ ਲਈ ਦਵਾਈਆਂ ਲੈ ਸਕਦੀਆਂ ਹਨ, ਪਰ ਖੇਡ ਵਿੱਚ ਸਖ਼ਤ ਨਿਯਮਾਂ ਦੇ ਚਲਦਿਆਂ ਖਿਡਾਰਨਾਂ ਕੋਈ ਵੀ ਗੋਲੀ ਆਪ ਨਹੀਂ ਖਾ ਸਕਦੀਆਂ।

ਉਨ੍ਹਾਂ ਨੂੰ ਪੀਰੀਅਡਸ ਦੇ ਦੌਰਾਨ ਟ੍ਰੇਨਿੰਗ ਕਰਨੀ ਪੈਂਦੀ ਹੈ ਅਤੇ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਪੈਂਦਾ ਹੈ ਅਤੇ ਸੱਟ ਦਾ ਵੀ ਖ਼ਤਰਾ ਹੁੰਦਾ ਹੈ।

ਸਵੀਡਨ ਵਿੱਚ ਕੈਰੋਲਿੰਸਕਾ ਇੰਸਟੀਟਊਟ ਦੀ ਸੀਸਿਲਿਆ ਫ੍ਰਿਡੇਨ ਨੇ ਇਸ ਉੱਤੇ ਅਧਿਐਨ ਕੀਤਾ ਹੈ।

ਇਸ ਖੋਜ ਵਿੱਚ ਇਹ ਸਾਹਮਣੇ ਆਇਆ ਕਿ ਖਿਡਾਰਨਾਂ ਦੇ ਜ਼ਖ਼ਮੀ ਹੋਣ ਦੀ ਔਸਤ ਪੀਰੀਅਡਸ ਤੋਂ ਪਹਿਲਾਂ ਅਤੇ ਪੀਰੀਅਡਸ ਦੇ ਦੌਰਾਨ ਵੱਧ ਹੁੰਦੀ ਹੈ।

ਓਵੂਲੇਸ਼ਨ ਚੱਕਰ ਦੇ 14ਵੇਂ ਦਿਨ ਖਿਡਾਰਨਾਂ ਦੇ ਗੋਡੇ ਦੀ ਸੱਟ ਦਾ ਖ਼ਤਰਾ ਵੱਧ ਹੁੰਦਾ ਹੈ ਅਤੇ 21ਵੇਂ ਅਤੇ 28ਵੇਂ ਦਿਨ ਦੇ ਦਰਮਿਆਨ ਥਕਾਨ ਅਤੇ ਮੂਡ ਸਵਿੰਗ ਵੱਧ ਹੁੰਦਾ ਹੈ।

ਸਾਲ 2016 ਵਿੱਚ ਹੋਇਆ ਇੱਕ ਹੋਰ ਅਧਿਐਨ ਦਰਸਾਉਂਦਾ ਹੈ ਕਿ ਤਕਰੀਬਨ 50 ਫੀਸਦੀ ਤੋਂ ਵੱਧ ਖਿਡਾਰਨਾਂ ਨੂੰ ਹਾਰਮੋਨ ਵਿੱਚ ਬਦਲਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਨ੍ਹਾਂ ਦੀ ਟ੍ਰੇਨਿੰਗ ਅਤੇ ਪ੍ਰਦਰਸ਼ਨ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਡਾ. ਜਿਯੋਰਜੀ ਬੁਇਨਵੇਲਸ ਜਿਨ੍ਹਾਂ ਨੇ ਇਹ ਖੋਜ ਕੀਤੀ ਆਪ ਵੀ ਇੱਕ ਖਿਡਾਰਨ ਰਹਿ ਚੁੱਕੇ ਹਨ।

ਉਹ ਕਹਿੰਦੇ ਹਨ, ‘‘ੳਵੂਲੇਸ਼ਨ ਤੋਂ ਪਹਿਲਾਂ ਔਰਤ ਦੇ ਸ਼ਰੀਰ ਵਿੱਚ ਇਸਟਰੋਜਨ ਦਾ ਪੱਧਰ ਸਭ ਤੋਂ ਵੱਧ ਹੁੰਦਾ ਹੈ। ਇਸ ਦੌਰਾਨ ਬਹੁਤੀਆਂ ਖਿਡਾਰਨਾਂ ਨੂੰ ਲੱਗਦਾ ਹੈ ਕਿ ਉਹ ਖੇਡ ਵਿੱਚ ਸਭ ਤੋਂ ਵੱਧ ਕਾਬਲ ਹਨ, ਪਰ ਓਵੂਲੇਸ਼ਨ ਤੋਂ ਠੀਕ ਪਹਿਲਾਂ ਇਹ ਪੱਧਰ ਡਿੱਗ ਜਾਂਦਾ ਹੈ।’’

‘‘ਇਸ ਤੋਂ ਬਾਅਦ ਦੇ ਪੜਾਅ ਵਿੱਚ ਵੀ ਪਰੋਜੇਸਟਰੀਨ ਹਾਰਮੋਨ ਵੱਧਦਾ ਹੈ, ਜੋ ਸਰੀਰ ਦਾ ਤਾਪਮਾਨ, ਸਾਹ, ਦਿਲ ਦੀ ਧੜਕਨ ਵਧਾਉਂਦਾ ਹੈ, ਜੋ ਮੈਟਾਬੋਲਿਜ਼ਮ ਦੀ ਔਸਤ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਤੁਹਾਨੂੰ ਭੋਜਨ ਵਿੱਚ ਬਦਲਾਅ ਕਰਨ ਦੀ ਲੋੜ ਹੁੰਦੀ ਹੈ।’’

ਹਾਰਮੋਨਾਂ ਵਿੱਚ ਇਸ ਬਦਲਾਅ ਬਾਰੇ ਖਿਡਾਰੀਆਂ ਨੂੰ ਪਤਾ ਲੱਗ ਸਕੇ ਤਾਂ ਇਹ ਉਨ੍ਹਾਂ ਦੇ ਟ੍ਰੇਨਿੰਗ ਸਮੇਂ ਦਾ ਸਹੀ ਪ੍ਰਬੰਧ ਕਰਨ ਵਿੱੱਚ ਮਦਦਗਾਰ ਹੋ ਸਕਦਾ ਹੈ।

ਖਿਡਾਰਨਾਂ

ਤਸਵੀਰ ਸਰੋਤ, Getty Images

ਪੀਰੀਅਡਸ ਵਿੱਚ ਟ੍ਰੇਨਿੰਗ

ਖੇਡ

ਤਸਵੀਰ ਸਰੋਤ, Getty Images

ਇਸ ਸਾਲ ਵਿਸ਼ਵ ਕੱਪ ਵਿੱਚ ਸ਼ੁਰੂਆਤੀ ਗੋਲ ਕਰਨ ਵਾਲੀ ਨਿਊਜ਼ੀਲੈਂਡ ਦੀ ਫੁੱਟਬਾਲ ਖਿਡਾਰਨ ਹਾਨਾ ਵਿਲਕਿੰਸਨ ਦੱਸਦੇ ਹਨ ਕਿ ਜਦੋਂ ਕੋਈ ਵੱਡਾ ਮੁਕਾਬਲਾ ਹੁੰਦਾ ਹੈ ਤਾਂ ਖਿਡਾਰਨਾਂ ਇਸ ਗੱਲ ਦੀ ਖ਼ੈਰ ਮਨਾਉਂਦੀਆਂ ਸਨ ਕਿ ਉਨ੍ਹਾਂ ਨੂੰ ਮਾਹਵਾਰੀ ਨਾ ਆਵੇ ਪਰ ਚੀਜ਼ਾਂ ਬਦਲ ਚੁੱਕੀਆਂ ਹਨ ।

ਉਹ ਦੱਸਦੇ ਹਨ ਕਿ ਤੁਹਾਨੂੰ ਪੀਰੀਅਡਸ ਦੇ ਦੌਰਾਨ ਵੀ ਖੇਡਣ ਲਈ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਤਿਆਰ ਰਹਿਣਾ ਹੁੰਦਾ ਹੈ।

ਪ੍ਰਿਅੰਕਾ ਮੋਹਿਤੇ ਇਸ ਗੱਲ ਨਾਲ ਸਹਿਮਤ ਹਨ ਤੇ ਕਹਿੰਦੇ ਹਨ, ‘‘ਮੈਂ ਮਾਹਵਾਰੀ ਦੌਰਾਨ ਵੀ ਅਭਿਆਸ ਕਰਦੀ ਹਾਂ, ਮੈ ਘੱਟ ਤੋਂ ਘੱਟ ਟਹਿਲਣ ਜਾਂਦੀ ਹਾਂ, ਟ੍ਰੈਡਮਿਲ ਉੱਤੇ ਮਿਹਨਤ ਕਰਦੀ ਹਾਂ, ਯੋਗਾ, ਸਟ੍ਰੈਚਿੰਗ ਆਦਿ ਕਰਦੀ ਹਾਂ। ਪੀਰੀਅਡਸ ਦੌਰਾਨ ਸਰੀਰ ਦੇ ਹੇਠਲੇ ਹਿੱਸੇ ਵਾਲੀ ਕਸਰਤ ਤੋਂ ਬਚਦੀ ਹਾਂ ਪਰ ਕਦੇ ਵੀ ਕਸਰਤ ਕਰਨਾ ਨਹੀਂ ਛੱਡਦੀ।’’

ਪਿਛਲੇ 30 ਸਾਲਾਂ ਵਿੱਚ ਜਿਮਨਾਸਟਿਕ ਸਿਖਾਉਣ ਵਾਲੇ ਮਹਾਰਾਸ਼ਟਰ ਦੇ ਸੀਨੀਅਰ ਕੋਚ ਹਰੀਸ਼ ਪਰਬ ਕਹਿੰਦੇ ਹਨ, ‘‘ਮੇਰੇ ਵਿਦਿਆਰਥੀ ਪਹਿਲਾਂ ਹੀ ਮੈਨੂੰ ਦੱਸ ਦਿੰਦੇ ਹਨ ਕਿ ਉਨ੍ਹਾਂ ਦੇ ਪੀਰੀਅਡਸ ਹਨ ਅਤੇ ਉਨ੍ਹਾਂ ਦੀ ਡੇਟ ਕਦੋਂ ਆ ਰਹੀ ਹੈ।’’

‘‘ਇਸ ਲਈ ਅਸੀਂ ਉਸੇ ਹਿਸਾਬ ਨਾਲ ਉਨ੍ਹਾਂ ਦੀ ਸਿਖਲਾਈ ਅਤੇ ਅਭਿਆਸ ਦਾ ਸਮਾਂ ਰੱਖਦੇ ਹਾਂ, ਅਸੀਂ ਇਹ ਖਿਆਲ ਰੱਖਦੇ ਹਾਂ ਕਿ ਇਸ ਸਮੇਂ ਉਹ ਆਪਣੇ ਸਰੀਰ ਉੱਤੇ ਬਹੁਤ ਜ਼ੋਰ ਨਾ ਲਗਾਉਣ, ਇਸ ਲਈ ਪੀਰੀਅਡਸ ਸਮੇਂ ਟਰਾਇਲ ਜਾਂ ਟੂਰਨਾਮੈਂਟ ਦਾ ਸਾਹਮਣਾ ਕਰਨ ਲਈ, ਸਰੀਰਕ ਅਤੇ ਮਨੋਵਿਗਿਆਨਿਕ ਰੂਪ ਵਿੱਚ ਤਿਆਰ ਰਹਿੰਦੀਆਂ ਹਨ।’’

ਉਹ ਇਸ ਗੱਲ ਉੱਤੇ ਜ਼ੋਰ ਪਾਉਂਦੇ ਹਨ ਕਿ ਟ੍ਰੇਨਿੰਗ ਅਤੇ ਖ਼ੁਰਾਕ ਮਜ਼ਬੂਤੀ ਦਾ ਮੂਲ ਹਨ।

ਹਰੀਸ਼ ਕਹਿੰਦੇ ਹਨ, ‘‘ਜਿੰਮਨਾਸਟਿਕ ਦੇ ਬਹੁਤੇ ਖਿਡਾਰੀ ਬਹੁਤ ਜਲਦੀ ਟ੍ਰੇਨਿੰਗ ਸ਼ੁਰੂ ਕਰ ਦਿੰਦੇ ਹਨ, ਜਦੋਂ ਉਹ 12 ਸਾਲ ਦੇ ਹੁੰਦੇ ਹਨ ਉਦੋਂ ਅਸੀਂ ਡਾਈਟੀਸ਼ੀਅਨ ਕੋਲੋਂ ਉਨ੍ਹਾਂ ਦੀ ਖੁਰਾਕ ਬਾਰੇ ਸਲਾਹ ਲੈਂਦੇ ਹਾਂ। ਅਸੀਂ ਇਸ ਗੱਲ ਦਾ ਵੀ ਖਿਆਲ ਰੱਖਦੇ ਹਾਂ ਕਿ ਉਨ੍ਹਾਂ ਨੂੰ ਲੋੜੀਂਦੀ ਆਇਰਨ ਅਤੇ ਕੈਲਸ਼ਿਅਮ ਮਿਲੇ, ਅਸੀਂ ਔਰਤਾਂ ਦੇ ਰੋਗਾਂ ਦੇ ਮਾਹਰ ਨਾਲ ਵੀ ਸਲਾਹ ਲਈ ਇੰਤਜ਼ਾਮ ਕਰਦੇ ਹਾਂ ਤਾਂ ਜੋ ਕੁੜੀਆਂ ਨੂੰ ਸਹੀ ਗੱਲ ਪਤਾ ਹੋਵੇ ਅਤੇ ਉਨ੍ਹਾਂ ਦੇ ਸਰੀਰ ਵਿੱਚ ਕੀ ਬਦਲਾਅ ਹੋ ਰਹੇ ਹਨ।’’

ਤਕਨੀਕ ਕਿਵੇਂ ਮਦਦ ਕਰ ਰਹੀ ਹੈ

ਮਾਹਵਾਰੀ

ਤਸਵੀਰ ਸਰੋਤ, Getty Images

ਹਾਕੀ ਫੁੱਟਬਾਲ ਅਤੇ ਕ੍ਰਿਕਟ ਖੇਡਾਂ ਵਿੱਚ ਤੁਸੀਂ ਪੂਰੀ ਟੀਮ ਦੇ ਲਈ ਇੱਕੋ ਜਿਹਾ ਫਿੱਟਨੈਸ ਨਿਯਮ ਨਹੀਂ ਲਾਗੂ ਕਰ ਸਕਦੇ, ਅੱਜ ਕੱਲ ਫਿਟਨੈਸ ਟ੍ਰੇਨਰ ਹਰੇਕ ਖਿਡਾਰੀ ਦੇ ਲਈ ਅਲੱਗ-ਅਲੱਗ ਕਸਰਤ ਨਿਰਧਾਰਿਤ ਕਰਦੇ ਹਨ।

ਇੰਗਲਿਸ਼ ਇੰਸਟੀਟਊਟ ਆਫ਼ ਸਪੋਰਟਸ ਦੇ ਡਾ. ਰਿਚਰਡ ਬਰਡਨ ਕਹਿੰਦੇ ਹਨ, ‘‘ਲੰਬੇ ਸਮੇਂ ਤੋਂ ਮਾਹਵਾਰੀ ਨੂੰ ਸਿਖਲਾਈ ਅਤੇ ਪ੍ਰਦਰਸ਼ਨ ਦੇ ਲਿਹਾਜ਼ ਨਾਲ ਇੱਕ ਰੁਕਾਵਟ ਦੇ ਤੌਰ ‘ਤੇ ਦੇਖਿਆ ਜਾਂਦਾ ਰਿਹਾ ਹੈ, ਪਰ ਜੇਕਰ ਤੁਸੀਂ ਇਸ ਦਾ ਦੂਜਾ ਪੱਖ ਵੇਖੋ ਤਾਂ ਸਿਖਲਾਈ ਛੱਡ ਦੇਣ ਦੀ ਥਾਂ ਸਿਖਲਾਈ ਨੂੰ ਲੈ ਕੇ ਹਾਰਮੋਨ ਦੇ ਉਤਰਾਅ-ਚੜ੍ਹਾਅ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਕਾਫੀ ਸੰਭਾਵਨਾ ਹੈ।’’

ਖਿਡਾਰੀ ਇਸ ਉਤਰਾਅ ਚੜ੍ਹਾਅ ਉੱਤੇ ਨਜ਼ਰ ਬਣਾ ਕੇ ਰੱਖਣ ਦੇ ਲਈ ਐਪ ਦੀ ਵਰਤੋਂ ਕਰਦੇ ਹਨ।

ਬਲੂ, ਫਿਟਬਿਟ ਜਿਹੀਆਂ ਐਪਸ ਔਰਤਾਂ ਨੂੰ ਮਾਹਵਾਰੀ ਨਾਲ ਜੁੜੀਆਂ ਗੱਲਾਂ ਦਾ ਧਿਆਨ ਰੱਖਣ ਵਿੱਚ ਮਦਦ ਕਰਦੀਆਂ ਹਨ।

ਫਿਟਆਰਵੁਮੈਨ ਐਪ ਹੋਰ ਵੀ ਮਦਦਗਾਰ ਹੈ, ਇਹ ਐਪ ਮਾਹਵਾਰੀ ਦੌਰਾਨ ਸਿਖਲਾਈ ਗਤੀਵਿਧੀ, ਪੋਸ਼ਣ, ਫਿਜ਼ਿੳਲੌਜੀ ਅਤੇ ਸਪੋਰਟ ਦੀ ਹਿਸਟਰੀ ਤਿਆਰ ਕਰਦਾ ਹੈ।

ਇਸ ਐਪ ਨੂੰ ਸਪੋਰਟਸ ਟੈਕ ਕੰਪਨੀ ਅੋਰੇਕੋ ਨੇ ਬਣਾਇਆ ਹੈ ਅਤੇ ਡਾ. ਜਿੳਰਜੀ ਬਰੁਇਨਵੇਲਸ ਦੀ ਖੋਜ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਡਾ. ਬਰੁਇਨਵੇਲਸ ਨੇ ਅਮਰੀਕੀ ਫੁੱਟਬਾਲ ਟੀਮ ਨਾਲ ਕੰਮ ਕੀਤਾ ਹੈ, ਜਦੋਂ 2019 ਵਿੱਚ ਟੀਮ ਨੇ ਵਰਲਡ ਕੱਪ ਜਿੱਤਿਆ ਤਾਂ ਉਸ ਸਮੇਂ ਦੱਸਿਆ ਗਿਆ ਕਿ ਇਸ ਤਕਨੀਕ ਨੇ ਤਿਆਰੀ ਵਿੱਚ ਕਾਫੀ ਮਦਦ ਕੀਤੀ ਸੀ।

ਪਰ ਸਿਰਫ਼ ਸਿਖਲਾਈ ਹੀ ਨਹੀਂ, ਕੱਪੜੇ ਬਣਾਉਣ ਵਾਲੀਆਂ ਕੰਪਨੀਆਂ ਵੀ ਖਿਡਾਰਨਾਂ ਦੀ ਜ਼ਰੂਰਤ ਵੱਲ ਆਪਣਾ ਧਿਆਨ ਦੇ ਰਹੀਆਂ ਹਨ ਅਤੇ ਲੀਕਪਰੂਫ਼ ਕੱਪੜਿਆਂ ਨੂੰ ਬਜ਼ਾਰ ਵਿੱਚ ਉਤਾਰਿਆ ਗਿਆ ਹੈ।

ਬੋਲਣਾ ਸਭ ਤੋਂ ਜ਼ਰੂਰੀ ਹੈ

ਪ੍ਰਿਅੰਕਾ

ਤਸਵੀਰ ਸਰੋਤ, FACEBOOK/PRIYANKA MOHITE

ਤਸਵੀਰ ਕੈਪਸ਼ਨ, ਪਰਬਤਾਰੋਹੀ ਪ੍ਰਿਅੰਕਾ ਮੋਹਿਤੇ

ਪਰਬਤਾਰੋਹੀ ਪ੍ਰਿਅੰਕਾ ਮੋਹਿਤੇ ਨੂੰ ਲੱਗਦਾ ਹੈ ਕਿ ਖਿਡਾਰਨਾਂ ਨੂੰ ਮਾਹਵਾਰੀ ਬਾਰੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।

ਪ੍ਰਿਅੰਕਾ ਮੁਤਾਬਕ ਸ਼ੁਰੁ ਵਿੱਚ ਉਹ ਪੀਰੀਅਡਸ ਬਾਰੇ ਗੱਲ ਕਰਨ ਤੋਂ ਝਿਝਕਦੀਆਂ ਸਨ ਪਰ ਹੁਣ ਜਦੋਂ ਵੀ ਉਹ ਹਾਈ ਸਕੂਲ ਅਤੇ ਕਾਲਜਾਂ ਵਿੱਚ ਕੁੜੀਆਂ ਅਤੇ ਮੁੰਡਿਆਂ ਨਾਲ ਮਿਲਦੀਆਂ ਹਨ, ਇਸ ਬਾਰੇ ਗੱਲ ਕਰਦੀਆਂ ਹਨ।

ਉਹ ਕਹਿੰਦੇ ਹਨ, ‘‘ਅੰਨਪੁਰਣਾ ਅਭਿਆਨ ਦੌਰਾਨ ਮੇਰੀ ਟੀਮ ਵਿੱਚ ਚਾਰ ਮਰਦ ਸਨ ਅਤੇ ਅਸੀਂ ਇੱਕ ਹੀ ਤੰਬੂ ਵਿੱਚ ਰਹਿੰਦੇ ਸੀ, ਜੇ ਤੁਹਾਨੂੰ ਪੈਡ ਜਾਂ ਕੱਪ ਬਦਲਣ ਦੀ ਜ਼ਰੂਰਤ ਹੁੰਦੀ ਤਾਂ ਤੁਹਾਨੂੰ ਤੰਬੂ ਵਿੱਚ ਹੀ ਬਦਲਣਾ ਪੈਂਦਾ ਸੀ ਕਿਉਂਕਿ ਬਾਹਰ ਤੇਜ਼ ਹਵਾ ਅਤੇ ਬਰਫ਼ ਸੀ, ਇਸ ਲਈ ਤੁਹਾਨੂੰ ਆਪਣੀ ਟੀਮ ਦੇ ਨਾਲ ਭਰੋਸੇ ਦਾ ਰਿਸ਼ਤਾ ਵਿਕਸਿਤ ਕਰਨ ਦੀ ਜ਼ਰੂਰਤ ਹੁੰਦੀ ਹੈ।’’

ਪ੍ਰਿਅੰਕਾ ਅੱਗੇ ਕਹਿੰਦੇ ਹਨ ਕਿ ਹੁਣ ਹਰ ਕੋਈ ਇਸ ਨੂੰ ਕਰ ਸਕਦਾ ਹੈ।

ਅਰਜੁਨ ਪੁਰਸਕਾਰ ਜਿੱਤਣ ਵਾਲੇ ਭਾਰਤੀ ਪਹਿਲਵਾਨ ਦਿਵਿਆ ਕਾਕਰਾਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਰਵਾਇਤੀ ਤੌਰ ਦੇ ਮਰਦਾਂ ਦੇ ਦਬਦਬੇ ਵਾਲੀ ਖੇਡ ਕੁਸ਼ਤੀ ਵਿੱਚ ਮਾਹਵਾਰੀ ਜਾਂ ਪੀਰੀਅਡਸ ਨੂੰ ਇੱਕ ਵਰਜਿਤ ਚੀਜ਼ ਵਾਂਗ ਦੇਖਿਆ ਜਾਂਦਾ ਹੈ।

ਉਨ੍ਹਾਂ ਨੇ ਕਿਹਾ ਕਿ ਕੁੜੀਆਂ ਕੋਚ ਨੂੰ ਇਹ ਨਹੀਂ ਕਹਿ ਸਕਦੀਆਂ ਕਿ ਉਨ੍ਹਾਂ ਨੂੰ ਇਹ ਪਰੇਸ਼ਾਨੀ ਹੈ, ਉੱਥੇ ਕੋਈ ਸਾਫ ਸੁਥਰਾ ਟਾਇਲਟ ਨਹੀਂ ਹੁੰਦਾ, ਬਦਲਣ ਦੀ ਕੋਈ ਜਗ੍ਹਾ ਨਹੀਂ ਹੁੰਦੀ, ਜੇ ਤੁਹਾਨੂੰ ਵਾਰ-ਵਾਰ ਟਾਇਲਟ ਜਾਣਾ ਪਵੇ, ਤੁਹਾਡੇ ਕੱਪੜੇ ਉੱਤੇ ਧੱਬੇ ਪੈ ਜਾਣ ਤਾਂ ਕੋਚ ਨੂੰ ਕੀ ਦੱਸੀਏ.. ਇਸ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।

ਇੱਥੇ ਕੋਚਾਂ ਦੀ ਭੂਮਿਕਾ ਅਹਿਮ ਹੋ ਜਾਂਦੀ ਹੈ।

ਹਰੀਸ਼ ਪਰਬ ਕਹਿੰਦੇ ਹਨ ਕਿ ਪਿਛਲੇ 30 ਸਾਲਾਂ ਵਿੱਚ ਸਥਿਤੀਆਂ ਕਾਫੀ ਬਦਲੀਆਂ ਹਨ।

ਉਹ ਕਹਿੰਦੇ ਹਨ, ‘‘ਵਿਦਿਆਰਥੀ ਪਹਿਲਾਂ ਤੋਂ ਵੱਧ ਜਾਗਰੁਕ ਹਨ, ਇਸ ਲਈ ਖਿਡਾਰਨਾਂ ਵਿੱਚ ਪੀਰਿਅਡਸ ਬਾਰੇ ਖੁੱਲ੍ਹੀ ਗੱਲਬਾਤ ਹੁੰਦੀ ਹੈ, ਕੁੜੀਆਂ ਨੇ ਵੀ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਜੇ ਉਹ ਮੇਰੇ ਨਾਲ ਸਿੱਧੇ ਤੌਰ ‘ਤੇ ਗੱਲ ਨਹੀਂ ਕਰਨਾ ਚਾਹੁੰਦੀਆਂ ਤਾਂ ਉਹ ਕਿਸੇ ਹੋਰ ਰਾਹੀਂ ਜਿਵੇਂ ਔਰਤ ਅਸਿਸਟੈਂਟ ਕੋਚ ਜਾਂ ਸੀਨੀਅਰ ਖਿਡਾਰੀ ਨਾਲ ਗੱਲ ਸਾਂਝੀ ਕਰਦੀਆਂ ਹਨ।’’

‘‘ਅਤੇ ਸ਼ਾਇਦ ਪੀਰੀਅਡਸ ਉੱਤੇ ਇਮਾਨਦਾਰ ਗੱਲਬਾਤ ਦੀ ਖਿਡਾਰਨਾਂ ਨੂੰ ਸਭ ਤੋਂ ਵੱਧ ਲੋੜ ਹੈ।’’

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)